ਮੇਰੇ ਵਿਦਿਆਰਥੀ ਹੀ ਮੇਰਾ ਸਰਮਾਇਆ ਹਨ-ਡਾ. ਬਰਾੜ-
ਹੇਵਰਡ, 26 ਮਈ (ਹਰਦਮ ਮਾਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਡਾ. ਬਲਵਿੰਦਰ ਕੌਰ ਬਰਾੜ ਦੇ ਸਨਮਾਨ ਵਿੱਚ ਮੂਨ ਰੈਸਟੋਰੈਂਟ ਹੇਵਰਡ ਵਿਖੇ ਇੱਕ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਦੇ ਪ੍ਰਬੰਧਕ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਡਾ. ਬਰਾੜ ਦੀ ਜਾਣ-ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਸਮਰਪਿਤ ਇਸ ਸ਼ਖ਼ਸੀਅਤ ਨੇ ਆਪਣੇ ਸੇਵਾ ਕਾਲ ਦੌਰਾਨ 35 ਵਿਦਿਆਰਥੀਆਂ ਨੂੰ ਪੀ.ਐਚ.ਡੀ. ਕਰਵਾਈ ਅਤੇ 125 ਦੀ ਕਰੀਬ ਵਿਦਿਆਰਥੀਆਂ ਦੀ ਐਮ.ਫ਼ਿਲ. ਦੇ ਥੀਸਸ ਲਿਖਣ ਲਈ ਯੋਗ ਅਗਵਾਈ ਕੀਤੀ। ਮੈਡਮ ਨੇ ਅੱਧੀ ਦਰਜਨ ਤੋਂ ਵੱਧ ਕਹਾਣੀ ਸੰਗ੍ਰਹਿ, ਤਿੰਨ ਨਾਵਲ ਅਤੇ ਸਵੈ-ਜੀਵਨੀ ਨਾਲ਼ ਪੰਜਾਬੀ ਸਾਹਿਤ ਦੀ ਝੋਲੀ ਭਰੀ ਹੈ। ਸੇਵਾ ਮੁਕਤੀ ਤੋਂ ਬਾਅਦ ਉਹ ਕੈਲਗਰੀ ਵਿਖੇ ਆਪਣੇ ਬੱਚਿਆਂ ਕੋਲ ਰਹਿ ਰਹੇ ਹਨ। ਜਿੱਥੇ ਉਹ ਇਕ ਵਿਮੈਨ ਐਸੋਸੀਏਸ਼ਨ ਦੇ ਸੰਚਾਲਕ ਹਨ। ਪ੍ਰਾਈਮ ਏਸ਼ੀਆ ਟੀਵੀ ਸਮੇਤ ਹੋਰ ਕਈ ਚੈਨਲਾਂ ਤੋਂ ਪੋਡ ਕਾਸਟਿੰਗ ਨਾਲ਼ ਜੀਵਨ ਸੇਧ ਦੇ ਕੇ ਉਨ੍ਹਾਂ ਪੰਜਾਬੀਆਂ ਦੇ ਦਿਲ ਵਿੱਚ ਵਿਸ਼ੇਸ਼ ਥਾਂ ਬਣਾਈ ਹੈ।
ਪ੍ਰਭਸ਼ਰਨ ਸਿੰਘ ਨੇ ਕਿਹਾ ਕਿ ਮੈਡਮ ਨਿੱਡਰਤਾ ਦੀ ਇੱਕ ਮਿਸਾਲ ਹਨ। ਸਦਮੇ ਵਿੱਚੋਂ ਲੰਘ ਰਹੇ ਲੋਕਾਂ ਲਈ ਰਚਿਆ ਸਾਹਿਤ ਉਨ੍ਹਾਂ ਵੱਲੋਂ ਕੀਤੀ ਵਿੱਲਖਣ ਪੇਸ਼ਕਾਰੀ ਹੈ। ਸਿਆਸਤ ਜੰਮੂ ਨੇ ਕਿਹਾ ਕਿ ਮੈਡਮ ਦੀ ਕਲਾਸ ਦਾ ਮਹੌਲ ਹਮੇਸ਼ਾ ਸ਼ਾਂਤੀ ਨਿਕੇਤਨ ਵਰਗਾ ਹੁੰਦਾ ਸੀ। ਮੈਡਮ ਦੇ ਸੁਭਾਅ ਦਾ ਮੀਰੀ ਗੁਣ ਹੋਣ ਕਰ ਕੇ ਵਿਦਿਆਰਥੀ ਉਨ੍ਹਾਂ ਨਾਲ਼ ਲੋੜ ਮੁਤਾਬਿਕ ਰਿਸ਼ਤਾ ਕਾਇਮ ਕਰ ਲੈਂਦੇ ਸਨ। ਹਰ ਵਿਅਕਤੀ ਨੂੰ ਉਨ੍ਹਾਂ ਦੇ ਘਰ ਜਾਣ ਦੀ ਤੇ ਮਨ ਭਾਉਂਦਾ ਖਾਣ ਦੀ ਪੂਰੀ ਖੁੱਲ੍ਹ ਹੁੰਦੀ ਸੀ। ਸੁਖਵਿੰਦਰ ਸਿੰਘ (ਸੁੱਖਾ) ਨੇ ਸਿਆਸਤ ਜੰਮੂ ਦੇ ਇਸ ਕਥਨ ਦੀ ਪ੍ਰੋੜ੍ਹਤਾ ਕੀਤੀ।
ਮੈਡਮ ਬਰਾੜ ਨੇ ਸਭ ਦੇ ਰੂਬਰੂ ਹੁੰਦੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਭ ਤੋਂ ਵੱਡਾ ਤੋਹਫ਼ਾ ਕਿਸੇ ਨੂੰ ਸਮਾਂ ਦੇਣਾ ਹੁੰਦਾ ਹੈ ਜੋ ਤੁਸੀਂ ਮੈਨੂੰ ਦੇ ਰਹੇ ਹੋ। ਸਮਾਂ, ਵਿਅਕਤੀ ਤੇ ਸੰਬੰਧ ਖ਼ਤਮ ਹੋਣ ਤੋਂ ਬਾਅਦ ਹੀ ਯਾਦ ਆਉਂਦੇ ਹਨ। ਭਰ ਜਵਾਨੀ ਵਿੱਚ ਜੀਵਨ ਸਾਥੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਹੁੰਗਾਰੇ ਨਾਲ਼ ਹੀ ਆਪਣੇ ਆਪ ਨੂੰ ਜਿਊਣ ਯੋਗ ਬਣਾਇਆ ਹੈ। ਉਨ੍ਹਾਂ ਕਿ ਵਿਦਿਆਰਥੀ ਉਨ੍ਹਾਂ ਦਾ ਸਰਮਾਇਆ ਹਨ। ‘ਮੈਨੂੰ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਵਿਦਿਆਰਥੀ ਮੈਨੂੰ ਕਿਉਂ ਏਨਾ ਪਸੰਦ ਕਰਦੇ ਹਨ ਤਾਂ ਮੇਰਾ ਜਵਾਬ ਹੁੰਦਾ ਹੈ: ਮੇਰੀਆਂ ਘੂਰੀਆਂ ਤੇ ਚੂਰੀਆਂ’। ਉਨ੍ਹਾਂ ਨੇ ਵਿਦਿਆਰਥੀਆਂ ਨਾਲ਼ ਗੁਜ਼ਾਰੇ ਪਲਾਂ ਨੂੰ ਯਾਦ ਕਰਦੇ ਹੋਏ ਜ਼ਿੰਦਗੀਆਂ ਦੀਆਂ ਤਲਖ਼ ਹਕੀਕਤਾਂ ਵੀ ਸਾਂਝੀਆਂ ਕੀਤੀਆਂ। ਇਹ ਵੀ ਦੱਸਿਆ ਕਿ ਭੀੜੀਆਂ ਗਲ਼ੀਆਂ ਵਿੱਚੋਂ ਨਿਕਲਦੇ ਹੋਏ ਮਨ ’ਤੇ ਜੋ ਝਰੀਟਾਂ ਆਉਂਦੀਆਂ ਹਨ ਉਨ੍ਹਾਂ ਨੂੰ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ। ਹਰ ਆਦਮੀ ਦੇ ਅੰਦਰ ਕੁਝ ਵਹਿਸ਼ੀ ਆਵਾਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੀ ਵਿੱਲਖਣ ਤੇ ਸਰਲ ਭਾਸ਼ਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਫੋਕ ਲੋਰ ’ਤੇ ਪੀ.