ਵੈਨਕੂਵਰ ,ਮਈ (ਮਲਕੀਤ ਸਿੰਘ)- ਮਨੁੱਖੀ ਜਾਨਾਂ ਦੇ ਬਚਾਅ ਲਈ ਕੀਤੇ ਜਾਂਦੇ ਖੂਨ ਦਾਨ ਦੀ ਰਵਾਇਤ ਤੋਂ ਸਾਰੇ ਜਾਣੂ ਹੀ ਹਨ, ਪ੍ਰੰਤੂ ਹੁਣ ਸਮੇਂ ਤੋਂ ਪਹਿਲਾਂ ਪੈਦਾ ਹੋਏ ਨਵ ਜੰਮੇ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਆਪਣਾ ਦੁੱਧ ਦਾਨ ਕਰਨ ਦੇ ਸਲਾਘਾਯੋਗ ਉਪਰਾਲੇ ਦਾ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਸਰੀ ਮੈਮੋਰੀਅਲ ਹਸਪਤਾਲ ਚ ਨਰਸ ਵਜੋਂ ਸੇਵਾਵਾਂ ਨਿਭਾਉਣ ਵਾਲੀ ਪੰਜਾਬੀ ਮੂਲ ਦੀ ਇੱਕ ਔਰਤ ਵੱਲੋਂ ਅਜਿਹੀ ਪਿਰਤ ਸ਼ੁਰੂ ਕਰਕੇ ਸਰੀਰਕ ਪੱਖੋਂ ਕਮਜ਼ੋਰ ਕਈ ਅਜਿਹੇ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਸੰਦੀਪ ਥਿਆੜਾ ਨਾਂ ਦੀ ਉਕਤ ਨਰਸ ਹਸਪਤਾਲ ਦੇ ਜਣੇਪਾ ਵਿਭਾਗ ਚ ਤਾਇਨਾਤ ਹੈ ਉਸ ਮੁਤਾਬਕ ਕੁਝ ਮਹੀਨੇ ਪਹਿਲਾਂ ਜਨਮੀ ਉਸਦੀ ਆਪਣੀ ਬੱਚੀ ਨੂੰ ਜਦੋਂ ਉਹ ਆਪਣਾ ਦੁੱਧ ਪਿਲਾਉਂਦੀ ਸੀ ਤਾਂ ਹਸਪਤਾਲ ਚ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਆਪਣੀਆਂ ਮਾਵਾਂ ਤੋਂ ਲੜੀਦੀ ਮਾਤਰਾ ਚ ਦੁੱਧ ਨਾ ਮਿਲਣ ਕਾਰਨ ਸਰੀਰਕ ਪੱਖੋਂ ਕਮਜ਼ੋਰ ਰਹਿਣ ਵਾਲੇ ਅਜਿਹੇ ਬੱਚਿਆਂ ਦੀ ਦੁੱਖ ਭਰੀ ਤਰਾਸਦੀ ਤੋਂ ਉਹ ਬੇਹਦ ਪ੍ਰਭਾਵਿਤ ਹੋਈ ਜਿਸ ਮਗਰੋਂ ਸਿਹਤ ਵਿਭਾਗ ਦੀ ਸਹਿਮਤੀ ਨਾਲ ਉਸ ਵੱਲੋਂ ਆਪਣਾ ਦੁੱਧ ਦਾਨ ਕਰਨ ਦਾ ਅਹਿਮ ਫੈਸਲਾ ਲਿਆ ਗਿਆ| ਸੰਦੀਪ ਮੁਤਾਬਕ ਉਸ ਵੱਲੋਂ ਲੁੜੀਦੀ ਮਾਤਰਾ ਚ ਦੁੱਧ ਪੈਕ ਕਰਕੇ ਲੋੜਵੰਦ ਬੱਚਿਆਂ ਤੀਕ ਪਹੁੰਚਾਏ ਜਾਣ ਦਾ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਉਸ ਮੁਤਾਬਿਕ ਨੰਨੀਆਂ ਜਾਨਾਂ ਲਈ ਦੁੱਧ ਦਾਨ ਕਰਨ ਦੇ ਫੈਸਲੇ ਮਗਰੋਂ ਕੁਦਰਤੀ ਤੌਰ ਤੇ ਉਸ ਨੂੰ ਦੂਸਰੀਆਂ ਔਰਤਾਂ ਦੇ ਮੁਕਾਬਲੇ ਵਧੇਰੇ ਦੁਧ ਆਉਂਦਾ ਹੈ।|