ਡਾ. ਇਕਬਾਲ ਸਿੰਘ ਸਕਰੌਦੀ-
“ਹਰਫ਼ ਜੋ ਬਲਦੇ ਹੱਥਾਂ ਨੇ ਹਵਾ ਵਿੱਚ ਲਿਖੇ,
ਤੇਜ਼ ਝੋਂਕਿਆਂ ਦੇ ਨਾਲ਼ ਖਿੰਡ ਜਾਣਗੇ ਦੂਰ ਤੱਕ।
ਸ਼ਹਾਦਤ ਦੇ ਤੁਪਕਿਆਂ ਨਾਲ਼ ਉੱਕਰੇ ਨੇ ਧਰਤੀ ਦੀ ਹਿੱਕ ਉੱਤੇ,
ਮੋਤੀ ਸਦਾ ਇਤਿਹਾਸ ਦੇ ਪੰਨਿਆਂ ‘ਤੇ ਲਿਖੇ ਰਹਿਣਗੇ।” (ਜਸਕਰਨ)
ਉਂਝ ਤਾਂ ਸਾਰਾ ਸਿੱਖ ਇਤਿਹਾਸ ਹੀ ਕੁਰਬਾਨੀਆਂ ਅਤੇ ਆਪਾ ਵਾਰ ਦੇਣ ਦੀ ਭਾਵਨਾ ਨਾਲ਼ ਭਰਿਆ ਪਿਆ ਹੈ। ਪਰੰਤੂ ਦੇਸ਼, ਕੌਮ, ਧਰਮ ਅਤੇ ਸਮਾਜ ਲਈ ਆਪਣਾ ਆਪਾ ਬਲੀਦਾਨ (ਅਰਪਿਤ) ਕਰ ਦੇਣ ਦੀ ਪਿਰਤ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਹੀ ਪਾਈ। ਉਹ ਗੁਰੂ ਨਾਨਕ ਦੇਵ ਜੀ ਦੇ ਆਤਮਿਕ ਤਖ਼ਤ ਉੱਤੇ ਬੈਠੇ ਗੁਰੂ ਨਾਨਕ ਜੋਤਿ ਦਾ ਪੰਜਵਾਂ ਸਰੂਪ ਸਨ, ਜੋ ਸਬਰ, ਸੰਤੋਖ, ਸ਼ੁਕਰ, ਦਇਆ, ਕੋਮਲਤਾ, ਬਲੀਦਾਨ ਅਤੇ ਭਾਣਾ ਮੰਨਣ ਦੀ ਸਾਖਿਆਤ ਮੂਰਤ ਸਨ। ਉਨ੍ਹਾਂ ਨੇ ਆਪਣੀ ਬਾਣੀ ਵਿੱਚ ਮਨੁੱਖਤਾ ਲਈ ਉੱਚੀਆਂ ਅਤੇ ਸੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਸਥਾਪਤ ਕਰਨ ਲਈ ਸਦਾ ਸੁੱਖ, ਉਤਸ਼ਾਹ, ਪਿਆਰ, ਹਮਦਰਦੀ ਦਾ ਸੁਨੇਹਾ ਦਿੱਤਾ। ਇਸੇ ਤਰ੍ਹਾਂ ਕਿਸੇ ਨਾਲ਼ ਈਰਖਾ, ਦਵੈਸ਼, ਨਫ਼ਰਤ, ਬੇਗਾਨਗੀ, ਵੈਰ ਵਿਰੋਧ ਨਾ ਰੱਖਣ ਦੀ ਸਿੱਖਿਆ ਦਿੱਤੀ। ਇਹੋ ਉੱਤਮ ਗੁਣ ਆਪ ਦੀ ਸ਼ਖ਼ਸੀਅਤ ਦਾ ਮੂਲ਼ ਸੀ-
“ਬਿਸਰਿ ਗਈ ਸਭ ਤਾਤਿ ਪਰਾਈ।
ਜਬ ਤੇ ਸਾਧ ਸੰਗਤਿ ਮੋਹਿ ਪਾਈ।।
ਨਾ ਕੋ ਵੈਰੀ ਨਾਹੀ ਬੇਗਾਨਾ।
ਸਗਲ ਸੰਗ ਹਮ ਕੋ ਬਣ ਆਈ।।
ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਜਨਮ ਪੰਦਰਾਂ ਅਪਰੈਲ 1563 ਈਸਵੀ (ਵਿਸਾਖ ਵਦੀ ੭ ਸੰਮਤ ੧੬੨੦) ਨੂੰ ਚੌਥੇ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਦੀ ਪਵਿੱਤਰ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਦਾ ਵਿਆਹ ਕ੍ਰਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਦੇਵੀ ਦੇ ਨਾਲ਼ ਮਉ ਪਿੰਡ ਵਿੱਚ 1579 ਈਸਵੀ (੨੩ ਹਾੜ ਸੰਮਤ ੧੬੩੬) ਵਿੱਚ ਹੋਇਆ। ਜਿਨ੍ਹਾਂ ਦੀ ਕੁੱਖ ਤੋਂ ਮਹਾਂਵੀਰ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ।
