ਆਪਣੇ ਭਾਸ਼ਨ ਵਿਚ ਦਸਮ ਪਿਤਾ ਦਾ ਦੋਹਾ ਪੜਿਆ-
ਆਦਮਪੁਰ (ਏਅਰਬੇਸ), 13 ਮਈ ( ਜਤਿੰਦਰ)-ਭਾਰਤ ਪਾਕਿ ਜੰਗਬੰਦੀ ਦੇ ਐਲਾਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਏਅਰਬੇਸ ਦਾ ਦੌਰਾ ਕੀਤਾ ਤੇ ਫੌਜੀ ਅਫਸਰਾਂ ਤੇ ਜਵਾਨਾਂ ਨੂੰ ਮਿਲਦਿਆਂ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਪਾਕਿਸਤਾਨ ਉਪਰ ਹਮਲਿਆਂ ਅਤੇ ਰੱਖਿਆ ਮੋਰਚੇ ਤੇ ਵਿਖਾਈ ਗਈ ਬੀਰਤਾ ਦੀ ਸ਼ਲਾਘਾ ਕੀਤੀ। ਉਹਨਾਂ ਇਸ ਮੌਕੇ ਆਪਣੇ ਸੰਬੋਧਨ ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਜੁਲਮ ਨਾਲ ਟਾਕਰਾ ਕਰਨ ਦੀ ਪ੍ਰੇਰਨਾ ਨੂੰ ਯਾਦ ਕਰਦਿਆਂ ਸਵਾ ਲਾਖ ਸੇ ਏਕ ਲੜਾਊਂ ਦਾ ਦੋਹਾ ਵੀ ਪੜਿਆ। ਉਹਨਾਂ ਹੋਰ ਕਿਹਾ ਕਿ ‘ਭਾਰਤ ਮਾਤਾ ਕੀ ਜੈ’ ਸਿਰਫ਼ ਇੱਕ ਨਾਅਰਾ ਨਹੀਂ ਹੈ, ਸਗੋਂ ਸਾਡੇ ਸੈਨਿਕਾਂ ਦਾ ਰਾਸ਼ਟਰ ਲਈ ਆਪਣੀਆਂ ਜਾਨਾਂ ਸਮਰਪਿਤ ਕਰਨ ਦਾ ਪ੍ਰਣ ਹੈ।
ਸ੍ਰੀ ਮੋਦੀ ਨੇ ਕਿਹਾ, ‘‘ਮੈਂ ਤੁਹਾਡੀ ਬਹਾਦਰੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਆਇਆ ਹਾਂ। ਤੁਹਾਡੀ ਬਹਾਦਰੀ ਦੀਆਂ ਕਹਾਣੀਆਂ ਇਤਿਹਾਸ ਵਿੱਚ ਹਮੇਸ਼ਾ ਲਈ ਉੱਕਰੀਆਂ ਰਹਿਣਗੀਆਂ; ਮੈਂ ਸਾਡੀ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਕਰਮਚਾਰੀਆਂ ਨੂੰ ਸਲਾਮ ਕਰਦਾ ਹਾਂ। ਤੁਹਾਡੀ ਹਿੰਮਤ ਕਰਕੇ ਉਪਰੇਸ਼ਨ ਸਿੰਧੂਰ ਦੀ ਸਫਲਤਾ ਦੀ ਗੂੰਜ ਦੁਨੀਆ ਭਰ ਵਿੱਚ ਸੁਣਾਈ ਦੇ ਰਹੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਗੌਤਮ ਬੁੱਧ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਦੀ ਧਰਤੀ ਹੈ; ਸਾਡੇ ਦੁਸ਼ਮਣ ਭੁੱਲ ਗਏ ਹਨ ਕਿ ਉਨ੍ਹਾਂ ਨੇ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੂੰ ਚੁਣੌਤੀ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਅਤਿਵਾਦ ਦੇ ਗੌਡਫਾਦਰਾਂ ਨੇ ਸਮਝ ਲਿਆ ਹੈ ਕਿ ਭਾਰਤ ’ਤੇ ਬੁਰੀ ਨਜ਼ਰ ਪਾਉਣ ਦਾ ਮਤਲਬ ਸਿਰਫ ਉਨ੍ਹਾਂ ਦਾ ਵਿਨਾਸ਼ ਹੋਵੇਗਾ। ਸ੍ਰੀ ਮੋਦੀ ਨੇ ਕਿਹਾ, ‘‘ਸਾਡੀ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਬਹਾਦਰ ਜਵਾਨਾਂ ਨੇ ਪਾਕਿਸਤਾਨੀ ਫੌਜ ਨੂੰ ਗੋਡਿਆਂ ’ਤੇ ਆਉਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਈ।ਉਹਨਾਂ ਹੋਰ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅੰਦਰਲੇ ਦਹਿਸ਼ਤੀ ਟਿਕਾਣਿਆਂ ਨੂੰ ਜਿਸ ਤੇਜ਼ੀ ਤੇ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਉਸ ਨਾਲ ਦੁਸ਼ਮਣ ਹੈਰਾਨ ਰਹਿ ਗਿਆ।