ਓਟਵਾ-ਕੈਲਗਰੀ (ਅਲਬਰਟਾ) ਦੇ ਤਿੰਨ ਹਲਕਿਆਂ-ਕੈਲਗਰੀ ਈਸਟ, ਕੈਲਗਰੀ ਸਕਾਈਵਿਊ ਤੇ ਕੈਲਗਰੀ ਮੈਕਨਾਈਟ ਤੋਂ ਕੰਸਰਵੇਟਿਵ ਪਾਰਟੀ ਦੀ ਤਰਫੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸ ਜਸਰਾਜ ਸਿੰਘ ਹੱਲਣ, ਸ ਅਮਨਪ੍ਰੀਤ ਸਿੰਘ ਗਿੱਲ ਅਤੇ ਸ ਦਲਵਿੰਦਰ ਸਿੰਘ ਗਿੱਲ ਨੂੰ ਪਾਰਲੀਮੈਂਟ ਹਿਲ ਓਟਾਵਾ ਵਿਖੇ ਹੋਏ ਇਕ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਮੌਕੇ ਤਿੰਨਾਂ ਆਗੂਆਂ ਦੇ ਪਰਵਾਰਿਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਉਹਨਾਂ ਦੇ ਨੇੜਲੇ ਸਾਥੀ ਤੇ ਸਹਿਯੋਗੀ ਇਤਿਹਾਸਕ ਪਲਾਂ ਦੇ ਗਵਾਹ ਬਣੇ ਤੇ ਸ਼ੁਭ ਕਾਮਨਾਵਾਂ ਸਾਂਝੀਆਂ ਕੀਤੀਆਂ। ਇਸ ਸਮਾਗਮ ਦੀ ਇਹ ਵਿਸ਼ੇਸ਼ਤਾ ਰਹੀ ਕਿ ਤਿੰਨਾਂ ਐਮ ਪੀਜ ਨੂੰ ਅਹੁਦੇ ਦੀ ਸਹੁੰ ਇਕ ਸਾਂਝੇ ਸਮਾਗਮ ਦੌਰਾਨ ਚੁਕਾਈ ਗਈ ਤੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਨੂੰ ਐਮ ਪੀਜ ਨਾਲ ਤਸਵੀਰਾਂ ਖਿਚਵਾਉਣ ਲਈ ਭਰਵਾਂ ਸਮਾਂ ਦਿੱਤਾ ਗਿਆ। ਤਿੰਨਾਂ ਐਮ ਪੀਜ ਨੇ ਆਪਣੇ ਸਹਿਯੋਗੀਆਂ ਤੇ ਆਏ ਮਹਿਮਾਨਾਂ ਦਾ ਖੁਸ਼ੀ ਦੇ ਪਲਾਂ ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਪਾਰਲੀਮੈਂਟ ਦੇ ਗਾਈਡ ਸਟਾਫ ਵੱਲੋਂ ਸਾਰੇ ਮਹਿਮਾਨਾਂ ਨੂੰ ਪਾਰਲੀਮੈਂਟ ਬਿਲਡਿੰਗ ਦਾ ਟੂਰ ਵੀ ਕਰਵਾਇਆ ਗਿਆ ਤੇ ਪਾਰਲੀਮਾਨੀ ਇਤਿਹਾਸ ਦੇ ਨਾਲ ਹਾਉਸ ਆਫ ਕਾਮਨਜ ਦੇ ਕੰਮ ਕਰਨ ਦੇ ਢੰਗ ਤਰੀਕੇ ਦੀ ਵੀ ਜਾਣਕਾਰੀ ਵੀ ਦਿੱਤੀ। ਪਾਰਲੀਮੈਂਟ ਦੇ ਨਜਦੀਕ ਇਕ ਇੰਡੀਅਨ ਰੈਸਤਰਾਂ ਵਿਚ ਸਾਰੇ ਮਹਿਮਾਨਾਂ ਨੂੰ ਦੁਪਹਿਰ ਦਾ ਖਾਣਾ ਵੀ ਖੁਆਇਆ ਗਿਆ।
ਅੱਜ ਦੇ ਇਸ ਸਹੁੰ ਚੁੱਕ ਸਮਾਗਮ ਨੂੰ ਕਾਮਾਗਾਟਾਮਾਰੂ (ਗੁਰੂ ਨਾਨਕ ਜਹਾਜ਼) ਦੇ ਉਹਨਾਂ ਯਾਤਰੀਆਂ ਦੇ ਕੈਨੇਡਾ ਦੀ ਧਰਤੀ ਤੇ ਪੁੱਜਣ ਦੇ ਦਿਨ 23 ਮਈ (1914) ਨਾਲ ਜੋੜਦਿਆਂ ਵੀ ਯਾਦ ਕੀਤਾ ਗਿਆ ਜਿਹਨਾਂ ਦੇ ਪਰਵਾਸ ਦੀ ਕਹਾਣੀ ਰੌਂਗਟੇ ਖੜੇ ਕਰ ਦੇਣ ਵਾਲੀ ਹੈ ਪਰ ਅੱਜ ਕੈਨੇਡੀਅਨ ਪਾਰਲੀਮੈਂਟ ਵਿਚ 21 ਭਾਰਤੀ ਪੰਜਾਬੀ ਮੂਲ ਦੇ ਆਗੂ ਆਪਣੀ ਥਾਂ ਬਣਾਉਣ ਤੇ ਭਾਈਚਾਰੇ ਦਾ ਮਾਣ ਸਨਮਾਨ ਵਧਾਉਣ ਵਿਚ ਸਫਲ ਹੋਏ ਹਨ।