Headlines

ਸੰਪਾਦਕੀ- ਜੰਗਬੰਦੀ ਦੇ ਬਾਵਜੂਦ ਤਣਾਅ ਜਾਰੀ- ਕੌਣ ਸਮਝਾਏ ਹਾਕਮਾਂ ਨੂੰ….

-ਸੁਖਵਿੰਦਰ ਸਿੰਘ ਚੋਹਲਾ

ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦੇ ਐਲਾਨ ਉਪਰੰਤ ਭਾਵੇਂਕਿ ਸਰਹੱਦੀ ਤਣਾਅ ਖਤਮ ਨਹੀ ਹੋਇਆ ਪਰ ਇਸਦੇ ਬਾਵਜੂਦ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਤੇ ਵਸਦੇ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ। ਭਾਰਤ ਦੀ ਵੰਡ ਉਪਰੰਤ ਹੋਂਦ ਵਿਚ ਆਏ ਦੋ ਮੁਲਕਾਂ ਵਿਚਾਲੇ ਦੁਸ਼ਮਣੀ ਦੀ ਇਹ ਦਾਸਤਾਨ ਕੋਈ ਨਵੀਂ ਨਹੀ ਹੈ। ਦੋਵੇਂ ਮੁਲਕ ਵੰਡ ਉਪਰੰਤ ਆਪਣੇ ਲੋਕਾਂ ਦੇ ਚੰਗੇ ਤੇ ਰੌਸ਼ਨ ਭਵਿੱਖ ਦੀ ਚਿੰਤਾ ਕਰਨ ਦੀ ਬਿਜਾਏ ਹਮੇਸ਼ਾਂ ਲੜਾਈਆਂ ਤੇ ਜੰਗਾਂ ਵਿਚਾਲੇ ਉਲਝਦੇ ਆ ਰਹੇ ਹਨ। ਭਾਰਤ-ਪਾਕਿ ਦੀ ਵੰਡ ਦੇ ਤੁਰੰਤ ਬਾਦ 1948 ਵਿਚ ਕਸ਼ਮੀਰ ਤੇ ਕਬਾਇਲੀ ਹਮਲਾ, ਫਿਰ 1965, 1971 ਦੀਆਂ ਜੰਗਾਂ ਤੇ 1999 ਦੀ ਕਾਰਗਿਲ ਘੁਸਪੈਠ ਨੂੰ ਰੋਕਣ ਲਈ ਲੜੀ ਗਈ ਜੰਗ ਦੌਰਾਨ ਦੋਵਾਂ ਮੁਲਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇਹਨਾਂ ਜੰਗਾਂ ਵਿਚ ਦੋਵਾਂ ਮੁਲਕਾਂ ਨੇ ਆਪਣੇ ਹਜਾਰਾਂ ਸੈਨਿਕਾਂ ਤੇ ਆਮ ਸ਼ਹਿਰੀਆਂ ਦੀਆਂ ਜਾਨਾਂ ਨੂੰ ਕੁਰਬਾਨ ਕੀਤਾ ਹੈ। ਭਾਰੀ ਜਾਨੀ ਮਾਲੀ ਨੁਕਸਾਨ ਦੇ ਬਾਵਜੂਦ ਦੋਵਾਂ ਮੁਲਕਾਂ ਦੇ ਹਾਕਮ ਅਮਨ ਅਮਾਨ ਨਾਲ ਰਹਿਣ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਥਾਂ ਦੁਸ਼ਮਣੀ ਅਤੇ ਨਫਰਤ ਨੂੰ ਹਵਾ ਦਿੰਦੇ ਆ ਰਹੇ ਹਨ। ਭਾਵੇਂਕਿ ਦੋਵਾਂ ਮੁਲਕਾਂ ਦੇ ਹਾਕਮਾਂ ਲਈ ਲਈ ਇਹ ਨਫਰਤ ਅਤੇ ਦੁਸ਼ਮਣੀ ਦੀਆਂ ਗੱਲਾਂ ਉਹਨਾਂ ਦੀ ਵੋਟ ਰਾਜਨੀਤੀ ਦੇ ਫਿੱਟ ਬੈਠਦੀਆਂ ਹਨ ਪਰ ਭਾਰਤੀ ਹਾਕਮਾਂ ਦੇ ਮੁਕਾਬਲੇ ਪਾਕਿਸਤਾਨੀ ਹਾਕਮਾਂ ਵਲੋਂ ਕਸ਼ਮੀਰ ਦੇ ਵਿਵਾਦਤ ਮੁੱਦੇ ਉਪਰ ਲਗਾਤਾਰ ਵੱਖਵਾਦੀ ਤੇ ਅਤਵਾਦੀ ਤਾਕਤਾਂ ਨੂੰ ਸ਼ਹਿ ਦੇਣੀ ਅਤੇ ਸਰਹੱਦ ਪਾਰੋਂ ਅਤਵਾਦੀ ਹਮਲਿਆਂ ਨੂੰ ਹੱਲਾਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ ਨੇ ਸਰਹੱਦਾਂ ਉਪਰ ਕਦੇ ਵੀ ਸਾਂਤੀ ਵਾਲਾ ਮਾਹੌਲ ਬਣਨ ਨਹੀ ਦਿੱਤਾ।

