Headlines

ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ ) ਦੀ 111ਵੀਂ ਵਰ੍ਹੇਗੰਢ ਮੌਕੇ ਵੈਨਕੂਵਰ ਸਮੁੰਦਰੀ ਤੱਟ ਤੇ ਯਾਦਗਾਰੀ ਸਮਾਗਮ

‘ਗੁਰੂ ਨਾਨਕ ਜਹਾਜ਼’ ਨਾਂ ਦੀ ਬਹਾਲੀ ਅਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਇਤਿਹਾਸ ਦਰੁਸਤ ਕਰਨ ਸਬੰਧੀ ਮਤੇ ਸਰਬ-ਸੰਮਤੀ ਨਾਲ ਪਾਸ-
ਵੈਨਕੂਵਰ ( ਗੁਰਵਿੰਦਰ ਸਿੰਘ, ਜੋਗਿੰਦਰ ਸਿੰਘ ਜਗਰਾਊਂ)-ਬੀਤੇ ਦਿਨ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਦੇ ਕੈਨੇਡਾ ਪੁੱਜਣ ਦੀ 111ਵੀਂ ਵਰ੍ਹੇਗੰਢ ਮੌਕੇ ਵੈਨਕੂਵਰ ‘ਚ ਸਥਾਪਤ ਯਾਦਗਾਰੀ ਥਾਂ ‘ਤੇ ਸਮਾਗਮ ਕਰਵਾਇਆ ਗਿਆ । ਇਹ ਸਮਾਗਮ ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੈਨੇਡਾ ਉਤਰਨ ਤੋਂ ਰੋਕਣ ਦੇ ਇਤਿਹਾਸ ਬਾਰੇ ਨਵੀਆਂ ਪੀੜੀਆਂ ਨੂੰ ਜਾਣੂ ਕਰਵਾਉਣ ਦੇ ਨਾਲ-ਨਾਲ ਪੰਜਾਬੀਆਂ ਦੀ ਕੈਨੇਡਾ ‘ਚ ਆਮਦ ‘ਤੇ ਲੱਗੀਆਂ ਰੋਕਾਂ ਨੂੰ ਹਟਾਉਣ, ਕੈਨੇਡਾ ‘ਚ ਵੋਟ ਦਾ ਅਧਿਕਾਰ ਲੈਣ ਅਤੇ ਨਸਲੀ ਪੱਧਰ ‘ਤੇ ਹੁੰਦੇ ਵਿਤਕਰੇ ਨੂੰ ਖ਼ਤਮ ਕਰਵਾਉਣ ਸਮੇਤ ਸਿੱਖਾਂ ਤੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ‘ਤੇ ਸਾਡੇ ਪੁਰਾਤਨ ਸਿੱਖ ਯੋਧਿਆਂ ਵਲੋਂ ਕੀਤੀ ਵੱਡੀ ਘਾਲਣਾ ਦੇ ਇਤਿਹਾਸ ਦੇ ਵੀ ਰੂ-ਬਰੂ ਕਰਵਾ ਗਿਆ | ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ  ਡਾ. ਗੁਰਵਿੰਦਰ ਸਿੰਘ ਧਾਲੀਵਾਲ ਵਲੋਂ ਪੇਸ਼ ਕੀਤੇ ਮਤੇ ਕਿ ਇਸ ਜਹਾਜ਼ ਦੇ ਨਾਂਅ ਨੂੰ ਗੁਰੂ ਨਾਨਕ ਜਹਾਜ਼  ਵਜੋਂ ਮਾਨਤਾ ਦਿੱਤੀ ਜਾਵੇ ਨੂੰ ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਅਤੇ ਦੋਵਾਂ ਪੰਜਾਬਾਂ ਦੇ ਲੋਕ ਭਾਈਚਾਰੇ ਵਲੋਂ ਬਾਹਾਂ ਖੜੀਆਂ ਕਰਕੇ ਪਾਸ ਕੀਤਾ ਗਿਆ | ਇਸ ਮੌਕੇ ਇਸ ਜਹਾਜ਼ ਦਾ ਨਾਂਅ ਗੁਰੂ ਨਾਨਕ ਜਹਾਜ਼ ਹੋਣ ਦੇ ਇਤਿਹਾਸਿਕ ਤੱਥਾਂ ‘ਤੇ ਵੀ ਰੌਸ਼ਨੀ ਪਾਈ ਗਈ | ਇਸੇ ਤਰਾਂ ਵੱਖ-ਵੱਖ ਬੁਲਾਰਿਆਂ ਵਲੋਂ ਸ਼ਹੀਦ ਸਿੱਖ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਦੀ ਕੁਰਬਾਨੀ ਨੂੰ ਵੀ ਯਾਦ ਕਰਦਿਆਂ ਜਿਥੇ ਉਨ੍ਹਾਂ ਨੂੰ ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਵਜੋਂ ਯਾਦ ਕੀਤਾ, ਉਥੇ ਕੈਨੇਡਾ ਦੇ ਕਾਨੂੰਨੀ ਕਟਿਹਰੇ ‘ਚ ਉਨ੍ਹਾਂ ਦੇ ਨਾਂਅ ਨਾਲ ਜੁੜੇ ਅਪਰਾਧੀ ਸ਼ਬਦ ਨੂੰ ਹਟਾਉਣ ਬਾਰੇ ਵੀ ਕੈਨੇਡਾ ਸਰਕਾਰ ਪਾਸੋਂ ਮੰਗ ਕੀਤੀ ਗਈ |
ਇਸ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੈਨੇਡਾ ‘ਚ ਸਿੱਖਾਂ ਦੇ ਇਤਿਹਾਸ ਦਾ ਇਕ ਸੁਨਿਹਰੀ ਪੰਨਾ ਹੈ, ਜਿਸ ਨੂੰ ਯਾਦ ਰੱਖਣਾ ਅਤੇ ਨਵੀਆਂ ਪੀੜੀਆਂ ਨੂੰ ਇਸ ਬਾਰੇ ਜਾਣੂ ਕਰਵਾਉਣ ਲਈ ਅਜਿਹੇ ਉਪਰਾਲੇ ਸਮੇਂ ਦੀ ਲੋੜ ਹੈ |  ਇਸ ਮੌਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਸਤਿਕਾਰੇ ਜਾਂਦੇ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉਲ੍ਹਾ ਖਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੁੱਚੀ ਮਨੁੱਖਤਾ ਦੇ ਰਹਿਬਰ ਸਨ ਅਤੇ ਉਨ੍ਹਾਂ ਨੂੰ ਮੁਸਲਮਾਨ ਵੀ ਆਪਣਾ ਗੁਰੂ ਮੰਨਦੇ ਹਨ, ਜਿਸ ਕਰਕੇ ਉਹ ਆਪਣੇ ਭਾਈਚਾਰੇ ਵਲੋਂ ਅੱਜ ਦੇ ਸਮਾਗਮ ‘ਚ ਪੇਸ਼ ਮਤਿਆਂ ਦੀ ਪ੍ਰੋੜਤਾ ਕਰਦੇ ਹੋਏ ਸਮਰਥਨ ਕਰਦੇ ਹਨ | ਇਸ ਮੌਕੇ ਵੱਖ-ਵੱਖ ਗੁਰੂ ਘਰਾਂ ਵਲੋਂ ਬੋਲੇ ਬੁਲਾਰਿਆਂ ਨੇ ਜਿਥੇ ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁਰਬਾਨੀ ਨੂੰ ਸ਼ਰਧਾ ਅਰਪਿਤ ਕੀਤੀ, ਉਥੇ ਟਰੂਡੋ ਸਰਕਾਰ ਦੇ ਸਮੇਂ ਇਸ ਘਟਨਾ ਬਾਰੇ ਮੰਗੀ ਮੁਆਫ਼ੀ ਨੂੰ ਸਿੱਖ ਤੇ ਪੰਜਾਬੀ ਭਾਈਚਾਰੇ ਨਾਲ ਕੈਨੇਡਾ ਦੀ ਸਾਂਝ ਨੂੰ ਹੋਰ ਪੀਡਾ ਕਰਨ ਦੇ ਯਤਨ ਵਜੋਂ ਵੀ ਯਾਦ ਕੀਤਾ |
ਇਸ ਸਮਾਗਮ ਦੌਰਾਨ ਸਿੱਖਾਂ ਤੇ ਪੰਜਾਬੀਆਂ ਦੀਆਂ ਮੰਗਾਂ ਨਾਲ ਜੁੜੇ ਬੈਨਰ, ਬੱਚਿਆਂ ਵਲੋਂ ਤਿਆਰ ਕੀਤੇ ਪੋਸਟਰ ਜਿਥੇ ਉਨ੍ਹਾਂ ਯੋਧਿਆਂ ਨੂੰ ਸਮਰਪਿਤ ਸਨ, ਉਥੇ ਭਾਈਚਾਰੇ ਦੀਆਂ ਮੰਗਾਂ ਵੀ ਦੁਹਰਾ ਰਹੇ ਸਨ | ਸਮਾਗਮ ਦੌਰਾਨ ਸਕੂਲੀ ਬੱਚਿਆਂ ਵਲੋਂ ਪੇਸ਼ ਵਾਰ, ਨਾਟਕ ਅਤੇ ਹੋਰ ਪ੍ਰੋਗਰਾਮ ਵੀ ਸਲਾਘਾਯੋਗ ਰਿਹਾ ਅਤੇ ਇਸ ਮੌਕੇ ਗੁਰੂ ਨਾਨਕ ਫ਼ਿਲਮ ਨੂੰ ਵੀ ਇਤਿਹਾਸਿਕ ਕਦਮ ਕਰਾਰ ਦਿੱਤਾ ਗਿਆ |
ਇਸਤੋਂ ਪਹਿਲਾਂ ਸਮਾਗਮ ਵਿੱਚ ਬੀਸੀ ਖਾਲਸਾ ਦਰਬਾਰ ਵਲੋਂ ਹਰਿੰਦਰ ਸਿੰਘ ਸੋਹੀ ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਬੀਬੀ ਬਲਜੀਤ ਕੌਰ ਨੇ ਸਭ ਦਾ ਸਵਾਗਤ ਕੀਤਾ, ਜਦ ਕਿ ਅਕਾਲੀ ਸਿੰਘ ਸਿੱਖ ਸੁਸਾਇਟੀ ਵੱਲੋਂ ਭਾਈ ਜਸਵੀਰ ਸਿੰਘ ਨੇ ਅਰਦਾਸ ਕੀਤੀ। ਮੂਲ ਨਿਵਾਸੀ ਭਾਈਚਾਰੇ ਦੀ ਸਿਸੀਲੀਆ ਪੁਆਇੰਟ ਦਾ ਸੰਦੇਸ਼ ਸਾਂਝਾ ਕੀਤਾ ਗਿਆ, ਜਦਕਿ ਖਾਲਸਾ ਸਕੂਲ ਸਰੀ ਅਤੇ ਐਲਡਰਗਰੋਵ ਅਤੇ ਸਿੱਖ ਅਕੈਡਮੀ ਸਰੀ ਦੇ ਬੱਚਿਆਂ ਨੇ ‘ਓ ਕੈਨੇਡਾ’ ਗਾਇਨ ਕੀਤਾ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਗੁਰਦਿੱਤ ਸਿੰਘ ਵੱਲੋਂ ਕਿਰਾਏ ‘ਤੇ ਲਏ ਗਏ ਸਮੁੰਦਰੀ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ ਅਤੇ ਅੱਗੇ ਤੋਂ ਇਤਿਹਾਸਕਾਰਾਂ, ਮੀਡੀਆਕਾਰਾਂ ਅਤੇ ਸਿਆਸਤਦਾਨਾਂ ਨੂੰ ‘ਗੁਰੂ ਨਾਨਕ ਜਹਾਜ਼’ ਸ਼ਬਦ ਹੀ ਵਰਤਣਾ ਚਾਹੀਦਾ ਹੈ। ਗੁਰੂ ਨਾਨਕ ਜਹਾਜ਼ ਹੈਰੀਟੇਜ਼ ਸੁਸਾਇਟੀ ਦੇ ਰਾਜ ਸਿੰਘ ਭੰਡਾਲ ਨੇ ਗੁਰੂ ਨਾਨਕ ਜਹਾਜ਼ ਨਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵੈਨਕੂਵਰ ਸਿਟੀ ਕੌਂਸਲ ਵੱਲੋਂ ਮੁੱਖ ਨਾਮ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਦਾ ਐਲਾਨਨਾਮਾ ਕਰਨ ‘ਤੇ ਧੰਨਵਾਦ ਕੀਤਾ।
ਸਮਾਗਮ ਦੇ ਮੁੱਖ ਮਨੋਰਥ ਵਜੋਂ ਗੁਰੂ ਨਾਨਕ ਜਹਾਜ਼ ਦੀ ਮੌਜੂਦਗੀ ਸਬੰਧੀ ਅਹਿਮ ਮਤੇ ਪਾਸ ਕੀਤੇ, ਜਿਨਾਂ ਵਿੱਚ ਕੈਨੇਡਾ ਸਰਕਾਰ ਵੱਲੋਂ ਮੰਗੀ ਗਈ ਮੁਆਫ਼ੀ ਦੀ ਸ਼ਬਦਾਵਲੀ ਸੋਧਣ ਅਤੇ ਉਸ ਵਿੱਚ ਮੁੱਖ ਨਾਂ ‘ਗੁਰੂ ਨਾਨਕ ਜਹਾਜ’ ਸ਼ਾਮਿਲ ਕਰਨ ਤੋਂ ਇਲਾਵਾ ਸ਼ਹੀਦ ਭਾਈ ਮੇਵਾ ਸਿੰਘ ਜੀ ਲੋਪੋਕੇ ਸਬੰਧੀ ਕੈਨੇਡਾ ਦੇ ਇਤਿਹਾਸ ਨੂੰ ਦਰੁਸਤ ਕਰਨ ਅਤੇ ਉਹਨਾਂ ਦੀ ਢੁਕਵੀਂ ਯਾਦ ਸਥਾਪਿਤ ਕਰਨ ਬਾਰੇ ਮੰਗਾਂ ਸ਼ਾਮਿਲ ਕੀਤੀਆਂ ਗਈਆਂ। ਇਹ ਮਤੇ ਅੰਗਰੇਜ਼ੀ ਵਿੱਚ ਤਜਿੰਦਰਪਾਲ ਸਿੰਘ, ਫਰੈਂਚ ਵਿੱਚ ਸਾਹਿਬ ਕੌਰ ਧਾਲੀਵਾਲ ਅਤੇ ਪੰਜਾਬੀ ਵਿੱਚ ਰਣਦੀਪ ਸਿੰਘ ਸੰਧੂ ਵੱਲੋਂ ਪੜੇ ਗਏ ਅਤੇ ਸਾਰਿਆਂ ਦੀ ਪ੍ਰਵਾਨਗੀ ਲਈ ਗਈ।
ਬੀਸੀ ਦੀਆਂ ਵਿਧਾਇਕਾਂ ਜੈਸੀ ਸੁੰਨੜ ਅਤੇ ਸੁਨੀਤਾ ਧੀਰ ਅਤੇ ਵੈਨਕੂਵਰ ਦੇ ਪਾਰਕ ਬੋਰਡ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਨੇ ਬੋਲਦਿਆਂ ਗੁਰੂ ਨਾਨਕ ਜਹਾਜ਼ ਨਾਂ ਬਹਾਲ ਕਰਨ ‘ਤੇ ਸਹਿਮਤੀ ਪ੍ਰਗਟਾਈ। ਵੈਨਕੂਵਰ ਦੀ ਸਕੂਲ ਟਰਸਟੀ ਪ੍ਰੀਤੀ ਫਰੀਦਕੋਟ ਦੀ ਬੱਚੀ ਖੁਸ਼ੀ ਕੌਰ ਨੇ ਗੁਰੂ ਨਾਨਕ ਜਹਾਜ ਤੇ ਨਜ਼ਮ ਸੁਣਾਈ। ‘ਗੁਰੂ ਨਾਨਕ ਜਹਾਜ਼’ ਫਿਲਮ ਦੇ ਕਲਾਕਾਰ ਭਞਖੰਡਨ ਸਿੰਘ ਰੱਖੜਾ ਅਤੇ ਅਸ਼ਵਨ ਸਿੰਘ ਨੇ ਫਿਲਮ ਦਾ ਦ੍ਰਿਸ਼ ਪੇਸ਼ ਕਰਕੇ ਲੋਕਾਂ ਦਾ ਮਨ ਮੋਹ ਲਿਆ।
