Headlines

ਮਾਈਗ੍ਰੈਂਟਸ ਰਾਈਟਸ ਨੈੱਟਵਰਕ ਵਲੋਂ ਪ੍ਰਾਈਮ ਮਨਿਸਟਰ ਮਾਰਕ ਕਾਰਨੀ ਨੂੰ ਖੁੱਲ੍ਹਾ ਖੱਤ

ਲੇਖਕ: ਮਾਈਗ੍ਰੈਂਟਸ ਰਾਈਟਸ ਨੈੱਟਵਰਕ-ਅੰਗ੍ਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ-

(ਕੈਨੇਡਾ ਵਿੱਚ ਨਵੀਂ ਸਰਕਾਰ ਬਣਨ ਬਾਅਦ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਮੌਕੇ, ਕੈਨੇਡਾ ਵਿੱਚ ਮਾਈਗ੍ਰੈਂਟਾਂ ਲਈ ਕੰਮ ਕਰਦੀ ਜਥੇਬੰਦੀ ਮਾਈਗ੍ਰੈਂਟਸ ਰਾਈਟਸ ਨੈੱਟਵਰਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਸ ਦੇ ਕੈਬਨਿਟ ਵਿਚਲੇ ਸਾਥੀਆਂ ਨੂੰ ਇਕ ਖੁੱਲ੍ਹਾ ਖੱਤ ਲਿਖਿਆ ਹੈ। ਇਸ ਖੱਤ ਵਿੱਚ ਉਹਨਾਂ ਨੇ ਮਾਈਗ੍ਰੈਂਟਾਂ ਦੀਆਂ ਇੰਮੀਗ੍ਰੇਸ਼ਨ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਕੁੱਝ ਸਿਫਾਰਿਸ਼ਾਂ ਕੀਤੀਆਂ ਹਨ। ਉਸ ਖੱਤ ਦਾ ਪੰਜਾਬੀ ਅਨੁਵਾਦ ਪਾਠਕਾਂ ਲਈ ਪੇਸ਼ ਹੈ – ਅਨੁਵਾਦਕ)

15 ਮਈ 2025

ਪ੍ਰਾਈਮ ਮਨਿਸਟਰ ਮਾਰਕ ਕਾਰਨੀ,

ਇੰਮੀਗ੍ਰੇਸ਼ਨ ਮਨਿਸਟਰ ਲੀਨਾ ਮੈਟਲੈਜ ਦਿਆਬ,

ਜੌਬਜ਼ ਐਂਡ ਫੈਮਲੀਜ਼ ਮਨਿਸਟਰ ਪੈਟੀ ਹਾਇਦੂ ਅਤੇ

ਪਬਲਿਕ ਸੇਫਟੀ ਮਨਿਸਟਰ ਗੈਰੀ ਆਨੰਦਾ ਸੈਂਗੀਰੀ ਜੀ,

ਮਾਈਗ੍ਰੈਂਟਾਂ ਦੀ ਅਗਵਾਈ ਵਿੱਚ ਚਲਦੀ ਕੈਨੇਡਾ ਦੀ ਸਭ ਤੋਂ ਵੱਡੀ ਜਥੇਬੰਦੀ ਮਾਈਗ੍ਰੈਂਟ ਰਾਈਟਸ ਨੈੱਟਵਰਕ ਵਲੋਂ ਅਸੀਂ ਤੁਹਾਨੂੰ ਕੈਨੇਡਾ ਵਿੱਚ ਨਵੀਂ ਸਰਕਾਰ ਬਣਾਉਣ ਲਈ ਵਧਾਈ ਦਿੰਦੇ ਹਾਂ ਅਤੇ ਇੰਮੀਗ੍ਰੈਂਟਾਂ ਦੇ ਹੱਕਾਂ ਅਤੇ ਉਹਨਾਂ ਨੂੰ ਇਨਸਾਫ ਦੇਣ ਲਈ ਫੌਰੀ ਕਦਮ ਚੁੱਕਣ ਲਈ ਬੇਨਤੀ ਕਰਦੇ ਹਾਂ। ਅਸੀਂ ਤੁਹਾਡੀ ਸਰਕਾਰ ਨੂੰ ਹੇਠ ਲਿਖੇ ਕਦਮ ਚੁੱਕਣ ਦੀ ਬੇਨਤੀ ਕਰਦੇ ਹਾਂ:

 

  • ਅੰਤਰਰਾਸ਼ਟਰੀ ਵਿਦਿਆਰਥੀਆਂ, ਰਫਿਊਜੀਆਂ, ਟੈਂਪਰੇਰੀ ਫੌਰਨ ਵਰਕਰਾਂ ਅਤੇ ਬਿਨਾਂ ਕਾਗਜ਼ਾਂ ਵਾਲੇ ਲੋਕਾਂ (ਅਣਡਾਕੂਮੈਂਟਿਡ ਪੀਪਲ) ਸਮੇਤ ਕੈਨੇਡਾ ਵਿਚਲੇ ਸਾਰੇ ਮਾਈਗ੍ਰੈਂਟਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਨੂੰ ਯਕੀਨੀ ਬਣਾਉਣ ਲਈ।
  • ਸ਼ੋਸ਼ਣ ਦਾ ਕਾਰਨ ਬਣਨ ਵਾਲੇ ਕੰਮ-ਮਾਲਕਾਂ ਨਾਲ ਬੱਝੇ ਵਰਕ-ਪਰਮਿੱਟਾਂ ਨੂੰ ਖਤਮ ਕਰਨ ਲਈ।
  • ਸਾਰੇ ਮਾਈਗ੍ਰੈਂਟਾਂ ਲਈ ਸੁਰੱਖਿਆਵਾਂ ਅਤੇ ਹੱਕਾਂ ਨੂੰ ਮਜ਼ਬੂਤ ਕਰਨ ਲਈ।
  • ਪਰਿਵਾਰਾਂ ਨੂੰ ਦੋਬਾਰਾ ਇਕੱਠੇ ਕਰਨ (ਫੈਮਲੀ ਰੀਯੂਨੀਫਿਕੇਸ਼ਨ) ਨੂੰ ਪਹਿਲ ਦੇਣ ਲਈ ਅਤੇ ਪਰਿਵਾਰਾਂ ਦੀ ਜੁਦਾਈ (ਫੈਮਲੀ ਸੈਪਾਰੇਸ਼ਨ) ਨੂੰ ਖਤਮ ਕਰਨ ਲਈ।
  • ਮਾਨਵੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਾਸਤੇ ਰਫਿਊਜੀਆਂ ਲਈ ਅਮਲ ਵਿੱਚ ਸੁਧਾਰ ਕਰਨ ਲਈ

ਬਰਾਬਰੀ ਅਤੇ ਨਿਆਂ ਭਰਪੂਰ ਸਮਾਜ ਬਣਾਉਣ ਲਈ: ਜਿੱਥੇ ਕੋਈ ਵੀ ਵਰਕਰ ਪਿੱਛੇ ਨਾ ਰਹੇ

ਕੈਨੇਡਾ ਇਕ ਇਤਿਹਾਸਕ ਚੁਰਾਹੇ `ਤੇ ਖੜ੍ਹਾ ਹੈ। ਤੁਸੀਂ ਆਪਣਾ ਰਾਜਕਾਲ ਲਿੰਗ ਅਤੇ ਨਸਲ ਆਧਾਰਿਤ ਨਾਬਰਾਬਰੀਆਂ ਸਮੇਤ, ਮਹਿੰਗਾਈ (ਅਫੌਰਡੇਬਿਲਟੀ), ਆਰਥਿਕ ਅਸਥਿਰਤਾ, ਜਲਵਾਯੂ ਦੀ ਤਬਦੀਲੀ, ਦੂਸਰੇ ਮੁਲਕਾਂ ਦੇ ਲੋਕਾਂ ਵਿਰੁੱਧ ਨਾ-ਪਸੰਦਗੀ ਜਾਂ ਵਿਤਕਰੇ ਦੀ ਭਾਵਨਾ (ਜ਼ੀਨੋਫੋਬੀਆ) ਅਤੇ ਨਾਬਰਾਬਰੀ ਵਰਗੇ ਇਕ ਦੂਸਰੇ ਨਾਲ ਜੁੜੇ ਹੋਏ ਸੰਕਟਾਂ ਦੇ ਵਿਚਕਾਰ ਸ਼ੁਰੂ ਕਰ ਰਹੇ ਹੋ – ਪਰ ਇਸ ਦੇ ਨਾਲ ਨਾਲ ਵਿਕਾਸ ਅਤੇ ਖੁਸ਼ਹਾਲੀ ਲਈ ਬਹੁਤ ਵੱਡੇ ਮੌਕੇ ਵੀ ਮੌਜੂਦ ਹਨ। ਜਦੋਂ ਤੁਸੀਂ ਆਪਣੀ ਦੂਰ-ਦ੍ਰਿਸ਼ਟੀ ਨੂੰ ਲਾਗੂ ਕਰਨ ਦੀ ਸ਼ੁਰੂਆਤ ਕਰ ਰਹੇ ਹੋ, ਅਸੀਂ ਤੁਹਾਨੂੰ ਅਮਲੀ ਸਿਫਾਰਿਸ਼ਾ ਕਰ ਰਹੇ ਹਾਂ ਜੋ ਤੁਹਾਡੀਆਂ ਪਹਿਲਾਂ ਨਾਲ ਮੇਲ ਖਾਂਦੀਆਂ ਹਨ।

20 ਲੱਖ ਤੋਂ ਵੱਧ ਮਾਈਗ੍ਰੈਂਟ – ਬਿਨਾਂ ਕਾਗਜ਼ਾਂ ਵਾਲੇ ਲੋਕ (ਅਣਡਾਕੂਮੈਂਟਿਡ ਪੀਪਲ), ਟੈਂਪਰੇਰੀ ਫੌਰਨ ਵਰਕਰ, ਅੰਤਰਰਾਸ਼ਟਰੀ ਵਿਦਿਆਰਥੀ, ਰਫਿਊਜੀ ਅਤੇ ਹੋਰ – ਪਹਿਲਾਂ ਹੀ ਇੱਥੇ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ। ਉਹ ਸਾਡਾ ਖਾਣਾ ਉਗਾ ਰਹੇ ਹਨ, ਸਾਡੇ ਬੱਚਿਆਂ ਨੂੰ ਪਾਲ ਰਹੇ ਹਨ, ਸਾਡੇ ਬੀਮਾਰਾਂ ਦਾ ਖਿਆਲ ਰੱਖ ਰਹੇ ਹਨ, ਸਾਡੇ ਘਰ ਉਸਾਰ ਰਹੇ ਹਨ, ਅਤੇ ਵਸਤਾਂ ਦੀ ਸਪਲਾਈ ਨੂੰ ਚਲਦਾ ਰੱਖ ਰਹੇ ਹਨ। ਮਾਈਗ੍ਰੈਂਟ ਸਾਡੀਆਂ ਆਰਥਿਕਤਾਵਾਂ ਲਈ ਹੀ ਜ਼ਰੂਰੀ ਨਹੀਂ ਸਗੋਂ ਉਹ ਸਾਡੇ ਭਾਈਚਾਰਿਆਂ ਲਈ ਵੀ ਜ਼ਰੂਰੀ ਹਨ।

ਸੰਕਟਾਂ ਦੀਆਂ ਜੜ੍ਹਾਂ ਨਾਲ ਨਿਪਟਣ ਲਈ, ਬਲੀ ਦੇ ਬੱਕਰੇ ਬਣਾਉਣ ਲਈ ਨਹੀਂ

ਅਸੀਂ ਤੁਹਾਨੂੰ ਹਾਲ ਦੀ ਇੰਮੀਗ੍ਰੇਸ਼ਨ ਨੀਤੀ ਦੀਆਂ ਨਾਕਾਮਯਾਬੀਆਂ ਤੋਂ ਵੱਖ ਹੋਣ ਦੀ ਬੇਨਤੀ ਕਰਦੇ ਹਾਂ। ਕੈਨੇਡੀਅਨ ਸੈਂਟਰ ਫਾਰ ਪਾਲਸੀ ਅਲਟਰਨੇਟਿਵਜ਼ ਅਤੇ ਨੈਸ਼ਨਲ ਰਾਈਟ ਟੂ ਹਾਉਸਿੰਗ ਨੈੱਟਵਰਕ ਦੀ ਖੋਜ ਦਰਸਾਉਂਦੀ ਹੈ ਕਿ ਕੈਨੇਡਾ ਦੇ ਰਿਹਾਇਸ਼ੀ ਘਰਾਂ ਅਤੇ ਮਹਿੰਗਾਈ ਦੇ ਸੰਕਟ ਦਹਾਕਿਆਂ ਤੋਂ ਚੱਲੇ ਆ ਰਹੇ ਨਾ-ਕਾਫੀ ਸਰਕਾਰੀ ਨਿਵੇਸ਼, ਡੀ ਰੈਗੂਲੇਸ਼ਨ (ਨਿਯਮਾਂ ਅਤੇ ਸ਼ਰਤਾਂ ਨੂੰ ਹਟਾਉਣ), ਅਤੇ ਇਨਵੈਸਟਰਾਂ ਵਲੋਂ ਪੈਦਾ ਕੀਤੀ ਸੱਟੇਬਾਜ਼ੀ (ਸਪੈਕੂਲੇਸ਼ਨ) ਦਾ ਨਤੀਜਾ ਹਨ – ਨਾ ਕਿ ਇੰਮੀਗ੍ਰੇਸ਼ਨ ਦਾ। ਮਾਈਗ੍ਰੈਂਟਾਂ ਨੂੰ ਘਰਾਂ ਦੇ ਸੰਕਟ ਨਾਲ ਜੋੜ ਕੇ ਬਲੀ ਦਾ ਬੱਕਰਾ ਬਣਾਉਣ ਦੀ ਨਸਲਵਾਦੀ ਕਾਰਵਾਈ ਸਾਡੇ ਸਮਾਜ ਵਿੱਚ ਫੁੱਟ ਪਾਉਂਦੀ ਹੈ ਅਤੇ ਸਾਡੇ ਸਮਾਜ ਦੀਆਂ ਨਿਆਂ ਭਰਪੂਰ, ਇਕਜੁੱਟਤਾ ਵਾਲੀਆਂ ਅਤੇ ਸਭ ਨੂੰ ਸ਼ਾਮਲ ਕਰਨ ਵਾਲੀਆਂ ਕੇਂਦਰੀ ਕਦਰਾਂ ਕੀਮਤਾਂ ਨੂੰ ਕਮਜ਼ੌਰ ਕਰਦੀ ਹੈ ਜਿਹਨਾਂ ਨੂੰ ਕਾਇਮ ਰੱਖਣਾ ਕੈਨੇਡਾ ਲਈ ਜ਼ਰੂਰੀ ਹੈ। ਇੰਮੀਗ੍ਰੈਂਟਾਂ ਦੀ ਗਿਣਤੀ ਨੂੰ ਸੀਮਤ ਕਰਨਾ ਅਤੇ ਪਰਮਾਨੈਂਟ ਰੈਜ਼ੀਡੈਂਸੀ `ਤੇ ਬੰਦਸ਼ਾਂ ਲਾਉਣਾ ਸਾਡੇ ਦਰਪੇਸ਼ ਸੰਕਟਾਂ ਨੂੰ ਹੱਲ ਨਹੀਂ ਕਰਨਗੇ।