ਪਹਿਲਗਾਮ ਵਿਚ ਅਤਵਾਦੀਆਂ ਦੁਆਰਾ  25 ਨਿਰਦੋਸ਼ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੀ ਘਟਨਾ ਨੇ ਦੋਵਾਂ ਮੁਲਕਾਂ ਵਿਚਾਲੇ ਤਾਜਾ ਜੰਗ ਦਾ ਮਾਹੌਲ ਪੈਦਾ ਕੀਤਾ। ਕਸ਼ਮੀਰ ਵਿਚ ਗੜਬੜ ਵਾਲੇ ਹਾਲਾਤ ਅਤੇ ਅਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਅਸਲੀਅਤ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀ। ਪਰ ਪਾਕਿਸਤਾਨੀ ਹਾਕਮ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਪੱਧਰ ਤੇ ਉਭਾਰਨ ਲਈ ਅਕਸਰ ਹੀ ਅਤਵਾਦੀ ਘਟਨਾਵਾਂ ਨੂੰ ਸ਼ਹਿ ਦੇਣ ਤੋਂ ਹਿਚਕਚਾਉਂਦੇ ਨਹੀਂ। ਪਹਿਲਗਾਮ ਘਟਨਾ ਦਾ ਆਧਾਰ ਵੀ ਪਾਕਿਸਤਾਨ ਦੀ ਇਸੇ ਨੀਤੀ ਦਾ ਹਿੱਸਾ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਨਸ ਦੇ ਭਾਰਤ ਦੌਰੇ ਦੌਰਾਨ ਕਸ਼ਮੀਰੀ ਅਤਵਾਦੀਆਂ ਵਲੋਂ ਇਸ ਸਮੂਹਿਕ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਗਿਆ। ਸਵਾਲ ਹੈ ਕਿ ਕਿਸੇ ਅਮਰੀਕੀ ਆਗੂ ਦੇ ਭਾਰਤ ਦੌਰੇ ਦੌਰਾਨ ਕਸ਼ਮੀਰ ਮਸਲੇ ਨੂੰ ਉਭਾਰਨ ਲਈ ਨਿਰਦੋਸ਼ ਲੋਕਾਂ ਦੀ ਸਮੂਹਿਕ ਹੱਤਿਆ ਨੂੰ ਅੰਜਾਮ ਦੇਣਾ ਕਿੰਨਾ ਕੁ ਜਾਇਜ਼ ਹੈ।

