Headlines

ਗੁਰ-ਭੈਣ ਗੁਰਮਿੰਦਰ ਕੌਰ ਨੂੰ ਸ਼ਰਧਾਂਜਲੀ

ਪ੍ਰੋਫੈਸਰ  ਬਲਕਾਰ ਸਿੰਘ, ਪਟਿਆਲਾ-

ਜੱਬਲ ਪਰਿਵਾਰ ਦੀ ਧੁਰੋਹਰ ਸਰਦਾਰਨੀ ਗੁਰਮਿੰਦਰ ਕੌਰ ਸਦਾ ਲਈ ਸਾਰਿਆਂ ਨਾਲੋਂ ਵਿੱਛੜ ਗਏ ਹਨ, ਪਰ ਉਨ੍ਹਾਂ ਦੀਆਂ ਯਾਦਾਂ ਆਪਣਿਆਂ ਅਤੇ ਹਾਮੀਆਂ ਹਿਤੈਸ਼ੀਆਂ ਦੀਆਂ ਯਾਦਾਂ ਵਿਚ ਉਸ ਮਾਤਰਾ ਵਿਚ ਅੜਕੀਆਂ ਰਹਿਣਗੀਆਂ, ਜਿਸ ਮਾਤਰਾ ਵਿਚ ਵਿਛੜੀ ਰੂਹ ਨਾਲ ਕੋਈ ਵੀ ਜੁੜਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਦੋ ਵਾਰ ਮਿਲਿਆ ਸੀ। ਪਹਿਲੀ ਵਾਰ ਮੈਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਸੀ ਅਤੇ ਦੂਜੀ ਵਾਰ ਮੇਰੀ ਪੁਸਤਕ ਨੂੰ ਸੰਗਤ ਅਰਪਣ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਵਧਾਈ ਵੀ ਦਿੱਤੀ ਸੀ ਅਤੇ ਸੁਜੱਗ ਟਿੱਪਣੀ ਵੀ ਕੀਤੀ ਸੀ। ਗੱਲਾਂ ਕਰਦਿਆਂ ਮੈਨੂੰ ਗੁਰਮਿੰਦਰ ਭੈਣ ਜੀ ਗੁਰੂ ਵਰੋਸਾਈ ਪੰਜਾਬੀਅਤ ਦੇ ਪ੍ਰਤੀਨਿਧ ਲੱਗੇ ਸਨ ਕਿਉਂਕਿ ਜਿਹੜੇ ਸਿੱਖਾਂ ਨੇ ਕੈਨੇਡਾ ਨੂੰ ਰੁਜ਼ਗਾਰ ਦੀ ਭੂਮੀ ਵਜੋਂ ਅਪਣਾਇਆ ਸੀ ਅਤੇ ਕੈਨੇਡੀਅਨ ਹੋ ਕੇ ਜਿਹੋ ਜਿਹੀ ਭੂਮਿਕਾ ਨਿਭਾਈ ਸੀ, ਉਸ ਨੂੰ ਚਾਚਾ ਵੈਨਕੂਵਰੀਆਂ ਦੀਆਂ ਲਿਖਤਾਂ ਰਾਹੀਂ ਅਤੇ ਸ. ਸੁਰਿੰਦਰ ਸਿੰਘ ਜੱਬਲ ਦੀਆਂ ਗਤੀਵਿਧੀਆਂ ਰਾਹੀਂ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ।

ਗੁਰਮਿੰਦਰ ਭੈਣ ਜੀ ਦੀ ਪੀਹੜੀ ਦੀਆਂ ਪੰਜਾਬਣਾ ਦੀ ਭੂਮਿਕਾ ਮੈਨੂੰ ਇਸ ਕਾਰਣ ਅਹਿਮ ਲੱਗਦੀ ਹੈ ਕਿਉਂਕਿ ਉਨ੍ਹਾਂ ਨੇ ਘਰ ਪਰਿਵਾਰ ਵਿਚ ਗੁਰਮਤਿ ਅਤੇ ਮਾਤ ਭਾਸ਼ਾ ਨੂੰ ਜ਼ਿੰਦਾ ਰੱਖਣ ਵਾਸਤੇ ਅਹਿਮ ਭੂਮਿਕਾ ਨਿਭਾਈ ਸੀ। ਹਿਜਰਤੀ ਬੰਦੇ ਅਤੇ ਹਿਜਰਤੀ ਔਰਤ ਵਿਚਕਾਰ ਜਿਵੇਂ ਫਰਕ ਅੱਜ ਕੱਲ੍ਹ ਘਟਿਆ ਹੋਇਆ ਲੱਗਦਾ ਹੈ, ਇਸ ਤਰ੍ਹਾਂ ਇਸ ਤੋਂ ਪਹਿਲੀ ਪੀਹੜੀ ਵਿਚ ਇਸ ਕਰ ਕੇ ਨਹੀਂ ਸੀ ਕਿਉਂਕਿ ਬੱਚਿਆਂ ਦੇ ਜਵਾਨ ਹੋ ਜਾਣ ਤੱਕ ਪੰਜਾਬਣ ਮਾਵਾਂ ਬੀਤ ਰਹੀ ਜ਼ਿੰਦਗੀ ਦਾ ਅੱਧਾ ਹਿੱਸਾ ਪੰਜਾਬ ਵਿਚ ਹੀ ਜਿਊਂਦੀਆਂ ਰਹੀਆਂ ਸਨ।

ਕਨੇਡੀਅਨ ਸਭਿਆਚਾਰ ਨਾਲ ਜਿਸ ਤਰ੍ਹਾਂ ਸਿੱਖ ਸਭਿਆਚਾਰ ਨਿਭਣ ਵਾਸਤੇ ਬਾਣੀ ਦੀ ਰੌਸ਼ਨੀ ਵਿਚ ਸਪੇਸ ਪੈਦਾ ਕਰਦਾ ਹੈ, ਉਸ ਨੂੰ ਗੁਰਦੁਆਰਾ ਸੰਸਥਾ ਰਾਹੀਂ ਸੌਖਿਆਂ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਗੁਰਦੁਆਰਾ, ਸ਼ਬਦ-ਗੁਰੂ ਨੂੰ ਅੰਗ ਸੰਗ ਰੱਖਣ ਦੇ ਅਵਸਰ ਪ੍ਰਦਾਨ ਕਰਣ ਵਾਲੀ ਸੰਸਥਾ ਹੈ। ਪੰਜਾਬੀਆਂ ਨੂੰ ਜਿਸ ਤਰ੍ਹਾਂ ਪੰਜਾਬੀਅਤ ਦਾ ਅਹਿਸਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਿਆਂ ਅਤੇ ਲੰਗਰ ਛਕਦਿਆਂ ਮਹਿਸੂਸ ਹੁੰਦਾ ਹੈ, ਉਸ ਤਰ੍ਹਾਂ ਹੋਰ ਕਿਸੇ ਵੀ ਧਰਮ ਰਾਹੀਂ ਸਾਹਮਣੇ ਆਇਆ ਹੋਵੇ, ਨਜ਼ਰ ਨਹੀਂ ਆਉਂਦਾ। ਗੁਰਦੁਆਰੇ ਚੱਲ ਕੇ ਜਾਣ ਦੇ ਅਹਿਸਾਸ ਨੇ ਸਿੱਖੀ ਵਿਚ ਔਰਤ ਦੀ ਭੂਮਿਕਾ ਨੂੰ ਸਾਹਮਣੇ ਲਿਆਉਣ ਦਾ ਲਗਾਤਾਰ ਅਵਸਰ ਬਖਸ਼ਿਆ ਹੈ। ਮੈਂ ਆਪਣੇ ਆਪ ਨੂੰ ਗ਼ੈਰ ਹਾਜ਼ਰ ਕਨੇਡੀਅਨ ਸਮਝਦਾ ਹਾਂ ਕਿਉਂਕਿ ਮੇਰਾ ਪੁੱਤਰ, ਨੂੰਹ, ਪੋਤਰੀ ਅਤੇ ਪੋਤਰਾ ਕਨੇਡੀਅਨ ਸ਼ਹਿਰੀ ਹੋ ਗਏ ਹਨ। ਮੇਰੀ ਨੂੰਹ ਡਾ. ਮਨਰੀਤ ਕੌਰ ਬਦੇਸ਼ਾ ਨੂੰ ਮਿਲ ਕੇ ਗੁਰਮਿੰਦਰ ਭੈਣ ਜੀ ਬਹੁਤ ਖੁਸ਼ ਹੋਏ ਸਨ ਅਤੇ ਗੱਲਾਂ ਬਾਤਾਂ ਵਿਚ ਉਨ੍ਹਾਂ ਨੇ ਆਪਣੇਪਨ ਦਾ ਅਹਿਸਾਸ ਵੀ ਕਰਵਾਇਆ ਸੀ। ਸ਼ਬਦ-ਗੁਰੂ ਨਾਲ ਜੁੜੇ ਹੋਏ ਹਰ ਗੁਰਸਿੱਖ ਦੇ ਅੰਗ ਸੰਗ ਰਹਿ ਕੇ ਗੁਰੂ ਜੀ ਪੈਜ ਰੱਖਦੇ ਆਏ ਹਨ। ਮੇਰਾ ਵਿਸ਼ਵਾਸ਼ ਹੈ ਕਿ ਗੁਰਮਿੰਦਰ ਭੈਣ ਜੀ ਨੇ ਗੁਰੂ ਚਰਨਾਂ ਵਿਚ ਨਿਵਾਸ ਮਿਲ ਜਾਣ ਦੀ ਪਾਤਰਤਾ ਜਿਉਂਦੇ ਜੀਅ ਪ੍ਰਾਪਤ ਕਰ ਲਈ ਸੀ।

