Headlines

ਬੁੱਧ ਬਾਣ -ਖੱਟੀ ਖੱਟ ਗਏ ਮੁਰੱਬਿਆਂ ਵਾਲੇ, ਨੀਂ ਅਸੀਂ ਰਹਿ ਗਏ ਨਾਅਰੇ ਮਾਰਦੇ..

*ਬੁੱਧ ਸਿੰਘ ਨੀਲੋਂ- 9464370823

ਇਸ ਸਮੇਂ ਪੰਜਾਬ ਚਾਰੇ ਦਿਸ਼ਾਵਾਂ ਤੋਂ ਘਿਰਿਆ ਹੋਇਆ ਹੈ। ਇਸ ਦੇ ਨਾਬਰੀ ਸੁਭਾਅ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਤਰੀਕਾ ਵਰਤਿਆ ਜਾ ਰਿਹਾ ਹੈ। ਇਸ ਨੂੰ ਲੁੱਟਿਆ ਪੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਪੰਜਾਬ ਜਿਹੜੇ ਸੰਕਟਾਂ ਦੇ ਵਿਚੋਂ ਗੁਜ਼ਰ ਰਿਹਾ ਹੈ, ਇਹ ਸੰਕਟ ਉਸਨੇ ਆਪ ਸਹੇੜੇ ਹਨ, ਜਾਂ ਫਿਰ ਉਸਨੂੰ ਇਹਨਾਂ ਸੰਕਟਾਂ ਦੇ ਵਿੱਚ ਫਸਾਇਆ ਗਿਆ ਹੈ? ਇਹ ਦੋ ਸਵਾਲ ਪੰਜਾਬ ਦੇ ਲੋਕਾਂ, ਸਿਆਸੀ ਪਾਰਟੀਆਂ ਤੇ ਭਾਰਤੀ ਸਟੇਟ ਨੂੰ ਪੁੱਛਣ ਦੀ ਲੋੜ ਹੈ। ਕਿਉਂਕਿ ਪੰਜਾਬ ਦੇ ਧਾਰਮਿਕ, ਆਰਥਿਕ, ਸਿਆਸੀ ਪਾਰਟੀਆਂ ਦੇ ਆਗੂਆਂ ਤੇ ਬੁੱਧੀਜੀਵੀਆਂ ਨੂੰ ਪੁੱਛਣ ਦੀ ਲੋੜ ਹੈ ਕਿ ਉਹਨਾਂ ਨੇ ਕਿਉਂ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਨੂੰ ਉਜਾੜਨ ਤੇ ਸੂਲੀ ਟੰਗਿਆ? ਗੱਲ ਨੂੰ ਸਮਝਣ ਲਈ ਇਹ ਕਥਾ ਹੈ, ਚੂਹਾ ਪਿੰਜਰੇ ਵਿੱਚ ਭੁੱਖ ਦੇ ਕਾਰਨ ਫਸਦਾ ਹੈ। ਭੁੱਖ਼ੇ ਚੂਹੇ ਨੂੰ ਰੋਟੀ ਤਾਂ ਦਿਖਦੀ ਹੈ ਪਰ ਪਿੰਜਰਾ ਨਹੀਂ ਦਿਖਦਾ। ਇਸੇ ਲਾਲਚ ਵਿੱਚ ਉਹ ਫਸ ਜਾਂਦਾ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਸੱਤਾ ਦੀ ਭੁੱਖ ਸਤਾਉਂਦੀ ਰਹਿੰਦੀ ਸੀ, ਇਸੇ ਭੁੱਖ ਨੇ ਉਹਨਾਂ ਨੂੰ ਫਸਾਈ ਰੱਖਿਆ। ਪੰਜਾਬ ਦੇ ਲੋਕਾਂ ਨੇ ਇਹਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਮਗਰ ਲੱਗ ਕੇ ਪੰਜਾਬ ਦਾ ਝੁੱਗਾ ਚੌੜ ਕਰਵਾਇਆ ਹੈ। ਹੁਣ ਇਹ ਆਖਦੇ ਹਨ ਕਿ ਅਸੀਂ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਉਤੇ ਤੋਰਿਆ ਹੈ। ਹੁਣ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਸਿਆਸੀ ਪਾਰਟੀਆਂ ਤਾਂ ਕਠਪੁਤਲੀਆਂ ਹਨ। ਇਹਨਾਂ ਦੀ ਡੋਰ ਦਿੱਲੀ ਦੇ ਬੈਠੇ ਹਾਕਮਾਂ ਕੋਲ ਹੈ। ਦਿੱਲੀ ਦੇ ਹਾਕਮਾਂ ਦੀ ਡੋਰ ਅਮਰੀਕਾ ਦੇ ਹੱਥ ਹੈ। ਅਮਰੀਕਾ ਦੀ ਡੋਰ ਉਹਨਾਂ ਸਰਮਾਏਦਾਰਾਂ ਕੋਲ ਹੈ। ਜਿਹੜੇ ਦੁਨੀਆਂ ਉੱਤੇ ਆਪਣਾ ਰਾਜ ਕਰਦੇ ਹਨ। ਸਾਨੂੰ ਇਹ ਸਿਖਿਆ ਦਿੱਤੀ ਗਈ ਕਿ ਬੰਦੇ ਦੀ ਡੋਰ ਤਾਂ ਉਪਰ ਵਾਲੇ ਦੇ ਹੱਥ ਹੈ। ਉਪਰ ਕੌਣ ਹੈ, ਇਸ ਦਾ ਰਹੱਸ ਅਜੇ ਤੱਕ ਕੋਈ ਸਮਝ ਨਹੀਂ ਸਕਿਆ। ਪਰ ਜੋਂ ਕੁੱਝ ਦਿਖਾਈ ਦੇ ਰਿਹਾ, ਇਸਨੂੰ ਨਜ਼ਰ ਅੰਦਾਜ਼ ਕਰਕੇ ਅੱਖਾਂ ਮੀਟ ਲੈਣੀਆਂ ਜਿਉਂਦੇ ਤੇ ਜਾਗਦੇ ਲੋਕਾਂ ਦਾ ਸੁਭਾਅ ਨਹੀਂ। ਭਾਵੇਂ ਭਾਰਤੀ ਸਟੇਟ ਪੰਜਾਬ ਦੇ ਨਾਬਰੀ ਸੁਭਾਅ ਨੂੰ ਖ਼ਤਮ ਕਰਨ ਦੇ ਰਸਤੇ ਤੁਰੀ ਹੋਈ ਹੈ। ਪੰਜਾਬ ਨੂੰ ਜੰਗ ਦਾ ਮੈਦਾਨ ਬਣਾਇਆ ਹੋਇਆ ਹੈ। ਸਰਹੱਦ ਤੇ ਗੋਲੀਬਾਰੀ ਬੰਦ ਹੈ। ਪਰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਡਰੋਨ ਡਿੱਗ ਰਹੇ ਹਨ। ਧਮਾਕੇ ਹੋ ਰਹੇ ਹਨ। ਲੋਕ ਡਰ ਤੇ ਸਹਿਮ ਦੇ ਮਾਹੌਲ ਵਿੱਚ ਰਾਤਾਂ ਜਾਗ ਕੇ ਕੱਟਣ ਲਈ ਮਜਬੂਰ ਹਨ। ਇਹ ਡਰੋਨ ਕੇਵਲ ਪੰਜਾਬ ਦੇ ਵਿੱਚ ਹੀ ਕਿਉਂ ਡਿੱਗ ਰਹੇ ਤੇ ਆ ਰਹੇ ਹਨ ? ਇਹਨਾਂ ਦੀ ਪੰਜਾਬ ਦੇ ਲੋਕਾਂ ਨਾਲ ਕੀ ਦੁਸ਼ਮਣੀ ਹੈ? ਇਹਨਾਂ ਸਵਾਲਾਂ ਦੇ ਜਵਾਬ ਵਿੱਚ ਸਭ ਚੁੱਪ ਹਨ। ਇਹ ਚੁੱਪ ਉਹਨਾਂ ਲਈ ਲਾਹੇਵੰਦ ਹੈ, ਜਿਹਨਾਂ ਦੀ ਪੰਜਾਬ ਦੇ ਲੋਕਾਂ ਨਾਲ ਦੁਸ਼ਮਣੀ ਹੈ।