ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਦਿਨੀਂ ਜੌਹਨ ਓਲੀਵਰ ਸਕੂਲ ਵਿਖੇ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਨੌਜਵਾਨ ਤਾਜ ਸਿੰਘ ਜੌਹਲ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਵਿਚ 400 ਤੋਂ ਉਪਰ ਸਕੂਲੀ ਬੱਚੇ ਸ਼ਾਮਿਲ ਹੋਏ। ਇਸ ਮੌਕੇ ਵੈਨਕੂਵਰ ਦੇ ਮੇਅਰ ਕੈਨ ਸਿਮ ਵਿਸੇਸ਼ ਤੌਰ ਤੇ ਪੁੱਜੇ ਤੇ ਸਿੱਖ ਵਿਰਾਸਤੀ ਮਹੀਨੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਬੁਲਾਰਿਆਂ ਨੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਗੁਰਬਾਣੀ ਕੀਰਤਨ ਕੀਤਾ ਗਿਆ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਬੱਚਿਆਂ ਨੇ ਗਤਕੇ ਦੇ ਜੌਹਰ ਵੀ ਵਿਖਾਏ। ਪਵਿੱਤਰ ਸ਼ਸ਼ਤਰਾਂ ਦੀ ਨੁਮਾਇਸ਼ ਵੀ ਲਗਾਈ ਗਈ। ਇਸ ਮੌਕੇ ਸਿੱਖ ਸੁਸਾਇਟੀ ਵੈਨਕੂਵਰ ਦੇ ਮੈਂਬਰ ਕੁਲਬੀਰ ਸਿੰਘ ਛੋਕਰ, ਰਿਕਾਰਡਿੰਗ ਸਕੱਤਰ ਜੋਗਿੰਦਰ ਸਿੰਘ ਸੁੰਨੜ ਨੂੰ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ। ਖਾਲਸਾ ਦੀਵਾਨ ਸੁਸਾਇਟੀ ਦੇ ਹੈਂਡ ਗਰੰਥੀ ਗਿਆਨੀ ਹਰਮਿੰਦਰ ਪਾਲ ਸਿੰਘ ਵੀ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਿਲ ਹੋਏ।
ਇਸ ਉਪਰੰਤ 11 ਮਈ ਨੂੰ ਖਾਲਸਾ ਦੀਵਾਨ ਸੁਸਾਇਟੀ ਵਿਖੇ ਸਮਾਗਮ ਦੌਰਾਨ ਨੌਜਵਾਨ ਆਗੂ ਤਾਜ ਸਿੰਘ ਜੌਹਲ ਨੇ ਖਾਲਸਾ ਦੀਵਾਨ ਸੁਸਾਇਟੀ ਦੀ ਕਮਿਊਨਿਟੀ ਨੂੰ ਦੇਣ ਅਤੇ ਗਦਰੀ ਬਾਬਿਆਂ, ਕਾਮਾਗਾਟਾਮਾਰੂ ਦੇ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ। ਸੁਸਾਇਟੀ ਵਲੋਂ ਬੱਚਿਆਂ ਨੂੰ ਪਲੇਕਾਂ ਦੇਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਜੋ ਨਵੀ ਪੀੜੀ ਨੂੰ ਗੁਰੂ ਘਰ ਨਾਲ ਜੋੜ ਰਹੇ ਹਨ।