ਸੰਤੋਖ ਸਿੰਘ ਮੰਡੇਰ-
ਵੱਟਸਐਪ-604-505-7000-
ਸੰਸਾਰ ਵਿਚ ਪੰਜਾਬੀਆਂ ਦਾ ਚਰਚਿਤ, ਸਭਿਆਚਾਰਕ ਤੇ ਇਤਹਾਸਿਕ ਸ਼ਹਿਰ ਲਾਹੌਰ, ਸਿੱਖ ਦੌਰ ਦੇ ਖਾਲਸਾ ਰਾਜ ‘ਸ਼ੇਰੇ ਪੰਜਾਬ-ਮਹਾਰਾਜਾ ਰੱਣਜੀਤ ਸਿੰਘ’ ਦਾ ਸਿੰਘਾਸਨ ਤੇ ਹੁੱਣ ਪੱਛਮੀ ਪੰਜਾਬ ਜਾਂ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਰਾਜਧਾਨੀ ਹੈ| ਪੰਜਾਬੀ ਦੀ ਇਕ ਆਮ ਅਖਾਣ ਹੈ ‘ਜਿੰ੍ਹਨੇ ਲਾਹੌਰ ਨੀ ਦੇਖਿਆ ਉਹ ਜੰਮਿਆ ਈ ਨਹੀ’| ਲਾਹੌਰ ਨੂੰ ਲੁੱਟਣ ਵਿਚ ਤੁਰਕਾਂ, ਪਠਾਣਾਂ, ਮੁਗਲਾਂ ਤੇ ਅੰਗਰੇਜਾਂ ਨੇ ਕੋਈ ਘੱਟ ਨਹੀ ਕੀਤੀ ਪਰ ਬਨਾਉਣ ਤੇ ਸਵਾਰਨ ਵਿਚ ਸਿੱਖ ਰਾਜ ਤੇ ਬਹੁੱਤਾ ਅੰਗਰੇਜ ਰਾਜ ਦਾ ਯੋਗਦਾਨ ਰਿਹਾ ਹੈ| ਭਾਰਤ ਵਿਚ ਈਸਟ ਇੰਡੀਆ ਕੰਪਨੀ ਨੇ ਪੈਰ ਪਸਾਰੇ ਤੇ ਫਿਰ ਇੰਗਲੈਡ ਦੀ ਅੰਗਰੇਜ ਮਹਾਰਾਣੀ ਨੇ ਸਿੱਖਾ ਤੋ ਲਾਹੌਰ ਦਾ ਰਾਜਭਾਗ ਜਬਰਦਸਤੀ ਖੋਹ ਕੇ, ਬਾਲਕ ਮਹਾਰਾਜਾ ਦਲੀਪ ਸਿੰੰਘ ਨੂੰ ਜਲਾਵਤਨ ਕਰਕੇ, ਪੰਜਾਬ ਉਪਰ 100 ਸਾਲ ਰਾਜ ਕੀਤਾ| ਅੰਗਰੇਜਾਂ ਨੇ ਸੰਸਾਰ ਭਰ ਦੇ 75 ਮੁਲਕਾਂ ਵਿਚ ਰਾਜ ਕੀਤਾ ਪਰ ਉਨ੍ਹਾਂ ਨੇ ਕਿਸੇ ਵੀ ਹੋਰ ਮੁੱਲਕ ਵਿਚ ਸਿਧੀ ਦਖਲਅੰਦਾਜੀ ਨਹੀ ਕੀਤੀ| ਸਿਰਫ ਪੰਜਾਬ ਦੇ ਲਾਹੌਰ ਸਿੱਖ ਰਾਜ ਦੇ ‘ਮਹਾਰਾਜਾ’ ਨੂੰ ਖਤਮ ਕਰਕੇ ਅੰਗਰੇਜ ‘ਗਵਰਨਰ’ ਦਾ ਰਾਜ ਸਥਾਪਿਤ ਕੀਤਾ| ਅੰਗਰੇਜ ਗਵਰਨਰ ਦੇ ਰਾਜ ਵਿਚ ਸਾਰੇ ਪੰਜਾਬ ਵਿਚ ਅੰਤਾਂ ਦੀ ਤਰੱਕੀ ਹੋਈ| ਅੰਗਰੇਜ ਹਕੂਮਤ ਦੀ ਰਾਜਧਾਨੀ, ਭਾਰਤ ਦਾ ਦਿਲ ‘ਦਿਲੀ’, ਬੰਗਾਲ ਦਾ ਕਲਾਤਮਿਕ ਸ਼ਹਿਰ ‘ਕੱਲਕੱਤਾ’, ਦੱਖਣੀ ਭਾਰਤ ਦੀ ਬੂੰਦੀ ਵਰਗੀ ਬੰਦਰਗਾਹ ‘ਬੰਬਈ’ ਅਤੇ ਪੰਜਾਬ ਦੇ ਲਾਲਾਂ ਵਰਗੇ ਸ਼ਹਿਰ ‘ਲਾਹੌਰ’ ਵਿਚ ਅੰਗਰੇਜਾਂ ਨੇ ਬੇਸ਼ੁਮਾਰ ਨਵੀਆਂ ਇਮਾਰਤਾਂ, ਰੇਲਵੇ ਲਾਈਨਾਂ, ਰੇਲਵੇ ਸ਼ਟੇਸਨ, ਡਾਕਘਰ, ਹਸਪਤਾਲ, ਕਾਲਜ, ਸਕੂਲ, ਯੂਨੀਵਰਸਿਟੀਆਂ, ਘੰਟਾ ਘਰ, ਨਹਿਰਾਂ, ਪੁੱਲ ਆਦਿ ਬਣਵਾਏ| ਪੰਜਾਬ ਵਿਚ ਲਾਹੌਰ ਦੀ ਖੂਬਸੂਰਤੀ ਲਈ ਇੰਨ੍ਹਾਂ ਨਵੀਆਂ ਇਮਾਰਤਾਂ ਨੇ ਲਾਹੌਰ ਨੂੰ ਚਾਰ ਚੰਨ ਲਾ ਦਿਤੇ ਅਤੇ ਲਾਹੌਰ ਏਸ਼ੀਆ ਦਾ ਹੀ ਨਹੀ ਸੰਸਾਰ ਭਰ ਵਿਚ ਪੰਜਾਬੀ ਸਭਿਆਚਾਰ ਦਾ ਲਾਜਵਾਬ ਕੇਦਰ ਬਣ ਗਿਆ, ਜਿਸ ਵਿਚ ਪੰਜਾਬੀ ਮੁਸਲਮਾਨ, ਸਿੱਖ, ਹਿੰਦੂ, ਜੈਨ ਤੇ ਹੋਰ ਧਰਮਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਸਨ| ਲਾਹੌਰ ਖਾਲਸਾ ਦਰਬਾਰ ਅੱਤੇ ਸਾਰੇ ਪੰਜਾਬ ਵਿਚ ਵੀ ਮੁੱਸਲਿਮ ਧਰਮ ਨੂੰ ਮੰਨਣ ਵਾਲਿਆਂ ਦੀ ਸੰਖਿਆ ਸੱਭ ਤੋ ਵੱਧ ਸੀ| ਉਰਦੂ, ਪੰਜਾਬੀ, ਫਾਰਸੀ, ਅੰਗਰੇਜੀ ਆਦਿ ਭਾਸ਼ਾਵਾਂ ਬੋਲੀਆਂ, ਲਿੱਖੀਆਂ ਤੇ ਪੱੜਾਈਆਂ ਜਾਂਦੀਆਂ ਸਨ| ਸਿੱਖ ਰਾਜ ਦੌਰਾਨ ਪੰਜਾਬ ਦੇ 90% ਲੋਕ ਪੱੜੇ ਲਿੱਖੇ ਸਨ| ਪੰਜਾਬ ਵਿਚ ਮੰਦਿਰ, ਮੱਸਜਿਦ ਤੇ ਗੁਰਦਵਾਰੇ ਨਾਲ ‘ਧਰਮਸ਼ਾਲਾ’ ਲਾਜਮੀ ਹੁੰਦੀ ਸੀ ਜਿਸ ਵਿਚ ਸੰਸਕ੍ਰਿਤ, ਉਰੱਦੂ\ਫਾਰਸੀ ਤੇ ਗੁਰਮੁੱਖੀ ਦੀ ਪੜਾਈ ਹਰ ਬੱਚੇ ਲਈ ਲਾਜਮੀ ਹੂੰਦੀ ਸੀ| ਕਾਇਦਾ-ਏ-ਨੂਰ ਘਰ ਘਰ ਪੱੜਿਆ ਜਾਂਦਾ ਸੀ|
‘ਲਾਹੌਰ ਜਿੰਮਖਾਨਾ ਕਲੱਬ’ ਵੀ ਲਾਹੌਰ ਦੀ ਮਾਲ ਰੋਡ ਉਪਰ ਬਣਿਆ, ਲਾਹੌਰ ਸ਼ਹਿਰ ਦੀ ਇਕ ਖੂਬਸੂਰਤ ਇਮਾਰਤਾਂ ਤੇ ਹਰੇ ਭਰੇ ਮੈਦਾਨਾਂ ਵਾਲਾ ਸਥਾਨ ਹੈ| ਲਾਹੌਰ ਜਿੰਮਖਾਨਾ ਕਲੱਬ ਵੀ ਅੰਗਰੇਜ ਦੌਰ ਸਮੇ ਸੰਨ 1878 ਵਿਚ ‘ਲਾਹੌਰ ਮੀਆਂ ਮੀਰ ਇੰਨਸੀਚੀਊਟ’ (ਅਦਾਰਾ) ਦੇ ਨਾਂ ਥੱਲੇ ਹਿੰਦੋਸਤਾਨ ਦੇ ਸ਼ਰੀਫਾਂ ਲਈ ਖਿਡਾਰੀ ਕਲੱਬ ਵਜੋ ਹੋਦ ਵਿਚ ਆਇਆ ਸੀ| ਉਸ ਸਮੇ ਇਹ ਕਲੱਬ ਮਾਲ ਰੋਡ ਉਪੱਰ ਹੀ ਗਵਰਨਰ ਹਾਊਸ ਦੇ ਬਿਲਕੁਲ ਸਾਹਮਣੇ ਲਾਰੈਸ ਗਾਰਡਨ ਵਿਚ ਲਾਰੈਸ ਤੇ ਮਿੰਟਗੁਮਰੀ ਹਾਲ ਵਿਚ ਹੀ ਸੀ| ਸੰਨ 1906 ਵਿਚ ਬ੍ਰੀਟਿਸ਼ ਰਾਜ ਦੌਰਾਨ ਇਸ ਕਲੱਬ ਦਾ ਨਾਂ ਬਦਲ ਕੇ ‘ਲਾਹੌਰ ਜਿੰਮਖਾਨਾ ਕਲੱਬ’ ਕਰ ਦਿਤਾ ਗਿਆ| ਇਸ ਕਲੱਬ ਵਿਚ ਭਾਰਤੀ ਬਰੀਟਿਸ਼ ਸਾਮਰਾਜ ਸਮੇ ਦਾ ਸਭ ਤੋ ਪੁਰਾਣਾ ਤੇ ਦੂਜਾ ਵੱਡਾ ਕ੍ਰੀਕੱਟ ਗਰਾਊਡ ਵੀ ਮੌਜੂਦ ਹੈ| ਜਨਵਰੀ ਸੰਨ 1972 ਵਿਚ ਇਹ ਕਲੱਬ ਮਾਲ ਰੋਡ ਦੇ ਸਜੇ ਹੱਥ ਅਤੇ ਕਲੱਬ ਕੈਨਾਲ ਰੋਡ-ਲਾਹੌਰ ਦੇ ਖੱਬੇ ਹੱਥ ਦੇ ਖੁੱਲੇ ਮੈਦਾਨਾਂ ਵਿਚ ਸਥਾਪਤ ਹੋ ਗਿਆ ਜੋ 117 ਏਕੜਜ ਤੇ ਲੱਗਭੱਗ 0-4736 ਕਿਲੋ ਮੀਟਰ, ਵਿਚ ਫੈਲਿਆ ਹੋਇਆ ਹੈ| ਲਾਹੌਰ ਜਿੰਮਖਾਨਾ ਕੱਲਬ ਵਿਚ ਲੋਕ ਖੇਡਾਂ ਦੀਆਂ ਕਾਫੀ ਸੰਸਾਰ ਪੱਧਰ ਦੀਆਂ ਸਹੂਲਤਾਂ ਮੌਜੂਦ ਹਨ ਜਿਵੇ ਕਿ ਗੋਲਫ਼, ਤੈਰਾਕੀ (ਸਵਿਮਿੰਗ), ਕ੍ਰੀਕੱਟ, ਸੂਕੈਸ਼, ਟੈਨਿਸ, ਯੋਗਾ, ਹੈਲਥ ਕਲੱਬ, ਬਿਲੀਅਰਡਜ ਅਤੇ ਜਿਮਨੇਜੀਅਮ ਸ਼ਾਮਲ ਹਨ| ਲਾਹੌਰ ਜਿੰਮਖਾਨਾ ਕੱਲਬ ਵਿਚ ਕਲੱਬ ਮੈਬਰ ਕੌਨਸੰਰਟਸ, ਲੈਕਚਰਜ ਅਤੇ ਸੈਮੀਨਾਰ ਵੀ ਵੱਡੇ ਪੱਧਰ ਉਪਰ ਕਰਵਾ ਸਕਦੇ ਹਨ| ਇਕ ਪ੍ਰੀਵਾਰਕ ਖੇਡ ‘ਤੰਬੋਲਾ’ ਹਰ ਹਫ਼ਤੇ ਖੇਡਿਆ ਜਾਂਦਾ ਹੈ| ਹਰ ਵੀਕਐਡ-ਐਤਵਾਰ ਨੂੰ ਕਲੱਬ ਮੈਬਰਾਂ ਤੇ ਪ੍ਰੀਵਾਰਾਂ ਲਈ ਨਵੀ ਫਿਲਮ ਦਾ ਇੰਤਜਾਮ ਹੁੰਦਾ ਹੈ| ਕਲੱਬ ਦੇ ਖੁੱਲੇ ਹਰੇ ਲਾਅਨ ਵਿਚ ‘ਬੂਫੇ’ ਵਾਲਾ ਲਾਹੌਰੀ ਨਾਸ਼ਤਾ, ਹਲਵਾ-ਪੂਰੀ, ਛੋਲੇ ਭਟੂਰੇ, ਪੰਜਾਬੀ ਲੱਸੀ ਦਾ ਵੱਖਰਾ ਸਵਾਦ ਹੁੰਦਾ ਹੈ| ਲਾਹੌਰ ਜਿੰਮਖਾਨਾ ਕਲੱਬ ਵਿਚ ‘ੳਪਨ-ਏਅਰ-ਬਾਰਬੀ-ਕਿਊ’ ਦਾ ਬੜਾ ਕਮਾਲ ਦਾ ਇੰਤਜਾਮ ਵੀ ਹੈ, ਜਿਥੇ ਪ੍ਰੀਵਾਰਕ ਮੈਬਰ ਭਾਂਤ ਭਾਂਤ ਦੇ ‘ਗੋਸ਼ਤ’ (ਭੁੰਨਿਆ ਮਸਾਲੇਦਾਰ ਮੀਟ) ਦਾ ਸਵਾਦ ਲੈਦੇ ਹਨ| ਲਾਹੌਰ ਜਿੰਮਖਾਨਾ ਕਲੱਬ ਵਿਚ ਇਕ ਬਹੁੱਤ ਲਾਜਵਾਬ ‘ਥਾਈ ਚਿੰਨ ਤੇ ਟੂਲਿੱਪ ਰੂਮ’ ਚਾਈਨਿੱਜ ਰੈਸਟੋਰੈਟ ਵੀ ਹੈ ਜਿਸ ਵਿਚ ਸਵਾਦੀ ਸੂਪ, ਮਸਾਲੇਦਾਰ ਨੂਡੱਲਜ, ਤਰਾਂ ਤਰਾਂ ਦੀ ਮੱਛੀ, ਉਬੱਲੀਆਂ ਕਰਾਰੀਆਂ ਸਬਜੀਆ ਤੇ ਤਾਜਾ ਫਰਾਈ ਮੁੱਰਗਾ ਆਰਾਮ ਨਾਲ ਖਾਧਾ ਜਾ ਸਕਦਾ ਹੈ| ਲਾਹੌਰ ਜਿੰਮਖਾਨਾ ਕਲੱਬ ਵਿਚ ਕਲੱਬ ਮੈਬਰਾਂ ਤੇ ਮਹਿਮਾਨਾਂ ਲਈ ‘ਡਰੈਸ ਕੋਡ’ ਯਾਨੀ ਪੌਸ਼ਾਕ ਵਲ ਖਾਸ ਧਿਆਨ ਦਿਤਾ ਜਾਂਦਾ ਹੈ| ਕੁੱੜਤਾ ਪਜਾਮਾ, ਟਰੈਕ ਸੂਟ, ਧੋਤੀ ਚਾਦਰ, ਸਪੋਰਟਸ ਸ਼ੂਜ ਜਾਂ ਨਿੱਕਰ ਪਹਿਨ ਕੇ ਜਿੰਮਖਾਨਾ ਕਲੱਬ ਨਹੀ ਜਾ ਸਕਦੇ| ਸਲਵਾਰ ਕਮੀਜ, ਪੈਟ ਕਮੀਜ, ਪੈਟ ਕੋਟ ਤੇ ਟਾਈ ਨਾਲ ਸਾਰੇ ਪਾਸੇ ਸਲਾਮਾਂ ਹੁੰਦੀਆਂ ਹਨ|
