ਲੇਖਕ-ਅਮਰਜੀਤ ਕੌਂਕੇ
ਸਮੀਖਿਆਕਾਰ- ਡਾ ਕੁਲਵਿੰਦਰ ਬਾਠ-
ਲਫ਼ਜ਼ਾਂ ਅਤੇ ਸ਼ਬਦਾਂ ਦੀ ਜਾਦੂਗਰੀ ਵਾਲਾ ਮਿਠਬੋਲੜਾ ਅਮਰਜੀਤ ਕੌਂਕੇ ਇੱਕ ਸਮਰੱਥ, ਸੰਵੇਦਨਸ਼ੀਲ ਅਤੇ ਖ਼ੂਬਸੂਰਤ ਰੂਹ ਵਾਲਾ ਲੇਖਕ ਹੈ। ਉਸ ਦੀ ਲੇਖਣੀ ਅਤੇ ਸੁਹਿਰਦ ਪਾਠਕਾਂ ਦਾ ਘੇਰਾ ਵੀ ਉਸ ਦੀ ਸੋਚਣੀ ਵਾਂਗ ਹੀ ਵਿਸ਼ਾਲ ਅਤੇ ਬਾਕਮਾਲ ਹੈ। ਪੰਜਾਬੀ ਅਤੇ ਹਿੰਦੀ ਵਿੱਚ ਰਚੀਆਂ ਦਰਜਨਾਂ ਕਿਤਾਬਾਂ ਤੋਂ ਇਲਾਵਾ ਅਨੇਕਾਂ ਈ ਪੁਸਤਕਾਂ ਦਾ ਅਨੁਵਾਦ ਕਰ ਚੁੱਕੇ ਅਮਰਜੀਤ ਕੌਂਕੇ ਦੀ ਝੋਲੀ ਵੀ ਸਨਮਾਨਾਂ ਨਾਲ ‘ਉੱਲਰ’ ਰਹੀ ਹੈ। ਦਹਾਕਿਆਂ ਤੋਂ ਮਿਆਰੀ ਪੰਜਾਬੀ ਮੈਗਜ਼ੀਨ ‘ਪ੍ਰਤਿਮਾਨ’ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਉਂਦਾ ਆ ਰਿਹਾ ਹੈ। ਸਮਾਜ ਨੂੰ ਖ਼ੂਬਸੂਰਤ ਬਣਾਉਣ ਦੇ ਸੁਪਨੇ ਬੁਣਦਿਆਂ, ਆਪਣੇ ਫ਼ਰਜ਼ ਨੂੰ ਸਮਝਦਿਆਂ ਅਤੇ ਨਿਭਾਉਂਦਿਆਂ ਇੱਕ ਸਕਾਰਾਤਮਕ ਸੋਚ ਦਾ ਹੋਕਾ ਦਿੰਦਾ ਆਪਣੀ ਤੋਰੇ ਤੁਰਦਾ-ਤੁਰਦਾ ਤੁਰਦਾ ਹੀ ਰਹਿੰਦਾ ਹੈ! ਉਸ ਦੀਆਂ ਡੂੰਘੀਆਂ ਅਤੇ ਬਹੁਪਰਤੀ ਕਵਿਤਾਵਾਂ ਅਤੇ ਰਚਨਾਵਾਂ ਅਜੋਕੇ ਸਮਾਜ ਦੇ ਚੁਗਿਰਦੇ ਨੂੰ ਲੂਹ ਰਹੀਆਂ ਹਵਾਵਾਂ ਦੇ ਦਰਮਿਆਨ ਸੀਤ ਅਤੇ ਰਮਣੀਕ ਫਿਜ਼ਾਵਾਂ ਦੇ ਬੁੱਲਿਆਂ ਦੇ ਸਮਾਨ ਮਹਿਸੂਸ ਹੁੰਦੀਆਂ ਹਨ।
