ਜੈਤੇਗ ਸਿੰਘ ਅਨੰਤ-
ਸੰਸਾਰ ਵਿੱਚ ਅਜਿਹਾ ਕੋਈ ਘਰ ਨਹੀਂ ਜਿੱਥੇ ਬਹੁਤ ਨਾ ਵਾਪਰੀ ਹੋਵੇ। ਜਦੋਂ ਮਨੁੱਖ ਦੇ ਸਵਾਸਾਂ ਦੀ ਪੂੰਜੀ ਮੁੱਕ ਜਾਂਦੀ ਹੈ ਨਾ ਹੱਥ ਪੈਰ ਚਲਦੇ ਹਨ, ਨਾ ਜੁਬਾਨ ਚਲਦੀ ਹੈ, ਨਾ ਅੱਖਾਂ ਵਿੱਚ ਵੇਖਣ ਵਾਲੀ ਜੋਤ ਰਹਿੰਦੀ ਹੈ। ਗੱਲ ਕੀ ਸਰੀਰ ਦੇ ਸਾਰੇ ਅੰਗਾਂ ਦੀ ਹਰਕਤ ਬੰਦ ਹੋ ਜਾਂਦੀ ਹੈ। ਮੌਤ ਦੀ ਮਾਰ ਤੋਂ ਨਾ ਕੋਈ ਇਨਸਾਨ ਤੇ ਨਾ ਕੋਈ ਹੈਵਾਨ ਬਚ ਸਕਿਆ। ਮੌਤ ਬਾਰੇ ਕਿਸੇ ਨੂੰ ਭੇਦ ਨਹੀਂ, ਬਚਪਨ ਵਿੱਚ ਆਉਂਦੀ ਹੈ, ਜਵਾਨੀ ਵਿੱਚ ਆਉਂਦੀ ਹੈ ਜਾਂ ਬੁਢੇਪੇ ਵਿੱਚ ਆਪਣਾ ਵਾਰ ਕਰਦੀ ਹੈ। ਜੇ ਵੇਖਿਆ ਜਾਵੇ ਤਾਂ ਮੌਤ ਦੇ ਜਾਲ ਵਿੱਚੋਂ ਨਾ ਕੋਈ ਵੈਦ, ਨਾ ਕੋਈ ਰੋਗੀ, ਨਾ ਕੋਈ ਵਿਦਵਾਨ, ਨਾ ਕੋਈ ਨਾਦਾਨ, ਨਾ ਕੋਈ ਸੁਜਾਨ ਤੇ ਨਾ ਕੋਈ ਸ਼ੈਤਾਨ ਬਚ ਸਕਿਆ ਹੈ। ਸੁਆਸਾਂ ਦਾ ਕੋਈ ਵਿਸਾਹ ਨਹੀਂ। ਇਸ ਲਈ ਗੁਰੂ ਪਾਤਸ਼ਾਹ ਜੀ ਨੇ ਆਦੇਸ਼ ਦਿੱਤਾ ਹੈ-
‘ਹਰਿ ਜਪਦਿਆਂ ਖਿਨ ਢਿਲ ਨਾ ਕੀਜਈ ਮੇਰੀ ਜਿੰਦੜੀਏ
ਮਤ ਕੇ ਜਾਪੈ ਸਾਹੁ ਆਵੈ ਕੈ ਨ ਆਵੈ ਰਾਮ (ਪੰਨਾ 546)
ਸੰਸਾਰ ਵਿੱਚ ਪ੍ਰਵੇਸ਼ ਕਰਨਾ ਤੇ ਸੰਸਾਰ ਤੋਂ ਅਲਵਿਦਾ ਹੋਣਾ ਕਰਤਾ ਪੁਰਖ ਜੀ ਦਾ ਇੱਕ ਵਿਸਮਾਦੀ ਖੇਲ ਹੈ। ਇਸ ਲਈ ਪੰਚਮ ਗੁਰ ਜੀ ਨੇ ਸੁਖਮਨੀ ਬਾਣੀ ਵਿੱਚ ਫਰਮਾਇਆ ਹੈ-
‘ਆਵਨ ਜਾਨ ਇਕ ਖੇਲ ਬਣਾਇਆ’