ਗੁਰਦੁਆਰਾ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਅਕਾਲੀ ਸਿੰਘ ਸਿੱਖ ਸੁਸਾਇਟੀ ਤੋਂ ਇਲਾਵਾ ਗੁਰਦੁਆਰਾ ਦੂਖ ਨਿਵਾਰਨ ਸਰੀ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ, ਖਾਲਸਾ ਦੀਵਾਨ ਸੁਸਾਇਟੀ ਸੁਖ ਸਾਗਰ ਨਿਊ ਵੈਸਟਮਿਨਿਸਟਰ, ਗੁਰੂ ਨਾਨਕ ਨਿਵਾਸ ਗੁਰਦੁਆਰਾ ਰਿਚਮੰਡ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ, ਗੁਰਦੁਆਰਾ ਸਾਹਿਬ ਬੁਕਸਾਈਡ ਸਰੀ, ਨਾਨਕਸਰ ਵਿੱਚ ਰਿਚਮੰਡ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਨੇ ਗੁਰੂ ਨਾਨਕ ਜਹਾਜ਼ ਸ਼ਬਦ ਵਰਤਣ ਦਾ ਅਹਿਦ ਲਿਆ।
ਗੁਰਦੁਆਰਾ ਸੰਸਥਾਵਾਂ ਤੋਂ ਇਲਾਵਾ ਪਾਕਿਸਤਾਨ ਦੀ ਰਾਜਸੀ ਸ਼ਖਸ਼ੀਅਤ ਅਤੇ ਸਾਬਕਾ ਪਾਰਲੀਮੈਂਟ ਸਕੱਤਰ ਰਾਏ ਅਜ਼ੀਜ਼ ੳੱਲਾ ਖਾਨ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸੁਨੀਲ ਕੁਮਾਰ ਸ਼ਰਮਾ, ਇਮਤਿਆਜ਼ ਪੋਪਟ ਤੇ ਨੌਜਵਾਨ ਵਕੀਲ ਬਲਪ੍ਰੀਤ ਸਿੰਘ ਖਟੜਾ ਸਮੇਤ ਕਈ ਬੁਲਾਰਿਆਂ ਨੇ ਗੁਰੂ ਨਾਨਕ ਜਹਾਜ਼ ਦੀ ਮਹੱਤਤਾ ਬਾਰੇ ਵਿਚਾਰ ਦਿੱਤੇ। ਖਾਲਸਾ ਸਕੂਲ ਦੇ ਸਿੰਘ-ਸਿੰਘਣੀਆਂ ਨੇ ਗੱਤਕੇ ਦੇ ਜੌਹਰ ਦਿਖਾਏ ਅਤੇ ਯੋਧਿਆਂ ਦੀਆਂ ਢਾਡੀ ਵਾਰਾਂ ਸਰਵਣ ਕਰਾਈਆਂ। ਸਿੱਖ ਅਕੈਡਮੀ ਸਰੀ ਦੇ ਬੱਚਿਆਂ ਨੇ ਗੁਰੂ ਨਾਨਕ ਜਹਾਜ਼ ਤੇ ਇਕਾਂਗੀ ਪੇਸ਼ ਕੀਤੀ।
ਇਸ ਮੌਕੇ ‘ਤੇ ਹਾਜ਼ਰ ਸ਼ਖਸੀਅਤਾਂ ਵਿੱਚ ਸਿੱਖ ਸੰਸਥਾ ਸਿੱਖ ਹੈਰੀਟੇਜ ਵੈਨਕੂਵਰ ਦੇ ਸੇਵਾਦਾਰ ਤਾਜ ਸਿੰਘ, ਕਾਮਾਗਾਟਾਮਾਰੂ ਹੈਰੀਟੇਜ਼ ਫਾਊਂਡੇਸ਼ਨ ਦੇ ਹਰਭਜਨ ਸਿੰਘ ਗਿੱਲ, ਭਾਈ ਜਸਵੀਰ ਸਿੰਘ, ਜਗਰੂਪ ਸਿੰਘ ਖੇੜਾ, ਲਾਟ ਭਿੰਡਰ, ਕਰਨੈਲ ਸਿੰਘ ਦਿਓਲ ਐਡਮਿੰਟਨ, ਗੁਰਮੁਖ ਸਿੰਘ ਦਿਓਲ, ਮਨਪ੍ਰੀਤ ਸਿੰਘ ਡਰੋਲੀ, ਕੁਲਬੀਰ ਸਿੰਘ ਬਹਿਨੀਵਾਲ, ਅਵਤਾਰ ਸਿੰਘ ਗਿੱਲ, ਮਨਜੀਤ ਸਿੰਘ ਸੋਹੀ, ਬਲਵੀਰ ਸਿੰਘ ਸੰਘਾ, ਕੇਸਰ ਸਿੰਘ ਕੂਨਰ, ਜਗਤਾਰ ਸਿੰਘ ਸੰਧੂ, ਪਰਮਜੀਤ ਸਿੰਘ ਰੰਧਾਵਾ, ਮਨਜੀਤ ਸਿੰਘ ਸੋਹੀ, ਅਰਸ਼ਬੀਰ ਸਿੰਘ ਮਾਨ, ਅਨੂਪ ਸਿੰਘ ਲੁੱਡੂ, ਕੁਲਵੰਤ ਸਿੰਘ ਜੌਹਲ, ਡਾਕਟਰ ਅਵਲੀਨ ਕੌਰ, ਗੁਰਪ੍ਰੀਤ ਸਿੰਘ ਤਲਵੰਡੀ ਤੇ ਅਨੇਕਾਂ ਹੋਰ ਸ਼ਾਮਿਲ ਸਨ, ਜਦ ਕਿ ਸਿੱਖ ਮੋਟਰ ਸਾਈਕਲ ਸਵਾਰਾਂ ਦੇ ਕਲੱਬਾਂ ਦੇ ਮੋਢੀ ਅਵਤਾਰ ਸਿੰਘ ਢਿੱਲੋ ਨੇ ਸਮਾਗਮ ਵਿੱਚ ਵਿਸ਼ੇਸ਼ ਹਾਜ਼ਰੀ ਲਵਾਈ। ਪ੍ਰੋਗਰਾਮ ਦੀ ਸਫਲਤਾ ਲਈ ਪੰਜਾਬੀ ਮੀਡੀਆ ਦੇ ਅਖਬਾਰਾਂ, ਰੇਡੀਓ ਅਤੇ ਟੈਲੀਵਿਜ਼ਨਾਂ ਦਾ ਭਰਪੂਰ ਸਹਿਯੋਗ ਰਿਹਾ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਉਲੀਕੇ ਇਸ ਪ੍ਰੋਗਰਾਮ ਵਿਚ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ਼ ਨੇ ਅਹਿਮ ਭੂਮਿਕਾ ਨਿਭਾਈ। ਸਮੂਹ ਸੰਗਤਾਂ, ਸਹਿਯੋਗੀਆਂ ਅਤੇ ਵਿਸ਼ੇਸ਼ਕਰ ਮੀਡੀਏ ਦਾ ਧੰਨਵਾਦ ਡਾ. ਜਸਜੋਤ ਸਿੰਘ ਮਾਨ ਵੱਲੋਂ ਕੀਤਾ ਗਿਆ। ਕਰੀਬ ਤਿੰਨ ਘੰਟੇ ਚੱਲਿਆ ਇਹ ਪ੍ਰੋਗਰਾਮ ਯਾਦਗਾਰੀ ਹੋਰ ਨਿਬੜਿਆ ਅਤੇ ਪੰਜਾਬੀਆਂ ਤੋਂ ਇਲਾਵਾ, ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਇਸ ਦਾ ਆਨੰਦ ਮਾਣਿਆ।ਸਮਾਗਮ ਦਾ ਸੰਚਾਲਨ ਸਾਹਿਬ ਕੌਰ ਧਾਲੀਵਾਲ ਨੇ ਭਾਵਪੂਰਤ ਢੰਗ ਨਾਲ ਕੀਤਾ।
ਐਡਮਿੰਟਨ ਤੋਂ ਸਮਾਗਮ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਉਘੇ ਪੱਤਰਕਾਰ ਤੇ ਰੰਗਕਰਮੀ ਲਾਟ ਭਿੰਡਰ ਤੇ ਐਡਮਿੰਟਨ ਸਿੱਖ ਫੈਡਰੇਸ਼ਨ ਦੇ ਬਾਨੀ ਪ੍ਰਧਾਨ ਕਰਨੈਲ ਸਿੰਘ ਦਿਓਲ, ਲ਼ਖਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਗਿੱਲ ਤੇ ਹੋਰ।

Leave a Reply

Your email address will not be published. Required fields are marked *