ਪਰਮਿਟਾਂ ਦੀ ਮਿਆਦ ਪੁੱਗਣ ਨਾਲ ਸੰਬੰਧਤ ਮੌਜੂਦਾ ਨੀਤੀਆਂ ਆਰਥਕ ਭੰਨ-ਤੋੜ ਕਰ ਰਹੀਆਂ ਹਨ: 12 ਲੱਖ ਦੇ ਕਰੀਬ ਲੋਕਾਂ, ਜਿਹਨਾਂ ਵਿੱਚੋਂ ਬਹੁਤੇ ਵਰਕ ਪਰਮਿਟਾਂ `ਤੇ ਹਨ, ਵਲੋਂ ਇਸ ਸਾਲ ਕੈਨੇਡਾ ਨੂੰ ਛੱਡ ਕੇ ਜਾਣ ਦਾ ਅਨੁਮਾਨ ਹੈ। ਰੌਇਲ ਬੈਂਕ ਆਫ ਕੈਨੇਡਾ ਦੀ ਇਕ ਰਿਪੋਰਟ ਮੁਤਾਬਕ ਇਹ ਅਸਥਿਰਤਾ ਸਾਲਾਨਾ ਟੈਕਸ ਆਮਦਨ ਵਿੱਚ ਤਕਰੀਬਨ 50 ਅਰਬ ਡਾਲਰ ਦੇ ਘਾਟੇ ਦੀ ਨੁਮਾਇੰਦਗੀ ਕਰਦੀ ਹੈ। ਇਸ ਦੇ ਨਾਲ ਹੀ ਇਹ ਅਸਥਿਰਤਾ ਮੁੱਖ ਸਨਅਤਾਂ ਵਿੱਚ ਬੇਲੋੜੇ ਪ੍ਰਬੰਧਕੀ ਬੋਝ ਅਤੇ ਮਜ਼ਦੂਰ ਸ਼ਕਤੀ ਵਿੱਚ ਵਿਘਨ ਪੈਦਾ ਕਰ ਰਹੀ ਹੈ। ਦੂਜੇ ਪਾਸੇ, ਕੈਨੇਡਾ ਦੇ ਕਾਨਫਰੰਸ ਬੋਰਡ ਵਲੋਂ 2024 ਵਿੱਚ ਛਪੀ ਇਕ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਟੈਪਰੇਰੀ ਰੈਜ਼ੀਡੈਂਟਸ (ਆਰਜ਼ੀ ਵਸਨੀਕਾਂ) ਲਈ ਪੱਕੇ ਹੋਣ ਦਾ ਦਰਜਾ ਪ੍ਰਾਪਤ ਕਰਨ ਦੇ ਰਸਤੇ ਵਿੱਚ ਸੁਧਾਰ ਕਰਨ ਨਾਲ 2030 ਤੱਕ ਕੈਨੇਡਾ ਦੀ ਜੀ ਡੀ ਪੀ (ਗਰੌਸ ਡੁਮੈਸਟਿਕ ਪ੍ਰੋਡਕਟ) ਵਿੱਚ 2.1% ਦਾ ਵਾਧਾ ਹੋ ਸਕਦਾ ਹੈ।

ਪਿਛਲੇ ਪੰਜ ਸਾਲਾਂ ਦੌਰਾਨ ਬਹੁਤ ਸਾਰੇ ਮਾਈਗ੍ਰੈਂਟ ਪਰਮਾਨੈਂਟ ਰੈਜ਼ੀਡੈਂਸੀ (ਪੱਕੇ ਵਸਨੀਕ ਬਣ ਸਕਣ) ਦੇ ਵਾਅਦੇ ਕਰਕੇ ਕੈਨੇਡਾ ਆਏ ਸਨ।  2024 ਵਿੱਚ ਇੰਮੀਗ੍ਰੇਸ਼ਨ ਅਤੇ ਟੈਂਪਰੇਰੀ ਫੌਰਨ ਵਰਕਰਾਂ (ਆਰਜ਼ੀ ਵਿਦੇਸ਼ੀ ਕਾਮਿਆਂ) ਦੇ ਪੱਧਰਾਂ ਨੂੰ ਘਟਾਉਣ ਦਾ ਕੀਤਾ ਐਲਾਨ ਇਸ ਵਾਅਦੇ ਨੂੰ ਤੋੜਦਾ ਹੈ, ਜਿਸ ਨਾਲ ਸਰਕਾਰ ਵਿੱਚ ਭਰੋਸਾ ਘਟਦਾ ਹੈ ਅਤੇ ਸਾਡੇ ਸਾਂਝੇ ਭਵਿੱਖ ਨੂੰ ਨੁਕਸਾਨ ਪਹੁੰਚਦਾ ਹੈ।

ਲਿੰਗ ਅਤੇ ਨਸਲ ਆਧਾਰਿਤ ਇਨਸਾਫ ਕੇਂਦਰ ਵਿੱਚ ਹੋਣਾ ਚਾਹੀਦਾ ਹੈ

ਮਾਈਗ੍ਰੈਂਟ ਔਰਤਾਂ, ਰੰਗਦਾਰ, ਕੁਈਰ ਅਤੇ ਜੈਂਡਰ ਡਾਇਵਰਸ ਲੋਕਾਂ ਨੂੰ ਸੁਰੱਖਿਆ ਅਤੇ ਹੱਕਾਂ ਬਾਰੇ ਸਭ ਤੋਂ ਵੱਧ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਕੰਮਾਂ `ਤੇ ਘੱਟ ਤਨਖਾਹ ਦਿੱਤੀ ਜਾਂਦੀ ਹੈ, ਆਪਣੇ ਕੰਮ ਮਾਲਕਾਂ ਜਾਂ ਵਿਆਹੁਤਾ ਸਾਥੀਆਂ ਨਾਲ ਬੱਝੇ ਹੋਣ ਕਰਕੇ ਲਿੰਗਕ ਅਤੇ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਪਾਇਲਟ ਪ੍ਰੋਗਰਾਮਾਂ `ਤੇ ਸੀਮਾਵਾਂ ਕਾਰਨ ਉਹ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਨ ਦੇ ਯੋਗ ਨਹੀਂ ਹਨ, ਉਹ ਸੰਤਾਨ-ਉਤਪਤੀ ਨਾਲ ਸੰਬੰਧਿਤ ਸੰਭਾਲ (ਰੀਪ੍ਰੋਡਕਟਿਵ ਕੇਅਰ)ਤੱਕ ਪਹੁੰਚ ਨਹੀਂ ਕਰ ਸਕਦੇ ਅਤੇ ਜਦੋਂ ਉਹ ਦੁਰਵਿਹਾਰ ਅਤੇ ਭੈੜੇ ਸਲੂਕ ਬਾਰੇ ਬੋਲਦੇ ਹਨ ਤਾਂ ਉਹਨਾਂ ਨੂੰ ਦੁੱਗਣੀ ਸਜ਼ਾ ਮਿਲਦੀ ਹੈ। ਇਹ ਸਮਝਣਾ ਕਿ ਔਰਤਾਂ ਅਤੇ ਐੱਲ ਬੀ ਜੀ ਟੀ ਕਿਊ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਇਕ ਮਜ਼ਬੂਤ ਅਤੇ ਸਯੁੰਕਤ ਸਮਾਜ ਅਤੇ ਆਰਥਿਕਤਾ ਲਈ ਜ਼ਰੂਰੀ ਹੈ, ਇੰਮੀਗ੍ਰੇਸ਼ਨ ਨਾਲ ਸੰਬੰਧਿਤ ਉਹਨਾਂ ਦਰਾੜਾਂ ਨੂੰ ਬੰਦ ਕਰਨਾ ਹੈ ਜੋ ਉਹਨਾਂ ਦੇ ਨਿਤਾਣੇਪਣ ਵਿੱਚ ਵਾਧਾ ਕਰਦੀਆਂ ਹਨ।

