Headlines

ਕਿੰਗ ਚਾਰਲਸ ਤੀਜੇ ਨੇ ਕੈਨੇਡਾ ਦੀ ਵਿਲੱਖਣ ਪਛਾਣ ਤੇ ਪ੍ਰਭੂਸੱਤਾ ਨੂੰ ਦ੍ਰਿੜਾਇਆ

ਓਟਵਾ ( ਦੇ ਪ੍ਰ ਬਿ)- ਕਿੰਗ ਚਾਰਲਸ ਤੀਜੇ ਨੇ ਮੰਗਲਵਾਰ ਨੂੰ ਓਟਾਵਾ ਵਿੱਚ ਕੈਨੇਡਾ ਦੀ 45ਵੀਂ ਸੰਸਦ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੀ ਵਿਲੱਖਣ ਪਛਾਣ ਅਤੇ ਆਰਥਿਕ ਖੇਤਰ ਵਿਚ ਨਵੀਂ ਤਬਦੀਲੀ ਦੀ ਸਮਰੱਥਾ ਦੇ ਮੌਕਿਆਂ ਅਤੇ ਕੈਨੇਡਾ ਦੀ ਕੌਮਾਂਤਰੀ ਮੰਚ ਉਪਰ ਸ਼ਾਨਦਾਰ ਭੂਮਿਕਾ ਨੂੰ ਦ੍ਰਿੜਾਇਆ।

ਕਿੰਗ  ਚਾਰਲਸ ਤੀਜੇ ਨੇ ਮੰਗਲਵਾਰ ਨੂੰ 45ਵੀਂ ਸੰਸਦ ਦਾ ਉਦਘਾਟਨ ਕਰਦਿਆਂ ਫੈਡਰਲ ਸਰਕਾਰ ਦੀ ਥਰੋਨ ਸਪੀਚ ਵਿਚ   ਕੈਨੇਡਾ ਦੀ ਪ੍ਰਭੂਸੱਤਾ ਦੀ ਪੁਸ਼ਟੀ ਕਰਦਿਆਂ “ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੈਨੇਡੀਅਨ ਅਰਥਵਿਵਸਥਾ ਵਿੱਚ ਸਭ ਤੋਂ ਵੱਡੀ ਤਬਦੀਲੀ ਦੇ ਵਾਅਦੇ ਨੂੰ ਦੁਹਰਾਇਆ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫਤਰ ਦੁਆਰਾ ਕਿੰਗ ਦੇ ਦਫਤਰ ਨਾਲ ਸਲਾਹ-ਮਸ਼ਵਰਾ ਨਾਲ ਤਿਆਰ ਕੀਤੇ ਥਰੋਨ ਸਪੀਚ ਵਿਚ ਲਿਬਰਲ ਸਰਕਾਰ ਦੇ  ਉਦਾਰਵਾਦੀ ਚੋਣ ਵਾਅਦਿਆਂ ਨੂੰ ਛੂਹਿਆ ਗਿਆ, ਜਿਸ ਵਿੱਚ ਮੱਧ-ਵਰਗ ਟੈਕਸ ਵਿੱਚ ਕਟੌਤੀ, ਅੰਤਰ-ਰਾਜੀ ਵਪਾਰ ਰੁਕਾਵਟਾਂ ਨੂੰ ਦੂਰ ਕਰਨਾ  ਅਤੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀਆਂ ਤੇਜ਼ ਪ੍ਰਵਾਨਗੀਆਂ ਸ਼ਾਮਲ ਹਨ।

