ਸਰੀ/ਡੈਲਟਾ (ਪ੍ਰਿੰ ਮਲੂਕ ਚੰਦ ਕਲੇਰ)-ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਸਾਧਾਰਨ ਲੋਕਾਂ ਦੇ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਨਿੱਘੀ ਯਾਦ ਵਿਚ ਅਤੇ ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ ਨੂੰ ਸਮਰਪਿਤ 10ਵਾਂ ਛਿਮਾਹੀ ਸਾਹਿਤਕ ਸੰਮੇਲਨ 7050 ਇੰਡੋ-ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ/ਡੈਲਟਾ ਵਿਖੇ 18 ਮਈ 2025 ਦਿਨ ਐਤਵਾਰ ਨੂੰ ਕਰਵਾਇਆ ਗਿਆ। ਸਭ ਤੋਂ ਪਹਿਲਾ ਸਾਲ 2025 ‘ਚ ਵਿੱਛੜ ਗਏ ਲੇਖਕ, ਚਿੱਤਰਕਾਰ ਅਤੇ ਸੰਗੀਤਕਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸਾਹਿਤ ਸਭਾ ‘ਚ ਸ਼ਾਮਿਲ ਪ੍ਰੇਮੀਆਂ ਨੂੰ ਭੁਪਿੰਦਰ ਸਿੰਘ ਮੱਲੀ ਵੱਲੋਂ ਜੀ ਆਇਆ ਆਖਿਆ ਗਿਆ। ਇਸ ਤੋਂ ਬਾਅਦ ਤੇਜਬੀਰ ਸਿੰਘ ਸੰਧੂ (ਤੇਜਬੀਰ ਟਾਕ ਚੈਨਲ) ਨੇ ਵਿਗਿਆਨ ਅਤੇ ਸਾਹਿਤ ਬਾਰੇ ਜਾਣਕਾਰੀ ਸਾਂਝੀ ਕੀਤੀ। ਟੀ.ਵੀ ਹੋਸਟ ਮਨਮੋਹਨ ਸਿੰਘ ਸਮਰਾ ਨੇ ਕਿਰਤੀਆਂ ਦੀ ਸਖ਼ਤ ਮਿਹਨਤ ਬਾਰੇ ਚਾਨਣਾ ਪਾਇਆ। ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰ ਕਸ਼ਮੀਰਾ ਸਿੰਘ ਨੇ ਹਰੇਕ ਮਨੁੱਖ ਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰਦਾਸ ਰਾਮ ਆਲਮ ਅਤੇ ਉਲਫ਼ਤ ਬਾਜਵਾ ਦੀਆਂ ਸਾਹਿਤਕ ਮਿਲਣੀਆਂ ਬਾਰੇ ਸਰੋਤਿਆਂ ਨਾਲ ਸਾਂਝ ਪਾਈ ਅਤੇ ਦੋਹਾਂ ਮਹਾਨ ਕਵੀਆਂ ਦੀਆਂ ਕਵਿਤਾਵਾਂ ਦੀ ਅੱਜ ਦੇ ਸਮੇਂ ਵਿਚ ਮਹਾਨਤਾ ਬਾਰੇ ਜ਼ੋਰ ਦਿੱਤਾ। ਹਰਚੰਦ ਸਿੰਘ ਗਿੱਲ ਨੇ ਉਲਫ਼ਤ ਬਾਜਵਾ ਦੀ ਗ਼ਜ਼ਲ ‘ਪਤਝੜ ਦੇ ਨਾਲ’ ਤਰੰਨਮ ਵਿਚ ਸੁਣਾਈ। ਮਨਜੀਤ ਸਿੰਘ ਮੱਲਾਂ ਨੇ ਗੁਰਦਾਸ ਰਾਮ ਆਲਮ ਦੀ ਕਵਿਤਾ ‘ਹੀਰੇ ਉਦੋਂ ਮੈਂ ਡਰਦਾ ਸਾਂ’ ਸੁਰੀਲੀ ਆਵਾਜ਼ ਵਿਚ ਸੁਣਾਈ। ਆਲਮ ਦੀ ਕਵਿਤਾ ‘ਮਹਾਰਾਜਾ ਦਲੀਪ ਸਿੰਘ ਦੀਆਂ ਚਿੱਠੀਆਂ’ ਸੁਰਜੀਤ ਸਿੰਘ ਗਿੱਲ ਨੇ ਸੁਣਾਈ। ਦਵਿੰਦਰ ਕੌਰ ਜੌਹਲ ਨੇ ਆਲਮ ਦੀ ਕਵਿਤਾ ‘ਵੇ ਪਿੱਪਲਾ ਸੱਜਣਾਂ ਦੇ ਪਿੰਡ’ ਸੁਣਾਈ। ਗੁਰਬਚਨ ਸਿੰਘ ਬਰਾੜ ਨੇ ਆਲਮ ਦੀ ਕਵਿਤਾ ‘ਲਿਲਾਰੀ’ ਸੁਣਾਈ। ਗੁਰਮੀਤ ਸਿੰਘ ਕਾਲਕੱਟ ਨੇ ਆਲਮ ਦੀ ਕਵਿਤਾ ‘ਮਾਹੀ ਮੇਰਾ ਕਾਲੇ ਰੰਗ ਦਾ’ ਸੁਣਾਈ। ਜੀਤ ਮੈਹਰਾ ਨੇ ਆਲਮ ਦੀ ਕਵਿਤਾ ‘ਉਲਾਮ੍ਹਾ’ ਸੁਣਾਈ। ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਨੇ ਆਲਮ ਦੇ ਸਮੁੱਚੇ ਜੀਵਨ ਨੂੰ ਕਾਵਿ ਰੂਪ ਵਿਚ ਰੰਗਿਆ। ਮੰਚ ਦਾ ਸੰਚਾਲਨ ਪ੍ਰਿੰ ਮਲੂਕ ਚੰਦ ਕਲੇਰ ਨੇ ਜ਼ਿੰਮੇਵਾਰੀ ਨਾਲ ਨਿਭਾਇਆ। ਪ੍ਰਧਾਨ ਸੀਨੀਅਰਜ਼ ਸੈਂਟਰ ਅਵਤਾਰ ਸਿੰਘ ਢਿੱਲੋਂ ਨੇ ਪਹੁੰਚੇ ਹੋਏ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਸਿੰਘ ਸੇਖੋਂ, ਪ੍ਰਿੰ ਮੇਜਰ ਸਿੰਘ ਜੱਸੀ, ਪ੍ਰੋ ਸਮੀਰ ਸਿੰਘ, ਮਨਜੀਤ ਸੰਧੂ ਮਹੇੜੂ, ਪਰਮਿੰਦਰ ਕੌਰ, ਰਮਨੀ ਕਲੇਰ, ਜਸਕਰਨ, ਤੇਜਬੀਰ ਸਿੰਘ ਚੌਹਾਨ, ਅਵਤਾਰ ਸਿੰਘ ਜਸਵਾਲ, ਭਜਨ ਸਿੰਘ, ਸੁਸ਼ੀਲ ਚੌਧਰੀ, ਸਰਬਜੀਤ ਸਿੰਘ, ਗੁਰਦਿਆਲ ਸਿੰਘ ਜੌਹਲ, ਲਹਿੰਬਰ ਸਿੰਘ ਕੰਦੋਲਾ, ਸਵਰਨ ਸਿੰਘ ਚਾਹਲ, ਪਰਮਜੀਤ ਸਿੰਘ ਬਾਸੀ, ਦਿਲਬਾਗ ਸਿੰਘ ਬਾਸੀ, ਦਲਜੀਤ ਸਿੰਘ, ਵਰਿੰਦਰ ਬੰਗੜ, ਸੀਤਾ ਰਾਮ ਅਹੀਰ ਆਦਿ ਨੇ ਸ਼ਿਰਕਤ ਕੀਤੀ। ਇਸ ਸਾਹਿਤਕ ਸੰਮੇਲਨ ਦਾ ਸਿੱਧਾ ਪ੍ਰਸਾਰਨ ਤੇਜਬੀਰ ਟਾਕ ਚੈਨਲ ਤੇ ਕੀਤਾ ਗਿਆ। ਪ੍ਰੋਗਰਾਮ ਦੀ ਕਵਰੇਜ ਸਿੱਧੀ ਗੱਲ ਚੈਨਲ ਦੁਆਰਾ ਨਿਰੰਜਨ ਸਿੰਘ ਲੈਹਲ ਵੱਲੋਂ ਕੀਤੀ ਗਈ। ਇਹ ਸਾਹਿਤਕ ਸੰਮੇਲਨ ਬਹੁਤ ਹੀ ਸਾਦਾ ਪਰ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਹੋ ਨਿੱਬੜਿਆ।
ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ ਨੂੰ ਸਮਰਪਿਤ ਸਾਹਿਤ ਸਭਾ ਕੈਨੇਡਾ ਵੱਲੋਂ 10ਵਾਂ ਛਿਮਾਹੀ ਸਾਹਿਤਕ ਸੰਮੇਲਨ ਕਰਵਾਇਆ
