ਕੈਲਗਰੀ( ਜਗਦੇਵ ਸਿੱਧੂ)-ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ 26 ਮਈ ਨੂੰ ਵੀਵੋ ਦੇ ਹਾਲ ਵਿਚ ਹੋਈ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਅਗਲੇ ਕੁੱਝ
ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਜਿਨ੍ਹਾਂ ਵਿਚ ਮੀਟਿੰਗਾਂ ਤੋਂ ਇਲਾਵਾ ਟੂਰ ਅਤੇ ਪਿਕਨਿਕ ਵੀ ਸ਼ਾਮਲ ਹਨ। ਉਨ੍ਹਾਂ ਨੇ ਧਰਤੀ ਉਪਰ ਲੱਖਾਂ ਸਾਲਾਂ ਤੋਂ ਹੋ
ਰਹੇ ਮਨੁੱਖੀ ਵਿਕਾਸ ਦੇ ਪੜਾਵਾਂ ਬਾਰੇ ਵਿਗਿਆਨਕ ਨਜ਼ਰੀਏ ਤੋਂ ਦੱਸਿਆ ਕਿ ਦੁਨੀਆਂ ਭਰ ਦੇ ਅਸੀਂ ਸਾਰੇ ਲੋਕ ਲਗਭਗ ਇੱਕੋ ਮੂਲ ਦੇ ਪੁਰਖਿਆਂ
ਦੀ ਔਲਾਦ ਹਾਂ। ਇਸ ਲਈ ਸਾਰੇ ਬਰਾਬਰ ਹਾਂ, ਕੋਈ ਜਾਤ ਪਾਤ, ਫ਼ਿਰਕਾ, ਧਰਮ, ਭੂਗੋਲਿਕ ਸਥਿਤੀ, ਰੰਗ ਜਾਂ ਨਸਲ ਸਾਨੂੰ ਵੱਖਰੇ ਨਹੀਂ ਕਰ
ਸਕਦੇ। ਸਾਡੇ ਵਿਕਾਸ ਵਿਚ ਵਾਤਾਵਰਣ ਦਾ ਅਹਿਮ ਰੋਲ ਹੈ। ਸਾਡੀ ਪਛਾਣ ਕੇਵਲ ਤੇ ਕੇਵਲ ਸਾਡੇ ਵਿਅੱਕਤੀਗਤ ਗੁਣਾਂ ਕਰ ਕੇ ਹੈ, ਸਮਾਜ
ਅੰਦਰ ਵਿਚਰਨ ਦੇ ਸਲੀਕੇ ਕਰ ਕੇ ਹੈ। ਗਿਆਨ ਨਾਲ਼ ਜੁੜੀਏ, ਲੜਾਈਆਂ ਦਾ ਮੂਲ ਕਾਰਨ ਹੰਕਾਰ ਹੈ, ਜੰਗਾਂ ਬੰਦ ਕਰਾਉਣ ਲਈ ਜਤਨ
ਕਰੀਏ। ਇਸ ਮਗਰੋਂ ਮਈ ਮਹੀਨੇ ਪੈਂਦੇ ਜਨਮਦਿਨ ਵਾਲੇ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਮੁਬਾਰਕਾਂ ਦਿੱਤੀਆ ਗਈਆਂ। ਜਨਾਬ ਤਾਰਿਕ ਮਲਿਕ ਨੇ
ਸ਼ਿਅਰਾਂ ਤੋਂ ਇਲਾਵਾ ਇਸ਼ਕ-ਮਜਾਜ਼ੀ ਦੀ ਗ਼ਜ਼ਲ ਫ਼ੁਰਮਾਈ। ਬਿੱਕਰ ਸਿੰਘ ਸੰਧੂ ਨੇ ਗੁਰਬਾਣੀ ਦੀਆਂ ਤੁਕਾਂ ਦੇ ਹਵਾਲੇ ਨਾਲ਼ ਕਿਹਾ ਕਿ ਆਪ ਚੰਗੇ
ਬਣੋ, ਸਾਰੀ ਦੁਨੀਆਂ ਦਾ ਆਪੇ ਭਲਾ ਹੋ ਜਾਣੈ। ਰਿਸ਼ਤਾ ਕੋਈ ਉਦੋਂ ਬਣਾਉਂਦੈ ਜਦੋਂ ਅਧੂਰਾ ਹੁੰਦੈ। ਉਸ ਨੇ ਮਧੁਰ ਆਵਾਜ਼ ਵਿਚ ਗਾ ਕੇ ਰੂਹਾਨੀ
ਸੁਨੇਹਾ ਦਿੱਤਾ – ਜਿੰਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਈ ਅੱਖਾਂ ਨੇ। ਡਾ. ਮਨਮੋਹਨ ਬਾਠ ਦਾ ਗੀਤ ਮਨਾਂ ਦੇ ਧੁਰ ਅੰਦਰ ਲਹਿ ਗਿਆ – ਕਿਸ ਮੋੜ
ਸੇ ਸ਼ੁਰੂ ਕਰੇਂ ਫਿਰ ਸੇ ਯੇਹ ਜ਼ਿੰਦਗੀ / ਹਰ ਸ਼ੈਅ ਜਬ ਹੁਸੀਨ ਥੀ ਹਮ ਤੁਮ ਥੇ ਅਜਨਬੀ। ਉਸ ਦੀ ਲੈਅ ਅਤੇ ਆਵਾਜ਼ `ਤੇ ਰਸ਼ਕ ਆਉਂਦਾ ਹੈ।
ਵਿਜੇ ਸਚਦੇਵਾ ਨੇ ਮਕਬੂਲ ਗਾਇਕੀ ਦਾ ਨਮੂਨਾ ਪੇਸ਼ ਕੀਤਾ – ਚੰਬੇ ਦੀਏ ਬੰਦ ਕਲੀਏ ਤੈਨੂੰ ਵਿਹਲੇ ਵੇਲ਼ੇ ਰੱਬ ਨੇ ਬਣਾਇਆ। ਸੁਖਮੰਦਰ ਗਿੱਲ
ਨੇ ਗੁਰਦਾਸ ਮਾਨ ਦਾ ਇਹ ਗੀਤ ਆਪਣੇ ਅੰਦਾਜ਼ ਵਿਚ ਹਾਰਮੋਨੀਅਮ ਦੀਆਂ ਸੁਰਾਂ`ਤੇ ਗਾਇਆ – ਬਚਪਨ ਚਲਾ ਗਿਆ ਤੇ ਜਵਾਨੀ ਚਲੀ
ਗਈ। ਹਰਕੰਵਲਜੀਤ ਕੌਰ ਧਾਲ਼ੀਵਾਲ਼ ਅਤੇ ਸੁਰਜੀਤ ਕੌਰ ਕੰਮੋਹ ਨੇ ਸੁਰ ਨਾਲ਼ ਸੁਰ ਮਿਲਾ ਕੇ ਜਦੋਂ ਗਾਇਆ – ਜੁੱਤੀ ਕਸੂਰੀ ਪੈਂਦੀ ਨਾ ਪੂਰੀ,
ਹਾਏ ਰੱਬਾ ਵੇ ਮੈਨੂੰ ਤੁਰਨਾ ਪਿਆ, ਤਾਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਨੂੰ ਸਾਕਾਰ ਕਰ ਦਿੱਤਾ। ਦਰਸ਼ਕਾਂ ਨੇ ਮੰਤਰ-ਮੁਗਧ ਹੋ
ਕੇ ਸਰਵਣ ਕੀਤਾ। ਤਰਲੋਕ ਚੁੱਘ, ਜੋਗਿੰਦਰ ਕੌਰ ਗਰੇਵਾਲ਼ ਅਤੇ ਭਜਨ ਸਿੰਘ ਸਾਗੂ ਨੇ ਆਪੋ ਆਪਣੇ ਅੰਦਾਜ਼ ਵਿਚ ਚੁਟਕਲੇ ਸੁਣਾ ਕੇ ਹਾਸਿਆਂ
ਦਾ ਮਾਹੌਲ ਸਿਰਜਿਆ। ਜਸਵੰਤ ਸਿੰਘ ਕਪੂਰ ਨੇ ਗੁਰੂ ਅਰਜਨ ਦੇਵ ਜੀ ਦੀ ਅਦੁਤੀ ਸ਼ਹਾਦਤ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਗੁਰੂ ਜੀ ਨੇ ਪ੍ਰਭੂ
ਦੇ ਮਿਲਾਪ ਲਈ ਵੈਰਾਗਮਈ ਬਾਣੀ ਰਚੀ। ਗੁਰੂ ਜੀ ਦੀ ਆਤਮਾ ਵਾਹਿਗੁਰੂ ਦੀ ਮਹਿਮਾ ਵਿਚ ਏਨੀ ਲੀਨ ਸੀ ਕਿ ਉਨ੍ਹਾਂ ਦੇ ਭੌਤਿਕ ਸਰੀਰ ਨੂੰ
ਤੱਤੀ ਤਵੀ ਅਤੇ ਰੇਤ ਦਾ ਕਣ ਮਾਤਰ ਵੀ ਧਿਆਨ ਨਹੀਂ ਸੀ। ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਕਾਰਵਾਈ ਚਲਾਉਂਦਿਆਂ ਟਿੱਪਣੀਆਂ ਅਤੇ
ਚੁਟਕਲੇ ਸੁਣਾ ਕੇ ਮਨੋਰੰਜਨ ਦਾ ਮਾਹੌਲ ਬਰਕਰਾਰ ਰੱਖਿਆ। ਸੁਰਿੰਦਰ ਜੀਤ ਪਲਾਹਾ ਨੇ ਬੜਾ ਕੀਮਤੀ ਸੁਝਾਅ ਦਿੱਤਾ ਕਿ ਕੋਈ ਦੋ ਮੈਂਬਰ ਸਟੇਜ
`ਤੇ ਆਹਮੋ ਸਾਹਮਣੇ ਹੋ ਕੇ ਕਿਸੇ ਮਹੱਤਵਪੂਰਨ ਵਿਸ਼ੇ ਉਪਰ ਆਪੋ ਆਪਣੇ ਵਿਚਾਰ -ਤਕਰਾਰ ਰੱਖਿਆ ਕਰਨ। ਇਸ ਸੁਝਾਅ ਦਾ ਸਾਰਿਆਂ ਨੇ
ਸੁਆਗਤ ਕੀਤਾ।ਅਖੀਰ ਵਿਚ ਉਨ੍ਹਾਂ ਨੇ ਪ੍ਰਬੰਧਕੀ ਟੀਮ, ਐਸੋਸੀਏਸ਼ਨ ਨੂੰ ਦਾਨ ਦੇਣ ਵਾਲ਼ੇ ਮੈਂਬਰਾਂ, ਖਾਣਾ ਪਰੋਸਣ ਵਾਲ਼ੀਆਂ ਬੀਬੀਆਂ ਅਤੇ
ਸਮੂਹ ਹਾਜ਼ਰੀਨ ਦਾ ਪ੍ਰਸ਼ੰਸਾਮਈ ਸ਼ਬਦਾਂ ਨਾਲ਼ ਧੰਨਵਾਦ ਕੀਤਾ।