ਨਵੀਂ ਦਿੱਲੀ ( ਦਿਓਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਪਰੇਸ਼ਨ ਸਿੰਧੂਰ ਪਹਿਲਗਾਮ ਦਾ ਦੁੱਖ ਅਸਹਿਣਸ਼ੀਲ ਹੈ, ਇਸ ਤੋਂ ਬਾਅਦ ਦਹਿਸ਼ਤਗਰਦਾਂ ਨੂੰ ਦੱਸਿਆ ਗਿਆ ਕਿ ਭੈਣਾਂ ਤੇ ਲੜਕੀਆਂ ਦੇ ਮੱਥੇ ਦਾ ਸਿੰਦੂਰ ਮਿਟਾਉਣ ਦਾ ਕੀ ਨਤੀਜਾ ਹੁੰਦਾ ਹੈ। ਭਾਰਤੀ ਰੱਖਿਆ ਬਲਾਂ ਨੇ 100 ਤੋਂ ਜ਼ਿਆਦਾ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਉਨ੍ਹਾਂ ਭਾਰਤੀ ਫੌਜਾਂ ਨੂੰ ਦਹਿਸ਼ਤਗਰਦਾਂ ਨੂੰ ਸਬਕ ਸਿਖਾਉਣ ਲਈ ਖੁੱਲ੍ਹੀ ਛੁੱਟੀ ਦਿੱਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਹਾਲ ਦੀ ਘੜੀ ਸਿਰਫ ਮੁਲਤਵੀ ਹੀ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ, ਅਸੀਂ ਪਾਕਿਸਤਾਨ ਹਵਾਈ ਫੌਜ ਦੇ ਏਅਰਬੇਸ ਨੂੰ ਨੁਕਸਾਨ ਪਹੁੰਚਾਇਆ ਜਿਸ ਬਾਰੇ ਪਾਕਿਸਤਾਨ ਡੀਂਗਾਂ ਮਾਰਦਾ ਸੀ। ਪਾਕਿਸਤਾਨ ਨੇ ਸਾਡੇ ਗੁਰਦੁਆਰਿਆਂ, ਮੰਦਰਾਂ, ਸਕੂਲਾਂ ਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਪਰ ਦੁਨੀਆ ਨੇ ਦੇਖਿਆ ਕਿ ਕਿਵੇਂ ਪਾਕਿਸਤਾਨ ਦੇ ਮਿਜ਼ਾਈਲ ਤੇ ਡਰੋਨ ਢਹਿ ਢੇਰੀ ਹੋ ਗਏ। ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ। ਜੇ ਪਾਕਿਸਤਾਨ ਵਲੋਂ ਮੁੜ ਹਮਲਾ ਕੀਤਾ ਗਿਆ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਅਪਰੇਸ਼ਨ ਸਿੰਧੂਰ ਨੇ ਦਹਿਸ਼ਤਗਰਦੀ ਖ਼ਿਲਾਫ਼ ਨਵੀਂ ਲਕੀਰ ਖਿੱਚ ਦਿੱਤੀ ਹੈ ਤੇ ਭਾਰਤ ਆਪਣੀਆਂ ਸ਼ਰਤਾਂ ਤੇ ਤਰੀਕਿਆਂ ਨਾਲ ਜਵਾਬ ਦੇਵੇਗਾ।’
ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਗੋਲੀਬੰਦੀ ਦੇ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘਟਿਆ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੇ ਪਹਿਲਗਾਮ ਵਿਚ ਦਹਿਸ਼ਤਗਰਦਾਂ ਨੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਜਿਸ ਦਾ ਬਦਲਾ ਲੈਣ ਲਈ ਭਾਰਤ ਵੱਲੋਂ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ 100 ਤੋਂ ਵੱਧ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਕੀਤਾ ਕਿ ਹੁਣ ਪਾਣੀ ਤੇ ਖੂਨ ਇਕੋ ਸਮੇਂ ਨਹੀਂ ਵਹੇਗਾ। ਭਾਰਤ ਦੀਆਂ ਤਿੰਨੋਂ ਸੈਨਾਵਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਹੁਣ ਜੇ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਸਿਰਫ ਦਹਿਸ਼ਤਗਰਦੀ ਤੇ ਪੀਓਕੇ ਬਾਰੇ ਹੋਵੇਗੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਕਜੁਟ ਹੋਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਏਕਤਾ ਹੀ ਸਭ ਤੋਂ ਵੱਡੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਜੰਗ ਦਾ ਵੇਲਾ ਨਹੀਂ ਹੈ ਪਰ ਇਹ ਦਹਿਸ਼ਤਗਰਦੀ ਦਾ ਵੀ ਵੇਲਾ ਨਹੀਂ ਹੈ। ਦਹਿਸ਼ਤਗਰਦੀ ਖ਼ਿਲਾਫ਼ ਜ਼ੀਰੋ ਟਾਲਰੈਂਸ ਬਿਹਤਰ ਸਮਾਜ ਤੇ ਦੁਨੀਆ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਜਿਸ ਤਰ੍ਹਾਂ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਤਾਂ ਇਕ ਦਿਨ ਇਹ ਦਹਿਸ਼ਤਗਰਦੀ ਪਾਕਿਸਤਾਨ ਨੂੰ ਵੀ ਖਤਮ ਕਰ ਦੇਵੇਗੀ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਕਈ ਭਾਰਤੀ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਭਾਰਤ ਨੇ ਡਟ ਕੇ ਜਵਾਬ ਦਿੱਤਾ ਸੀ।