ਪਰਮਾਨੈਂਟ ਰੈਜ਼ੀਡੈਂਸੀ ਹੱਕਾਂ ਨਾਲ ਸੰਬੰਧਿਤ ਹੈ ਨਾ ਕਿ ਨੰਬਰਾਂ ਨਾਲ

ਪਿਛਲੇ ਦੋ ਸਾਲਾਂ ਦੌਰਾਨ, ਇੰਮੀਗ੍ਰੇਸ਼ਨ ਬਾਰੇ ਬਹਿਸ ਸਿਰਫ ਗਿਣਤੀ ਬਾਰੇ ਬਹਿਸ ਬਣ ਕੇ ਰਹਿ ਗਈ ਹੈ। ਪਰ ਅਸਲੀ ਮੁੱਦਾ ਇਹ ਨਹੀਂ ਹੈ ਕਿ ਇੱਥੇ ਕਿੰਨੇ ਮਾਈਗ੍ਰੈਂਟ ਰਹਿੰਦੇ ਹਨ – ਸਗੋਂ ਅਸਲੀ ਮੁੱਦਾ ਇਹ ਹੈ ਕਿ ਉਹਨਾਂ ਦੇ ਹੱਕ ਕੀ  ਹਨ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਸਤ 2024 ਵਿੱਚ ਕੰਟੈਂਪਰੇਰੀ ਫੌਰਮਜ਼ ਆਫ ਸਲੇਵਰੀ (ਸਮਕਾਲੀ ਗੁਲਾਮੀ ਦੇ ਰੂਪਾਂ) ਬਾਰੇ ਯੂਨਾਈਟਿਡ ਨੇਸ਼ਨਜ਼ ਦੇ ਖਾਸ ਨੁਮਾਇੰਦੇ ਨੇ ਕਿਹਾ ਕਿ ਕੈਨੇਡਾ ਦਾ ਟੈਂਪਰੇਰੀ ਇੰਮੀਗ੍ਰੇਸ਼ਨ ਦਾ ਸਿਸਟਮ “ਆਧੁਨਿਕ ਗੁਲਾਮੀ ਪੈਦਾ ਕਰਨ ਵਾਲੀ ਥਾਂ” ਹੈ। ਇਹ ਗੱਲ ਉਸ ਗੱਲ ਨਾਲ ਮੇਲ ਖਾਂਦੀ ਸੀ ਜਿਹੜੀ ਗੱਲ ਸਾਡੇ ਵਰਗੀਆਂ ਮਾਈਗ੍ਰੈਂਟ ਲੋਕਾਂ ਦੀਆਂ ਜਥੇਬੰਦੀਆਂ, ਅਕਾਦਮਕ ਲੋਕਾਂ ਅਤੇ ਐਡਵੋਕੇਟਾਂ ਨੇ ਲੰਮਾ ਸਮਾਂ ਪਹਿਲਾਂ ਸਪਸ਼ਟ ਕਰ ਦਿੱਤੀ ਸੀ: ਪਰਮਾਨੈਂਟ ਰੈਜ਼ੀਡੈਂਸ ਦਾ ਦਰਜਾ ਨਾ ਦੇਣ ਨਾਲ ਤਾਕਤ ਵਿੱਚ ਅਸਾਂਵਾਂਪਣ ਪੈਦਾ ਹੁੰਦਾ ਹੈ ਜਿਸ ਨਾਲ ਸ਼ੋਸ਼ਣ ਨੂੰ ਉਤਸ਼ਾਹ ਮਿਲਦਾ ਹੈ ਅਤੇ ਸਾਰਿਆਂ ਲਈ ਮਜ਼ਦੂਰੀ ਦੇ ਮਿਆਰ ਅਤੇ ਮਨੁੱਖੀ ਅਧਿਕਾਰ ਕਮਜ਼ੋਰ ਹੁੰਦੇ ਹਨ। ਇਸ ਨਾਲ ਔਰਤਾਂ, ਕਾਲਿਆਂ, ਮੂਲਵਾਸੀ ਅਤੇ ਰੰਗਦਾਰ ਮਾਈਗ੍ਰੈਂਟਾਂ `ਤੇ ਅਸਾਵਾਂ ਬੋਝ ਪੈਂਦਾ ਹੈ ਅਤੇ ਕੈਨੇਡਾ ਦੀ ਮਜ਼ਦੂਰ ਮੰਡੀ (ਲੇਬਰ ਮਾਰਕੀਟ) ਵਿੱਚ ਢਾਂਚਾਗਤ ਨਾ-ਬਰਾਬਰੀਆਂ ਡੂੰਘੀਆਂ ਹੁੰਦੀਆਂ ਹਨ।

  1. ਥੋੜ੍ਹੇ ਸਮੇਂ ਦੌਰਾਨ ਆਰਥਿਕ ਸਥਿਰਤਾ ਲਈ ਉਪਾਅ (ਪਹਿਲੇ 100 ਦਿਨਾਂ ਲਈ)

 

  • ਮਜ਼ਦੂਰ ਸ਼ਕਤੀ (ਵਰਕਫੋਰਸ) ਨੂੰ ਬਣਾਈ ਰੱਖਣ ਲਈ ਉੱਦਮ: ਉਹਨਾਂ ਵਰਕਰਾਂ ਦੇ ਪਰਮਿੱਟਾਂ ਦੀ ਮਿਆਦ ਵਧਾਉ ਜਿਹਨਾਂ ਦੇ ਪਰਮਿੱਟਾਂ ਦੀ ਮਿਆਦ 2024 ਅਤੇ 2027 ਵਿਚਕਾਰ ਖਤਮ ਹੁੰਦੀ ਹੈ, ਇਹਨਾਂ ਵਿੱਚ ਪੋਸਟ-ਗ੍ਰੈਜੂਏਟ ਵਰਕ ਪਰਮਿੱਟਾਂ ਵਾਲੇ ਉਹਨਾਂ ਵਰਕਰਾਂ ਦੇ ਪਰਮਿੱਟਾਂ ਦੀ ਮਿਆਦ ਨੂੰ ਵਧਾਉਣਾ ਵੀ ਸ਼ਾਮਲ ਹੋਵੇ ਜਿਹਨਾਂ ਨੇ ਕੈਨੇਡਾ ਵਿੱਚ ਕਈ ਸਾਲ ਪੜ੍ਹਾਈ ਕੀਤੀ ਹੈ ਅਤੇ ਕੰਮ ਕੀਤਾ ਹੈ, ਪਰ ਜਿਹਨਾਂ `ਤੇ ਇੰਮੀਗ੍ਰੇਸ਼ਨ ਬਾਰੇ ਹੋਈਆਂ ਹਾਲ ਦੀਆਂ ਨੀਤੀਆਂ ਨੇ ਨਾਂਹ-ਪੱਖੀ ਅਸਰ ਪਾਇਆ ਹੈ।
  • ਕੰਨਸਟ੍ਰਕਸ਼ਨ ਦੇ ਖੇਤਰ ਵਿੱਚ ਮਜ਼ਦੂਰ ਸ਼ਕਤੀ (ਵਰਕਫੋਰਸ) ਦੀ ਸਥਿਰਤਾ: ਬਿਨਾਂ ਕਾਗਜ਼ਾਂ ਵਾਲੇ (ਅਣਡਾਕੂਮੈਂਟਿਡ) ਵਰਕਰਾਂ ਨੂੰ ਪੱਕੇ ਕਰਨ ਦੇ (ਰੈਗੂਲਾਈਜੇਸ਼ਨ) ਪ੍ਰੋਗਰਾਮ ਲਈ ਤਿੰਨ ਪਾਰਟੀ (ਸਰਕਾਰ, ਕੰਮ-ਮਾਲਕਾਂ ਅਤੇ ਲੇਬਰ ਯੂਨੀਅਨਾਂ ਦੀ) ਕਾਊਂਸਲ ਬਣਾਉਣ ਲਈ ਫੌਰੀ ਕਦਮ ਚੁੱਕੋ। ਇਸ ਨਾਲ ਤੁਹਾਡੀ ਸਰਕਾਰ ਦੇ ਸਾਲਾਨਾ 500,000 ਘਰ ਬਣਾਉਣ ਦੇ ਵੱਡੇ ਨਿਸ਼ਾਨੇ ਦਾ ਸਿੱਧਾ ਸਮਰਥਨ ਹੁੰਦਾ ਹੈ।
  • ਸਿਹਤ ਸੰਭਾਲ ਦੇ ਖੇਤਰ ਵਿੱਚ ਮਜ਼ਦੂਰ ਸ਼ਕਤੀ (ਵਰਕਫੋਰਸ) ਨੂੰ ਬਣਾਈ ਰੱਖਣ ਲਈ ਉੱਦਮ: ਹੋਮ ਕੇਅਰ ਵਰਕਰਾਂ ਦੇ ਇੰਮੀਗ੍ਰੇਸ਼ਨ ਪ੍ਰੋਗਰਾਮ ਲਈ ਅਰਜ਼ੀਆਂ ਲੈਣਾ ਜਾਰੀ ਰੱਖੋ। ਇਸ ਪ੍ਰੋਗਰਾਮ ਨੂੰ ਖੁੱਲ੍ਹਣਸਾਰ ਹੀ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ 40,000 ਅਰਜ਼ੀਕਰਤਾ ਅਰਜ਼ੀਆਂ ਨਹੀਂ ਕਰ ਸਕੇ ਸਨ, ਜਿਸ ਕਾਰਨ ਉਹਨਾਂ ਨੂੰ ਵਰਕ ਪਰਮਿੱਟਾਂ ਦੀ ਮਿਆਦ ਪੁੱਗਣ, ਪਰਿਵਾਰਾਂ ਨਾਲ ਜੁਦਾਈ ਅਤੇ ਲਗਾਤਾਰ ਹੁੰਦੇ ਦੁਰਵਿਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਤਬਦੀਲੀ ਸਿਹਤ ਸੰਭਾਲ ਦੇ ਖੇਤਰ ਵਿੱਚ ਸਟਾਫ ਦੀ ਗੰਭੀਰ ਕਿੱਲਤ ਨਾਲ ਨਿਪਟਣ ਵਿੱਚ ਮਦਦ ਕਰੇਗੀ ਅਤੇ ਸਰਕਾਰ ਦੀ ਕੈਨੇਡਾ ਦੇ ਅੰਦਰ ਹੀ ਟੈਂਪਰੇਰੀ ਵਰਕਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਪ੍ਰਦਾਨ ਕਰਨ ਦੀ ਯੋਜਨਾ ਦਾ ਸਮਰਥਨ ਕਰੇਗੀ।
  • ਮਾਨਵਤਾ ਅਤੇ ਹਮਦਰਦੀ `ਤੇ ਆਧਾਰਿਤ ਅਰਜ਼ੀ ਕਰਨ ਦੇ ਸਿਸਟਮ (ਹਿਊਮਿਨਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨ ਸਿਸਟਮ) ਵਿੱਚ ਪ੍ਰੰਬਧਕੀ ਕੁਸ਼ਲਤਾ ਲਿਆਉਣ ਲਈ ਸੁਧਾਰ: ਅੰਤਿਰਮ ਸਿਹਤ-ਸੰਭਾਲ ਅਤੇ ਫੌਰੀ ਤੌਰ `ਤੇ ਵਰਕ/ਸਟੱਡੀ ਪਰਮਿੱਟ ਦੇਣ ਅਤੇ ਅਰਜ਼ੀਆਂ `ਤੇ ਕਾਰਵਾਈ ਕਰਨ ਦੇ ਅਮਲ ਦੌਰਾਨ ਦੇਸ਼ ਨਿਕਾਲੇ (ਡਿਪੋਰਟੇਸ਼ਨਜ਼) ਰੋਕਣ ਲਈ ਮਾਨਵਤਾ ਅਤੇ ਹਮਦਰਦੀ `ਤੇ ਆਧਾਰਿਤ ਅਰਜ਼ੀ ਕਰਨ ਦੇ ਸਿਸਟਮ (ਹਿਊਮਿਨਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨ ਸਿਸਟਮ) ਵਿੱਚ ਸੁਧਾਰ ਕਰੋ।
  1. ਮੱਧ-ਕਾਲ (ਮੀਡੀਅਮ ਟਰਮ – ਪਹਿਲੇ ਛੇ ਮਹੀਨਿਆਂ) ਦੌਰਾਨ ਆਰਥਿਕ ਵਾਧੇ ਅਤੇ ਨਿਆਂ ਲਈ ਉਪਾਅ

ੳ) ਆਰਥਕ ਵਾਧੇ ਅਤੇ ਸਮੂਹਿਕ ਭਲਾਈ ਨੂੰ ਤੇਜ਼ ਕਰਨ ਲਈ ਕੈਨੇਡਾ ਵਿਚਲੇ ਸਾਰੇ ਮਾਈਗ੍ਰੈਂਟਾਂ ਲਈ ਪਰਮਾਨੈਂਟ ਰੈਜ਼ੀਡੈਂਸ ਦਾ ਦਰਜਾ ਯਕੀਨੀ ਬਣਾਉ।

ਸਿਹਤ-ਸੰਭਾਲ ਅਤੇ ਬੱਚਿਆਂ ਦੀ ਸੰਭਾਲ:

ਸਿਹਤ-ਸੰਭਾਲ ਦੇ ਖੇਤਰ ਵਿੱਚ ਸਟਾਫ ਦੀ ਗੰਭੀਰ ਕਮੀ ਨਾਲ ਨਿਪਟਣ ਅਤੇ ਇਕ ਦਿਨ ਦੇ 10 ਡਾਲਰਾਂ ਵਾਲੀ ਬੱਚਿਆਂ ਦੀ ਸੰਭਾਲ ਨੂੰ ਲਾਗੂ ਕਰਨ ਲਈ ਜ਼ਰੂਰੀ ਵਰਕਰਾਂ ਦਾ ਸਮਰਥਨ ਕਰਨ ਲਈ ਮਾਈਗ੍ਰੈਂਟਾਂ ਅਤੇ ਬਿਨਾਂ ਕਾਗਜ਼ਾਂ ਵਾਲੇ (ਅਣਡਾਕੂਮੈਂਟਿਡ) ਕੇਅਰ ਵਰਕਰਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਦੇਣ ਦਾ ਅਮਲ ਤੇਜ਼ ਕਰੋ ਅਤੇ ਯਕੀਨੀ ਬਣਾਉ। ਇਹ ਜ਼ਰੂਰੀ ਹੈ ਕਿ ਇਸ ਪ੍ਰੋਗਰਾਮ ਅਧੀਨ ਯੋਗ ਮੰਨੇ ਜਾਣ ਵਾਲੇ ਵਰਕਰਾਂ ਵਿੱਚ ਸੰਭਾਲ ਕਰਨ ਵਾਲੀਆਂ ਥਾਂਵਾਂ (ਕੇਅਰ ਫੈਸਿਲਟੀਜ਼) ਵਿੱਚ ਕੰਮ ਕਰਦੇ ਹੋਮ ਕੇਅਰ ਵਰਕਰਾਂ, ਸਿਕਿਉਰਟੀ ਗਾਰਡਾਂ, ਕੁੱਕਾਂ, ਸਫਾਈ ਕਰਮਚਾਰੀਆਂ ਅਤੇ ਪ੍ਰਬੰਧਕੀ ਸਟਾਫ ਨੂੰ ਸ਼ਾਮਲ ਕੀਤਾ ਜਾਵੇ।

ਖੇਤੀਬਾੜੀ ਅਤੇ ਮੱਛੀ ਉਦਯੋਗ (ਐਗਰੀਕਲਚਰ ਐਂਡ ਫਿਸ਼ਰੀਜ਼)