ਕਿੰਗ ਅਤੇ ਕੁਵੀਨ ਕੈਮਿਲਾ ਸੰਸਦੀ ਇਮਾਰਤ ਵਿਚ ਇਕ ਸ਼ਾਹੀ ਘੋੜਾ ਗੱਡੀ ਰਾਹੀਂ  ਗਵਰਨਰ-ਜਨਰਲ ਮੈਰੀ ਸਾਈਮਨ ਅਤੇ ਉਸਦੇ ਪਤੀ ਵਿਟ ਫਰੇਜ਼ਰ ਦੇ ਨਾਲ ਪੁੱਜੇ। ਸੜਕਾਂ ਤੇ ਖੜੇ ਲੋਕ ਸ਼ਾਹੀ ਜੋੜੇ ਦੀ ਇੱਕ ਝਲਕ ਪਾਉਣ ਲਈ ਉਤਸੁਕ ਕੇ ਹੱਥ ਹਿਲਾਕੇ ਉਨਾਂ ਦਾ ਸਵਾਗਤ ਕਰਦੇ ਨਜ਼ਰ ਆਏ ।

ਬੈਂਕ ਆਫ਼ ਕੈਨੇਡਾ ਅਤੇ ਬੈਂਕ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦੇ ਆਗੂ ਬਣਨ ਤੇ ਫੈਡਰਲ ਚੋਣਾਂ ਜਿੱਤਕੇ ਪ੍ਰਧਾਨ ਮੰਤਰੀ ਦੇ ਅਹੁਦੇ ਉਪਰ ਪੁੱਜਣ ਉਪਰੰਤ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟੇ ਬਣਾਉਣ ਦੀਆਂ ਧਮਕੀਆਂ ਉਪਰੰਤ ਕਿੰਗ ਚਾਰਲਸ ਤੀਸਰੇ ਨੂੰ ਪਾਰਲੀਮੈਂਟ ਦੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਬੁਲਾਇਆ ਸੀ ਤਾਂਕਿ ਅਮਰੀਕਾ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਪੱਸ਼ਟ ਸੰਦੇਸ਼ ਦਿੱਤਾ ਜਾ ਸਕੇ।  ਕਿੰਗ ਚਾਰਲਸ ਨੇ ਕੈਨੇਡਾ ਦੇ ਮੁਖੀ ਵਜੋਂ ਸੰਬੋਧਨ ਕਰਦਿਆਂ ਦੇਸ਼ ਦੀ ਪ੍ਰਭੂਸੱਤਾ ਤੇ ਜ਼ੋਰ ਦਿੰਦਿਆਂ ਕੈਨੇਡਾ ਦੀ ਵਿਲੱਖਣ ਪਛਾਣ ਨੂੰ ਪਕੇਰਾ ਕੀਤਾ। ਉਹਨਾਂ ਹੋਰ ਕਿਹਾ ਕਿ ਮੈਨੂੰ ਹਮੇਸ਼ਾ ਕੈਨੇਡਾ ਦੀ ਵਿਲੱਖਣ ਪਛਾਣ ਤੇ ਖੁਸ਼ੀ ਹੁੰਦੀ ਹੈ, ਜਿਸਨੂੰ ਦੁਨੀਆ ਭਰ ਵਿੱਚ ਮਾਨਤਾ ਪ੍ਰਾਪਤ ਹੈ। ਉਹਨਾਂ ਮਹਾਰਾਣੀ ਐਲਿਜਾਬੈਥ ਵਲੋਂ 1957 ਵਿਚ ਕੈਨੇਡਾ ਦੀ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਕੀਤੇ ਜਾਣ ਦੀ ਇਤਿਹਾਸਕ ਘਟਨਾ ਨੂੰ ਯਾਦ ਕਰਦਿਆਂ ਕੈਨੇਡਾ ਨਾਲ ਆਪਣੇ ਨੇੜਲੇ ਰਿਸ਼ਤਿਆਂ ਦਾ ਜਿ਼ਕਰ ਕੀਤਾ।  ਇਹ ਉਹਨਾਂ ਵਲੋਂ ਕੈੇਨੇਡਾ ਦਾ 20ਵਾਂ ਦੌਰਾ ਸੀ।

 

Leave a Reply

Your email address will not be published. Required fields are marked *