ਮੇਰੀ ਅਰਦਾਸ ਹੈ ਕਿ ਗੁਰੂ ਦੇ ਭਾਣੇ ਵਿਚ ਵਾਪਰੇ ਇਸ ਵਿਛੋੜੇ ਨਾਲ ਨਿਭਣ ਦਾ ਬਲ ਅਤੇ ਸੇਧ ਗੁਰੂ ਜੀ ਜੱਬਲ ਪਰਿਵਾਰ ਨੂੰ ਬਖਸ਼ਿਸ਼ ਕਰਣ। ਮੇਰੇ ਮਿੱਤਰ ਸ. ਸੁਰਿੰਦਰ ਸਿੰਘ ਜੱਬਲ ਦੀਆਂ ਜੁੰਮੇਵਾਰੀਆਂ ਜੀਵਨ ਸਾਥਣ ਦੀ ਗੈਰਹਾਜ਼ਰੀ ਵਿਚ ਬਹੁਤ ਵਧ ਗਈਆਂ ਹਨ। ਮੇਰੀ ਅਰਦਾਸ ਹੈ ਕਿ ਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਵਿਚ ਸਹਾਈ ਹੋਵਣ। ਸਿੱਖਾਂ ਦੀਆਂ ਪ੍ਰਾਪਤੀਆਂ ਦੀ ਜੜ੍ਹ ਵਿਚ ਗੁਰੂ ਜੀ ਦੀਆਂ ਬਖਸ਼ਿਸ਼ਾਂ ਕੰਮ ਕਰਦੀਆਂ ਹਨ:

ਨਿਰਭਉ ਜਪੈ ਸਗਲ ਭਉ ਮਿਟੈ॥

ਗੁਰ ਕਿਰਪਾ ਤੇ ਪ੍ਰਾਣੀ ਛੁਟੈ ॥

Leave a Reply

Your email address will not be published. Required fields are marked *