ਪਹਿਲਗਾਮ ਅਤਵਾਦੀ ਹਮਲੇ ਦੇ ਬਦਲੇ ਵਜੋਂ ਭਾਰਤ ਵਲੋਂ ਅਤਵਾਦੀਆਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦਾਅਵੇ ਨਾਲ ਦੋਵਾਂ ਮੁਲਕਾਂ ਵਿਚਾਲੇ ਜੋ ਹਾਲਾਤ ਬਣੇ, ਸਭ ਦੇ ਸਾਹਮਣੇ ਹਨ। ਵਿਸ਼ਵ ਸ਼ਕਤੀ ਵਜੋਂ ਜਾਣੇ ਜਾਂਦੇ ਅਮਰੀਕਾ ਨੇ ਦੋਵਾਂ ਮੁਲਕਾਂ ਵਿਚਾਲੇ ਸ਼ੁਰੂ ਹੋਈ ਜੰਗ ਦੇ ਇਕ ਦਿਨ ਬਾਦ ਕਿਹਾ ਸੀ ਕਿ ਉਸਦਾ ਇਸ ਜੰਗ ਨਾਲ ਕੋਈ ਲੈਣਾ ਦੇਣਾ ਨਹੀ ਪਰ ਫਿਰ ਉਸੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਐਲਾਨ ਕਰ ਦਿੱਤਾ ਕਿ ਉਸਦੇ ਦਖਲ ਦੇਣ ਨਾਲ ਦੋਵੇਂ ਮੁਲਕ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਅਗਰ ਉਹ ਦਖਲ ਨਾ ਦਿੰਦੇ ਤਾਂ ਦੋਵਾਂ ਪ੍ਰਮਾਣੂ ਸ਼ਕਤੀਆਂ ਵਿਚਾਲੇ ਇਹ ਜੰਗ ਵਿਸ਼ਵ ਲਈ ਖਤਰਾ ਬਣ ਸਕਦੀ ਸੀ। ਇਥੇ ਕੈਨੇਡਾ ਦੇ ਸਾਬਕਾ ਵਿਦੇਸ਼ ਮੰਤਰੀ ਲੋਇਡ ਐਕਸਵਰਥੀ ਵਲੋਂ ਪ੍ਰਗਟਾਏ ਗਏ ਵਿਚਾਰ ਬੜੇ ਅਹਿਮ ਹਨ। ਜਦੋਂ ਅਮਰੀਕਾ ਨੇ ਦੋਵਾਂ ਮੁਲਕਾਂ ਵਿਚਾਲੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਹਨਾਂ ਨੇ ਲਿਖਿਆ ਸੀ ਦੋਵਾਂ ਮੁਲਕਾਂ ਪਾਸ ਕਿਉਂਕਿ ਪ੍ਰਮਾਣੂ ਹਥਿਆਰ ਮੌਜੂਦ ਹਨ। ਦੋਵਾਂ ਮੁਲਕਾਂ ਦੇ ਆਗੂ ਆਪਣੇ ਆਵਾਮ ਦੇ ਦਬਾਅ ਤੇ ਘਬਰਾਹਟ ਵਿਚ ਕੋਈ ਵੀ ਗਲਤ ਫੈਸਲਾ ਲੈ ਸਕਦੇ ਹਨ ਜਿਸਦਾ ਖਮਿਆਜਾ ਪੂਰੀ ਦੁਨੀਆ ਨੂੰ ਭੁਗਤਣਾ ਪੈ ਸਕਦਾ ਹੈ। ਉਹਨਾਂ ਕੈਨੇਡਾ ਸਰਕਾਰ ਤੇ ਹੋਰ ਮਿੱਤਰ ਮੁਲਕਾਂ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਸਲਾਹ ਦਿੱਤੀ ਸੀ। ਚੰਗੀ ਗੱਲ ਹੈ ਕਿ ਦੋਵਾਂ ਮੁਲਕਾਂ ਨੂੰ ਹਥਿਆਰ ਵੇਚਣ ਵਾਲੇ ਵਪਾਰੀਆਂ ਨੇ ਖੁਦ ਹੀ ਸਮੇਂ ਦੀ ਨਾਜੁਕਤਾ ਨੂੰ ਸਮਝਿਆ ਤੇ ਜੰਗਬੰਦੀ ਕਰਵਾ ਦਿੱਤੀ ਹੈ।  

ਤਾਜਾ ਹਾਲਾਤ ਇਹ ਹਨ ਕਿ ਜੰਗਬੰਦੀ ਤੋਂ  ਬਾਅਦ ਇਸ ਦੀਆਂ ਖ਼ਿਲਾਫ਼ਵਰਜ਼ੀਆਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਇਸ ਮਾਮਲੇ ਵਿੱਚ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ’ਤੇ ਗੋਲੀਬੰਦੀ ਦੀ ਖ਼ਿਲਾਫ਼ਵਰਜ਼ੀ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਕਾਰ ਬਣੇ ਤਣਾਅ ਦੇ ਫ਼ੌਰੀ ਕਾਰਨ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਸਬੰਦੀ ਹਾਲੇ ਤੱਕ ਕੋਈ ਪੇਸ਼ਕਦਮੀ ਨਹੀਂ ਹੋ ਸਕੀ। ਪਿਛਲੇ ਦਿਨੀਂ ਜੰਮੂ ਕਸ਼ਮੀਰ ਪੁਲੀਸ ਵੱਲੋਂ ਪਹਿਲਗਾਮ ਹਮਲੇ ਵਿੱਚ ਸ਼ਾਮਿਲ ਦੱਸੇ ਜਾਂਦੇ ਦਹਿਸ਼ਤਗਰਦ ਦੀ ਤਲਾਸ਼ ਲਈ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵੱਲੋਂ ਇੱਕ ਦੂਜੇ ਖ਼ਿਲਾਫ਼ ਕੀਤੀਆਂ ਗ਼ੈਰ-ਫ਼ੌਜੀ ਕਾਰਵਾਈਆਂ ਜਿਵੇਂ ਵੀਜ਼ਾ ਸੇਵਾਵਾਂ ਮੁਲਤਵੀ ਕਰਨ, ਹਵਾਈ ਖੇਤਰ ਬੰਦ ਕਰਨ ਅਤੇ ਵਪਾਰ ’ਤੇ ਪਾਬੰਦੀ ਆਦਿ ਹਾਲੇ ਵੀ ਜਿਉਂ ਦੀ ਤਿਉਂ ਕਾਇਮ ਹਨ।