ਫੂਡ ਸੈਕਟਰ ਵਿੱਚ ਕੰਮ ਕਰਨ ਵਾਲੇ ਮਾਈਗ੍ਰੈਂਟ ਵਰਕਰਾਂ – ਜਿਹਨਾਂ ਵਿੱਚ ਕੈਨੇਡਾ ਦੀ ਖੁਰਾਕ ਸੁਰੱਖਿਆ (ਫੂਡ ਸਿਕਿਉਰਟੀ) ਲਈ ਜ਼ਰੂਰੀ ਸੀਜ਼ਨਲ ਐਗਰੀਕਲਚਰਲ ਵਰਕਰ ਪ੍ਰੋਗਰਾਮ, ਫਿਸ਼ ਪ੍ਰੋਸੈਸਿੰਗ, ਐਕੁਆਕਲਚਰ ਅਤੇ ਬਿਨਾਂ ਕਾਗਜ਼ਾਂ ਵਾਲੇ (ਅਣਡਾਕੂਮੈਂਟਿਡ) ਵਰਕਰ ਸ਼ਾਮਲ ਹਨ – ਲਈ ਪਰਮਾਨੈਂਟ ਰੈਜ਼ੀਡੈਂਸੀ ਯਕੀਨੀ ਬਣਾਉ। ਐਗਰੀ ਫੂਡ ਇੰਮੀਗ੍ਰੇਸ਼ਨ ਪ੍ਰੋਗਰਾਮ ਨੂੰ ਦੁਬਾਰਾ ਖੋਲ੍ਹੋ ਅਤੇ ਵਧਾਉ ਅਤੇ ਜੌਬ ਆਫਰ, ਵਿਦਿਆ ਅਤੇ ਬੋਲੀਆਂ ਨਾਲ ਸੰਬੰਧਿਤ ਅੜਿੱਕਿਆਂ ਨੂੰ ਖਤਮ ਕਰੋ।

ਇੰਮੀਗ੍ਰੇਸ਼ਨ ਦਾ ਆਧੁਨਿਕਕਰਨ ਕਰੋ ਅਤੇ ਸਾਰਿਆਂ ਲਈ ਪਰਮਾਨੈਂਟ ਰੈਜ਼ੀਡੈਂਸੀ ਦੀ ਗਰੰਟੀ ਦੇਵੋ

ਪਰਮਾਨੈਂਟ ਰੈਜ਼ੀਡੈਂਸ ਦੇ ਫੈਡਰਲ ਪੱਧਰਾਂ ਨੂੰ ਵਧਾਉ।

  • ਪਰਮਾਨੈਂਟ ਰੈਜ਼ੀਡੈਂਸ ਲੈਣ ਦੇ ਯੋਗ ਹੋਣ ਲਈ ਸਾਰੇ ਕੰਮਾਂ (ਗਿੱਗ, ਘੱਟ ਤਨਖਾਹ ਵਾਲੇ, ਪਾਰਟ-ਟਾਈਮ, ਸੀਜ਼ਨਲ, ਬਿਨਾਂ ਤਨਖਾਹ ਤੋਂ ਕੀਤੇ ਜਾਣ ਵਾਲੇ, ਸਟੱਡੀ ਪਰਮਿੱਟ ਉੱਤਲੇ ਕੰਮਾਂ) ਨੂੰ ਮਾਨਤਾ ਦਿਉ।
  • ਉਮਰ, ਵਿਦਿਆ ਜਾਂ ਤਨਖਾਹ ਦੀ ਪੱਧਰ `ਤੇ ਆਧਾਰਿਤ ਵਿਤਕਰੇ ਵਾਲੇ ਨੰਬਰਾਂ ਦੇ ਸਿਸਟਮ ਨੂੰ ਖਤਮ ਕਰੋ।
  • ਸੂਬਾਈ ਨੌਮਨੀ ਪ੍ਰੋਗਰਾਮਾਂ ਅਧੀਨ ਵੰਡ ਵਿੱਚ ਵਾਧਾ ਕਰੋ।
  • ਕੰਮ-ਮਾਲਕਾਂ ਦਾ ਕੰਟਰੋਲ ਘਟਾਉਣ ਲਈ ਜੌਬ ਆਫਰ ਦੀਆਂ ਚਿੱਠੀਆਂ ਜਾਂ ਕੰਮਾ ਦੇ ਤਜਰਬੇ ਦੀਆਂ ਸ਼ਰਤਾਂ ਨੂੰ ਖਤਮ ਕਰੋ।
  • ਇੰਮੀਗ੍ਰੇਸ਼ਨ ਦੇ ਡਰਾਅਵਾਂ ਨੂੰ ਲਗਾਤਾਰਤਾ ਨਾਲ ਕੱਢੋ।
  • ਇਹ ਯਕੀਨੀ ਬਣਾ ਕੇ ਕਿ ਇੰਮੀਗ੍ਰੇਸ਼ਨ ਦੇ ਦਰਜੇ ਲਈ ਪੇਡ ਵਰਕ ਦੀ ਸ਼ਰਤ ਜ਼ਰੂਰੀ ਨਹੀਂ, ਸਾਰਿਆਂ ਲਈ ਸਵੈਮਾਣ ਅਤੇ ਬਰਾਬਰੀ ਦੀ ਗਰੰਟੀ ਕਰੋ।
  • ਕਾਗਜ਼ਾਂ ਤੋਂ ਬਿਨਾਂ ਵਾਲੇ ਲੋਕਾਂ (ਅਣਡਾਕੂਮੈਂਟਿਡ ਰੈਜ਼ੀਡੈਂਸ) ਨੂੰ ਰੈਗੂਲਰ ਕਰਨ ਲਈ ਵਿਸਤ੍ਰਿਤ ਪ੍ਰੋਗਰਾਮ ਲਾਗੂ ਕਰੋ।
  • ਸਾਰੀਆਂ ਹਿਰਾਸਤਾਂ ਅਤੇ ਦੇਸ਼-ਨਿਕਾਲਿਆਂ (ਡਿਪੋਰਟੇਸ਼ਨਾਂ) ਨੂੰ ਖਤਮ ਕਰੋ।