ਗੁਰੂ ਅਰਜਨ ਦੇਵ ਜੀ ਇੱਕ ਸਤੰਬਰ 1581 ਈਸਵੀ (੨ ਅੱਸੂ ਸੰਮਤ ੧੬੩੮) ਨੂੰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ‘ਤੇ ਬਿਰਾਜੇ। ਆਪ ਨੇ ਬੜੇ ਉੱਤਮ ਢੰਗ ਨਾਲ਼ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਸਿੱਖ ਧਰਮ ਦੇ ਕਾਰਜਾਂ ਨੂੰ ਪੂਰਿਆਂ ਕਰਨ ਲਈ ਆਪਣੇ ਸਿੱਖਾਂ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਣ ਦੀ ਪਿਰਤ ਪਾਈ।
ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ, ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਆਪੀ ਪਿਆਰ ਦੇ ਪ੍ਰਤੀਕ, ਪੰਜਵੇਂ ਗੁਰੂ ਸਾਹਿਬ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਸਿਧਾਂਤਾਂ ਲਈ ਦ੍ਰਿੜ੍ਹਤਾ ਨਾਲ਼ ਖੜ੍ਹੇ ਰਹੇ, ਆਪਣਾ ਜੀਵਨ ਕੁਰਬਾਨ ਕੀਤਾ ਅਤੇ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ। ਆਪ ਜੀ ਦੀ ਸ਼ਹਾਦਤ ਦੁਨੀਆਂ ਦੇ ਧਰਮ ਇਤਿਹਾਸ ਅੰਦਰ ਇੱਕ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿੱਥੇ ਧਾਰਮਿਕ ਕੱਟੜਤਾ ਦੇ ਨਾਂ ‘ਤੇ ਮਨੁੱਖੀ ਅੱਤਿਆਚਾਰ ਨੂੰ ਸਿਖ਼ਰਲੀ ਚੁਣੌਤੀ ਦਿੱਤੀ, ਉੱਥੇ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ।
ਸਿੱਖ ਇਤਿਹਾਸ ਅੰਦਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਪ੍ਰੇਰਨਾ ਅੱਜ ਵੀ ਹਰੇਕ ਸਿੱਖ ਲਈ ਰਾਹ ਦਿਸੇਰਾ ਬਣੀ ਹੋਈ ਹੈ। ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ਼ ਟੱਕਰ ਲੈਣਾ, ਭਾਣਾ ਮੰਨਣ ਅਤੇ ਸਬਰ ਸੰਤੋਖ ਅਤੇ ਦ੍ਰਿੜ੍ਹਤਾ ਨਾਲ਼ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਰਾਹ ਦਿਖਾ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਨੂੰ ਇੰਨਾਂ ਪੱਕਾ ਅਤੇ ਮਜ਼ਬੂਤ ਕਰ ਦਿੱਤਾ ਕਿ ਵਾਰ-ਵਾਰ ਝੁੱਲਦੇ ਜ਼ੁਲਮ ਦੇ ਝੱਖੜ, ਹਨ੍ਹੇਰੀਆਂ ਵੀ ਇਸ ਦਾ ਕੁਝ ਨਾ ਵਿਗਾੜ ਸਕੇ। ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵਿਲੱਖਣ ਅਤੇ ਮਹਾਨ ਕਾਰਜ ਆਦਿ ਗ੍ਰੰਥ ਦਾ ਸੰਕਲਨ ਕਰਨਾ ਸੀ, ਜਿਸ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਸੰਤਾਂ, ਸੂਫ਼ੀਆਂ, ਭਗਤਾਂ ਅਤੇ ਭੱਟਾਂ ਦੀ ਰਚਨਾ ਸ਼ਾਮਲ ਹੈ।
