Headlines

ਪੰਜਾਬੀ ਤੇ ਉਰਦੂ ਦੇ ਨਾਮਵਰ ਸ਼ਾਇਰ ਸਵ. ਗੁਰਚਰਨ ਸਿੰਘ ਗਿੱਲ ਮਨਸੂਰ ਦਾ 100ਵਾਂ ਜਨਮ ਦਿਨ ਮਨਾਇਆ

ਸਰੀ, 29 ਮਈ (ਹਰਦਮ ਮਾਨ)-ਬੀਤੇ ਐਤਵਾਰ ਪੰਜਾਬੀ ਅਤੇ ਉਰਦੂ ਦੇ ਨਾਮਵਰ ਸ਼ਾਇਰ ਮਰਹੂਮ ਗੁਰਚਰਨ ਸਿੰਘ ਗਿੱਲ ਮਨਸੂਰ ਦਾ 100ਵਾਂ ਜਨਮ ਦਿਨ ਮਨਾਇਆ ਗਿਆ। ਉਹ ਡੇਢ ਕੁ ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਇਸ ਸੰਬੰਧ ਵਿਚ ਗਿੱਲ ਮਨਸੂਰ ਦੇ ਪਰਿਵਾਰ ਵੱਲੋਂ ਗ਼ਜ਼ਲ ਮੰਚ ਸਰੀ ਦੇ ਸਹਿਯੋਗ ਨਾਲ ਸਟਰਾਅਬੇਰੀ ਹਿੱਲ ਲਾਇਬਰੇਰੀ ਸਰੀ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਪਰਿਵਾਰ ਦੇ ਮੈਂਬਰਾਂ ਅਤੇ ਉਨ੍ਹਾਂ ਨਾਲ ਵਿਚਰਨ ਵਾਲੇ ਲੇਖਕਾਂ ਨੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੀ ਜ਼ਿੰਦਗੀ ‘ਤੇ ਆਧਾਰਤ ਦੋ ਸੰਖੇਪ ਵੀਡੀਓ ਵੀ ਦਿਖਾਈਆਂ ਗਈਆਂ।

ਸਮਾਗਮ ਦਾ ਆਗਾਜ਼ ਕਰਦਿਆਂ ਗ਼ਜ਼ਲ ਮੰਚ ਸਰੀ ਦੇ ਸਕੱਤਰ ਦਵਿੰਦਰ ਗੌਤਮ ਨੇ ਸਮਾਗਮ ਵਿਚ ਸ਼ਾਮਲ ਸਭਨਾਂ ਲੇਖਕਾਂ, ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਗਿੱਲ ਮਨਸੂਰ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਹੁਤ ਹੀ ਨੇਕ ਦਿਲ ਇਨਸਾਨ ਅਤੇ ਉੱਚੀ ਸੁੱਚੀ ਸ਼ਖਸ਼ੀਅਤ ਦੇ ਮਾਲਕ ਮਨਸੂਰ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਉਹਨਾਂ ਕੋਲੋਂ ਅਸੀਂ ਜੀਵਨ ਜਾਚ ਬਾਰੇ ਬਹੁਤ ਕੁਝ ਸਿੱਖਿਆ ਹੈ। ਗਿੱਲ ਮਨਸੂਰ ਦੇ ਸ਼ਾਇਰ ਬੇਟੇ ਦਸ਼ਮੇਸ਼ ਗਿੱਲ ਫਿਰੋਜ਼, ਉਨ੍ਹਾਂ ਦੀ ਦੋਹਤੀ ਤਰੰਨੁਮ ਥਿੰਦ ਅਤੇ ਦੋਹਤੇ ਸ਼ਹਿਬਾਜ਼ ਥਿੰਦ ਨੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਅਹਿਮ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੀ ਮਟਕਵੀਂ ਤੋਰ, ਰਹਿਣ ਸਹਿਣ ਅਤੇ ਸਮਾਜ ਵਿਚ ਵਿਚਰਨ ਦੇ ਖੂਬਸੂਰਤ ਸੁਹਜ ਦੀ ਗੱਲ ਕੀਤੀ। ਉਹ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਅਧਿਆਪਕ ਅਤੇ ਖੇਡ-ਕੋਚ ਸਨ। ਉਨ੍ਹਾਂ ਨੇ ਉਰਦੂ ਵਿਚ 11 ਹਜਾਰ ਸ਼ਿਅਰ ਕਹੇ। ਉਨ੍ਹਾਂ ਦੱਸਿਆ ਕਿ ਗਿੱਲ ਮਨਸੂਰ ਸਾਹਿਬ ਕਹਿੰਦੇ ਸਨ ਕਿ ਮਨੁੱਖ ਨੂੰ ਖ਼ੁਦ ਨਾਲ ਪਿਆਰ ਕਰਨਾ ਚਾਹੀਦਾ ਹੈ। ਖ਼ੁਦ ਨੂੰ ਪਿਆਰ ਕਰਨ ਵਾਲੇ ਹੀ ਦੂਜਿਆਂ ਨੂੰ ਮੁਹੱਬਤ ਕਰਦੇ ਹਨ।

