Headlines

ਮਾਂ ਦਿਵਸ ਤੇ ਤਿੰਨ ਕਵਿਤਾਵਾਂ – ਗੁਰਭਜਨ ਗਿੱਲ

  1. ਮੇਰੀ ਮਾਂ

    ਮੇਰੀ ਮਾਂ ਨੂੰ,
    ਸਵੈਟਰ ਬੁਣਨਾ ਨਹੀਂ ਸੀ ਆਉਂਦਾ,
    ਪਰ ਉਹ ਰਿਸ਼ਤੇ ਬੁਣਨੇ ਜਾਣਦੀ ਸੀ ।
    ਮਾਂ ਨੂੰ ਤਰਨਾ ਨਹੀਂ ਸੀ ਆਉਂਦਾ,
    ਪਰ ਉਹ ਤਾਰਨਾ ਜਾਣਦੀ ਸੀ ।

    ਸਰੋਵਰ ਚ ਵਾੜ ਕੇ ਆਖਦੀ,
    ਡਰ ਨਾ, ਮੈਂ ਤੇਰੇ ਨਾਲ ਹਾਂ ।
    ਹੁਣ ਵੀ ਜਦ ਕਦੇ ਗ਼ਮ ਦੇ ਸਾਗਰ ਜਾਂ,
    ਮਨ ਦੇ ਵਹਿਣ ਚ ਵਹਿਣ ਲੱਗਦਾ ਹਾਂ,
    ਤਾਂ ਮਾਂ ਡੁੱਬਣ ਨਹੀਂ ਦਿੰਦੀ ।

    ਮਰਨ ਮਗਰੋਂ ਅਜੇ ਵੀ ਮੇਰੇ ਕੋਲ ਆ ਖਲੋਂਦੀ,
    ਮੇਰੀਆਂ ਅੱਖਾਂ ਪੂੰਝਦੀ ਹੈ ਆਖਦੀ ਹੈ,
    ਤੂੰ ਮੇਰਾ ਪੁੱਤ ਹੈ ਤੇਰੀ ਅੱਖ ਵਿੱਚ ਅੱਥਰੂ?

    ਜੇ ਮੇਰਾ ਪੁੱਤਰ ਹੈ ਤਾਂ
    ਇਹ ਗਲੇਡੂ ਨਾ ਵਹਾਈਂ ।
    ਕੋਈ ਬੇਗਾਨਾ ਨਹੀਂ,
    ਪੂੰਝਦਾ ਬਾਹਰੋਂ ਆ ਕੇ ।
    ਆਪ ਹੀ ਉੱਠਣਾ ਪੈਂਦਾ ਹੈ, ਡਿੱਗ ਕੇ ।

    ਮੇਰੀ ਮਾਂ ਨੂੰ ਉੱਡਣਾ ਨਹੀਂ ਸੀ ਆਉਂਦਾ
    ਪਰ ਸਾਨੂੰ ਸਵੇਰ ਸ਼ਾਮ
    ਸੁਪਨਿਆਂ ਦੇ ਖੰਭ ਲਾਉਂਦੀ
    ਤੇ ਅਨੰਤ ਅੰਬਰੀਂ ਉਡਾਉਂਦੀ ।
    ਮੇਰੀ ਮਾਂ ਨੂੰ ਮੰਗਣਾ ਨਹੀਂ ਸੀ ਆਉਂਦਾ,
    ਵੰਡਣਾ ਹੀ ਜਾਣਦੀ ਸੀ ।
    ਘਰ ਦੀਆਂ ਵਿੱਥਾਂ ਵਿਰਲਾਂ ‘ਚ ਪੋਟਲੀਆਂ ਅੰਦਰ,
    ਰਹਿਮਤਾਂ ਬੰਨ੍ਹ ਕੇ ਲੁਕਾਈ ਰੱਖਦੀ ।

    ਮਾਂ ਕੋਲ ਕਿੰਨਾ ਕੁਝ ਸੀ ।
    ਨਾਂਹ ਤੋਂ ਬਗੈਰ, ਹੋਰ ਸਾਰਾ ਕੁਝ ।
    ਮਾਂ ਊੜੇ ਨੂੰ ਜੂੜੇ ਤੋਂ ਪਛਾਣ ਕੇ ਅਕਸਰ ਆਖਦੀ,
    ਪੁੱਤ ਇਹਦਾ ਪੱਲਾ ਨਾ ਛੱਡੀਂ ।
    ਇਹੀ ਤਾਰਨਹਾਰ ਹੈ ।