ਅ) ਸੁਰੱਖਿਆ, ਸਥਿਰਤਾ ਅਤੇ ਚੰਗੇ ਕੰਮ ਨੂੰ ਯਕੀਨੀ ਬਣਾਉ

ਕੰਮ-ਮਾਲਕ ਨਾਲ ਜੁੜੇ ਵਰਕ-ਪਰਮਿੱਟਾਂ ਨੂੰ ਖਤਮ ਕਰੋ।

  • 2027 ਲਈ ਪਲੈਨ ਕੀਤਾ ਜਾ ਰਿਹਾ “ਸੈਕਟਰ ਮੁਤਾਬਕ” ਵਰਕ ਪਰਮਿੱਟਾਂ ਦੇ ਤਰੁੱਟੀਆਂ ਵਾਲੇ ਮਾਡਲ ਨੂੰ ਰੱਦ ਕਰੋ ਅਤੇ ਟੈਂਪਰੇਰੀ ਫੌਰਨ ਵਰਕਰਾਂ ਦੀਆਂ ਤਨਖਾਹਾਂ ਵਿੱਚੋਂ ਹੋਰ ਕਟੌਤੀਆਂ ਕਰਨ ਦੇ ਪ੍ਰਸਤਾਵਾਂ ਨੂੰ ਰੱਦ ਕਰੋ।
  • ਬੰਦੀ ਮਜ਼ਦੂਰੀ ਵਰਗੀ ਸਥਿਤੀ ਪੈਦਾ ਕਰਨ ਵਾਲੀਆਂ ਘੰਟਿਆਂ/ਸਨਅਤ ਦੇ ਆਧਾਰਿਤ ਬੰਦਸ਼ਾਂ ਨੂੰ ਖਤਮ ਕਰੋ (ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 24 ਘੰਟੇ ਕੰਮ ਕਰਨ ਦੀ ਸੀਮਾ ਅਤੇ ਸੈਕਸ ਨਾਲ ਸੰਬੰਧਿਤ ਸਨਅਤਾਂ ਦੀਆਂ ਸੀਮਾਵਾਂ ਸਮੇਤ)।
  • ਮਾਈਗ੍ਰੈਂਟ ਵਰਕਰਾਂ ਲਈ ਘਰਾਂ ਦੇ ਨੈਸ਼ਨਲ ਪੱਧਰ ਦੇ ਅਤੇ ਤਾਮੀਲ ਕਰਵਾਏ ਜਾ ਸਕਣ ਯੋਗ ਮਿਆਰ ਲਾਗੂ ਕਰੋ।
  • ਕੰਮ ਦੇ ਮਿਆਰਾਂ (ਇੰਪਲੌਏਮੈਂਟ ਸਟੈਂਡਰਡਜ਼) ਨੂੰ ਇਕਸਾਰ ਕਰਨ ਲਈ ਅਤੇ ਅੰਤਰ-ਸੂਬਾਈ ਰਿਕਰੂਟਰਾਂ ਨੂੰ ਨਿਯਮਤ ਕਰਨ ਲਈ ਸੂਬਿਆਂ ਨਾਲ ਕੰਮ ਕਰੋ।
  • ਕਾਗਜਾਂ ਤੋਂ ਬਗੈਰ ਸਾਰੇ ਲੋਕਾਂ (ਅਣਡਾਕੂਮੈਂਟਿਡ ਪੀਪਲ) ਨੂੰ ਖੁੱਲ੍ਹੇ ਵਰਕ-ਪਰਮਿੱਟ ਦਿਉ।
  • ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਟ ਵਰਕ ਪਰਮਿੱਟਾਂ ਲਈ ਅਰਜ਼ੀ ਕਰਨ ਦੀ ਇਜਾਜ਼ਤ ਦਿੳ, ਭਾਵੇਂ ਉਹ ਕਿਸੇ ਵੀ ਪ੍ਰੋਗਰਾਮ ਵਿੱਚ ਹੋਣ ਅਤੇ ਉਹਨਾਂ ਦੀ ਪੜ੍ਹਾਈ ਕਰਨ ਦੀ ਮਿਆਦ ਕਿੰਨੀ ਵੀ ਹੋਵੇ।
  • ਸਾਰੇ ਮਾਈਗ੍ਰੈਂਟਾਂ ਨੂੰ ਯੂਨੀਅਨਾਂ ਬਣਾਉਣ ਲਈ ਪਹੁੰਚ ਪ੍ਰਦਾਨ ਕਰੋ, ਸੈਕਟਰ ਆਧਾਰਿਤ ਸਰਟੀਫਿਕੇਸ਼ਨ ਅਤੇ ਬਾਰਗੇਨਿੰਗ ਸਮੇਤ।
  • ਮਾਈਗ੍ਰੈਟਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਓਪਨ ਵਰਕ ਪਰਮਿੱਟ ਫਾਰ ਵਲਨੀਰੇਬਲ ਵਰਕਰਜ਼ ਪ੍ਰੋਗਰਾਮ (ਨਿਤਾਣੇ ਵਰਕਰਾਂ ਲਈ ਓਪਨ ਵਰਕ ਪਰਮਿੱਟ ਦੇ ਪ੍ਰੋਗਰਾਮ) ਨੂੰ ਤਬਦੀਲ ਕਰੋ, ਜਿਸ ਵਿੱਚ ਇਹ ਪੱਕਾ ਹੋਵੇ ਕਿ ਵਰਕ ਪਰਮਿੱਟ ਘੱਟੋ ਘੱਟ ਪੰਜ ਸਾਲਾਂ ਲਈ ਯੋਗ ਹੋਣ ਅਤੇ ਨਵਿਆਏ ਜਾ ਸਕਦੇ ਹੋਣ; ਵਿਸਲ-ਬਲੋਅਰਜ਼ ਲਈ ਪਰਮਾਨੈਂਟ ਰੈਜ਼ੀਡੈਂਸੀ ਦਾ ਆਟੋਮੈਟਿਕ ਰਾਹ ਹੋਵੇ; ਵਰਕ ਪਰਮਿੱਟ ਪਰਿਵਾਰ ਦੇ ਮੈਂਬਰਾਂ ਨੂੰ ਵੀ ਮਿਲਣ; ਵਾਪਸ ਜਾਣਾ ਚਾਹੁੰਦੇ ਹੋਣ ਵਾਲੇ ਵਰਕਰਾਂ ਲਈ ਸਮਰਥਨ ਦੇ ਨਾਲ ਗਲਤ ਕੰਮ ਕਰਨ ਵਾਲੇ ਕੰਮ-ਮਾਲਕਾਂ ਬਾਰੇ ਆਟੋਮੈਟਿਕ ਜਾਂਚ ਹੋਵੇ; ਇਕਸਾਰ ਅਤੇ ਪਾਰਦਰਸ਼ੀ ਨਿਯਮਾਂ ਅਧੀਨ 5-ਦਿਨਾਂ ਦੇ ਵਿੱਚ ਵਿੱਚ ਪ੍ਰੋਸੈਸਿੰਗ ਕਰਨ ਦਾ ਅਮਲ ਲਾਗੂ ਹੋਵੇ; ਬਿਨਾਂ ਕਾਗਜ਼ਾਂ ਵਾਲੇ (ਅਣਡਾਕੂਮੈਂਟਿਡ) ਮਾਈਗ੍ਰੈਂਟਾਂ ਨੂੰ ਅਰਜ਼ੀ ਕਰਨ ਦੀ ਆਗਿਆ ਹੋਵੇ; ਸਹੀ ਸਿੱਧ ਕਰਨ ਦੀ ਜ਼ਿੰਮੇਵਾਰੀ ਕੰਮ -ਮਾਲਕਾਂ `ਤੇ ਹੋਵੇ; ਅਤੇ ਰੁਜ਼ਗਾਰ ਅਤੇ ਰਿਹਾਇਸ਼ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇ।
  • ਫੈਡਰਲ ਸਰਕਾਰ ਦੇ ਦੂਜੇ ਵਿਭਾਗਾਂ ਅਤੇ ਪੁਲੀਸ ਅਤੇ ਲੇਬਰ ਮਨਿਸਟਰੀਆਂ ਸਮੇਤ ਸੂਬਾਈ ਅਤੇ ਮਿਊਂਸਪਲ ਪੱਧਰ ਦੇ ਹੋਰ ਅਦਾਰਿਆਂ ਅਤੇ ਏਜੰਸੀਆਂ ਦੇ ਨਾਲ ਕੈਨੇਡਾ ਬਾਰਡਰ ਸਰਵਿਸ ਏਜੰਸੀ ਦਾ ਗਠਜੋੜ ਅਤੇ ਭਾਈਵਾਲੀ ਖਤਮ ਕਰੋ; ਜਿਸ ਨਾਲ ਆਪਣੀ ਸੁਰੱਖਿਆ ਦੀ ਕੋਸਿ਼ਸ਼ ਕਰ ਰਹੇ ਮਾਈਗ੍ਰੈਂਟ ਬਹੁਤੀ ਵਾਰ ਮੁਜਰਮ ਬਣਾ ਦਿੱਤੇ ਜਾਂਦੇ ਹਨ।

ੲ) ਆਰਥਿਕ ਸੁਰੱਖਿਆ ਲਈ ਉਪਾਅ

ਸਾਰਿਆਂ ਲਈ ਈ ਆਈ ਦੇ ਬੈਨੇਫਿਟਾਂ ਤੱਕ ਪਹੁੰਚ ਅਤੇ ਮੁਨਾਸਬਤਾ ਵਿੱਚ ਸੁਧਾਰ ਕਰੋ। ਈ ਆਈ ਲੈਣ ਦੇ ਯੋਗ ਹੋਣ ਲਈ ਕੀਤੇ ਕੰਮ ਦੇ ਘੰਟਿਆਂ ਦੀ ਗਿਣਤੀ ਨੂੰ 360 ਕਰੋ ਅਤੇ ਹਰ ਹਫਤੇ ਲਈ ਈ ਆਈ ਬੈਨੇਫਿਟ ਘੱਟੋ ਘੱਟ 600 ਡਾਲਰ ਕਰਕੇ ਈ ਆਈ ਬੈਨੀਫਿਟਾਂ ਨੂੰ ਪਿਛਲੀ ਕਮਾਈ ਦੇ 75% ਤੱਕ ਵਧਾ ਦਿਉ।