ਸਿਆਣੇ ਆਖਦੇ ਹਨ ਕਿ ਲਾਈਲੱਗ ਨਾ ਹੋਵੇ ਘਰਵਾਲਾ ਤੇ ਚੰਦਰਾ ਗੁਆਂਢ ਬੁਰਾ। ਜਦੋਂ ਪੰਜਾਬੀਆਂ ਨੂੰ ਇਹ ਦੋਵੇਂ ਵਰਦਾਨ ਮਿਲੇ ਹੋਣ ਫੇਰ ਕਿਸੇ ਨੂੰ ਕੋਈ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਬੰਦਾ ਆਪ ਹੀ ਗਲ਼ ਵਿੱਚ ਰੱਸਾ ਪਾ ਕੇ ਆਪਣੀ ਲੀਲ੍ਹਾ ਖ਼ਤਮ ਕਰ ਲੈਂਦਾ ਹੈ। ਪੰਜਾਬ ਦੇ ਲੋਕ ਜਿਥੇ ਸੋਚਣਾ ਬੰਦ ਕਰਦੇ ਹਨ, ਬੇਗਾਨੇ ਉਥੋਂ ਸ਼ੁਰੂ ਕਰਦੇ ਹਨ। ਇਸੇ ਕਰਕੇ ਉਹਨਾਂ ਦੀਆਂ ਚਾਲਾਂ ਪੰਜਾਬ ਦੇ ਲੋਕਾਂ ਦੇ ਸਮਝ ਨਹੀਂ ਆਉਂਦੀਆਂ ਤੇ ਨਾ ਆਉਣੀਆਂ ਹਨ। ਕਿਉਂਕਿ ਅਸੀਂ ਜਿਵੇਂ ਠੇਕੇ ਤੇ ਜ਼ਮੀਨ ਲੈਣ ਕੇ ਵਾਹੁੰਦੇ ਤੇ ਬੀਜਦੇ ਹਾਂ। ਇਸੇ ਤਰ੍ਹਾਂ ਅਸੀਂ ਠੇਕੇ ਉੱਤੇ ਦਿਮਾਗ਼ ਲੈਂਦੇ ਹਾਂ। ਉਹ ਗੱਡੀ ਵਿਚਲੇ ਤੇਲ ਵਾਂਗ ਓਨਾ ਚਿਰ ਹੀ ਚੱਲਦਾ ਹੈ ਜਦੋਂ ਤੱਕ ਉਸ ਵਿੱਚ ਤੇਲ ਹੋਵੇ। ਕਈ ਬਾਰ ਉਹ ਸੁੱਕਾ ਵੀ ਚੱਲ ਜਾਂਦਾ ਹੈ। ਫੇਰ ਰਿੰਗ, ਬੈਰਿੰਗ ਤੇ ਹੋਰ ਪਤਾ ਨਹੀਂ ਕੀ ਕੀ ਖਰਾਬ ਕਰ ਦੇਂਦਾ ਹੈ। ਉਦੋਂ ਤੱਕ ਭਾਣਾ ਬੀਤ ਜਾਂਦਾ ਹੈ, ਰਾਮ ਨਾਮ ਸੱਤ ਹੋ ਜਾਂਦਾ ਹੈ। ਅਗਲਿਆਂ ਨੇ ਖੇਡ ਅਜਿਹੀ ਖੇਡੀ ਪਤਾ ਹੀ ਨਹੀਂ ਲੱਗਿਆ ਕਿ ਰਾਤ ਨੂੰ ਕੀ ਹੋਣਾ ਹੈ ਤੇ ਹੋ ਗਿਆ। ਪਹਿਲਾਂ ਅਗਲਿਆਂ ਨੇ ਪਾੜ ਪਾਇਆ, ਬੁਰਕੀ, ਘੁਰਕੀ ਤੇ ਕੁਰਸੀ ਦਾ ਚੋਗਾ ਪਾਇਆ। ਉਹਨਾਂ ਦੇ ਜਦੋਂ ਸਭ ਕੁੱਝ ਕਾਬੂ ਆਇਆ ਤਾਂ ਉਨ੍ਹਾਂ ਨੇ ਇਹਨਾਂ ਨੂੰ ਨਚਾਇਆ। ਜਿਵੇਂ ਕਹਿੰਦੇ ਹਨ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ। ਬਸ ਇਸੇ ਤਰ੍ਹਾਂ ਵਿਕਣ ਵਾਲਿਆਂ ਦੀ ਕਦੇ ਵੀ ਬੋਲੀ ਲਗਾਈ ਜਾ ਸਕਦੀ ਹੈ। ਉਹ ਜਦੋਂ ਵਿਕਦੇ ਹਨ ਤਾਂ ਕਿਸੇ ਨੂੰ ਮਹਿਸੂਸ ਨਹੀਂ ਹੋਣ ਦੇਂਦੇ। ਜਿਵੇਂ ਪੰਜਾਬ ਦੀਆਂ ਜਮਾੰਬੰਦੀਆਂ ਦੱਸ ਦੀਆਂ ਹਨ, ਕਿਸ ਦੀ ਜ਼ਮੀਨ ਗਹਿਣੇ ਹੈ। ਪਿੰਡਾਂ ਵਿੱਚ ਤਾਂ ਟੌਹਰਾਂ ਬੜੀਆਂ ਹਨ। ਕੋਠੀਆਂ, ਕਾਰਾਂ, ਬੰਦੂਕਾਂ ਤੇ ਕੁੱਤਿਆਂ ਦੀ ਭਰਮਾਰ ਹੈ। ਇਹਨਾਂ ਬਘਿਆੜਾਂ ਤੇ ਸ਼ਿਕਾਰੀ ਕੁੱਤਿਆਂ ਨੇ ਮਜੀਠਾ ਵਿਖੇ ਸ਼ਿਕਾਰ ਖੇਡਿਆ ਹੈ। ਇਸ ਤਰ੍ਹਾਂ ਦਾ ਸ਼ਿਕਾਰ ਪਹਿਲਾਂ ਜੰਡਿਆਲਾ ਗੁਰੂ ਤੇ ਸੰਗਰੂਰ ਦੇ ਵਿੱਚ ਖੇਡਿਆ ਗਿਆ ਸੀ। ਸ਼ਿਕਾਰੀਆਂ ਦੇ ਵਿੱਚ ਸਿਆਸੀ ਪਾਰਟੀਆਂ ਆਗੂ, ਸਥਾਨਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ। ਜਿਵੇਂ ਕਹਿੰਦੇ ਹੁੰਦੇ ਹਨ ਕਿ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਮਰਨ ਵਾਲੇ ਆਰਥਿਕ ਤੌਰ ਗਰੀਬ ਕਿਰਤੀ ਵਰਗ ਦੇ ਲੋਕ ਹਨ। ਉਹਨਾਂ ਦੀ ਮੌਤ ਉਤੇ ਕਿਸੇ ਨੇ ਹੰਝੂ ਨਹੀਂ ਕੇਰਨੇ, ਸਗੋਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਪਣੀਆਂ ਕੱਛ ਵਿੱਚ ਦੂਜਿਆਂ ਦੀਆਂ ਹੱਥ ਵਿੱਚ ਲੈ ਕੇ, ਸ਼ਬਦ ਜੁਗਾਲੀ ਕਰਨ ਲੱਗੇ ਹਨ। ਹੁਣ ਤੱਕ ਕਿਸੇ ਵੀ ਘਟਨਾ ਦੇ ਕਾਰਨਾਂ ਤੇ ਅਸਲੀ ਦੋਸ਼ੀਆਂ ਦੇ ਚਿਹਰੇ ਸਾਹਮਣੇ ਨਹੀਂ ਆਏ। ਪਿਛਲੇ ਛੇ ਦਹਾਕਿਆਂ ਤੋਂ ਇਹੋ ਹੀ ਵਰਤਾਰਾ ਚੱਲ ਰਿਹਾ ਹੈ ਤੇ ਚੱਲੀ ਜਾਣਾ ਹੈ। ਕਿਉਂਕਿ ਪੰਜਾਬ ਦੇ ਲੋਕ ਲਾਈਲੱਗ ਤੇ ਪਿੱਛਲੱਗੂ ਹਨ। ਇਹਨਾਂ ਦੀ ਹਾਲਤ ਜੀਹਦੇ ਨਾਲ ਕਰਾਂ ਗੱਲਾਂ ਉਹਦੇ ਨਾਲ ਤੁਰ ਚੱਲਾਂ। ਇਹਨਾਂ ਨੂੰ ਆਪਣੇ ਆਪ ਤੁਰਨਾ ਕਦੇ ਨਹੀਂ ਆਇਆ। ਕਿਉਂਕਿ ਇਹਨਾਂ ਨੂੰ ਗੁੜ੍ਹਤੀ ਹੀ ਮਗਰ ਲੱਗ ਕੇ ਤੁਰਨ ਦੀ ਦਿੱਤੀ ਹੈ। ਸਭ ਕਿਸੇ ਨਾ ਕਿਸੇ ਦੇ ਮਗਰ ਤੁਰੇ ਜਾ ਰਹੇ ਹਨ। ਕੋਈ ਸਿਆਸੀ ਪਾਰਟੀਆਂ ਮਗਰ ਹੈ, ਕੋਈ ਸਾਧਾਂ ਦੇ ਡੇਰਿਆਂ ਵੱਲ ਜਾ ਰਿਹਾ ਹੈ। ਕੋਈ ਕਿਸੇ ਮਗਰ ਤੇ ਕੋਈ ਹੋਰ ਮਗਰ, ਭੇਡਾਂ ਬੱਕਰੀਆਂ ਵਾਂਗੂੰ ਸਿਰ ਸੁੱਟ ਕੇ ਜਾਂ ਰਹੇ ਹਨ। ਇਹਨਾਂ ਨੇ ਕਦੇ ਇਹ ਨਹੀਂ ਸੋਚਿਆ ਤੇ ਵਿਚਾਰਿਆ ਕਿ ਉਹਨਾਂ ਦੀ ਹਾਲਤ ਕੀ ਹੈ ਤੇ ਜੀਹਨਾਂ ਮਗਰ ਲੱਗ ਕੇ ਸੀਰੀ ਬਣੇ ਹਨ, ਉਹਨਾਂ ਦੀ ਹਾਲਤ ਕੀ ਹੈ। ਸਿਆਸੀ ਤੇ ਧਾਰਮਿਕ ਆਗੂਆਂ ਦੀਆਂ ਜਾਇਦਾਦਾਂ ਹਰ ਸਾਲ ਸੌ ਤੋਂ ਛੇ ਸੌ ਗੁਣਾਂ ਵੱਧਦੀਆਂ ਹਨ। ਆਮ ਲੋਕਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਜੀਹਨਾਂ ਨੇ ਆਮ ਲੋਕਾਂ ਨੂੰ ਸਹੀ ਸੇਧ ਦੇਣੀ ਸੀ, ਉਹ ਆਪ ਦਿਸ਼ਾ ਹੀਣ ਹੋ ਗਏ ਹਨ। ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਤਿਆਰ ਨਹੀਂ ਹੈ, ਨਾ ਲੋਕ ਜਾਗਰੂਕ ਹੋਣਾ ਚਾਹੁੰਦੇ ਹਨ। ਉਹਨਾਂ ਨੂੰ ਅਜੇ ਦੋ ਵਕਤ ਦੀ ਰੋਟੀ ਮਿਲ਼ਦੀ ਹੈ। ਜਦੋਂ ਇਹ ਮਿਲਣੀ ਬੰਦ ਹੋਈ ਤਾਂ ਹੋ ਸਕਦਾ ਲੋਕ ਜਾਗਣ। ਅਜੇ ਤਾਂ ਉਹ ਸਰੂਰ ਵਿੱਚ ਮਗਨ ਹੋ ਕੇ ਤੁਰੇ ਜਾ ਰਹੇ ਹਨ। ਉਹਨਾਂ ਨੂੰ ਹਰ ਕੋਈ ਜੰਨਤ ਦੇ ਦਰਵਾਜ਼ੇ ਤੱਕ ਛੱਡਣ ਦਾ ਭਰੋਸਾ ਦੇ ਰਿਹਾ ਹੈ। ਉਹ ਸਿਆਸੀ ਆਗੂ ਹੋਵੇ ਜਾਂ ਫਿਰ ਕੋਈ ਡੇਰੇਦਾਰ। ਜਿਵੇਂ ਸਰਬਜੀਤ ਚੀਮਾ ਗਾਉਂਦਾ ਹੈ, ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਹੈ। ਇਸ ਸਭ ਕੁੱਝ ਨੂੰ ਦੇਖ ਕੇ ਪਹਿਲਾਂ ਦੀਦਾਰ ਸੰਧੂ ਨੇ ਗਾਇਆ ਸੀ, ਖੱਟੀ ਖੱਟ ਗਏ ਮੁਰੱਬਿਆਂ ਵਾਲੇ ਨੀਂ ਅਸੀਂ ਰਹਿ ਗਏ ਭਾਅ ਪੁੱਛਦੇ। ਸੋ ਦੋਸਤੋ ਖੱਟੀ ਕੌਣ ਖੱਟੀ ਜਾ ਰਿਹਾ ਹੈ, ਇਹ ਮੁਰੱਬਿਆਂ ਵਾਲੇ ਕੌਣ ਹਨ? ਸਿਆਸੀ ਪਾਰਟੀਆਂ ਆਗੂ, ਡੇਰੇਦਾਰ, ਸਿਹਤ, ਸਿਖਿਆ ਤੇ ਬੁੱਧੀਜੀਵੀ ਤੇ ਉਹ ਜੋਂ ਨਜ਼ਰ ਨਹੀਂ ਆਉਂਦੇ? ਇਹਨਾਂ ਦੀ ਪਛਾਣ ਕਰਨ ਦੀ ਲੋੜ ਹੈ, ਪਛਾਣ ਕਰਨ ਲਈ ਗਿਆਨ ਹਾਸਲ ਕਰਨਾ ਪੈਂਦਾ ਹੈ। ਉਸ ਲਈ ਅਧਿਐਨ ਕਰਨਾ ਪੈਂਦਾ ਹੈ। ਪਰ ਅਸੀਂ ਸਿੱਖਿਆ, ਧਾਰਮਿਕ ਸਥਾਨਾਂ ਤੇ ਗਿਆਨ ਵੰਡਣ ਵਾਲੀਆਂ ਸੰਸਥਾਵਾਂ ਦੀ ਪ੍ਰਕਰਮਾ ਕਰਦੇ ਹਾਂ। ਗਿਆਨ ਹਾਸਲ ਨਹੀਂ ਕਰਦੇ। ਡਿਗਰੀਆਂ ਤੇ ਗਿਆਨ ਹਾਸਲ ਕਰਨ ਵਿੱਚ ਫ਼ਰਕ ਹੁੰਦਾ ਹੈ। ਜਦੋਂ ਸਾਨੂੰ ਇਹ ਸਮਝ ਆ ਗਈ ਕਿ ਸਾਨੂੰ ਪੜ੍ਹਾਇਆ ਕੀ ਜਾਂਦਾ ਹੈ ਤੇ ਸਾਨੂੰ ਕਰਨਾ ਕੀ ਪੈਦਾ ਹੈ? ਇਸ ਅੰਤਰ ਦਵੰਦ ਨੂੰ ਸਮਝਣ ਲਈ ਤੀਜਾ ਨੇਤਰ ਜਗਾਉਣ ਦੀ ਲੋੜ ਹੈ। ਜਿਹੜਾ ਬਹੁਗਿਣਤੀ ਲੋਕਾਂ ਦਾ ਬੰਦ ਹੈ। ਜਿਸ ਦਾ ਖੁੱਲ੍ਹਾ ਹੈ, ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਬੰਦ ਨੇਤਰ ਖੋਲ੍ਹੇ ਤੇ ਬੋਲੇ। ਖੱਟੀ ਖੱਟ ਗਏ ਮੁਰੱਬਿਆਂ ਵਾਲੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ।
—-

Leave a Reply

Your email address will not be published. Required fields are marked *