    ਸ਼ਾਮੀਂ ਕੁਵੇਲੇ ਘਰ ਪਰਤਣ ਕਰਕੇ,
    ਬਿਰਧ ਉਮਰੇ ਵੀ ਉਹ,
    ਮੰਜੀ ਤੇ ਪਈ ਲਾਡ ਨਾਲ,
    ਆਪਣੇ ਕੋਲ ਬੁਲਾਉਂਦੀ ।
    ਮੈਨੂੰ ਪੋਲੇ ਜਿਹੇ ਹੱਥ ਨਾਲ,
    ਮੇਰੇ ਪੁੱਤਰ ਪੁਨੀਤ ਸਾਹਮਣੇ,
    ਰੰਗੀ ਹੋਈ ਦਾੜ੍ਹੀ ਤੇ,
    ਪੋਲਾ ਜਿਹਾ ਹੱਥ ਮਾਰਦੀ ਤੇ ਆਖਦੀ,
    ਹੁਣ ਤੇ ਸੁਧਰ ਜਾਹ ਪੁੱਤ ਬਰਾਬਰ ਦਾ ਹੋ ਗਿਆ ।
    ਜੇ ਕੱਲ੍ਹ ਨੂੰ ਇਹ ਵੀ ਤੇਰੇ ਵਾਂਗ ਕਰੇਗਾ,
    ਤਾਂ ਕੀ ਕਰੇਂਗਾ ?
    ਅੱਜ ਦੇ ਦਿਨ ਤੁਰ ਗਈ ਦੂਰ ਬਹੁਤ ਦੂਰ
    ਵਿਸਾਖੀ ਉਦਾਸ ਕਰ ਗਈ ਮਾਂ
    ਵਿਸਾਖੀ ਵਾਲੇ ਦਿਨ ਗੁਲਗੁਲੇ, ਗੁਣੇ, ਨਮਕੀਨ ਮੱਠੀਆਂ
    ਬਣਾਉਂਦੀ ਸੀ ਬੜੇ ਸਵਾਦ ।

    ਹੁਣ ਜਦ ਕਦੇ ਕੜਾਹੀ ਚੜ੍ਹਦੀ ਹੈ,
    ਸਰ੍ਹੋਂ ਦਾ ਤੇਲ ਉੱਬਲਦਾ ਹੈ,
    ਤਾਂ ਬਹੁਤ ਯਾਦ ਆਉਂਦੀ ਹੈ ਮਾਂ ।

    2.
    ਭੱਠੇ ’ਚ ਤਪਦੀ ਮਾਂ

    ਇੱਟਾਂ ਨਹੀਂ, ਭੱਠੇ ’ਚ,
    ਮਾਂ ਤਪਦੀ ਹੈ ਦਿਨ ਰਾਤ ।
    ਸਿਰ ’ਤੇ ਟੱਬਰ ਦਾ ਭਾਰ ਢੋਂਦੀ,
    ਬਾਲ ਨਹੀਂ, ਪਿੱਠ ’ਤੇ ਪੂਰੇ ਵਤਨ ਦਾ ਭਾਰ ।
    ਵਰਤਮਾਨ ਤੇ ਭਵਿੱਖ ਬੰਨ੍ਹ ਕੇ ਪੈਰੀਂ ਬੰਨ੍ਹ,
    ਸਵੇਰੇ ਤੋਂ ਸ਼ਾਮ ਤੀਕ ਲਗਾਤਾਰ ਤੁਰਦੀ ।

    ਉਸ ਲਈ ਕੋਈ ਸੜਕ ਕਿਤੇ ਨਹੀਂ ਜਾਂਦੀ ।
    ਸਿਰਫ਼ ਝੁੱਗੀ ਤੋਂ ਪਥੇਰ ਤੀਕ ਆਉਂਦੀ ਹੈ ।
    ਤੇ ਪਥੇਰ ਤੋਂ ਆਵੇ ਤੀਕ ।
    ਵਿਚਕਾਰ ਕੋਈ ਮੀਲ ਪੱਥਰ ਨਹੀਂ,
    ਸਿਰਫ਼ ਟੋਏ ਹਨ,
    ਅੜਿੱਕੇ ਹਨ ਜਾਂ ਖਿੰਘਰ ਵੱਟੇ ।
    ਕਿਰਕ ਹੈ ਮਣਾਂ ਮੂੰਹੀਂ, ਬੇਓੜਕ,
    ਉੱਡ ਕੇ ਗੁੰਨੇ ਹੋਏ ਆਟੇ ’ਚ ਲਗਾਤਾਰ ਪੈਂਦੀ ਹੈ ।