  • ਇਹ ਪੱਕਾ ਕਰੋ ਕਿ ਸੀਜ਼ਨਲ ਮਾਈਗ੍ਰੈਂਟ ਵਰਕਰ ਦੇਸ਼ੋਂ ਬਾਹਰ ਹੁੰਦੇ ਹੋਏ ਵੀ ਈ ਆਈ ਬੈਨੇਫਿਟ ਲੈ ਸਕਦੇ ਹੋਣ।

ਸ) ਰਫਿਊਜੀਆਂ ਲਈ ਇਨਸਾਫ

 

  • ਸਰਕਾਰ ਦੀ ਸਹਾਇਤਾ ਵਾਲੇ ਰਫਿਊਜ਼ੀ ਪ੍ਰੋਗਰਾਮ ਵਿੱਚ ਵਾਧਾ ਕਰੋ।
  • ਕੈਨੇਡਾ-ਯੂ ਐੱਸ ਸੇਫ ਥਰਡ ਕੰਟਰੀ ਐਗਰੀਮੈਂਟ ਖਤਮ ਕਰੋ – ਯੂ ਐੱਸ ਰਫਿਊਜੀਆਂ ਲਈ ਸੁਰੱਖਿਅਤ ਨਹੀਂ ਹੈ।
  • ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਅਦਾਰਿਆਂ ਨਾਲ ਤਾਲਮੇਲ ਕਰਕੇ ਲੜਾਈ ਤੋਂ ਬਚ ਕੇ ਆਉਣ ਵਾਲੇ ਹੋਰ ਲੋਕਾਂ ਦੇ ਨਾਲ ਨਾਲ ਸੁਡਾਨੀ ਅਤੇ ਫਲਸਤੀਨੀ ਰਫਿਊਜੀਆਂ ਦੇ ਪੁਨਰ-ਨਿਵਾਸ ਨੂੰ ਫੌਰੀ ਤੌਰ `ਤੇ ਵਧਾਉ ਅਤੇ ਯਕੀਨੀ ਬਣਾਉ।

ਹ) ਪਰਿਵਾਰਾਂ ਨੂੰ ਇਕੱਠੇ ਕਰੋ

ਇੰਮੀਗ੍ਰੇਸ਼ਨ ਦੀਆਂ ਸਾਰੀਆਂ ਧਾਰਾਵਾਂ ਵਿੱਚ ਪਰਿਵਾਰਾਂ ਨੂੰ ਇਕੱਠੇ ਕਰਨ (ਫੈਮਲੀ ਰੀਯੂਨੀਫਿਕੇਸ਼ਨ) ਨੂੰ ਪਹਿਲ ਦਿਉ।

  • ਓਪਨ ਵਰਕ ਪਰਮਿੱਟਾਂ/ਸਟੱਡੀ ਪਰਮਿੱਟਾਂ, ਸਿਹਤ ਸੰਭਾਲ ਅਤੇ ਫੈਡਰਲ ਬੈਨੇਫਿਟਾਂ ਤੱਕ ਪਹੁੰਚ ਪ੍ਰਦਾਨ ਕਰਕੇ ਇਹ ਪੱਕਾ ਕਰੋ ਕਿ ਸਾਰੇ ਵਰਕਰ ਅਤੇ ਵਿਦਿਆਰਥੀ ਆਪਣੇ ਪਰਿਵਾਰਾਂ ਨਾਲ ਰਹਿ ਸਕਣ।

ਲਾਗੂ ਕਰਨ ਲਈ ਭਾਈਵਾਲੀ

ਤੁਹਾਨੂੰ ਉਮੀਦ, ਤੇਜ਼ੀ ਨਾਲ ਕਦਮ ਚੁੱਕਣ ਦੀ ਲੋੜ ਦੇ ਪਲੇਟਫਾਰਮ ਅਤੇ ਇਸ ਵਿਸ਼ਵਾਸ `ਤੇ ਚੁਣਿਆ ਗਿਆ ਹੈ ਕਿ ਕੈਨੇਡਾ ਉਹ ਚੀਜ਼ ਕਰ ਸਕਦਾ ਹੈ ਜਿਸ ਨੂੰ ਕਦੇ ਅਸੰਭਵ ਸਮਝਿਆ ਜਾਂਦਾ ਸੀ। ਅਸੀਂ ਤੁਹਾਨੂੰ ਕੈਨੇਡਾ ਦੀ ਆਰਥਿਕਤਾ, ਸਿਹਤ ਅਤੇ ਭਾਈਚਾਰਿਆਂ ਵਿੱਚ ਯੋਗਦਾਨ ਪਾ ਰਹੇ ਮਾਈਗ੍ਰੈਂਟਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਅਤੇ ਹੱਕਾਂ ਤੱਕ ਪਹੁੰਚ ਪ੍ਰਦਾਨ ਕਰਕੇ ਉਸ ਵਾਅਦੇ ਨੂੰ ਪੂਰਾ ਕਰਨ ਦੀ ਬੇਨਤੀ ਕਰਦੇ ਹਾਂ। ਇਹਨਾਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੇ ਅਮਲ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅਸੀਂ 30 ਦਿਨਾਂ ਦੇ ਅੰਦਰ ਅੰਦਰ ਮਨਿਸਟਰ ਆਫ ਇੰਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿੱਪ, ਮਨਿਸਟਰ ਆਫ ਜੌਬਜ਼ ਐਂਡ ਫੈਮਲੀਜ਼ ਅਤੇ ਮਨਿਸਟਰ ਆਫ ਪਬਲਿਕ ਸੇਫਟੀ ਨਾਲ ਮੀਟਿੰਗ ਲਈ ਬੇਨਤੀ ਕਰਦੇ ਹਾਂ।

ਅੱਗੇ ਜਾਣ ਦਾ ਰਸਤਾ ਟੁੱਟ ਚੁੱਕੇ ਪ੍ਰਬੰਧ ਦੀ ਮੁਰੰਮਤ ਕਰਨ ਬਾਰੇ ਨਹੀਂ- ਸਗੋਂ ਇਹ ਇਸ ਵਿੱਚ ਤਬਦੀਲੀ ਕਰਨ ਬਾਰੇ ਹੈ। ਅਤੇ ਉਹ ਕੰਮ ਹੁਣ ਸ਼ੁਰੂ ਹੁੰਦਾ ਹੈ। ਆਉ ਆਪਾਂ ਸਾਂਝੀ ਖੁਸ਼ਹਾਲੀ, ਨਿਆਂ ਅਤੇ ਸਾਰਿਆਂ ਲਈ ਮੌਕਿਆਂ ਵਾਲਾ ਭਵਿੱਖ ਉਸਾਰੀਏ। ਜ਼ਰੂਰੀ ਹੈ ਕਿ ਇਹ ਭਵਿੱਖ ਨਾਰੀਵਾਦੀ, ਨਸਲਵਾਦ ਵਿਰੋਧੀ ਅਤੇ ਸਭ ਨੂੰ ਸ਼ਾਮਲ ਕਰਨ ਵਾਲਾ ਹੋਵੇ, ਜੋ ਇਹ ਯਕੀਨੀ ਬਣਾਉਂਦਾ ਹੋਵੇ ਕਿ ਜੈਂਡਰ ਅਤੇ ਨਸਲ ਆਧਾਰਤ ਇਨਸਾਫ ਇੰਮੀਗ੍ਰੇਸ਼ਨ ਅਤੇ ਸਮਾਜ ਨਾਲ ਸੰਬੰਧਿਤ ਨੀਤੀ ਦੇ ਕੇਂਦਰ ਵਿੱਚ ਹੋਣ।

ਸੱਚੇ ਦਿਲੋਂ,

ਮਾਈਗ੍ਰੈਂਟ ਰਾਈਟਸ ਨੈੱਟਵਰਕ

 

Leave a Reply

Your email address will not be published. Required fields are marked *