ਵੈਨਕੂਵਰ ( ਸੁਰਜੀਤ ਕਲਸੀ)- ਪੰਜਾਬੀ ਲੇਖਕ ਮੰਚ ਦੀ ਮੀਟਿੰਗ 18 ਮਈ 2025 ਨੂੰ ਜਰਨੈਲ/ਗੁਰਦੀਪ ਆਰਟਸ ਗੈਲਰੀ, ਯੂਨਿਟ 106- 12882/85 ਐਵੇਨਿਉ ਸਰ੍ਹੀ ਵਿਚ 1:30 ਵਜੇ ਬਾਅਦ ਦੁਪਹਿਰ ਹੋਈ। ਇਸ ਮੀਟਿੰਗ ਵਿਚ ਮੰਚ ਵਲੋਂ 2025 ਦੇ ਪਿਛਲੇ ਕੁਝ ਮਹੀਨਿਆਂ ਵਿਚ ਵਿੱਛੜੇ ਮੈਂਬਰਾਂ ਨੂੰ ਇਕ ਮਿੰਟ ਦਾ ਮੌਨ ਧਾਰ ਕੇ ਯਾਦ ਕੀਤਾ ਗਿਆ। ਰਚਨਾਵਾਂ ਪੜ੍ਹਨ ਦੌਰਾਨ ਕਹਾਣੀਕਾਰ ਅਮਰਜੀਤ ਚਾਹਲ ਨੇ “ਮੇਰਾ ਉਹ ਦਿਨ” ਸਿਰਲੇਖ ਹੇਠ “ਸ਼ਬਦ” ਮੈਗ਼ਜ਼ੀਨ ਵਿਚ ਛਪੀ ਆਪਣੀ ਰਚਨਾ ਪੜ੍ਹੀ, ਜਿਸ ਵਿਚ ਇਕ ਦਿਨ ਦੇ ਦੌਰਾਨ ਬੀਤੀਆਂ ਝਲਕੀਆਂ ਦਾ ਰੌਚਕ ਵਿਵਰਣ ਮੈਂਬਰਾਂ ਨੇ ਬੜੀ ਦਿਲਚਸਪੀ ਨਾਲ ਸੁਣਿਆ। ਇਸ ਤੋਂ ਬਾਅਦ ਪੁਸਤਕ ਡੀਜ਼ਾਇਨਰ ਪ੍ਰੀਤਇੰਦਰ ਸੰਘ ਬਾਜਵਾ ਨੇ ਪੁਸਤਕ ਨੂੰ ਛਪਾਈ ਲਈ ਤਿਆਰ ਕਰਨ ਵਾਸਤੇ ਡੀਜ਼ਾਇਨ ਕਰਨ ਦੀ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ। ਮੈਂਬਰਾਂ ਵਲੋਂ ਆਪਣੀਆਂ ਰਚਨਾਵਾਂ ਪੜ੍ਹਨ ਉਪਰੰਤ ਵਿਛੜੇ ਮੈਂਬਰਾਂ ਨਾਮਵਰ ਲੇਖਕ ਕੁਲਵੰਤ ਸਿੰਘ ਪਰਮਾਰ ਨਦੀਮ ਅਤੇ ਸਿੱਖ ਵਰਸੇ ਅਤੇ ਪੰਜਾਬੀ ਸਭਿਆਚਾਰ ਦੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੇ ਸਦੀਵੀ ਵਿਛੋੜੇ ਲਈ ਸ਼ਰਧਾਂਜਲੀ ਅਰਪਣ ਕੀਤੀ ਗਈ । ਮੰਚ ਦੇ ਕੁਝ ਮੈਂਬਰਾਂ ਨੇ ਪਿਛਲੇ ਹਫਤੇ ਨਦੀਮ ਜੀ ਦੇ ਗ੍ਰਹਿ ਵਿਖੇ ਜਾ ਕੇ ਉਹਨਾਂ ਦੀ ਪਤਨੀ ਸੁਰਜੀਤ ਕੌਰ ਪਰਮਾਰ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਨੂੰ ਸਾਰੇ ਮੈਂਬਰਾਂ ਵਲੋਂ ਕਾਰਡ ਤੇ ਫੁੱਲ ਭੇਂਟ ਕੀਤੇ।
