Headlines

ਐਡਮਿੰਟਨ ਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 25ਵਾਂ ਮਹਾਨ ਨਗਰ ਕੀਰਤਨ

ਸੁਹਾਵਨੇ ਮੌਸਮ ਦਾ ਆਨੰਦ ਮਾਣਦੇ ਹੋਏ ਸੰਗਤਾਂ ਚ ਭਾਰੀ ਉਤਸ਼ਾਹ
ਐਡਮਿੰਟਨ (ਗੁਰਪ੍ਰੀਤ ਸਿੰਘ, ਦਵਿੰਦਰ ਦੀਪਤੀ)-ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 25ਵਾਂ ਮਹਾਨ ਨਗਰ ਕੀਰਤਨ ਸ਼ਹਿਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਦੁਪਹਿਰ ਕਰੀਬ 12 ਵਜੇ ਕਰੀਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ, ਜੋ ਕਿ ਪੋਲਾਰਡ ਮੈਡੋਜ਼ ਪਾਰਕ (ਟੀ ਡੀ ਬੇਕਰ ਸਕੂਲ) ਚ ਲਗਭਗ 4 ਘੰਟੇ ਦੇ ਠਹਿਰਾਆ ਤੋਂ ਬਾਅਦ ਗੁਰਦੁਆਰਾ ਮਿਲਵੁੱਡ ਵਿਖੇ ਸ਼ਾਮ 5 ਵਜੇ ਦੇ ਕਰੀਬ ਅਰਦਾਸ ਤੋਂ ਬਾਅਦ ਸੰਪੂਰਨ ਹੋਇਆ। ਨਗਰ ਕੀਰਤਨ ਦੋਰਾਨ ਪਾਲਕੀ ਸਾਹਿਬ ਵਿਚ ਰਾਗੀ ਜੱਥਿਆਂ ਨੇ ਕੀਰਤਨ ਕੀਤਾ।
ਸੁਹਾਵਣੇ ਮੌਸਮ ਦਾ ਆਨੰਦ ਮਾਣਦੇ ਹੋਏ ਨਗਰ ਕੀਰਤਨ ਵਿੱਚ ਲੱਖਾਂ ਦੀ ਤਦਾਦ ਚ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਟੀ ਡੀ ਬੇਕਰ ਸਕੂਲ ਦੀ ਗਰਾਊਂਡ ਵਿਚ ਲਗੀ ਧਾਰਮਿਕ ਸਟੇਜ ਤੋਂ ਜਿਥੇ ਵੱਖ ਵੱਖ ਬੁਲਾਰਿਆ, ਢਾਡੀ, ਕਵੀਸ਼ਰ, ਬੱਚਿਆ ਦੇ ਕੀਰਤਨੀ ਜੱਥੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ, ਉਥੇ ਵੱਖ ਵੱਖ ਸੰਸਥਾਵਾਂ, ਕਾਰੋਬਾਰੀ ਅਦਾਰਿਆਂ ਵੱਲੋਂ ਆਪਣੇ ਪ੍ਰਚਾਰ ਦੇ ਨਾਲ ਨਾਲ ਸੰਗਤਾਂ ਲਈ ਵੱਖ ਵੱਖ ਤਰਾਂ ਦੇ ਜੂਸ, ਕੋਲਡ ਡਰਿੰਕਸ, ਜਲ, ਪੂਰਿਆ ਛੋਲੇ ਤੇ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦੋਰਾਨ ਸਿੱਖ ਯੂਥ ਐਡਮਿੰਟਨ ਦੇ ਸੇਵਾਦਾਰਾਂ ਤੇ ਹੋਰ ਸੰਸਥਾਵਾਂ ਤੇ ਸੇਵਾਦਾਰਾਂ ਵੱਲੋਂ ਵਿਸ਼ੇਸ਼ ਮੁਫ਼ਤ ਦਸਤਾਰ ਦੇ ਲੰਗਰ ਲਗਾਏ ਗਏ। ਇਸ ਮੋਕੇ ਐਡਮਿੰਟਨ ਪੁਲਿਸ, ਪੈਰਾਮੈਡੀਕਲ ਸੇਵਾਵਾਂ ਵਿਭਾਗ ਦੇ ਕਰਮਚਾਰੀਆਂ ਨੇ ਵੀ ਬਾਖੂਬੀ ਸੇਵਾ ਨਿਭਾਈ। ਨਗਰ ਕੀਰਤਨ ਕਮੇਟੀ ਦੇ ਵਲੰਟੀਅਰਾਂ ਵੱਲੋਂ ਮੋਕੇ ਤੇ ਹੀ ਸਫਾਈ ਅਤੇ ਹੋਰ ਗਾਰਬੇਜ ਨੂੰ ਤੁਰੰਤ ਗਰਾਊਂਡ ਅਤੇ ਹੋਰ ਰਸਤਿਆਂ ਤੋਂ ਸਾਫ ਕੀਤਾ ਗਿਆ।
ਵਿਸਾਖੀ ਨਗਰ ਕੀਰਤਨ ਕਮੇਟੀ, ਗੁਰਦੁਆਰਾ ਸ਼੍ਰੀ ਗੂਰੁ ਸਿੰਘ ਸਭਾ ਪ੍ਰਬੰਧਕ ਕਮੇਟੀ, ਗੁਰਦੁਆਰਾ ਮਿਲਵੁਡ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਨਗਰ ਕੀਰਤਨ ਵਿੱਚ ਪਹੁੰਚਣ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।