ਸਰੀ, 25 ਮਈ (ਹਰਦਮ ਮਾਨ)-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਸਾਲ 2025 ਦਾ ਪਹਿਲਾ ਪਿਕਨਿਕ ਟੂਰ ਵਿਕਟੋਰੀਆ ਵਿਖੇ ਲਾਇਆ ਗਿਆ। ਟੂਰ ਦੌਰਾਨ ਸੀਨੀਅਰਜ਼ ਨੇ ਵਿਕਟੋਰੀਆ ਵਿਖੇ ਪਾਰਲੀਮੈਂਟ ਹਾਊਸ ਦੇ ਦਰਸ਼ਨ ਕੀਤੇ ਅਤੇ ‘ਗੋਲਡ ਸਟਰੀਮ ਪ੍ਰੋਵਿਨਸ਼ੀਅਲ ਪਾਰਕ’ ਵਿਚ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਰਾਹੀਂ ਖੂਬ ਮਨੋਰੰਜਨ ਕੀਤਾ।
ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਹ ਟੂਰ ਸੀਨੀਅਰ ਸੈਂਟਰ ਤੋਂ ਸਵੇਰੇ ਬੱਸ ਰਾਹੀਂ ਸ਼ੁਰੂ ਹੋਇਆ ਅਤੇ ਇਸ ਸੰਸਥਾ ਦੇ ਸਕੱਤਰ ਹਰਚੰਦ ਸਿੰਘ ਗਿੱਲ ਨੇ ਪਿਕਨਿਕ ਲਈ ਜਾ ਰਹੇ ਸਾਰੇ 56 ਸੀਨੀਅਰ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ। ਉਹਨਾਂ ਪਿਛਲੇ ਦਿਨਾਂ ਵਿਚ ਸਦੀਵੀ ਵਿਛੋੜਾ ਦੇ ਗਏ ਸੀਨੀਅਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੂੰ ਯਾਦ ਕੀਤਾ ਅਤੇ ਇਸ ਟੂਰ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਪਿਕਨਿਕ ਦਾ ਆਨੰਦ ਮਾਣਨ ਲਈ ਸਭਨਾਂ ਤੋਂ ਸਹਿਯੋਗ ਦੀ ਮੰਗ ਕੀਤੀ। ਟੂਰ-ਬੱਸ ਰਵਾਨਗੀ ਸਮੇਂ ਗੁਰਮੀਤ ਸਿੰਘ ਸੇਖੋਂ ਨੇ ਗੁਰਬਾਣੀ ਦਾ ਇੱਕ ਸ਼ਬਦ ਗਾ ਕੇ ਇਸ ਟੂਰ ਦੀ ਸਫਲਤਾ ਲਈ ਕਾਮਨਾ ਕੀਤੀ।
ਬੀਸੀ ਫੈਰੀ ਰਾਹੀਂ ਸਮੁੰਦਰੀ ਲਹਿਰਾਂ ਦਾ ਲੁਤਫ਼ ਲੈਂਦੇ ਹੋਏ ਸੀਨੀਅਰ ਸਿਟੀਜ਼ਨ ਬਾਅਦ ਦੁਪਹਿਰ ਵਿਕਟੋਰੀਆ ਵਿਖੇ ਪਹੁੰਚੇ ਅਤੇ ਬੀਸੀ ਪਾਰਲੀਮੈਂਟ ਹਾਊਸ ਬਿਲਡਿੰਗ ਦੇ ਸਾਹਮਣੇ ਪਾਰਕ ਵਿਚ ਕੁਝ ਪਲ ਰੌਣਕਾਂ ਤੇ ਆਸ ਪਾਸ ਦੇ ਨਜ਼ਾਰਿਆਂ ਨੂੰ ਮਾਣਿਆ। ਉਪਰੰਤ ਇਹ ਸਾਰੇ ਸੀਨੀਅਰਜ਼ ਗੋਲਡ ਸਟਰੀਮ ਪ੍ਰੋਵਿਨਸ਼ੀਅਲ ਪਾਰਕ ਵਿਖੇ ਪਹੁੰਚੇ ਅਤੇ ਕੁਝ ਘੰਟੇ ਉੱਥੋਂ ਦੇ ਨਜ਼ਾਰਿਆਂ ਨੂੰ ਮਾਣਿਆ। ਇੱਥੇ ਹੀ ਸ਼ਾਇਰੀ ਨਾਲ ਪ੍ਰੇਮ ਕਰਨ ਵਾਲੇ ਦੋਸਤਾਂ ਨੇ ਕਵਿਤਾਵਾਂ ਰਾਹੀਂ ਰੰਗਾ ਰੰਗ ਮਾਹੌਲ ਸਿਰਜਿਆ। ਇਸ ਕਾਵਿ-ਮਹਿਫ਼ਿਲ ਵਿਚ ਮਨਜੀਤ ਸਿੰਘ ਮੱਲ੍ਹਾ, ਬੇਅੰਤ ਸਿੰਘ ਢਿੱਲੋਂ, ਗੁਰਮੇਜ ਸਿੰਘ ਧਾਲੀਵਾਲ, ਸੂਰਜ ਮੱਲ ਚਾਹਲ, ਗੁਰਮੀਤ ਸਿੰਘ ਸੇਖੋਂ, ਗੁਰਮੀਤ ਸਿੰਘ ਕਾਲਕਟ, ਹਰਚੰਦ ਸਿੰਘ ਗਿੱਲ, ਮਲੂਕ ਚੰਦ ਕਲੇਰ ਅਤੇ ਗੁਰਦਰਸ਼ਨ ਸਿੰਘ ਤਤਲਾ ਨੇ ਸ਼ਾਇਰੀ ਦੇ ਵੱਖ ਵੱਖ ਰੰਗ ਪੇਸ਼ ਕੀਤੇ। ਮਨਜੀਤ ਸਿੰਘ ਮੱਲ੍ਹਾ ਨੇ ਨਾਮਵਰ ਸ਼ਾਇਰ ਜਸਵਿੰਦਰ ਅਤੇ ਹਰਦਮ ਮਾਨ ਦੀਆਂ ਗ਼ਜ਼ਲਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤਾ। ਹਰਚੰਦ ਸਿੰਘ ਗਿੱਲ ਨੇ ਇਸ ਮਹਿਫ਼ਿਲ ਦਾ ਸੰਚਾਲਨ ਕੀਤਾ।
ਪਾਰਕ ਤੋਂ ਰਵਾਨਾ ਹੋ ਕੇ ਫੈਰੀ ਰਾਹੀਂ ਸਾਰੇ ਸੀਨੀਅਰਜ਼ ਵਾਪਸ ਸੀਨੀਅਰ ਸੈਂਟਰ ਸਰੀ ਪਹੁੰਚੇ। ਅਵਤਾਰ ਸਿੰਘ ਢਿੱਲੋਂ ਨੇ ਪਿਕਨਿਕ ਨੂੰ ਸਫਲ ਬਣਾਉਣ ਲਈ ਸਭਨਾਂ ਦਾ ਧੰਨਵਾਦ ਕੀਤਾ।