ਆਓ ਹੁਣ ਜੰਮਣ ਮਰਨ ਤੋਂ ਉੱਪਰ ਉੱਠ ਕੇ ਇੱਕ ਗੁਰਸਿੱਖ ਸ਼ਖ਼ਸੀਅਤ ਬੀਬੀ ਗੁਰਮਿੰਦਰ ਕੌਰ ਜੀ ਦੀ ਸੰਖੇਪ ਗਾਥਾ ਵੱਲ ਨਿਗਾਹ ਮਾਰੀਏ। ਉਹ ਸਾਥੋਂ ਸਰੀਰਕ ਰੂਪ ਵਿੱਚ ਵਿਛੜ ਚੁੱਕੇ ਹਨ। ਸਰਦਾਰਨੀ ਗੁਰਮਿੰਦਰ ਕੌਰ ਜੱਬਲ ਦਾ ਜਨਮ 27 ਅਕਤੂਬਰ 1947 ਨੂੰ ਦੁਆਬੇ ਦੇ ਪ੍ਰਸਿੱਧ ਇਲਾਕੇ ਬੀਰ ਪਿੰਡ ਵਿੱਚ ਸਰਦਾਰਨੀ ਹਰਬੰਸ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਨੱਥਾ ਸਿੰਘ ਜੀ ਦੇ ਘਰ ਹੋਇਆ। ਆਪ ਤਿੰਨ ਭਰਾਵਾਂ ਤੇ ਦੋ ਭੈਣਾਂ ਵਿੱਚ ਸਭ ਤੋਂ ਛੋਟੇ ਸਨ। ਬਚਪਨ ਵਿੱਚ ਕੁਝ ਸਮਾਂ ਆਪਣੇ ਭਰਾਵਾਂ ਨਾਲ ਕੀਨੀਆ ਦੇ ਸ਼ਹਿਰ ਨੈਰੋਬੀ ਵਿੱਚ ਗੁਜਾਰਿਆ। ਫਿਰ ਸਾਲ 1964 ਵਿੱਚ ਜਲੰਧਰ ਸ਼ਹਿਰ ਦੇ ਵਿਮਨ ਕਾਲਜ ਵਿਚੀ ਪੜ੍ਹਾਈ ਕੀਤੀ ਜਦੋਂ ਕਿ ਰਿਹਾਇਸ਼ ਲਾਡੋਵਾਲੀ ਕੋਠੀ ਵਿੱਚ ਸੀ। ਕਾਲਜ ਆਉਣ ਜਾਣ ਸਮੇਂ ਆਪ ਸਾਈਕਲ ਦੀ ਵਰਤੋਂ ਕਰਦੇ ਸਨ।
ਕਾਲਜ ਵਿੱਚ ਪੜ੍ਹਾਈ ਕਰਦਿਆਂ ਹੀ ਗੁਰਮਿੰਦਰ ਕੌਰ ਆਪਣੇ ਮਾਤਾ ਪਿਤਾ ਸਮੇਤ ਆਪਣੇ ਭਰਾ ਕੋਲ ਇੰਗਲੈਂਡ ਪਹੁੰਚ ਗਏ। ਥੋੜੇ ਸਮੇਂ ਬਾਅਦ ਪਿਤਾ ਜੀ ਅਕਾਲ ਚਲਾਣਾ ਕਰ ਗਏ। ਉਪਰੰਤ ਮਾਤਾ ਜੀ ਨੇ ਆਪਣੇ ਸਪੁੱਤਰ ਮੱਘਰ ਸਿੰਘ ਨੂੰ ਬੇਟੀ ਗੁਰਮਿੰਦਰ ਕੌਰ ਲਈ ਯੋਗ ਵਰ ਲੱਭਣ ਲਈ ਪੰਜਾਬ ਭੇਜਿਆ। ਰਿਸ਼ਤੇਦਾਰੀ ਵਿੱਚ ਪੁਰਾਣੀ ਜਾਣ ਪਹਿਚਾਣ ਹੋਣ ਕਰਕੇ ਇਹ ਰਿਸ਼ਤਾ ਮੰਗਣੀ ਸਮਾਗਮ ਰਾਹੀਂ ਸਰਦਾਰ ਸੁਰਿੰਦਰ ਸਿੰਘ ਜੱਬਲ ਨਾਲ ਪੱਕਾ ਹੋ ਗਿਆ। ਮਾਤਾ ਜੀ ਦੇ ਚਲਾਣੇ ਉਪਰੰਤ ਗੁਰਮਿੰਦਰ ਕੌਰ ਤੇ ਉਸਦੇ ਭਰਾ ਭਰਜਾਈ ਇੰਗਲੈਂਡ ਤੋਂ ਕਨੇਡਾ ਵਿੱਚ ਇਮੀਗਰੈਂਟ ਹੋ ਗਏ ਤੇ ਗੁਰਮਿੰਦਰ ਕੌਰ ਝੀਤਾ ਨੇ ਆਪਣੇ ਮੰਗੇਤਰ ਸੁਰਿੰਦਰ ਸਿੰਘ ਜੱਬਲ ਨੂੰ ਕਨੇਡਾ ਬੁਲਾਉਣ ਲਈ ਪੇਪਰ ਭਰ ਦਿੱਤੇ।
