Headlines

ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਜੀ ਦੀਆਂ ਸੇਵਾਵਾਂ ਇਤਿਹਾਸਕ-ਪੰਥਕ ਬੁਲਾਰੇ

ਸਰੀ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ‘ਚ ਸਿੰਘ ਸਾਹਿਬ ਨਮਿਤ ਪਾਠ ਦਾ ਭੋਗ ਪਾਇਆ

ਸਿੱਖ ਅਜਾਇਬ ਘਰ ‘ਚ ਲੱਗੇਗੀ ਸਿੰਘ ਸਾਹਿਬ ਦੀ ਤਸਵੀਰ-ਸ਼੍ਰੋਮਣੀ ਕਮੇਟੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਸੇਵਾ ਨੂੰ ਸਮਰਪਿਤ ਰਿਹਾ ਸਿੰਘ ਸਾਹਿਬ ਦਾ ਸਮੁੱਚਾ ਜੀਵਨ-ਭਾਈ ਪਿੰਦਰਪਾਲ ਸਿੰਘ

ਸਿੰਘ ਸਾਹਿਬ ਦਾ ਪਰਿਵਾਰ ਆਪਣੀ ਵਿਰਾਸਤ ਨੂੰ ਸੰਭਾਲੇ-ਗਿਆਨੀ ਨਰਿੰਦਰ ਸਿੰਘ-

ਸਰੀ (ਜੋਗਿੰਦਰ ਸਿੰਘ ,ਸੰਦੀਪ ਧੰਜੂ )-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਜੋ ਕਿ ਪਿਛਲੇ ਦਿਨੀਂ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਬੀਤੇ ਕੱਲ੍ਹ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਦੇਰ ਸ਼ਾਮ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ, ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਸ਼ਰਧਾਂਜਲੀ ਸਮਾਰੋਹ ਦੌਰਾਨ ਵਿਛੜੀ ਪੰਥਕ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪਾਠੀ ਭਾਈ ਗੁਰਵਿੰਦਰ ਸਿੰਘ ਨੇ ਪੂਰੀ ਸ਼ਰਧਾ ਭਾਵਨਾ ਨਾਲ ਭੋਗ ਦੇ ਸਲੋਕ ਪੜ੍ਹੇ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਗਿਆਨੀ ਨਰਿੰਦਰ ਸਿੰਘ ਨੇ ਇਸ ਸਮਾਗਮ ਨੂੰ ਵਿਦੇਸ਼ੀ ਧਰਤੀ ‘ਤੇ ਵੱਡੇ ਪੰਥਕ ਇਕੱਠ ਦਾ ਰੂਪ ਦੇ ਕੇ ਸਿੰਘ ਸਾਹਿਬ ਜੀ ਦੀਆਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥਕ ਸੇਵਾਵਾਂ ਯਾਦ ਕਰਨ ਲਈ ਵੱਡੀ ਗਿਣਤੀ ‘ਚ ਪੰਥਕ ਜਥੇਬੰਦੀਆਂ ਨੂੰ ਸਮਾਰੋਹ ਮੌਕੇ ਲਾਮਬੰਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਪੰਥਕ ਜਥੇਬੰਦੀਆਂ ਅਤੇ ਹੋਰ ਬੁਲਾਰਿਆਂ ਨੇ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਸਮੁੱਚੇ ਸਿੱਖ ਪੰਥ ਨੂੰ ਸਮਰਪਿਤ ਸੇਵਾਵਾਂ ਨੂੰ ਯਾਦ ਕੀਤਾ। ਇਸ ਮੌਕੇ ਬੁਲਾਰੇ ਭਾਈ ਸੁਖਦੇਵ ਸਿੰਘ, ਬਾਬਾ ਦਰਸ਼ਨ ਸਿੰਘ, ਭਾਈ ਮੋਹਿੰਦਰ ਸਿੰਘ ਅਤੇ ਦਰਸ਼ਨ ਸਿੰਘ ਰਾਜਗੜ੍ਹ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਨੇ ਮੋਹਰੀ ਗੁਰਮਤਿ ਦੇ ਵਿਦਿਆਰਥੀਆਂ ‘ਚ ਸ਼ਾਮਿਲ ਗਿਆਨੀ ਮੋਹਣ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ 31 ਸਾਲ ਮੁੱਖ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾ ਕੇ ਜਿਥੇ ਇਕ ਇਤਿਹਾਸ ਰਚਿਆ, ਉਥੇ 1984 ਦੇ ਹਮਲੇ ਸਮੇਂ ਵਰ੍ਹਦੀਆਂ ਗੋਲੀਆਂ ‘ਚ ਗੁਰੂ ਸਾਹਿਬ ਜੀ ਦੀ ਸੇਵਾ ‘ਚ ਹਾਜ਼ਰ ਰਹਿ ਕੇ ਅਤੇ ਭਾਰਤੀ ਫੌਜ ਅੱਗੇ ਹੱਥ ਖੜ੍ਹੇ ਕਰਨ ਤੋਂ ਇਨਕਾਰ ਕਰਕੇ ਇਕ ਸਿੱਖ ਯੋਧੇ ਹੋਣ ਦੀ ਵੀ ਭੂਮਿਕਾ ਨਿਭਾਈ ਹੈ।