1947 ਵਿਚ ਭਾਰਤ ਦੀ ਵੰਡ ਸਮੇ ਪਾਕਿਸਤਾਨ ਬਨਣ ਨਾਲ ਲਾਹੌਰ ਜਿੰਮਖਾਨਾ ਕਲੱਬ ਦਾ ਪ੍ਰਬੰਧ ਸਥਾਨਿਕ ਕਲੱਬ ਮੈਬਰ ਸ਼ਹਿਰੀਆਂ ਦੇ ਹੱਥਾਂ ਵਿਚ ਆ ਗਿਆ ਜੋ ਹੁੱਣ 12 ਮੈਬਰਾਂ ਦੀ ਚੁੱਣੀ ਹੋਈ ‘ਵਧਾਇਕ ਕਮੇਟੀ’ ਦੇ ਕਲੱਬ ਮੈਬਰ ‘ਚੇਅਰਮੈਨ’ ਰਾਹੀ ਇਸ ਨੂੰ ਚਲਾਉਦੇ ਹਨ| ਇਸ ਕਲੱਬ ਚੇਅਰਮੈਨ ਦੀ ਮਿਆਦ ਪਹਿਲਾਂ ਚਿੰਨ ਸਾਲ ਹੁੰਦੀ ਸੀ ਜੋ ਹੁੱਣ ਘੱਟਾ ਕੇ ਇਕ ਸਾਲ ਕਰ ਦਿਤੀ ਗਈ ਹੈ| ਲਾਹੌਰ ਵਾਲਾ ਜਿੰਮਖਾਨਾ ਕਲੱਬ, ਕਰਾਚੀ ਜਿੰਮਖਾਨਾ, ਇਸਲਾਮਾਬਾਦ ਕਲੱਬ ਤੇ ਚਨਾਬ ਕਲੱਬ ਫੈਸਲਾਬਾਦ-ਲਾਇਲਪੁਰ ਨਾਲ ਵੀ ਸਹਿਯੋਗੀ ਹੈ| ਭਾਰਤੀ ਪੰਜਾਬ ਵਿਚ ਵੀ ਜਾਲੰਧਰ ਜਿੰਮਖਾਨਾ ਕਲੱਬ, ਲੁਧਿਆਣਾ ਜਿੰਮਖਾਨਾ ਕਲੱਬ ਅਤੇ ਚੰਡੀਗੜ ਗਲਫ਼ ਕਲੱਬ ਵੀ ਇਸੇ ਤਰਜ ਵਾਲੇ ਹਨ| ਲਾਹੌਰ ਜਿੰਮਖਾਨਾ ਕਲੱਬ ਦੇ ‘ਗਲਫ਼ ਕਲੱਬ’ ਦਾ ਨਾਂ ਬੜਾ ਮਸ਼ਹੂਰ ਤੇ ਵਕਾਰੀ ਹੈ ਜਿਸ ਦੇ ਮੈਬਰ ਪਾਕਿਸਤਾਨ ਦੇ ਕੌਮੀ ਸਿਆਸੀ ਵਜੀਰ, ਪਾਕਿਸਤਾਨ ਦੇ ਐਮ ਐਨ ਏ-ਮੈਬਰ ਪਾਰਲੀਮੈਟ, ਐਮ ਪੀ ਏ-ਮੈਬਰ ਪੰਜਾਬ ਅਸੈਬਲੀ, ਰਾਜਧਾਨੀ ਇਸਲਾਮਾਬਾਦ ਦੀ ਸੁਪਰੀਮ ਕੋਰਟ ਤੇ ਲਾਹੌਰ ਹਾਈ ਕੋਰਟ ਦੇ ਜੌਹਰੀ ਜੱਜ, ਉੱਚ ਕੋਟੀ ਦੇ ਕਾਲੇ ਕੋਟਾਂ ਵਾਲੇ ਫ਼ਨੀਅਰ ਵਕੀਲ, ਆਲਾ ਦਰਜੇ ਦੇ ਮੈਡਲਾਂ ਤੇ ਰੁੱਤਬਿਆਂ ਵਾਲੇ ਫੌਜੀ ਅਫ਼ਸਰ, ਚੰਗੇ ਚੰਗੇ ਰੋਹਬਦਾਰ ਤੇ ਧੱਕੜ ਪੁਲੀਸ ਆਫੀਸਰ, ਨਾਮੀ ਖੇਡ ਪ੍ਰਬੰਧਕ ਤੇ ਖਿਡਾਰੀ, ਖਾਂਦੇ ਪੀਦੇ ਨਵਾਬਜਾਦੇ, ਜਮੀਨਾਂ ਵਾਲੇ ਜਾਗੀਰਦਾਰ, ਮਾਲ ਡੰਗਰ ਵਾਲੇ ਡੇਰੇਦਾਰ, ਸ਼ਹਿਰੀ ਕਾਰੋਬਾਰੀ ਵਿਉਪਾਰੀ ਤੇ ਪੈਸੇ ਧੇਲੇ ਵਾਲੇ ਧਨਾਢ ਲੋਕ ਹੀ ਬਣਦੇ ਹਨ| ਪੰਜਾਬ ਦੀ ਵੰਡ ਤੋ ਪਹਿਲਾਂ ਬ੍ਰੀਟਿਸ਼ ਰਾਜ ਸਮੇ ਰਾਏਕੋਟ (ਪੰਜਾਬ) ਦੇ ਨਵਾਬ ਤੇ ਹੁੱਣ ਪਾਕਿਸਤਾਨ ਵਿਚ ਕਮਾਲੀਆ (ਪੰਜਾਬ) ਦੇ ਵੱਡੇ ਜਿਮੀਦਾਰ, ਮਾਡਲ ਟਾਉਨ ਲਾਹੌਰ ਦੇ ਸ਼ਹਿਰੀ, ਪਾਕਿਸਤਾਨ ਦੇ ਸਾਬਕਾ ਮੈਬਰ ਪਾਰਲੀਮੈਟ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੇ ਨਜਦੀਕੀ, ਦਸਵੇ ਗੁਰੁ ਸਾਹਿਬ ਦੇ ਵਰੋਸਾਏ ਗੰਗਾਸਾਗਰ ਦੇ ਸੰਭਾਲਦਾਰ, ਸਰੀ-ਕਨੈਡਾ ਵਾਸੀ ਜਨਾਬ ਰਾਏ ਅਜੀਜ ਉਲਾ ਸਾਹਿਬ ਲਾਹੌਰ ਜਿਮਖਾਨਾ ਕਲੱਬ ਦੇ 47 ਸਾਲ ਪੁਰਾਣੇ ਸੰਨ 1978 ਤੋ ਪਹਿਲੇ ਮੈਬਰ ਹਨ|
ਲਾਹੌਰ ਜਿੰਮਖਾਨਾ ਕਲੱਬ ਵਿਚ ਸਿਰਫ ਕਲੱਬ ਮੈਬਰਾਂ ਦੇ ਮਹਿਮਾਨ ਹੀ ਠਹਿਰ ਸਕਦੇ ਹਨ ਕੋਈ ਆਲਤੂ ਫਾਲਤੂ ਨਹੀ ਵੜ ਸਕਦਾ| ਸੰਨ 1992 ਵਿਚ ਕੋਈ 33 ਸਾਲ ਪਹਿਲਾਂ ਮੈ ਅਤੇ ਮਰਹੂਮ ਸਰਦਾਰ ਤਰਸੇਮ ਸਿੰਘ ਪੁਰੇਵਾਲ, ਮੁੱਖ ਸੰਪਾਦਿਕ ਪੰਜਾਬੀ ਅਖਬਾਰ ‘ਦੇਸ ਪ੍ਰਦੇਸ’ ਸਾਊਥਹਾਲ-ਲੰਡਨ, ਇਸੇ ਜਿੰਮਖਾਨਾ ਕਲੱਬ ਲਾਹੌਰ ਵਿਚ ਜਨਾਬ ਰਾਏ ਅਜੀਜ ਉਲਾ ਦੇ ਮਹਿਮਾਨ ਬਣਕੇ 13 ਦਿਨ ਪਹਿਲੀ ਵਾਰ ਠਹਿਰੇ ਸੀ| ਹੁੱਣ ਸੰਨ 2025-ਅਪਰੈਲ ਵਿਚ ਲਾਹੌਰ ਪੰਜਾਬ ਸ੍ਰਕਾਰ ਨੇ ਪੰਜਾਬੀਆਂ ਦੇ ਸਾਂਝੇ ਤਿਉਹਾਰ ਵਿਸਾਖੀ ਮੌਕੇ, ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ‘ਸਰਸਬਜ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਕਬੱਡੀ ਕੱਪ-2025’ ਵਾਪਡਾ ਸਟੇਡੀਅਮ ਲਾਹੌਰ ਵਿਖੇ ਕਰਵਾਇਆ ਜਿਸ ਵਿਚ ਪਾਕਿਸਤਾਨ ਦੀ ਨੈਸ਼ਨਲ ਕਬੱਡੀ ਟੀਮ, ਇਸਲਾਮਿਕ ਦੇਸ਼ ਇਰਾਨ ਦੀ ਨੈਸ਼ਨਲ ਕਬੱਡੀ ਟੀਮ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੂਰਨ ਗੁਰ ਸਿੱਖ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਨੇ ਭਾਗ ਲਿਆ| ਇਸ ਸਮੇ ਫਿਰ ਇਕ ਵਾਰ ਰਾਏ ਸਾਹਿਬ ਦੇ ਮਹਿਮਾਨ ਵਜੋ ਲਾਹੌਰ ਜਿੰਮਖਾਨਾ ਵਿਚ ਠਹਿਰਨ ਦਾ ਸੁਭਾਗ ਪ੍ਰਾਪਤ ਹੋਇਆ|
