ਵਿਕਟੋਰੀਆ (ਜਗੀਰ ਵਿਰਕ)-ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵੱਲੋਂ ਮਹੀਨਾਵਾਰ ਕਵੀ ਦਰਬਾਰ ਵਿੱਚ ਇਸ ਵਾਰ ਸ. ਮੱਸਾ ਸਿੰਘ ਦੀ ਨਵੀਂ ਆਈ ਪੁਸਤਕ ‘ਜ਼ਿੰਦਗੀ’ ਰੀਲੀਜ਼ ਕੀਤੀ ਗਈ। ਮੱਸਾ ਸਿੰਘ ਵਿਕਟੋਰੀਆ ਸ਼ਹਿਰ ਦੇ ਇੱਕ ਉੱਘੇ ਕਵੀ ਹਨ। ਉਨ੍ਹਾਂ ਦੀ ਇਹ ਚੌਥੀ ਪੁਸਤਕ ਹੈ। ਮੱਸਾ ਸਿੰਘ ਨੂੰ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ, ਸ਼ੁਭ ਕਾਮਨਾਵਾਂ। ਅੱਜ ਦਾ ਸਮਾਗਮ ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਨੂੰ ਸਮਰਪਿਤ ਰਿਹਾ। ਬਹੁਤੇ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਦੇ ਨਾਲ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹੋਏ ਉਹਨਾਂ ਦੀਆਂ ਰਚਨਾਵਾਂ ਨੂੰ ਵੀ ਸਾਂਝਾ ਕੀਤਾ। ਅੱਜ ਦਾ ਦਿਨ ਮਾਂ ਦਿਵਸ ਹੋਣ ਕਰਕੇ ਵੀ ਮਾਂ ਦੇ ਪਿਆਰ, ਸਤਿਕਾਰ ਅਤੇ ਤਿਆਗ ਦੀਆਂ ਬਹੁਤ ਹੀ ਭਾਵਨਾਤਮਕ ਗੱਲਾਂ ਕੀਤੀਆਂ ਗਈਆਂ।
ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਅਮਨਦੀਪ ਸੋਨੀ ਅਤੇ ਜਸਪ੍ਰੀਤ ਭਾਟੀਆ ਜੀ ਨੇ ਜਿਹਨਾਂ ਨੇ ਸ਼ੂਗਰ ਦੀ ਰੋਕਥਾਮ ਲਈ ਅਤੇ ਆਪਣੇ ਆੳਣ ਵਾਲੇ ਸੈਮੀਨਾਰ ਬਾਰੇ ਇੱਕ ਵਿਸ਼ੇਸ਼ ਗੱਲਬਾਤ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਫ਼ਤਿਹ ਕੇਅਰ ਟਾਇਮਜ਼ ਅਖਬਾਰ ਦੇ ਬਾਨੀ ਹਰਜਸ ਸਿੰਘ ਪੋਪਲੀ ਸਾਹਿਬ ਹੋਰਾਂ ਨੇ ਅਤੇ ਫਰੈਸ਼ ਤੰਦੂਰੀ ਫਲੇਵਰ ਰੈਸਟੋਰੈਂਟ ਦੇ ਮਾਲਕ ਸੀਤਾ ਬੈਂਸ ਜਿਨ੍ਹਾਂ ਨੇ ਅੱਜ ਦੇ ਸਮਾਗਮ ਵਿੱਚ ਚਾਹ ਪਾਣੀ ਦੀ ਸੇਵਾ ਕੀਤੀ। ਸਮਾਗਮ ਦੇ ਅਖੀਰ ਵਿੱਚ ਡਾਕਟਰ ਮੇਜਰ ਸਿੰਘ ਤਾਤਲਾ ਸਾਹਿਬ ਨੇ ਆਪਣੀ ਨਵੀਂ ਆ ਰਹੀ ਪੁਸਤਕ ਅਤੇ ਪੰਜਾਬ ਫੇਰੀ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਅੱਜ ਦੇ ਸਮਾਗਮ ਵਿੱਚ ਹਾਜ਼ਰੀਨ ਦਾ ਧੰਨਵਾਦ ਕੀਤਾ ।
ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵਲੋਂ ਕਵੀ ਦਰਬਾਰ ਹਰੇਕ ਮਹੀਨੇ ਦੇ ਦੂਸਰੇ ਐਤਵਾਰ ਸ਼ਾਮ ਨੂੰ 4-6 ਦਰਮਿਆਨ ਪਰਕ ਸੈਂਟਰ ਵਿੱਚ ਕੀਤਾ ਜਾਂਦਾ ਹੈ।
ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵੱਲੋਂ ਮੱਸਾ ਸਿੰਘ ਦੀ ਪੁਸਤਕ ਰੀਲੀਜ਼