ਇਸ ਧਰਤੀ ‘ਤੇ ਰਹਿੰਦਿਆਂ…
‘ਇਸ ਧਰਤੀ ‘ਤੇ ਰਹਿੰਦਿਆਂ’ ਅਮਰਜੀਤ ਕੌਂਕੇ ਦੇ ਸਾਹਿਤਕ ਸਫ਼ਰ ਦਾ ਨਵਾਂ ਮੀਲ ਪੱਥਰ ਹੈ ਜਿਸ ਨੂੰ ਉਸ ਨੇ ਹੁਣੇ-ਹੁਣੇ ਹੀ ਸਰ ਕੀਤਾ ਹੈ। ਪ੍ਰਤੀਕ ਪਬਲੀਕੇਸ਼ਨ, ਪਟਿਆਲਾ ਦੁਆਰਾ ਪ੍ਰਕਾਸ਼ਿਤ 160 ਸਫਿਆਂ ਅਤੇ ਖ਼ੂਬਸੂਰਤ ਸਰਵਰਕ ਨਾਲ ਸ਼ਿੰਗਾਰੀ ਇਹ ਮਾਰਮਿਕ ਪੁਸਤਕ ਸਮਾਜ ਅਤੇ ਸਮਾਜ ਦੇ ਤਾਣਿਆਂ-ਬਾਣਿਆਂ ਦੇ ਅੰਗ-ਸੰਗ ਘੁੰਮਦੀ ਹੈ। ਇੱਕ ਕੋਮਲ ਕਵੀ-ਦਿਲ ਦੇ ਵਲਵਲਿਆਂ ਵਿੱਚੋਂ ਉਪਜੀ ਸੰਵੇਦਨਸ਼ੀਲ ਕਾਵਿ ਰਚਨਾ ਹੈ ਜੋ ਪਾਠਕਾਂ ਦਾ ਧਿਆਨ ਖਿੱਚਦੀ ਹੈ। ਪੜ੍ਹਨ ਵਾਲਿਆ ਨਾਲ ਸੰਵਾਦ ਰਚਾਉਣ ਨੂੰ ਕਾਹਲੀ ਹੈ…।
ਗੁਰੂਆਂ ਦੀ ਬਾਣੀ ਵਿੱਚ ਪੌਣ, ਪਾਣੀ ਅਤੇ ਧਰਤੀ ਦਾ ਖ਼ਾਸ ਜ਼ਿਕਰ ਹੈ। ਫਿਰ ਵੀ ਨਾਸ਼ੁਕਰਾ ਇਨਸਾਨ ਕੁਦਰਤ ਅਤੇ ਕੁਦਰਤ ਦੇ ਸੋਮਿਆਂ ਨੂੰ ਬਰਬਾਦ ਕਰਨ ਵਿੱਚ ਕੋਈ ਵੀ ਕਸਰ ਬਾਕੀ ਰਹਿਣ ਨਹੀਂ ਦੇ ਰਿਹਾ। ਪਲੀਤ ਹੋ ਰਹੇ ਵਾਤਾਵਰਨ ਅਤੇ ਜ਼ਲੀਲ ਹੋ ਰਹੇ ਸਮਾਜਿਕ ਵਰਤਾਰਿਆਂ ਕਾਰਨ ਉੱਠ ਰਹੇ ਤੁਫ਼ਾਨ ਦੀ ਚੁੱਪ ਵਿੱਚੋਂ ਸ਼ੋਰ ਨੂੰ ਭਾਂਪਦਿਆਂ ਅਮਰਜੀਤ ਕੌਂਕੇ ਦਾ ਕਵੀ ਮਨ ਇਨਸਾਨ ਅਤੇ ਇਨਸਾਨੀਅਤ ਨੂੰ ਹਲੂਣਦਾ ਹੈ ਅਤੇ ਵੰਗਾਰਦਾ ਵੀ ਹੈ। ਉਸ ਦੀਆਂ ਭਾਵਨਾਵਾਂ ਲਫ਼ਜ਼ਾਂ ਦੇ ਬਸਤਰ ਪਹਿਨ ਪਾਠਕਾਂ ਨੂੰ ਵੀ ਹਲੂਣ ਜਾਂਦੀਆਂ ਹਨ ਅਤੇ ਉਹ ਕੁਝ ਵੀ ਦਿਖਾ ਜਾਂਦੀਆਂ ਹਨ ਜੋ ਸ਼ਾਇਦ ਬਹੁਤੇ ਲੋਕ ਦੇਖ ਕੇ ਵੀ ਨਹੀਂ ਦੇਖਦੇ। ‘ਇਸ ਧਰਤੀ ‘ਤੇ ਰਹਿੰਦਿਆਂ’ ਕਾਵਿ ਸੰਗ੍ਰਹਿ ਪੜ੍ਹ ਕੇ ਪੰਜਾਬੀ ਸਾਹਿਤ ਦੇ ਸੁਹਿਰਦ ਪਾਠਕ ਯਕੀਨਨ ਹੀ ਇੰਜ ਮਹਿਸੂਸ ਕਰਨਗੇ।
ਪੁਸਤਕ ਦੀ ਪਹਿਲੀ ਕਵਿਤਾ – ‘ਇੱਕ ਬਲ਼ਦੀ ਦੁਪਿਹਰ’ ਵਿੱਚ ਲੇਖਕ ਦਾ ਕੋਮਲ ਅਤੇ ਪਸੀਜਿਆ ਹੋਇਆ ਮਨ, ਰਿਸ਼ੀਆਂ-ਮੁਨੀਆਂ ਦੀ ਧਰਤੀ ਦੇ ਵਾਰਸਾਂ ਦੀ ਮਰ ਚੁੱਕੀ ਇਨਸਾਨੀਅਤ ਨੂੰ ਫਿਟਕਾਰਦਾ ਹੈ…
ਸਿਖ਼ਰ ਬਲ਼ਦੀ ਦੁਪਹਿਰ
ਆਪਣੇ ਮੋਢਿਆਂ ਤੇ
ਇਕੱਲਾ ਚੁੱਕੀ ਜਾ ਰਿਹਾ
ਇੱਕ ਲਾਚਾਰ ਇਨਸਾਨ
ਆਪਣੀ ਪਤਨੀ ਦੀ ਲਾਸ਼
ਨਾਲ ਬੱਚੀ ਉਸਦੀ
ਜ਼ਾਰੋ ਜ਼ਾਰ ਅੱਥਰੂ ਕੇਰਦੀ
ਮੇਰੇ ਦੇਸ਼ ਦੀ ਜਨਤਾ
ਤੱਕ ਰਹੀ ਉਸਨੂੰ
ਫੋਟੋਆਂ ਖਿੱਚ ਰਹੀ
ਫੇਸਬੁੱਕ ਤੇ ਪਾ ਰਹੀ…. ।
ਸਦੀਆਂ ਤੋਂ ਈ ਚੱਲੀ ਆ ਰਹੀ ਨਾਰੀ ਦੀ ਚੁੱਪ ਨੂੰ ਬਹੁਤ ਈ ਗੰਭੀਰ ਲਫ਼ਜ਼ਾਂ ਵਿੱਚ ਇੰਜ ਤੋੜ ਰਹੇ ਹਨ, ਅਮਰਜੀਤ ਕੌਂਕੇ …
’ਬੋਲਣ ਦਿਉ ਉਸ ਨੂੰ’
ਸਦੀਆਂ ਤੋਂ
ਉਸਦੇ ਅੰਦਰ ਪਿਆ ਲਾਵਾ
ਫੁੱਟਣ ਲੱਗਿਆ ਹੈ
ਪੀੜ੍ਹੀਆਂ ਤੋਂ
ਉਸ ਤੇ ਹੁੰਦੇ
ਤਸ਼ੱਦਦ ਦੀਆਂ ਪਰਤਾਂ
ਵਿਸਫੋਟ ਕਰਨ ਲੱਗੀਆਂ ਹਨ
ਬੋਲਣ ਦਿਓ ਉਸਨੂੰ
ਉਹ ਬੋਲਣ ਲੱਗੀ ਹੈ
ਬੋਲਣ ਦਿਓ ਉਸਨੂੰ ।