ਮਰਹੂਮ ਗਿੱਲ ਨਾਲ ਲੰਮਾਂ ਸਮਾਂ ਸਾਹਿਤਕ ਪ੍ਰੋਗਰਾਮਾਂ ਵਿਚ ਭਾਗ ਲੈਣ ਵਾਲੇ ਸ਼ਾਇਰ ਇੰਦਰਜੀਤ ਧਾਮੀ ਨੇ ਬਹੁਤ ਹੀ ਦਿਲਕਸ਼ ਸ਼ੈਲੀ ਵਿਚ ਉਨ੍ਹਾਂ ਦੇ ਮਹਾਨ ਵਿਚਾਰ ਪੇਸ਼ ਕੀਤੇ। ਗਿੱਲ ਮਨਸੂਰ ਨੂੰ ਯਾਦ ਕਰਦਿਆਂ ਪ੍ਰਸਿੱਧ ਹਿੰਦੀ ਸਾਹਿਤਕਾਰ ਸ੍ਰੀਨਾਥ ਪ੍ਰਸਾਦ ਦਿਵੇਦੀ, ਮੋਹਨ ਗਿੱਲ, ਰਾਜਵੰਤ ਰਾਜ, ਕਵਿੰਦਰ ਚਾਂਦ, ਅਮਰੀਕ ਪਲਾਹੀ, ਅੰਗਰੇਜ਼ ਬਰਾੜ, ਦਵਿੰਦਰ ਕੌਰ ਜੌਹਲ, ਪਰਮਿੰਦਰ ਕੌਰ ਸਵੈਚ, ਸੁਖਜੀਤ ਕੌਰ ਹੁੰਦਲ, ਪ੍ਰੀਤ ਮਨਪ੍ਰੀਤ, ਹਰਦਮ ਸਿੰਘ ਮਾਨ, ਬਿੱਕਰ ਖੋਸਾ, ਡਾ. ਗੁਰਮਿੰਦਰ ਸਿੱਧੂ, ਨਰਿੰਦਰ ਭਾਗੀ, ਡਾ. ਰਮਿੰਦਰ ਕੰਗ, ਸੁਰਜੀਤ ਸਿੰਘ ਬਾਠ, ਸੁਨੀਤਾ ਗਰੇਵਾਲ ਅਤੇ ਕ੍ਰਿਸ਼ਨ ਬੈਕਟਰ ਨੇ ਕਿਹਾ ਕਿ ਜ਼ਿੰਦਗੀ ਦਾ ਜੋ ਸੁਹਜ, ਜ਼ਿੰਦਗੀ ਦੀ ਸਮਝ ਗਿੱਲ ਮਨਸੂਰ ਸਾਨੂੰ ਦੇ ਕੇ ਗਏ ਹਨ ਉਸ ਨੂੰ ਅਪਨਾ ਕੇ, ਉਸ ਉਪਰ ਚੱਲ ਕੇ ਅਸੀਂ ਆਪਣੇ ਆਲੇ ਦੁਆਲੇ ਨੂੰ ਅਤੇ ਆਪਣੇ ਸਮਾਜ ਨੂੰ ਇਕ ਬਹੁਤ ਹੀ ਖੂਬਸੂਰਤ ਸਮਾਜ ਬਣਾ ਸਕਦੇ ਹਾਂ। ਅੰਤ ਵਿੱਚ ਪ੍ਰਸਿੱਧ ਸ਼ਾਇਰ ਰਾਜਵੰਤ ਰਾਜ ਨੇ ਗ਼ਜ਼ਲ ਮੰਚ ਸਰੀ ਅਤੇ ਗਿੱਲ ਮਨਸੂਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਸਭਨਾਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *