ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜਾਂਚ ਜਾਰੀ-ਐਸ.ਪੀ.ਡੀ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,21 ਮਈ
ਐੱਸ.ਪੀ.ਡੀ. ਤਰਨ ਤਾਰਨ ਸ੍ਰੀ ਅਜੈਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਝਬਾਲ ਖੁਰਦ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਸਬੰਧੀ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਅਤੇ ਪੁਲਿਸ ਟੀਮਾਂ ਵੱਲੋਂ ਜਾਂਚ ਜਾਰੀ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਸਵੇਰੇ ਪਿੰਡ ਦੇ ਮੋਹਤਬਰ ਵਿਅਕਤੀਆਂ ਤੇ ਸਤਿਕਾਰ ਕਮੇਟੀ ਵੱਲੋਂ ਸਬੰਧਿਤ ਐੱਸ.ਐੱਚ.ਓ. ਨੂੰ ਸੂਚਿਤ ਕੀਤਾ ਗਿਆ ਕਿ ਪਿੰਡ ਦੀ ਫਿਰਨੀ ਉੱਪਰ ਮੋਟਰ ਦੇ ਲਾਗੇ ਗੁਟਕਾ ਸਾਹਿਬ ਦੇ ਕੁੱਝ ਅੰਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਾੜ ਕੇ ਸੁੱਟੇ ਗਏ ਹਨ।ਇਸ ‘ਤੇ ਤੁਰੰਤ ਉਹਨਾਂ ਵੱਲੋਂ ਐੱਸ.ਐੱਚ.ਓ. ਨੂੰ ਨਾਲ ਲੈ ਕੇ ਮੌਕੇ ‘ਤੇ ਵਿਜ਼ਟ ਕੀਤੀ ਗਈ।
ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਬਿਆਨ ਮੁਤਾਬਿਕ ਸ਼ਰਾਰਤੀ ਅਨਸਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਗੁਟਕਾ ਸਾਹਿਬ ਦੇ ਅੰਗਾਂ ਨੂੰ ਪੂਰੇ ਸਤਿਕਾਰ ਤੇ ਮਰਿਯਾਦਾ ਨਾਲ ਐੱਸ.ਜੀ.ਪੀ.ਸੀ ਦੇ ਮੈਂਬਰਾਂ ਤੇ ਸਤਿਕਾਰ ਕਮੇਟੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸਿੱਖੀ ਸਿਧਾਤਾਂ ਅਨੁਸਾਰ ਸਾਂਭ-ਸੰਭਾਲ ਕਰਕੇ ਐੱਸ.ਜੀ.ਪੀ.ਸੀ ਨੂੰ ਸੌਂਪ ਦਿੱਤਾ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਸ-ਪਾਸ ਧਿਆਨ ਰੱਖਣ ਕਿਉਂਕਿ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਹਨ। ਪਿੰਡ ਝਬਾਲ ਖੁਰਦ ਦੇ ਮੁਹਤਬਰ ਵਿਅਕਤੀਆਂ ਅਤੇ ਪਿੰਡ ਵਾਸੀਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਕੋਈ ਸ਼ਰਾਰਤੀ ਅਨਸਰ ਨਹੀਂ ਹੈ ਅਤੇ ਨਾ ਹੀ ਪਹਿਲਾਂ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਸਾਹਮਣੇ ਆਈ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਇਸ ਮਾਮਲੇ ਸੰਬੰਧੀ ਗੰਭੀਰਤਾ ਨਾਲ ਦੇਖਣ ਅਤੇ ਪੁਲਿਸ ਵੀ ਸੰਬੰਧਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਾਂਚ ਟੀਮਾਂ ਬਣਾ ਕੇ ਕਾਰਵਾਈ ਕਰ ਰਹੀ ਹੈ।