ਕੁਦਰਤ, ਵਾਤਾਵਰਨ, ਪਵਨ, ਪਾਣੀ, ਅਤੇ ਭੋਇੰ ਨੂੰ ਆਪਹੁਦਰੇ ਪੰਜਾਬੀਆਂ ਨੇ ਮਰਨ ਦੇ ਕੰਢੇ ਧੂਹ ਘਸੀਟ ਲਿਆਂਦਾ ਹੈ। ਲਾ ਪਾ ਕੇ ਆਪਣੇ ਖੁਦ ਦੀ ਅਤੇ ਜੀਵ-ਜੰਤੂਆਂ ਦੀ ਹੋਂਦ ਨੂੰ ਮਿਟਾਉਣ ਦੀ ਕੋਈ ਕਸਰ ਬਾਕੀ ਰਹਿਣ ਹੀ ਨਹੀਂ ਦੇ ਰਹੇ।
‘ਇੱਕ ਖੰਡਰ ਸ਼ਹਿਰ ਦੀ ਗਾਥਾ’… ਪੰਜਾਬੀਆਂ ਦੇ ਕੱਲ੍ਹ, ਅੱਜ, ਅਤੇ ਆਉਣ ਵਾਲੇ ਕੱਲ੍ਹ ਦੀਆਂ ਆਪਹੁਦਰੀਆਂ ਅਤੇ ਫ਼ਿਕਰ ਬਿਆਨ ਕਰਦੀ ਹੈ। ਰੰਗਲੇ ਅਤੇ ਘੁੱਗ ਵੱਸਦੇ ਪੰਜਾਬ ਦਾ ਖੰਡਰ ਅਤੇ ਮਾਰੂਥਲ ਬਣ ਜਾਣ ਦਾ ਦਿਲ ਕੰਬਾਊ ਸਫ਼ਰ ਹੈ… ਜੋ ਅੱਜ ਤੱਕ ਵੀ ਜਾਰੀ ਹੈ। ਇਸ ਰਚਨਾ ਦੇ ਸ਼ਬਦ ਚਿੱਤਰ ਅਜੋਕੇ ਮਨੁੱਖ ਨੂੰ ਝੰਜੋੜਦਿਆਂ ਆ ਗਈ ਅਤੇ ਆ ਰਹੀ ਤਬਾਹੀ ਦੀ ਚਿਤਾਵਨੀ ਦੇ ਰਹੇ ਹਨ!
ਬੱਚਿਓ !
ਇਹ ਜੋ ਦੂਰ ਦੂਰ ਤੱਕ
ਮਾਰੂਥਲ ਦਿਸਦਾ ਹੈ
ਇਹ ਜੋ ਖੰਡਰ ਹੋਇਆ ਸ਼ਹਿਰ ਹੈ
ਆਕਾਸ਼ ‘ਤੇ ਚੜ੍ਹੀ ਗਹਿਰ ਹੈ
ਇੱਥੇ ਕਦੇ ਘੁੱਗ ਵੱਸਦਾ ਪੰਜਾਬ ਹੁੰਦਾ ਸੀ…
ਬਦਲਦੇ ਸਮੇਂ ਦੇ ਬਦਲਾਓ ਨਾਲ਼ ਬੜਾ ਕੁਝ ਬਦਲ ਗਿਆ ਹੈ ਅਤੇ ਬਦਲ ਵੀ ਰਿਹਾ ਹੈ। ਬਹੁਤ ਚੰਗਾ ਕੁਛ ਗੁਆਚ ਵੀ ਗਿਆ ਹੈ। ਜਿਸ ਨੂੰ ਨਾ ਬਚਾ ਸਕਣ ਦਾ ਦੁੱਖ ਲੇਖਕ ਨੂੰ ਮੁੜ-ਮੁੜ ਸਤਾਉਂਦਾ ਹੈ।
ਬਹੁਤ ਕੁਝ ਹੋਰ ਸੀ
ਜੋ ਮੈਂ ਬਚਾ ਲੈਣਾ ਚਾਹੁੰਦਾ ਸਾਂ
ਇਹ ਰੁਮਕਦੀ ਪੌਣ
ਇਹ ਸਾਫ਼ ਸ਼ਫਾਫ਼ ਪਾਣੀ
ਬਿਰਖ ਪੌਦੇ ਜੰਗਲ
ਇਹ ਫੁੱਲ ਇਹ ਪਰਿੰਦੇ
ਇਹ ਚਿੜੀਆਂ ਨਿੱਕੀਆਂ ਨਿੱਕੀਆਂ
ਜੋ ਰੁੱਸ ਕੇ ਸਾਥੋਂ
ਦੂਰ ਤੁਰ ਗਈਆਂ
ਪਤਾ ਨੀ ਕਿਧਰੇ…
ਬੇਸ ਏਨਾ ਕੁ ਕੀਤਾ ਮੈਂ
ਕਿ ਬਚਾ ਲਏ
ਕੁਝ ਕੁ ਸ਼ਬਦ
ਆਪਣੀਆਂ ਕਵਿਤਾਵਾਂ ਦੇ ਵਿੱਚ।
ਆਦਿ ਕਾਲ ਤੋ ਹੀ ਮਨੁੱਖ ਆਪਣੇ ਮਨ ਦੇ ਭਾਵਾਂ, ਚਾਵਾਂ, ਅਹਿਸਾਸਾਂ ਤੇ ਵਲਵਲਿਆਂ ਨੂੰ ਲਫਜ਼ਾਂ ਵਿੱਚ ਉਤਾਰ ਕੇ ਦੂਸਰੇ ਮਨੁੱਖਾਂ ਨਾਲ ਸਾਂਝਿਆਂ ਕਰਦਾ ਰਿਹਾ ਹੈ। ਲਫ਼ਜ਼ਾਂ ਅਤੇ ਭਾਸ਼ਾਵਾਂ ਦਾ ਹੀ ਮਰ ਜਾਣਾ ਜਾਂ ਫਿਰ ਮਾਰ ਦੇਣਾ ਕੌਮਾਂ ਦੇ ਅੰਤ ਦਾ ਸੂਚਕ ਹੁੰਦਾ ਹੈ। ਅਮਰਜੀਤ ਕੌਂਕੇ ਮਨੁੱਖ ਦੇ ਇਸ ਵਰਤਾਰੇ ‘ਤੇ ਸਵਾਲ ਕਰਦਾ ਹੈ…
ਹੈਰਾਨ ਹੈ ਭਾਸ਼ਾ
ਕਿਹੋ ਜਿਹਾ ਬਣ ਗਿਆ ਹੈ ਮਨੁੱਖ
ਭਾਸ਼ਾ ਦੇ ਅੰਗਾਂ ਨੂੰ
ਕੱਟਣ ਵੱਢਣ ਲੱਗਿਆ
ਜਿਸ ਕੌਮ ਦੀ
ਭਾਸ਼ਾ ਮਰਨ ਲੱਗਦੀ
ਉਸ ਕੌਮ ਦਾ ਅੰਤ ਵੀ
ਬਹੁਤੀ ਦੂਰ ਨਾ ਹੁੰਦਾ ।
ਮਨੁੱਖੀ ਜੀਵਨ ਵਿੱਚ ਪੀੜ੍ਹੀਆਂ ਦਾ ਅੰਤਰ (generational gap) ਚਲਦਾ ਆਇਆ ਹੈ। ਮੇਰਾ ਬਾਪ ਮੈਨੂੰ ਯਾਦ ਕਰਾਉਂਦਾ ਰਹਿੰਦਾ ਸੀ ਕਿ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਵੀ ਅਸੀਂ ਇੱਕੋ ਜਿਹੀ ਸੋਚ ਨਹੀਂ ਰੱਖ ਸਕਦੇ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਦਾ ਬਦਲਾਓ ਹੋਣਾ ਕੁਦਰਤੀ ਈ ਹੈ। ਪਰ ਅਜੋਕੇ ਤੇਜ਼ ਤਰਾਰ ਅਤੇ ਟੈਕਨੌਲੋਜੀ ਯੁੱਗ ਵਿੱਚ ਇੰਜ ਲੱਗਦਾ ਹੈ… ਕਿ ਪੀੜ੍ਹੀਆਂ ਦੀ ਵਿਭਿੰਨਤਾ ਹੈਰਾਨੀਜਨਕ ਹੱਦਾਂ ਪਾਰ ਗਈ ਹੈ ਅਤੇ ਕਰ ਰਹੀ ਵੀ ਹੈ।
‘ਆਖ਼ਰੀ ਪੀੜ੍ਹੀ ਦੇ ਲੋਕ’ ਕਵਿਤਾ ਦੀਆਂ ਕੁਝ ਖ਼ੂਬਸੂਰਤ ਲਾਈਨਾਂ…
ਅਸੀਂ ਉਸ ਆਖ਼ਰੀ ਪੀੜ੍ਹੀ ਦੇ ਲੋਕ ਹਾਂ
ਜਿਨ੍ਹਾਂ ਨੂੰ ਸ਼ਬਦਾਂ ਨਾਲ ਮੁਹੱਬਤ ਸੀ
ਸ਼ਬਦਾਂ ਦੇ ਖੰਭਾਂ ‘ਤੇ ਬੈਠ
ਅਸੀਂ ਕਿੰਨੇ ਅੰਬਰਾਂ ਵਿੱਚ
ਘੁੰਮ ਆਉਂਦੇ
ਨਹੀਂ ਸਨ ਸਾਡੇ ਕੋਲ
ਫੇਸਬੁੱਕ, ਵਟਸਐਪ, ਇੰਟਰਨੈਟ, ਇੰਸਟਾਗ੍ਰਾਮ
ਸਾਨੂੰ ਤਾਂ ਮਹਿਬੂਬ ਨੂੰ
ਪਰਪੋਜ਼ ਕਰਨ ਲਈ
ਸਾਰੀ ਸਾਰੀ ਉਮਰ ਲੰਘ ਜਾਂਦੀ
ਮਾਂ ਪਿਓ ਦੀ ਇੱਜ਼ਤ ਰੱਖਣ ਲਈ
ਡਰਦਿਆਂ ਡਰਦਿਆਂ
ਸੀਨੇ ਵਿੱਚ ਆਪਣੇ ਅਰਮਾਨਾਂ ਨੂੰ ਦੱਬ ਕੇ
ਸਾਰੀ ਉਮਰ ਜਿਉਂਈ ਜਾਣ ਵਾਲੀ
ਅਸੀਂ ਉਸ ਆਖ਼ਰੀ ਪੀੜ੍ਹੀ ਦੇ ਲੋਕ ਹਾਂ ।
‘ਘਰ ਤੁਹਾਨੂੰ ਉਡੀਕਦੇ ਹਨ’ ਕਵਿਤਾ ਦੀਆਂ ਲਾਈਨਾਂ ਤਾਂ ਮੇਰੇ ਦਿਲ ਨੂੰ ਧੂਹ ਈ ਪਾ ਗਈਆਂ। ਮੇਰੇ ਵਰਗੇ ਕਈ ਹੋਰ ਵੀ ਦੂਹਰੀ ਜ਼ਿੰਦਗੀ ਦਾ ਸੰਤਾਪ ਹੰਢਾਉਂਦੇ ਹੋਣਗੇ, ਜਿਸ ਨੂੰ ਲੇਖਕ ਨੇ ਖ਼ੂਬਸੂਰਤ ਲਫ਼ਜ਼ਾਂ ਵਿੱਚ ਪ੍ਰੋਇਆ ਹੈ…
ਘਰਾਂ ਨੂੰ ਅਲਵਿਦਾ ਕਹਿ ਕੇ
ਤੁਰ ਗਏ ਦੋਸਤੋ !