ਐਚ.ਡੀ. ਕੀਤੀ…ਇਸ ਸਫ਼ਰ ਦੌਰਾਨ ਉਨ੍ਹਾਂ ਨੂੰ ਲੋਕਾਂ ਕੋਲ ਜਾਣਾ ਪਿਆ, ਉਨ੍ਹਾਂ ਵਰਗੇ ਬਣਨਾ ਪਿਆ ਅਤੇ ਇਸ ਤਜ਼ਰਬੇ ਵਿੱਚੋਂ ਉਨ੍ਹਾਂ ਦੀ ਭਾਸ਼ਾ ਲੋਕਾਂ ਦੇ ਹਾਣ ਦੀ ਹੋ ਕੇ ਨਿੱਕਲੀ। ਅਮਰੀਕਾ ਵਿੱਚ ਬੱਚਿਆਂ ਦੇ ਪੰਜਾਬੀ ਨਾ ਬੋਲਣ ਦੇ ਕਾਰਣ ਬਾਰੇ ਉਨ੍ਹਾਂ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡਾ ਵਿੱਚ ਬੱਚੇ ਘਰਾਂ ਵਿੱਚ ਪੰਜਾਬੀ ਹੀ ਬੋਲਦੇ ਹਨ। ਇਹ ਮਾਪਿਆਂ ਵੱਲੋਂ ਕੀਤੇ ਯਤਨਾਂ ਦਾ ਹੀ ਫ਼ਲ ਹੈ।
ਅੰਤ ਵਿੱਚ ਲਾਜ ਨੀਲਮ ਸੈਣੀ ਨੇ ਇਹ ਖ਼ੂਬਸੂਰਤ ਪ੍ਰੋਗਰਾਮ ਨੂੰ ਉਲੀਕਣ ਲਈ ਪ੍ਰੋ. ਬਲਜਿੰਦਰ ਸਿੰਘ ਦਾ ਅਤੇ ਦੂਰੋਂ ਨੇੜਿਓਂ ਚੱਲ ਕੇ ਆਉਣ ਲਈ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਡਮ ਬਾਰੇ ਸੁਣਿਆਂ ਤਾਂ ਬਹੁਤ ਸੀ ਪਰ ਅੱਜ ਉਨ੍ਹਾਂ ਦੇ ਵਿਚਾਰ ਸੁਣ ਕੇ ਬਹੁਤ ਚੰਗਾ ਲੱਗਿਆ। ਇਹ ਸ਼ਾਮ ਇੱਕ ਖ਼ੂਬਸੂਰਤ ਯਾਦ ਬਣ ਕੇ ਸਾਡੇ ਚੇਤਿਆਂ ਵਿੱਚ ਵਸੀ ਰਹੇਗੀ। ਇਸ ਮਿਲਣੀ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ. ਸੁਖਦੇਵ ਸਿੰਘ, ਦਰਸ਼ਨ ਗਿੱਲ, ਇੰਦਰਜੀਤ ਕੌਰ, ਸੋਨੀਆਂ ਧਾਮੀ, ਹਰਮਿੰਦਰ ਸਿੰਘ, ਸਨਾ ਗਿੱਲ, ਰਵਨੀਤ ਗਿੱਲ, ਇਕਬਾਲ ਸਿੰਘ, ਇੰਦਰਜੀਤ ਕੌਰ, ਸਤਿੰਦਰ ਕੌਰ, ਜਸਵੰਤ ਕੌਰ, ਸਤਬੀਰ ਸਿੰਘ, ਗੁਰਵਿੰਦਰ ਕੌਰ, ਸਰਬਜੀਤ ਸਿੰਘ ਗਿੱਲ, ਪਰਮਜੀਤ ਕੌਰ ਗਿੱਲ, ਲਖਵੀਰ ਸਿੰਘ, ਰਵਿੰਦਰ ਕੌਰ ਅਤੇ ਰਵਿੰਦਰ ਸਿੰਘ ਸ਼ਾਮਲ ਸਨ।