ਕਨੇਡਾ ਪਹੁੰਚਣ ‘ਤੇ ਗੁਰਮਿੰਦਰ ਕੌਰ ਤੇ ਸੁਰਿੰਦਰ ਸਿੰਘ ਜੱਬਲ ਦਾ ਆਨੰਦ ਕਾਰਜ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਚ 1866 ਸੈਕਿੰਡ ਐਵਨਿਊ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ 8 ਮਾਰਚ 1969 ਨੂੰ ਹੋਇਆ। ਉਸ ਸਮੇਂ ਦਾ ਇਹ ਪਹਿਲਾ ਆਨੰਦ ਕਾਰਜ ਸੀ ਜੋ ਲਾਵਾਂ ਨਾਲ ਪਰਿਕਰਮਾ ਕਰਕੇ ਸੰਪੂਰਨ ਹੋਇਆ ਨਹੀਂ ਤਾਂ ਪਹਿਲਾਂ ਚੱਲ ਰਹੀ ਰੀਤ ਅਨੁਸਾਰ ਗੁਰੂ ਮਹਾਰਾਜ ਜੀ ਦੀ ਹਜੂਰੀ ਵਿੱਚ ਕੇਵਲ ਲਾਵਾਂ ਪੜ੍ਹ ਕੇ ਹੀ ਆਨੰਦ ਕਾਰਜ ਕਰ ਦਿੱਤਾ ਜਾਂਦਾ ਸੀ। ਗ੍ਰਹਿਸਤੀ ਜੀਵਨ ਦੇ ਪਹਿਲੇ 6 ਵਰ੍ਹੇ (ਸੰਨ 1969 ਤੋਂ 1975 ਤੱਕ) ਉਹਨਾਂ ਵੈਨਕੂਵਰ ਗੁਜਾਰੇ। ਫਿਰ 16 ਸਾਲ ਰਿਚਮੰਡ ਤੇ ਹੁਣ ਸੰਨ 1991 ਤੋਂ ਸਰੀ ਵਿੱਚ ਰਹਿ ਰਹੇ ਸਨ।
ਬੀਬੀ ਗੁਰਮਿੰਦਰ ਕੌਰ ਜੱਬਲ ਇੱਕ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਜਿਨ੍ਹਾਂ ਆਪਣੇ ਜੀਵਨ ਦੇ ਹਰ ਪੱਖ ਨੂੰ ਬੜੇ ਆਨੰਦਮਈ ਮਾਣਿਆ। ਉਹ ਸਦਾ ਚੜ੍ਹਦੀ ਕਲਾ ਤੇ ਅਗੰਮੀ ਰੰਗ ਵਿੱਚ ਵੇਖੇ ਜਾਂਦੇ ਸਨ। ਅੰਮ੍ਰਿਤ ਵੇਲੇ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਟੀਵੀ ‘ਤੇ ਆਉਂਦੇ ਕੀਰਤਨ ਸਰਵਣ ਕਰਦੇ। ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਦੇ ਵੇਖੇ ਜਾਂਦੇ। ਕਨੇਡਾ ਵਿੱਚ ਪਹਿਲੇ ਸਮੇਂ ਕੋਈ ਹਲਵਾਈ ਨਹੀਂ ਸੀ ਪਰ ਉਹ ਖਾਣਾ ਪਕਾਉਣ ਵਿੱਚ ਇੰਨੀ ਮਹਾਰਤ ਰੱਖਦੇ ਸਨ ਕਿ ਲੱਡੂ, ਬੇਸਨ ਬਰਫੀ, ਮਟਰੀ ਆਦਿ ਬਣਾ ਲੈਂਦੇ ਸਨ। ਇਸੇ ਤਰ੍ਹਾਂ ਸਲਾਈ ਕਢਾਈ ਤੇ ਸਵੈਟਰ ਕੋਟੀਆਂ ਦਾਸਤਾਨੇ ਆਦਿ ਬੁਣਨ ਵਿੱਚ ਪੂਰੀ ਯੋਗਤਾ ਰੱਖਦੇ ਸਨ। ਉਹਨਾਂ ਦੇ ਹਿਰਦੇ ਵਿੱਚ ਸਦਾ ਪੰਥ ਦਾ ਦਰਦ ਸੀ। ਗੁਰ ਇਤਿਹਾਸ ਦੀ ਪੂਰੀ ਸੋਝੀ ਸੀ। ਉਹਨਾਂ ਵੱਖ-ਵੱਖ ਲੇਖਕਾਂ, ਵਿਦਵਾਨਾਂ ਨੂੰ ਪੜ੍ਹਿਆ।
ਸਰਦਾਰ ਸੁਰਿੰਦਰ ਸਿੰਘ ਜੱਬਲ ਨੇ ਧਾਰਮਿਕ ਸਮਾਜਿਕ ਤੇ ਭਾਈਚਾਰਕ ਖੇਤਰ ਵਿੱਚ ਮੂਹਰਲੀ ਕਤਾਰ ਵਿੱਚ ਹੋ ਕੇ ਕੰਮ ਕੀਤੇ ਤੇ ਸਫਲਤਾ ਪ੍ਰਾਪਤ ਕੀਤੀ ਜਿਸ ਦੇ ਪਿੱਛੇ ਬੀਬੀ ਗੁਰਮਿੰਦਰ ਕੌਰ ਜੱਬਲ ਦੀ ਬੜੀ ਸਪੋਰਟ ਸੀ ਜਿਹਨਾਂ ਸਦਕਾ ਉਹਨਾਂ ਨੂੰ ਹਰ ਵਰਗ ਨੇ ਉਤਸਾਹਿਤ ਕੀਤਾ। ਬੀਬੀ ਗੁਰਮਿੰਦਰ ਕੌਰ ਕਿਰਪਾਲੂ ਦਿਆਲੂ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਭਾਵੇਂ ਪਿਛਲੇ ਪੰਜ ਸਾਲਾਂ ਤੋਂ ਵਾਕਰ ਦੀ ਵਰਤੋਂ ਕਰਦੇ ਸਨ ਤਦ ਵੀ ਉਹਨਾਂ ਆਪਣੇ ਆਪ ਨੂੰ ਪੂਰਾ ਚੜ੍ਹਦੀ ਕਲਾ ਵਿੱਚ ਰੱਖਿਆ ਹੋਇਆ ਸੀ। ਆਪਣੇ ਨਿੱਜੀ ਪਰਿਵਾਰ ਵਿੱਚ ਦੋ ਪੁੱਤਰ ਤੇ ਨੂੰਹਾਂ, ਦੋ ਪੋਤਰੀਆਂ, ਇੱਕ ਪੋਤਰਾ ਤੇ ਪਤੀ ਨੂੰ ਪਿੱਛੇ ਛੱਡ ਪ੍ਰਲੋਕ ਸੁਧਾਰ ਗਏ ਹਨ। ਬੀਬੀ ਗੁਰਮਿੰਦਰ ਕੌਰ ਅੱਜ ਸਾਡੇ ਵਿੱਚ ਨਹੀਂ ਪਰ ਉਹਨਾਂ ਦੀ ਨਿੱਘੀ ਯਾਦ ਸਾਡੇ ਦਿਲਾਂ ਵਿੱਚ ਕਾਇਮ ਰਹੇਗੀ। ਅਕਾਲ ਪੁਰਖ ਅੱਗੇ ਅਰਦਾਸ ਹੈ ਇਸ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ੇ ਤੇ ਪਿੱਛੋਂ ਪਰਿਵਾਰ, ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।