    ਭੱਠੇ ਦੀਆਂ ਚਿਮਨੀਆਂ ’ਚੋਂ ਧੂੰਆਂ ਨਹੀਂ ਨਿਕਲਦਾ
    ਦਰਦਮੰਦਾਂ ਦੀਆਂ ਆਹਾਂ ਹਨ ।
    ਹੌਕੇ, ਸੁਪਨੇ, ਉਮੰਗਾਂ ਤੇ ਤਰੰਗਾਂ ਹਨ ।
    ਨਿੱਤ ਭੱਜਦੀਆਂ ਬਾਲਣ ਬਣ ਕੇ ।

    ਬੜਾ ਔਖਾ ਹੈ,
    ਜ਼ਿੰਦਗੀ ਦਾ ਵਰਕਾ ਵਰਕਾ ਏਦਾਂ ਪਲਟਣਾ ।
    ਕਿਤੇ ਨੇੜੇ ਤੇੜੇ ਨਹੀਂ ਹਨ ਕਿਤਾਬਾਂ
    ਪੁਸ਼ਤ ਦਰ ਪੁਸ਼ਤ ਦਰਦਨਾਮਾ ਹੈ ।
    ਇੱਕੋ ਜਹੇ ਭੁਲਾਵੇਂ ਅੱਖਰ,
    ਪੜ੍ਹਨਾ ਪੜ੍ਹਾਉਣਾ ਘਰ ਜੰਮੇ ਬਾਲਾਂ ਨੂੰ ।

    ਕਿਸੇ ਸ਼ਬਦਕੋਸ਼ ਨੇ ਕਦੇ ਨਹੀਂ ਦੱਸਣਾ ।
    ਸਿਰ ਤੇ ਇੱਟਾਂ ਢੋਂਦੀ
    ਔਰਤ ਵੀ ਮਾਂ ਹੈ ।
    ਝਲੂੰਘੀ ’ਚ ਲਮਕਦਾ ਬਾਲ,
    ਚੰਦਰਯਾਨ ਨਹੀਂ, ਧਰਤੀ ਹੈ ।
    ਇਸ ਦੀਆਂ ਦਰਦਾਂ ਦਾ,
    ਪਾਰਾਵਾਰ ਕਿਉਂ ਨਹੀਂ ।
    ਸੁਪਨਸਾਜ਼ੋ ।

    ਭਰਮ ਸੀ ਕਿ ਤੁਸੀਂ ਮੁਕਤੀਦਾਤਾ ਹੋ ।
    ਟੋਏ ’ਚੋਂ ਕੱਢੋਗੇ ਖੁਭਿਆ ਪਹੀਆ ।
    ਪਰ ਤੁਸੀਂ ਵੀ ਜ਼ਿੰਦਾਬਾਦ ਮੁਰਦਾਬਾਦ,
    ਦੀ ਜਿੱਲ੍ਹਣ ’ਚ ਫਸੇ ਹੋਏ ਹੋਏ ।
    ਬਾਈ ਮੰਜੀਆਂ ਵਾਲੇ,
    ਵੰਨ ਸੁਵੰਨੇ ਧੜੇਬਾਜ਼ੋ ।

    ਇਕ ਬੱਸ ’ਚ ਕਦੇ ਨਹੀਂ ਬੈਠਦੇ ।
    ਸਾਰੇ ਦਿੱਲੀ ਦੇ ਸਵਾਰੋ ।
    ਆਪੋ ਆਪਣਾ ਘੋੜਾ ਭਜਾਉਂਦੇ ਮਰ ਚੱਲੇ ।
    ਕਿੱਲੇ ਨਾਲ ਬੱਧੇ ਸ਼ਾਹ ਅਸਵਾਰੋ ।
    ਪਰ ਸਾਡੇ ਸਿਰ ਤੇ ਓਹੀ ਭਾਰ,
    ਲਗਾਤਾਰ ਬੇਸ਼ੁਮਾਰ ।