ਇਹ ਘਰ ਅੱਜ
ਤੁਹਾਡੇ ਹਾਸਿਆਂ ਤੋ ਬਿਨਾਂ
ਉਦਾਸ ਹਨ
ਤੁਹਾਡੀਆਂ ਅਵਾਜ਼ਾਂ ਦੀ
ਸਰਗਮ ਤੋਂ ਬਿਨਾਂ
ਨਿਰਾਸ਼ ਹਨ
ਘਰ ਤੁਹਾਨੂੰ ਉਡੀਕਦੇ ਹਨ
ਵੱਸਦੇ ਘਰਾਂ ਨੂੰ
ਛੱਡ ਕੇ ਤੁਰ ਗਏ ਦੋਸਤੋ !
ਹੋ ਸਕੇ ਤਾਂ
ਘਰਾਂ ਨੂੰ ਪਰਤ ਆਓ….
ਉਹ ਘਰ ਤੁਹਾਨੂੰ ਉਡੀਕਦੇ ਹਨ !
ਇਸ ਪੁਸਤਕ ਵਿੱਚ ਦਰਜ 71 ਕੁ ਕਵਿਤਾਵਾਂ ਬਾਰੇ ਵਿਸਤਾਰ ਨਾਲ਼ ਲਿਖਣਾ ਤਾਂ ਸੰਭਵ ਨਹੀਂ, ਪਰ ਫਿਰ ਵੀ ਸੰਖੇਪ ਵਿੱਚ – ‘ਬਿਸਾਤ’, ‘ਵਿਰਲਾਪ’, ‘ਇਸ ਧਰਤੀ ‘ਤੇ ਰਹਿੰਦਿਆਂ’, ‘ਆਖ਼ਰੀ ਪੀੜ੍ਹੀ ਦੇ ਲੋਕ’, ‘ਵੰਡ’, ‘ਵੈਂਟੀਲੇਟਰ ਤੇ ਲੱਗੇ ਰਿਸ਼ਤੇ’, ‘ਘਰ ਤੁਹਾਨੂੰ ਉਡੀਕਦੇ ਹਨ’, ‘ਮਾਂ ਦਾ ਚਿਹਰਾ’, ‘ਕੁਝ ਸ਼ਹਿਰ’, ‘ਕਿਤੇ ਨਹੀਂ ਕੋਈ ਥਾਂ’, ‘ਦਰਦ ਦੀ ਪਰਿਭਾਸ਼ਾ’, ‘ਪੁਰਾਣੇ ਸ਼ਹਿਰ ‘ਚੋਂ ਲੰਘਦਿਆਂ’, ‘ਇੱਕ ਸਫ਼ਲ ਬੁੱਧੀਜੀਵੀ’, ‘ਬੂਟੇ’, ‘ਕੁੜੀਆਂ’, ਸਈਏ ਨੀ’, ‘ਕਾਲੀ ਹਨ੍ਹੇਰੀ’, ‘ਦੂਰੋਂ ਦੂਰੋਂ’, ‘ਸੱਭ ਦੇ ਹਿੱਸੇ ਨਹੀਂ’, ‘ਗੁਆਚੇ ਲੈਟਰਬਕਸ’, ‘ਗੁਆਚੀਆਂ ਹੋਈਆਂ ਕਵਿਤਾਵਾਂ’ ਜਾਂ ਫਿਰ ‘ਪੇਕਿਆਂ ਦਾ ਸੂਟ’ ਕਵਿਤਾਵਾਂ ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਤੁਸੀਂ ਲੇਖਕ ਦੀ ਸਮਰੱਥ ਸੋਚਣੀ ਤੇ ਵਿਸ਼ਾਲ ਲੇਖਣੀ ਦਾ ਅੰਦਾਜ਼ਾ ਸਹਿਜੇ ਈ ਲਗਾ ਸਕਦੇ ਹੋ। ਅਮਰਜੀਤ ਕੌਂਕੇ ਇੱਕ ਸਧਾਰਨ ਜਿਹੀ ‘ਚਿੱਟੇ ਰੰਗੀ ਕਿਰਨ’ ਨੂੰ ਤੋੜ-ਮਰੋੜ / ਉਧੇੜ ਕੇ ਵਿੱਚੋਂ ‘ਸੱਤ ਰੰਗ’ ਵੱਖਰੇ-ਵੱਖਰੇ ਛਾਂਟ ਲੈਂਦਾ ਹੈ… ਹਰੇਕ ਰੰਗ ਨੂੰ ਘੋਖਦਾ ਹੈ… ਤੇ.. ਫਿਰ ਉਹੀ ਰੰਗ ਮਿਲਾ ਕੇ ‘ਅਣਗਿਣਤ’ ਈ ਨਵੇਂ ਰੰਗ ਬਣਾਉਣ ਦਾ ਨਿਪੁੰਨ ਖਿਡਾਰੀ ਹੈ। ਹਰੇਕ ਕਵਿਤਾ ਦਾ ਆਪਣਾ ਅਲੱਗ ਈ ਰੰਗ ਅਤੇ ਸਕਾਰਾਤਮਕ ਸੁਨੇਹਾ ਵੀ। ਮੈਨੂੰ ਆਸ ਈ ਨਹੀਂ ਬਲਕਿ ਯਕੀਨ ਹੈ ਕਿ ਪਾਠਕ ਇਹ ‘ਮਾਸਟਰ ਪੀਸ’ ਜ਼ਰੂਰ ਪਸੰਦ ਕਰਨਗੇ।
ਕਾਸ਼! ਮੈਂ ਵੀ ਲੇਖਕ ਜਿਹੇ ਹੀ ਖ਼ੂਬਸੂਰਤ ਲਫ਼ਜ਼ਾਂ ਵਿੱਚ ਇਸ ਅਨਮੋਲ ਕਿਤਾਬ ਬਾਰੇ ਕੁਝ ਚੰਗਾ ਲਿਖ ਸਕਦਾ, ਪਰ ਫਿਰ ਵੀ ਇੱਕ ਪਾਠਕ ਹੋਣ ਦੇ ਨਾਤੇ ਮੈਂ ਜਿੰਨਾ ਕੁ ਪੜ੍ਹਿਆ, ਜਾਣਿਆ ਅਤੇ ਮਾਣਿਆ, ਮੈਨੂੰ ਇਹ ਕਾਵਿ ਸੰਗ੍ਰਹਿ ਬਹੁਤ ਖ਼ੂਬਸੂਰਤ ਅਤੇ ਬਾਕਮਾਲ ਰਚਨਾ ਲੱਗਿਆ – ਇੱਕ ਭਾਵੁਕ ਅਤੇ ਸੰਵੇਦਨਸ਼ੀਲ ਮਨ ਦੀ ਖ਼ੂਬਸੂਰਤ ਕਿਰਤ!!
ਪੰਜਾਬੀ ਸਾਹਿਤ ਦੇ ਸੁਹਿਰਦ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਡਾ. ਅਮਰਜੀਤ ਕੌਂਕੇ ਨੂੰ ਮੇਰੇ ਵਲੋਂ ਬਹੁਤ ਬਹੁਤ ਮੁਬਾਰਕਾਂ। ਇਨ੍ਹਾਂ ਦੇ ਅਗਲੇ ਅਤੇ ਅਗਲੇਰੇ ਸਾਹਿਤਕ ਸਫ਼ਰ ਲਈ ਸ਼ੱਭ ਇੱਛਾਵਾਂ ਵੀ!!
ਜ਼ਿੰਦਗੀ ਜ਼ਿੰਦਾਬਾਦ॥
ਡਾ. ਕੁਲਵਿੰਦਰ ਬਾਠ
ਕੈਲੀਫ਼ੋਰਨੀਆ
209 600 2897