ਭਾਰਤ ਦਾ ਕਹਿਣਾ ਹੈ ਕਿ  ਉਸ ਵੱਲੋਂ ਆਪਣੀ ਫ਼ੌਜੀ ਕਾਰਵਾਈ ਰੋਕੀ ਗਈ ਹੈ ਅਤੇ ਜੇ ਭਵਿੱਖ ਵਿੱਚ ਕੋਈ ਵੀ ਦਹਿਸ਼ਤੀ ਹਮਲਾ ਹੋਇਆ ਤਾਂ ਉਹ ਆਪਣੀਆਂ ਸ਼ਰਤਾਂ ’ਤੇ ਬਦਲੇ ਦੀ ਕਾਰਵਾਈ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਜੇ ਪਾਕਿਸਤਾਨ ਨਾਲ ਗੱਲਬਾਤ ਹੁੰਦੀ ਹੈ ਤਾਂ ਇਸ ਵਿੱਚ ਦਹਿਸ਼ਤਗਰਦੀ ਅਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਨਾਲ ਸਬੰਧਿਤ ਹੀ ਹੋਵੇਗੀ।  ਉਨ੍ਹਾਂ ਇਹ ਵੀ ਦ੍ਰਿੜ੍ਹਾਇਆ ਕਿ ‘ਦਹਿਸ਼ਤਗਰਦੀ ਅਤੇ ਗੱਲਬਾਤ ਨਾਲੋ-ਨਾਲ ਨਹੀਂ ਚੱਲ ਸਕਦੇ।’ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਇਲਾਕਾਈ ਸ਼ਾਂਤੀ ਦੀ ਖਾਤਿਰ ਗੋਲੀਬੰਦੀ ਲਈ ਰਜ਼ਾਮੰਦ ਹੋਇਆ ਹੈ ਪਰ ਆਪਣੀ ਪ੍ਰਭੂਸੱਤਾ ਦੀ ਕਿਸੇ ਵੀ ਖ਼ਿਲਾਫ਼ਵਰਜ਼ੀ ਨੂੰ ਸਹਿਣ ਨਹੀਂ ਕਰੇਗਾ। ਜੰਗਬੰਦੀ ਦੇ ਬਾਵਜੂਦ ਦੋਵਾਂ ਮੁਲਕਾਂ ਦੇ ਹਾਕਮ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਰੌਚਕ ਤੱਥ ਹਨ ਕਿ ਜੇ ਇਕ ਪਾਸੇ ਭਾਰਤ ਦਾ ਗੋਦੀ ਮੀਡੀਆ ਮੋਦੀ ਸਰਕਾਰ ਦੀ ਜਿੱਤ ਦੇ ਦਾਅਵੇ ਕਰ ਰਿਹਾ ਹੈ ਤਾਂ ਅਮਰੀਕੀ ਮੀਡੀਆ ਪਾਕਿਸਤਾਨੀ ਆਰਮੀ ਦੀਆਂ ਤਾਰੀਫਾਂ ਗਿਣਾ ਰਿਹਾ ਹੈ। ਕੋਈ ਭਾਰਤ ਵਲੋਂ ਖਰੀਦੇ ਗਏ ਫਰਾਂਸੀਸੀ ਰਫੇਲ ਲੜਾਕੂ ਜਹਾਜਾਂ ਦੇ ਮੁਕਾਬਲੇ ਚੀਨ ਦੇ ਜੇ-17 ਥੰਡਰ ਫਾਈਟਰਾਂ ਦੀ ਸਰਾਹਨਾ ਕਰ ਰਿਹਾ ਹੈ। ਹਥਿਆਰਾਂ ਦੇ ਵਪਾਰੀ ਮੁਲਕਾਂ ਦਾ ਮੀਡੀਆ ਮੌਤ ਦੇ ਵਪਾਰੀਆਂ ਦਾ ਕਿਵੇਂ ਸਾਥ ਦੇ ਰਿਹਾ ਹੈ, ਇਹ ਸਮਝਣਾ ਬਣਦਾ ਹੈ ਪਰ ਸਮਝੇ ਕੌਣ। ਭਾਰਤੀ ਜਾਂ ਪਾਕਿਸਤਾਨੀ ਹਾਕਮ ਇਹ ਤਾਂ ਕਦੇ ਵੀ ਨਹੀ ਸਮਝਣਗੇ ਜਾਂ ਸੋਚਣਗੇ ਕਿ ਦੁਨੀਆ ਵਿਚ ਹਰ ਚੌਥੇ ਗਰੀਬ ਵਿਅਕਤੀ ਚੋਂ ਇਕ ਭਾਰਤੀ ਜਾਂ ਪਾਕਿਸਤਾਨੀ ਹੈ ਜਿਸਨੂੰ ਜੰਗ ਨਾਲੋਂ ਆਪਣੀ ਮੁਢਲੀਆਂ ਲੋੜਾਂ ਦੀ ਵਧੇਰੇ ਚਿੰਤਾ ਹੈ। ਇਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਦੋਵਾਂ ਮੁਲਕਾਂ ਵਲੋਂ ਜੰਗ ਵਿਚ ਵਰਤੇ ਜਾਂਦੇ ਸਾਰੇ ਮਾਰੂ ਹਥਿਆਰ, ਜਹਾਜ਼, ਪਣਡੁੱਬੀਆਂ ਜਾਂ ਹੋਰ ਜੰਗੀ ਤਕਨਾਲੋਜੀ ਉਹਨਾਂ ਦੇ ਆਪਣੇ ਮੁਲਕਾਂ ਵਿਚ ਨਿਰਮਿਤ ਨਹੀ ਬਲਕਿ ਉਹਨਾਂ ਮੁਲਕਾਂ ਤੋਂ ਖਰੀਦੇ ਗਏ ਹਨ ਜੋ ਉਹਨਾਂ ਨੂੰ ਜੰਗ ਲਈ ਉਕਸਾਉਂਦੇ ਹਨ ਤੇ ਫਿਰ ਜੰਗਬੰਦੀਆਂ ਦੇ ਐਲਾਨ ਲਈ ਮਜ਼ਬੂਰ ਵੀ ਕਰਦੇ ਹਨ।

Leave a Reply

Your email address will not be published. Required fields are marked *