ਲਾਹੌਰ ਦੀ ਮਾਲ ਰੋਡ, ਜੋ ਲੱਗਭੱਗ 6 ਕਿਲੋ ਮੀਟਰ ਲੰਮੀ ਹੈ ਤੇ ਇਸ ਦਾ ਨਵਾਂ ਨਾਮ ‘ਸ਼ਾਰਾਹ-ਏ-ਕਾਇਦੇ-ਆਜਮ’ ਹੈ| ਇਹ ਸੜਕ ਬ੍ਰੀਟਿਸ਼ ਰਾਜ ਦੌਰਾਨ ਨਵੇ ਗਵਰਨਰ ਹਾਊਸ ਲਈ ਬਣਾਈ ਗਈ ਸੀ| ਇਹ ਸ਼ਾਹੀ ਸੜਕ ਹਰੇ ਭਰੇ ਪੁਰਾਤਨ ਦਰਖਤਾਂ ਤੇ ਫੁੱਲ ਬੂਟਿਆਂ ਨਾਲ ਸਿੰਗਾਰੀ ਦੁਨੀਆ ਦੀ ਨਿਵੇਕਲੀ ਸੜਕ ਹੈ ਜਿਸ ਦੇ ਦੋਵਾਂ ਪਾਸੇ ਸਾਰੇ ਪੰਜਾਬ ਤੇ ਲਾਹੌਰ ਦਾ ਵੱਡਾ ਕਾਰੋਬਾਰ ਵੱਸਦਾ ਹੈ| ਦਾਤਾ ਦਰਬਾਰ ਤੋ ਗੌਰਮਿੰਟ ਕਾਲਿਜ ਲਾਹੌਰ, ਅੋਵਲ ਪਾਰਕ, ਭੰਗੀਆਂ ਦੀ ਤੋਪ, ਯੂਨੀਵਰਸਿਟੀ ਆਫ ਪੰਜਾਬ, ਲਾਹੌਰ ਮਿਊਜੀਅਮ, ਪੰਜਾਬ ਸਿਵਲ ਸੱਕਰਏਤ, ਟੌਲਿੰਟਨ ਮਾਰਕੀਟ, ਪੁਰਾਣੀ ਅਨਾਰਕਲੀ ਬਜਾਰ ਚੌਕ, ਅਨਾਰਕਲੀ ਫੂਡ ਸਟਰੀਟ, ਅਨਾਰਕਲੀ ਪੁਲੀਸ ਸਟੇਸ਼ਨ, ਨਾਭਾ ਰੋਡ, ਜੈਨ ਮੰਦਿਰ, ਜਰਨਲ ਪੋਸਟ ਆਫਿਸ-ਜੀ ਪੀ ੳ, ਮੈਕਲੀਊਡ ਰੋਡ, ਜੀ ਪੀ ੳ-ਔਰਿੰਜ ਲਾਈਨ ਮੈਟਰੋ ਸਟੇਸ਼ਨ, ਸਟੇਟ ਬੈਕ ਆਫ ਪਾਕਿਸਤਾਨ, ਹਾਲ ਰੋਡ ਮਾਰਕੀਟ, ਚੱਮਨ ਆਈਸ ਕਰੀਮ, ਪੈਨਾਰੋਮਾ ਸ਼ਾਪਿੰਗ ਸੈਟਰ, ਬਾਵਾ ਡੀਗਾ ਸਿੰਘ ਬਿੰਲਡਿਗ, ਦਿਆਲ ਸਿੰਘ ਮੈਨਸੈਨ, ਗੰਗਾ ਰਾਮ ਟਰਸਟ ਬਿਲਡਿੰਗ, ਰੀਗਲ ਸਿਨੇਮਾ, ਟੈਪਲ ਰੋਡ, ਪੰਜਾਬ ਉਲੰਪਿਕ ਹਾਊਸ, ਡਾਕਟਰ ਅਮੋਲਕ ਦਾਸ ਰੋਡ, ਮੁਜੰਗ ਚੌਕ, ਲਾਰੈਸ ਰੋਡ, ਫੀਰੋਜਸੰਨ ਬੁੱਕਸ, ਅੱਲ ਫਤਿਹ ਥੀਏਟਰ, ਐਚ ਕੇ ਬੀ ਸੰਨਜ-ਹਾਜੀ ਕਰੀਮ ਬੱਖ਼ਸ਼ ਸਟੋਰ, ਮਲਕਾ ਦਾ ਬੁੱਤ, ਪੰਜਾਬ ਅਸੈਬਲੀ ਹਾਲ, ਕਿਊਨਜ ਰੋਡ, ਪੰਜਾਬ ਵਜੀਰੇਆਲਾ (ਮੁੱਖ ਮੰਤਰੀ) ਦਫਤਰ, ਲਾਲਾ ਮੇਲਾ ਰਾਮ ਸਟਰੀਟ, ਸਟੇਟ ਗੈਸਟ ਹਾਊਸ, ਚਾਰਿੰਗ ਕਰੌਸ, ਵਾਪਡਾ ਹਾਊਸ, ਅੱਲ ਹਮਰਾ ਆਰਟ ਕੌਸਲ, ਲਾਹੌਰ ਪਰੈਸ ਕਲੱਬ-ਸ਼ਿਮਲਾ ਪਹਾੜੀ, ਕਾਇਦੇ ਆਜਮ ਲਾਈਬ੍ਰੇਰੀ, ਰੇਸ ਕੋਰਸ ਰੋਡ, ਰੇਸ ਕੋਰਸ ਗਾਰਡਨਜ-ਪੰਜਾਬ ਹੌ੍ਰਟੀਕਲਚਰ ਅਥਾਰਟੀ (ਪੀ ਐਚ ਏ) ,ਫਲੈਟੀਜ ਹੋਟਲ, ਲਾਹੌਰ ਚਿੜੀਆ ਘਰ, ਲਾਰੈਸ ਗਾਰਡਨ (ਬਾਗੇ-ਜਿਨਾਹ), ਗੋਰ-ਗਵਰਨਮੈਟ ਆਫੀਸਰ ਰੈਜੀਡੈਟ, ਅਵਾਰੀ ਹੋਟਲ, ਪਰਲ ਕਾਨਟੀਨੈਟਲ (ਪੀ ਸੀ) ਹੋਟਲ, ਡੇਵਿਸ ਰੋਡ ਉਪੱਰ ‘ਦਾ ਜੰਗ’ ਅਖਬਾਰ, ਗਵਰਨਰ ਹਾਊਸ, ਐਚੀਸੰਨ ਕਾਲਜ, ਬੈLਕ ਕੈਨਾਲ ਰੋਡ, ਮਸਜਿਦ, ਲਾਹੌਰ ਜਿਮਖਾਨਾ ਤੋ ਫੋਰਟਿਸ ਸਟੇਡੀਅਮ ਹੁੰਦੀ ਹੋਈ ਲਾਹੌਰ ਦੀ ਆਲੀਸ਼ਾLਨ ਬਸਤੀ ‘ਡੀਫੈਸ ਕਾਲੋਨੀ’ ਵਿਚ ਜਾ ਮਿਲਦੀ ਹੈ|
ਲਾਹੌਰ ਜਿੰਮਖਾਨਾ ਕਲੱਬ ਦਾ ਗੌਲਫ਼ ਕਲੱਬ ‘ਬੱਰੇ-ਸਗੀਰ, ਏਸ਼ੀਆ ਮਹਾਂਦੀਪ ਵਿਚ ਬੱੜਾ ਮਸ਼ਹੂਰ ਹੈ| 18 ਗਲਫ਼ ਹੋਲ ਵਾਲਾ ਇਹ ਕਲੱਬ 85 ਏਕੜਜ ਵਿਚ ਫੈਲਿਆ ਹੋਇਆ ਹੈ ਜਿਥੇ ਗਲਫ਼ ਦੇ ਸਰਦੇ ਪੁਜਦੇ ਗਲਫਰਾਂ ਤੇ ਉਨ੍ਹਾਂ ਦੇ ਕਾਰਦਿੰਆਂ ਦੀ ਹਰ ਵਕਤ ਭਰਮਾਰ ਰਹਿੰਦੀ ਹੈ| ਲਾਹੌਰ ਜਿੰਮਖਾਨਾ ਵਿਚ ਮਹਿਮਾਨਾਂ ਦੇ ਠਹਿਰਣ ਲਈ 90 ਦੇ ਕਰੀਬ ਆਲੀਸ਼ਾਨ ਕਮਰੇ ਹਨ ਜੋ 5 ਸਟਾਰ ਹੋਟਲਾਂ ਦੇ ਮੁਕਾਬਲੇ ਵਾਲੇ ਹਨ| ਸਵੇਰ ਦਾ ਨਾਸ਼ਤਾ, ਦੁਪੈਹੱਰ ਦਾ ਖਾਣਾ ਤੇ ਰਾਤਰੀ ਭੋਜਨ ਬੜਾ ਮੱਜੇਦਾਰ ਹੂੰਦਾ ਹੈ| ਲਾਹੌਰ ਜਿੰਮਖਾਨਾ ਕਲੱਬ ਵਿਚ ‘ਪੱਟਿਆਲਾ ਪੈਗ’ ਦਾ ਕੋਈ ਥਾਂ ਨਹੀ ਅੱਤੇ ਨਾ ਹੀ ਕੋਈ ਨਾਂ ਲੈਦਾ ਹੈ | ‘ਬਾਵਰਚੀਖਾਨੇ’ ਕਲੱਬ ਦੇ ਕਿਚਨ ਦੀ ਹਾਂਡੀ ਵਿਚ ਕੱਦੂ ਤੋ ਕੱਟੇ ਤੱਕ ਸੱਭ ਕੱਝ ਪੱਕਦਾ ਤੇ ਖਾਧਾ ਜਾਂਦਾ ਹੈ| ਲਾਹੌਰ ਗਲਫ਼ ਕਲੱਬ ਵਿਚ ਇਕ ਦਿਨ ਠਹਿਰਨ ਦਾ ‘ਰੂਮ ਚਾਰਜ’ ਵੱਡੇ ਹੋਟਲਾਂ ਪੀ ਸੀ, ਅਵਾਰੀ, ਡੀ ਗੇਟ, ਫਲੈਟੀਜ, ਅੰਬੈਸਡਰ ਆਦਿ ਦੇ ਮੁਕਾਬਲੇ ਬਹੁੱਤ ਵਾਜਿਬ ਹੈ| ਲਾਹੌਰ ਜਿੰਮਖਾਨਾ ਕਲੱਬ ਦੀ ਮਹਿਮਾਨ ਨਵਾਜੀ ਦਾ ਕੋਈ ਮੁਕਾਬਲਾ ਹੀ ਨਹੀ ਇਹ ਰਹਿ ਕੇ ਹੀ ਪਤਾ ਚਲਦਾ ਹੈ| ਪੰਜਾਬ ਦੇ ਪਿੰਡ ਵਿਚ ਸਰਦਾਰਾਂ-ਜੈਲਦਾਰਾਂ ਦੇ ਵਿਆਹ ਤੇ ਪਿੰਡੀ-ਪਾਕਿਸਤਾਨ ਵਿਚ ਧੱਮਿਆਲ ਦੇ ਰਾਜਾ ਸ਼ੂਜਾਹ ਤੇ ਰਾਜਿਆਂ ਦੇ ਘਰਾਂ ਵਾਂਗ ਰੌਣਕਾ ਹਰ ਵੱਕਤ ਲਗੀਆਂ ਹੀ ਰਹਿੰਦੀਆਂ ਹਨ| 200 ਤੋ 250 ਚੱੜਦੀ ਤੋ ਚੱੜਦੀ ਟੋਇਟਾ, ਮੱਰਸਡੀਜ, ਬੀ ਐਮ ਡਬਲਿਊ, ਔਡੀ ਕਾਰਾਂ ਹਰ ਵੱਕਤ ਪਾਰਕਿੰਗ ਵਿਚ ਲਗੀਆਂ ਹੂੰਦੀਆਂ ਹਨ|| ਹੱਲਕਾ ਫੁੱਲਕਾ ਖਾਣ ਲਈ ਕੈਫੈ-9 ਹੈ| ਛੋਟੀ ਮੋਟੀ ਖਰੀਦਦਾਰੀ ਲਈ ‘ਸ਼ੌਪੀ’ ਵੀ ਹੈ ਜਿਥੇ ਕੋਕ, ਪੈਪਸੀ, ਬਰਗਰ, ਸਮੋਸਾ, ਪੇਸਟ, ਬੁਰਛ ਤੇ ਹੋਰ ਨਿੱਕ ਸੁੱਕ ਸੱਭ ਮਿਲ ਜਾਂਦਾ ਹੈ|