ਇਸ ਮੌਕੇ ਪੰਥ ਦੇ ਪ੍ਰਸਿੱਧ ਬੁਲਾਰੇ ਭਾਈ ਪਿੰਦਰਪਾਲ ਸਿੰਘ ਵਲੋਂ ਭੇਜੇ ਰਿਕਾਰਡਿੰਗ ਸੁਨੇਹੇ ਵਿਚ ਉਨ੍ਹਾਂ ਗਿਆਨੀ ਮੋਹਣ ਸਿੰਘ ਜੀ ਦੀਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਅਸਥਾਨ ‘ਤੇ ਵੱਡੀਆਂ ਸੇਵਾਵਾਂ ਨੂੰ ਜਿਥੇ ਯਾਦ ਕੀਤਾ, ਉਥੇ ਗੁਰੂ ਸਾਹਿਬ ਜੀ ਅੱਗੇ ਇਸੇ ਤਰ੍ਹਾਂ ਸਾਨੂੰ ਵੀ ਗੁਰੂ ਘਰ ਦੀਆਂ ਸੇਵਾਵਾਂ ਦੇ ਯੋਗ ਬਣਾਉਣ ਦੀ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨਾਲ ਗੱਲ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਜਿਥੇ ਸਿੰਘ ਸਾਹਿਬ ਜੀ ਦੀ ਤਸਵੀਰ ਸਿੱਖ ਅਜਾਇਬ ਘਰ ‘ਚ ਲਗਾਉਣ ਦਾ ਫ਼ੈਸਲਾ ਲਿਆ ਗਿਆ, ਉਥੇ ਸਿੰਘ ਸਾਹਿਬ ਨਮਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਪਾਠ ਦਾ ਭੋਗ ਪਾਉਣ ਦਾ ਵੀ ਫੈਸਲਾ ਲਿਆ ਗਿਆ।
ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਬਾਬਾ ਬਲਵੀਰ ਸਿੰਘ, ਕਾਰ ਸੇਵਾ ਵਾਲੇ ਮਹਾਪੁਰਖਾਂ ਵਲੋਂ ਬਾਬਾ ਕਸ਼ਮੀਰਾ ਸਿੰਘ, ਪੰਜ ਮੈਂਬਰੀ ਕਮੇਟੀ ਵਲੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸ਼੍ਰੋਮਣੀ ਕਮੇਟੀ ਵਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼ਰਧਾਂਜਲੀ ਮਤੇ ਵੀ ਪੜ੍ਹੇ ਗਏ।
ਇਸ ਮੌਕੇ ਬੁਲਾਰਿਆਂ ਨੇ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਗਿਆਨੀ ਮੋਹਣ ਸਿੰਘ ਨਾਲ ਰਹੀ ਨੇੜਤਾ ਨੂੰ ਵਾਰ-ਵਾਰ ਯਾਦ ਕੀਤਾ ਅਤੇ ਜਥੇਦਾਰ ਟੌਹੜਾ ਵਲੋਂ ਇਕ ਵਾਰ ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਸਿੰਘ ਸਾਹਿਬ ਪਾਸੋਂ ਜਰੂਰ ਲੈ ਕੇ ਪ੍ਰਚਾਰ ਲਈ ਵਿਚਰਣ ਦੇ ਦਿੱਤੇ ਸੁਨੇਹੇ ਨੂੰ ਯਾਦ ਕੀਤਾ।
ਇਸ ਮੌਕੇ ਸਰੀ ਦੀਆਂ ਪੰਥਕ ਜਥੇਬੰਦੀਆਂ ਅਤੇ ਸੁਖਮਨੀ ਸੁਸਾਇਟੀਆਂ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸਿੰਘ ਸਾਹਿਬ ਦੀ ਸੁਪਤਨੀ ਮਾਤਾ ਸੁਰਜੀਤ ਕੌਰ ਨੂੰ ਸਿਰੋਪਾਓ ਅਤੇ ਸਪੁੱਤਰ ਤਰਲੋਚਨ ਸਿੰਘ ਨੂੰ ਦਸਤਾਰ ਭੇਟ ਕੀਤੀ ਅਤੇ ਅਖੀਰ ‘ਚ ਗਿਆਨੀ ਨਰਿੰਦਰ ਸਿੰਘ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਿੰਘ ਸਾਹਿਬ ਦੇ ਸਪੁੱਤਰ ਤਰਲੋਚਨ ਸਿੰਘ ਨੂੰ ਆਪਣੇ ਪਰਿਵਾਰ ਦੀ ਸਿੱਖੀ ਨੂੰ ਸਮਰਪਿਤ ਤੇ ਸੇਵਾ ਭਾਵਨਾ ਵਾਲੀ ਵਿਰਾਸਤ ਨੂੰ ਅੱਗੇ ਲਿਜਾਣ ਤੇ ਸੰਭਾਲਣ ਦਾ ਸੁਨੇਹਾ ਦਿੱਤਾ।

Leave a Reply

Your email address will not be published. Required fields are marked *