    3.
    ਮੇਰੀ ਮਾਂ ਤਾਂ ਰੱਬ ਦੀ ਕਵਿਤਾ

    ਮੇਰੀ ਮਾਂ ਤਾਂ ਰੱਬ ਦੀ ਕਵਿਤਾ,
    ਸਤਰ ਸਤਰ ਸਰਸਬਜ਼ ਬਗ਼ੀਚਾ ।
    ਨੂਰੀ ਚਸ਼ਮਾ ਮੋਹ ਮਮਤਾ ਦਾ ।
    ਬਾਜ਼ ਨਜ਼ਰ ਸੂਰਜ ਤੋਂ ਅੱਗੇ ।

    ਮੇਰੇ ਦਿਲ ਦੀ ਧੜਕਣ ਵਿੱਚੋਂ,
    ਮੇਰੇ ਹੌਕੇ ਪੁਣ ਲੈਂਦੀ ਹੈ ।
    ਮੱਥੇ ਅੰਦਰ ਖੁਭ ਗਏ ਕੰਡੇ,
    ਬਿਨ ਦੱਸਿਆ ਹੀ ਚੁਣ ਲੈਂਦੀ ਹੈ ।

    ਮਾਂ ਦੇ ਪਿਆਰ-ਤਰੌਂਕੇ ਸਦਕਾ
    ਹਰ ਪਰਬਤ ਤੇ ਚੜ੍ਹ ਲੈਂਦਾ ਹਾਂ ।
    ਸੂਰਜ ਤੀਕ ਪਹੁੰਚਦੀ ਪੌੜੀ,
    ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ ।
    ਵਕਤ-ਦੀਵਾਰ ਤੇ ਜੋ ਵੀ ਲਿਖਦੈ,
    ਅੱਖਰ ਅੱਖਰ ਪੜ੍ਹ ਲੈਂਦਾ ਹਾਂ ।
    ਹਿੱਕੜੀ ਅੰਦਰ ਜੜ ਲੈਂਦਾ ਹਾਂ ।

    ਮੇਰੀ ਮਾਂ ਦੇ ਨੈਣਾਂ ਵਿਚ ਸੀ ਅਜਬ ਕੈਮਰਾ ।
    ਆਰ ਪਾਰ ਦੀ ਜਾਨਣਹਾਰਾ ।
    ਘਰ ਵੜਦੇ ਹੀ ਬੁੱਝ ਲੈਂਦੀ ਸੀ,
    ਅੱਜ ਤੇਰਾ ਮਨ ਠੀਕ ਨਹੀਂ ਲੱਗਦਾ ।

    ਬੁਝਿਐ ਬੁਝਿਐਂ ਕੀ ਹੋਇਆ ਹੈ?
    ਲੜ ਕੇ ਆਇਐਂ,
    ਜਾਂ ਫਿਰ ਤੈਨੂੰ ਕਿਸੇ ਝਿੜਕਿਆ?
    ਮੈਨੂੰ ਦੱਸ ਤੂੰ, ਮੈਂ ਵੇਹਦੀਂ ਆਂ ।
    ਕਿਹੜਾ ਮੇਰੇ ਲਾਲ ਬਰਾਬਰ ।
    ਇਹ ਹੀ ਭਰਮ ਅਜੇ ਤੱਕ ਜੀਂਦਾ ।
    ਨਾਲ ਬਰਾਬਰ ਤੁਰਦਾ ਮੇਰੇ ।
    ਮੇਰੀ ਪਿੱਠ ਤੇ ਮੇਰੀ ਮਾਂ ਦਾ ਅਜਬ ਥਾਪੜਾ ।
    ਹੌਂਸਲਿਆਂ ਦੀ ਭਰੀ ਪੋਟਲੀ ।

    ਇਉਂ ਲੱਗਦਾ ਹੈ ਮੇਰੀ ਬੀਬੀ,
    ਮੇਰੀ ਮਾਤਾ ਅੰਗ ਸੰਗ ਮੇਰੇ ।
    ਕਿਧਰੇ ਗੀਤ ਗ਼ਜ਼ਲ ਵਿੱਚ ਢਲਦੀ ।
    ਬਣ ਜਾਂਦੀ ਹੈ ਕਵਿਤਾ ਆਪੇ ।
    ਸ਼ਬਦਾਂ ਅੰਦਰ ਰਸਦੀ ਵੱਸਦੀ,
    ਮੇਰੀ ਸੁਣਦੀ, ਆਪਣੀ ਦੱਸਦੀ ।
    ਜੀਆਂ ਦੀ ਸੁਖਸਾਂਦ ਜਾਣਦੀ ।
    ਧਰਤੀ ਜਿੱਡੇ ਦਰਦ-ਹਾਣ ਦੀ ।
    ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ,
    ਮੇਰੇ ਸਿਰ ਤੇ ਹੱਥ ਰੱਖਦੀ ਤੇ ਛਤਰ ਤਾਣਦੀ ।

    ਮੱਥਾ ਚੁੰਮਦੀ, ਲਾਡ ਲਡਾਉਂਦੀ ।
    ਖ਼ੁਦ ਨਾ ਉਹ ਸੁਪਨੇ ਵਿਚ ਆਉਂਦੀ ।
    ਹਰ ਸਾਹ ਹਰ ਪਲ ਨਾਲ ਤੁਰਦਿਆਂ,
    ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ ।
    ਕਿੱਦਾਂ ਕਿੱਥੇ ਕੀ ਕਰਨਾ ਹੈ,
    ਅੱਜ ਤੀਕਰ ਸਭ ਕੁਝ ਸਮਝਾਉਂਦੀ ।
    ਬਿੜਕਾਂ ਰੱਖਦੀ, ਕਿੱਥੋਂ ਆਇਆਂ,
    ਕਿੱਥੇ ਚੱਲਿਆ, ਦੱਸ ਵੇ ਬੱਲਿਆ?

    ਬਹੁਤ ਵਾਰ ਮੈਂ ਤੱਕਿਆ ਅੱਖੀਂ,
    ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ ।
    ਰੂਪ ਅਨੂਪ ਸਰੂਪ ਵਿਹੂਣੀ,
    ਕਾਲ-ਮੁਕਤ ਹਸਤੀ ਦੇ ਵਾਂਗੂੰ,
    ਗੁਰਘਰ, ਮਸਜਿਦ ਬਣਦੀ ਮੰਦਰ ।

    ਅੱਜ ਤਾਂ ਉਸਦੀ,
    ਮਨ-ਪਰਿਕਰਮਾ ਕਰਦੇ ਕਰਦੇ,
    ਰੂਹ ਵਿੱਚ ਜੀਕਣ ਚੰਬਾ ਖਿੜਿਆ ।
    ਰੋਮ ਰੋਮ ਝਰਨਾਟ ਛਿੜੀ ਹੈ ।
    ਤਰਬ-ਤਰੰਗਾਂ ਕਣ ਕਣ ਅੰਦਰ,
    ਸੂਰਜ ਪਹਿਲਾਂ ਨਾਲੋਂ ਰੌਸ਼ਨ ।
    ਪੌਣ ਵਜਦ ਵਿੱਚ ਗੀਤ ਸੁਣਾਵੇ ।

    ਜਿਉਂ ਸ਼ਬਦਾਂ ਤੋਂ ਬਿਨ੍ਹਾਂ ਬਿਨ੍ਹਾਂ ਹੀ,
    ਮੇਰੀ ਬਹੁਤ ਮਾਸੂਮ ਪੋਤਰੀ,
    ਸਰਗਮ ਜਹੀ ਅਸੀਸ ਪਿਆਰੀ,
    ਤਰਜ਼ਾਂ ਘੜਦੀ, ਆਪੇ ਗਾਉਂਦੀ ।

    ਸੁਣਦੇ ਸੁਣਦੇ ਅਨਹਦ ਤੇ ਨਿਰਸ਼ਬਦ ਗੀਤ ਨੂੰ,
    ਤਨ ਮਨ ਵਿੱਚ ਵਿਸਮਾਦ ਭਰ ਗਿਆ ।
    ਮੇਰੀ ਮਾਂ ਦੀ ਸੱਜਰੀ ਟਾਹਣੀ,
    ਉਸ ਦੀ ਇਸ ਪੜਪੋਤੀ ਦਾ ਨੂਰੀ ਝਲਕਾਰਾ,
    ਮਾਰੂਥਲ ਆਬਾਦ ਕਰ ਗਿਆ ।

Leave a Reply

Your email address will not be published. Required fields are marked *