ਐਮ ਐਲ ਏ ਗੁਰਿੰਦਰ ਬਰਾੜ, ਹੈਪੀ ਮਾਨ ਤੇ ਕਲੱਬ ਦੇ ਅਹੁਦੇਦਾਰਾਂ ਵਲੋਂ ਟੂਰਨਾਮੈਂਟ ਦਾ ਪੋਸਟਰ ਜਾਰੀ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ 8 ਵੇ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ ਜੋ ਕੇ 30,31 ਮਈ ਅਤੇ 1 ਜੂਨ ਨੂੰ ਜੈਨਸਿਸ ਸੈਂਟਰ ਵਿੱਚ ਐਲਬਰਟਾ ਕੱਪ 2025 ਦੇ ਨਾਮ ਹੇਠ ਆਯੋਜਿਤ ਕੀਤਾ ਜਾਵੇਗਾ ਦਾ ਪੋਸਟਰ ਰਿਲੀਜ ਅਤੇ ਮੀਡੀਆ ਬ੍ਰੀਫਿੰਗ ਕੀਤਾ ਗਿਆ । ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਕੁੱਲ 30 ਟੀਮਾਂ ਬਾਰੇ ਜਾਣਕਾਰੀ ਵੀ ਸਾਂਝੀ ਕਰਦੇ ਹੋਏ ਮੁੱਖ ਪ੍ਰਬੰਧਕ ਮਨਦੀਪ ਝੱਲੀ ਨੇ ਦੱਸਿਆ ਕਿ ਕੈਲਗਰੀ ਵਿੱਚ ਇਹ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ, ਜਿਸ ਵਿੱਚ ਪੁਰਸ਼ਾਂ ਦੇ ਡਿਵੀਜ਼ਨ ਵਿੱਚ ਮੈਕਸੀਕੋ, ਅਮਰੀਕਾ ਅਤੇ ਪੂਰੇ ਕੈਨੇਡਾ ਦੀਆਂ ਟੀਮਾਂ ਭਾਗ ਲੈਣਗੀਆਂ। ਐਲਬਰਟਾ ਕੱਪ 2025 ਵਿੱਚ ਹਾਕੀ ਦੇ ਨਾਲ ਨਾਲ ਰੱਸਾਕਸ਼ੀ , ਤਾਸ਼ ਸੀਪ, ਗਿੱਧਾ ਭੰਗੜਾ, ਅੰਡਰ 10 ਰੇਸ ਵੀ ਹੋਵੇਗੀ।ਆਖ਼ਰੀ ਦਿਨ ਲੱਕੀ ਡਰਾਅ ਵਿੱਚ ਟੀ ਵੀ ਤੇ ਹੋਰ ਇਨਾਮ ਕੱਢੇ ਜਾਣਗੇ । ਟੂਰਨਾਮੈਂਟ ਸ਼ੁੱਕਰਵਾਰ ਸ਼ਾਮ 4 ਵਜੇ ਸ਼ੁਰੂ ਹੋਵੇਗਾ ਅਤੇ ਐਤਵਾਰ ਸ਼ਾਮ 6 ਵਜੇ ਸਮਾਪਤ ਹੋਵੇਗਾ ।
ਅੱਜ ਪੋਸਟਰ ਜਾਰੀ ਕਰਨ ਸਮੇਂ ਅਲਬਰਟਾ ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ , ਐਮ ਐਲ ਏ ਗੁਰਿੰਦਰ ਬਰਾੜ ,ਗੁਰਵਰਿੰਦਰ ਧਾਲੀਵਾਲ,ਰਣਬੀਰ ਪਰਮਾਰ ਸਾਬਕਾ ਪ੍ਰਧਾਨ ਗੁਰਦੁਆਰਾ ਦਸਮੇਸ਼ ਕਲਚਰ ਤੋਂ ਇਲਾਵਾ ਮਨਦੀਪ ਝੱਲੀ ,ਕੰਵਲ ਢਿੱਲੋਂ ਪ੍ਰਧਾਨ ,ਸੁਰਿੰਦਰ ਸਿੰਘ, ਮਨਵੀਰ ਗਿੱਲ, ਕੁਲਵੰਤ ਬਰਾੜ, ਮਨਵੀਰ ਮਾਂਗਟ, ਅਤੇ ਸਾਰੇ ਯੂਨਾਈਟਿਡ, ਫੀਲਡ ਹਾਕੀ ਕਲੱਬ ਦੇ ਖਿਡਾਰੀ , ਮਾਪੇ ਅਤੇ ਸਪਾਂਸਰ ਪਰਮੀਤ ਪਲਾਹਾ ਮੌਜੂਦ ਸਨ। ਮਨਦੀਪ ਝੱਲੀ ਨੇ ਕਲੱਬ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ 2024 ਵਿੱਚ ਇਸ ਕਲੱਬ ਵਿੱਚੋ 7 ਖਿਡਾਰੀ ਐਲਬਰਟਾ ਦੀ ਟੀਮ ਵਿੱਚ ਚੁਣੇ ਗਏ ਅਤੇ ਕਲੱਬ ਦੇ ਤਿੰਨ ਖਿਡਾਰੀਆਂ ਨੇ ਕਨੇਡਾ ਦੀ ਹਾਕੀ ਅੰਡਰ 17 ਟੀਮ ਦੀ ਨੁਮਾਇੰਦਗੀ ਕੀਤੀ । ਉਹਨਾਂ ਕੈਲਗਰੀ ਵਾਸੀਆਂ ਨੂੰ ਅਪੀਲ ਕੀਤੀ ਕਿ 30 ਮਈ ਤੋਂ 1 ਜੂਨ ਤੱਕ ਇਸ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ ਵਿੱਚ ਹੁੰਮਹੁਮਾਕੇ ਪੁੱਜੋ। ਇਹ ਕਲੱਬ ਪਿਛਲੇ 8 ਸਾਲਾਂ ਤੋਂ ਬੱਚਿਆਂ ਨੂੰ ਹਾਕੀ ਨਾਲ ਜੋੜਨ ਲਈ ਕੰਮ ਕਰ ਰਿਹਾ ਹੈ ਜਿਸ ਤਹਿਤ ਮੁਫਤ ਹਾਕੀ ਦੀ ਕੋਚਿੰਗ ਲਈ ਸੰਪਰਕ ਕੀਤਾ ਜਾ ਸਕਦਾ ਹੈ। ਸੰਪਰਕ ਨੰਬਰ ਹੈ 403-973-1012.