ਮੰਚ ਦੀ ਅੱਜ ਦੀ ਮੀਟਿੰਗ ਵਿਚ ਜਰਨੈਲ ਸੰਘ ਜੀ ਦੇ ਪਰਿਵਾਰ ਉਹਨਾਂ ਦੀ ਪਤਨੀ ਬਲਜੀਤ ਕੌਰ ਆਰਟਿਸਟ ਅਤੇ ਉਹਨਾਂ ਦੀ ਬੇਟੀ ਨੀਤੀ ਆਰਿਟਸਟ ਨੇ ਮੰਚ ਦੇ ਸੱਦੇ ਤੇ ਸ਼ਮੂਲੀਅਤ ਕੀਤੀ। ਉਹਨਾਂ ਨੂੰ ਮੈਂਬਰਾਂ ਵਲੋਂ ਫੁੱਲ ਤੇ ਕਾਰਡ ਭੇਂਟ ਕਰਕੇ ਉਹਨਾਂ ਦੇ ਦੁੱਖ ਵਿਚ ਸ਼ਾਮਲ ਹੁੰਦੇ ਹੋਏ – ਅਮਰੀਕ ਪਲਾਹੀ, ਅਜਮੇਰ ਰੋਡੇ, ਅਮਨ ਸੀ. ਸਿੰਘ, ਅਮਰਜੀਤ ਚਾਹਲ, ਜਗਜੀਤ ਸੰਧੂ, ਗੁਰਮੀਤ ਸਿੰਘ ਸਿੱਧੂ, ਸੁਖਵੰਤ ਹੁੰਦਲ, ਸੁੱਖਜੀਤ ਢਿੱਲੋਂ, ਫੌਜ਼ੀਆ ਰਫ਼ੀਕ, ਨੌਨੀ ਕੌਰ, ਪ੍ਰੀਤਇੰਦਰ ਸਿੰਘ ਬਾਜਵਾ, ਸੁਰਜੀਤ ਕਲਸੀ ਅਤੇ ਗੁਰਦੀਪ ਭੁੱਲਰ ਨੇ ਜਰਨੈਲ ਸਿੰਘ ਆਰਟਿਸਟ ਨਾਲ ਗੁਜ਼ਾਰੇ ਸਮੇਂ ਦੀਆਂ ਯਾਦਾਂ ਭਰੇ ਮਨਾ ਨਾਲ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਬੇਟੀ ਨੀਤੀ ਵਲੋਂ ਬਹੁਤ ਹੀ ਵਧੀਆ ਤੇਲ-ਰੰਗਾਂ ਦੀ ਖੂਬਸੂਰਤ ਚਿੱਤਰਕਾਰੀ ਨਾਲ ਤਿਆਰ ਕੀਤਾ ਆਪਣੇ ਪਿਤਾ ਜਰਨੈਲ ਸੰਘ ਆਰਟਿਸਟ ਦਾ ਪੋਰਟਰੇਟ ਗੈਲਰੀ ਵਿਚ ਪਰਦਰਸ਼ਿਤ ਕੀਤਾ ਗਿਆ ਸੀ। ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਅਗਲੀ ਮੀਟਿੰਗ 8 ਜੂਨ 2025 ਨੂੰ ਹੋਣ ਦੀ ਸੂਚਨਾ ਮੈਂਬਰਾਂ ਨੂੰ ਦਿੱਤੀ ਗਈ, ਤੇ ਚਾਹ ਪਾਣੀ ਪੀਂਦਿਆਂ ਤੇ ਅਗਲੇ ਮਹੀਨੇ ਮਿਲਣ ਦੀਆਂ ਗੱਲਾਂ ਬਾਤਾਂ ਕਰਦਿਆਂ ਮੀਟਿੰਗ ਬਰਖ਼ਾਸਤ ਹੋਈ ।