ਜਿੰਮਖਾਨਾ ਲਾਹੌਰ ਦੀ ਮੈਬਰਸ਼ਿਪ ਫੀਸ ਬੜੀ ਮਹਿੰਗੀ ਹੈ ਅਤੇ 15 ਤੋ 20 ਸਾਲ ਦਾ ਇੰਤਜਾਰ ਵੀ ਕਰਨਾ ਪੈ ਸਕਦਾ ਹੈ| ਲਾਹੌਰ ਜਿੰਮਖਾਨਾ ਵਿਚ ਇਕ ਰਾਤ ਠਹਿਰਣ ਦਾ 58 ਅਮਰੀਕੀ ਡਾਲਰ ਜਾਂ 18 ਹਜਾਰ ਪਾਕਿਸਤਾਨੀ ਰੁਪਏ ਖਰਚਾ ਲਿਆ ਜਾਦਾਂ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ 111 ਸਾਲਾਂ ਤੋ ਲਾਹੌਰ ਜਿੰਮਖਾਨਾ ਕਲੱਬ ਪੰਜਾਬ ਸਰਕਾਰ ਨੂੰ ਸਿਰਫ 417 ਰੁਪਏ ਪ੍ਰਤੀ ਮਹੀਨਾ ਹੀ ਕਰਾਏ ਵਜੋ ਦਿੰਦਾ ਹੈ| ਇਸ ਨਾਮੀ ਕਲੱਬ ਦੇ ਮਾਲਕ ਤਿੰਨ ਇੰਨਸਾਨ ਹਨ ਜਿਨਾਂ੍ਹ ਵਿਚ ਜੋਤਨ, ਕਰਮ ਅਤੇ ਸੂਨੈਨਾ ਸੇਠੀ ਦਾ ਨਾਂ ਬੋਲਦਾ ਹੈ| ਲਾਹੌਰ ਜਿੰਮਖਾਨਾ ਕਲੱਬ ਦੇ 5400 ਦੇ ਕਰੀਬ ਪੱਕੇ ਮੈਬਰ ਹਨ| ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ, ਮੌਜੂਦਾ ਪ੍ਰਧਾਨ ਮੰਤਰੀ ਜਨਾਬ ਸ਼ਹਿਬਾਜ ਸਰੀਫ ਤੇ ਹੋਰ ਬਹੁੱਤ ਅਸਰ ਰਸੂਖ ਵਾਲੇ ਪਾਕਿਸਤਾਨੀ ਸਹਿਰੀ ‘ਲਾਹੌਰ ਜਿੰਮਖਾਨਾ ਕਲੱਬ’ ਦੇ ਸਥਾਈ ਮੈਬਰ ਹਨ| ਹਰ ਸਾਲ ਵੱਖੋ ਵੱਖ ਧੱੜਿਆਂ ਵਿਚ ਡੱਟ ਕੇ ਮੁਕਾਬਲਾ ਹੁੰਦਾ ਹੈ| Lਡਾਕਟਰ ਅਲੀ ਰਜਾਕ ਅਤੇ ਮਿੱਸਬਾ-ਉਰ-ਰਹਿਮਾਨ ਦਾ ਧੱੜਾ ਲਾਹੌਰ ਜਿੰਮਖਾਨਾ ਕਲੱਬ ਉਪੱਰ ਕਾਬਜ ਹੈ| ਇਸੇ ਗਰੁਪ ਦੇ ਜਨਾਬ ਸਲਮਾਨ ਸਦੀਕੀ 12 ਮੈਬਰੀ ਕਮੇਟੀ ਦੇ ਚੇਅਰਮੈਨ ਚੁਣੇ ਗਏ ਹਨ ਜੋ ਸਿਰਫ ਇਕ ਸਾਲ ਹੀ ਇਸ ਵਕਾਰੀ ਕੁਰਸੀ ਉਪਰ ਬੈਠਣ ਦੇ ਹੱਕਦਾਰ ਹਨ| ਅਗਲੇ ਸਾਲ ਫਿਰ ਦੋ ਗਰੁਪਾਂ ਵਿਚ ਚੇਅਰਮੈਨ ਤੇ 12 ਮੈਬਰੀ ਕਮੇਟੀ ਲਈ ਚੋਣ ਦਾ ਵਿੱਗਲ ਵੱਜੇਗਾ|
“ਜੀਵਨ ਵਿਚ ਸੱਭ ਤੋ ਕੀਮਤੀ ਤੋਹਫਾ ਇਕ ਸੱਚਾ ਦੋਸਤ ਹੈ,
ਜੋ ਕੀਮਤ ਨਾਲ ਨਹੀ ਸਗੋ ਕਿੱਸਮਤ ਨਾਲ ਹੀ ਮਿਲਦਾ ਹੈ”||