ਸ਼ਹੀਦ ਅਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਕਿਸੇ ਉੱਚੇ ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਕੁਰਬਾਨੀ ਦੇਣ ਵਾਲ਼ਾ ‘ਸ਼ਹੀਦ’ ਅਖਵਾਉਂਦਾ ਹੈ। ਸਿੱਖ ਧਰਮ ਅੰਦਰ ਸ਼ਹਾਦਤ ਸ਼ਬਦ ਬਹੁਤ ਸਤਿਕਾਰ ਭਰੇ ਸ਼ਬਦਾਂ ਵਿੱਚ ਸਾਡੇ ਸਾਹਮਣੇ ਹੈ। ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਆਵਾਜ਼ ਬੁਲੰਦ ਰੱਖਣ ਲਈ ਕੀਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ। ਇਹ ਗਵਾਹੀ ਕੋਈ ਆਮ ਨਹੀਂ, ਸਗੋਂ ਸਮਾਜਿਕ ਪ੍ਰਸੰਗ ਦੇ ਨਾਲ਼-ਨਾਲ਼ ਰੂਹਾਨੀਅਤ ਨਾਲ਼ ਵੀ ਭਰਪੂਰ ਹੈ। ਸ਼ਹੀਦ ਦੀ ਸ਼ਹਾਦਤ ਹਮੇਸ਼ਾ ਸੱਚ ਵਾਸਤੇ ਹੁੰਦੀ ਹੈ। ਇਸ ਕਰਕੇ ਸੱਚ ਅਤੇ ਸ਼ਹਾਦਤ ਦਾ ਰਿਸ਼ਤਾ ਵੀ ਅਟੁੱਟ ਹੈ। ਸਿੱਖ ਧਰਮ ਵਿੱਚ ਸੱਚ ਉੱਤੇ ਚੱਲਣ ਅਤੇ ਸੱਚ ਖ਼ਾਤਰ ਲੋੜ ਪੈਣ ਉੱਤੇ ਸ਼ਹਾਦਤ ਦੇਣ ਦਾ ਮਾਰਗ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਸੀ।ਆਪ ਜੀ ਨੇ ਗੁਰਬਾਣੀ ਅੰਦਰ ਹੁਕਮ ਕੀਤਾ –
“ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।।
ਸਿਰੁ ਦੀਜੈ ਕਾਣਿ ਨ ਕੀਜੈ।।”
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਪਹਿਲੇ ਪਾਤਸ਼ਾਹ ਦੇ ਦਰਸਾਏ ਇਸ ਮਾਰਗ ਨੂੰ ਹੋਰ ਪੱਕਿਆਂ ਕੀਤਾ। ਗੁਰੂ ਜੀ ਦਾ ਸਾਰਾ ਜੀਵਨ ਪਰਉਪਕਾਰ ਅਤੇ ਉੱਚੇ ਸੁੱਚੇ ਸਿਧਾਂਤਾਂ ਅਤੇ ਆਦਰਸ਼ਾਂ ਲਈ ਬਤੀਤ ਹੋਇਆ। ਆਪ ਜੀ ਦੇ ਗੁਣ, ਪਰਉਪਕਾਰ ਅਤੇ ਸਿਫ਼ਤਾਂ ਬੇਅੰਤ ਹਨ।
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਪਹਿਲੀ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਲਾਸਾਨੀ ਅਤੇ ਬੇਮਿਸਾਲ ਹੈ। ਉਨ੍ਹਾਂ ਦੀ ਸ਼ਹੀਦੀ ਦੇ ਅਸਲ ਕਾਰਨ ਜਹਾਂਗੀਰ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਅਤੇ ਤੰਗਦਿਲੀ ਸੀ। ਉਸ ਸਮੇਂ ਆਦਿ ਗ੍ਰੰਥ ਦਾ ਸੰਕਲਨ ਕਰਨ ਕਾਰਨ ਗੁਰੂ ਸਾਹਿਬ ਦਾ ਤੇਜ਼ ਪ੍ਰਤਾਪ ਦਿਨੋ ਦਿਨ ਵਧ ਰਿਹਾ ਸੀ। ਪਰੰਤੂ ਸਮੇਂ ਦੀ ਮੁਗ਼ਲ ਸਲਤਨਤ, ਉਸ ਦੇ ਤੁਅੱਸਬੀ ਬਾਦਸ਼ਾਹ ਅਤੇ ਕੱਟੜਪੰਥੀ ਠੇਕੇਦਾਰਾਂ ਲਈ ਗੁਰੂ ਜੀ ਦੀ ਵਧ ਰਹੀ ਚੜ੍ਹਤ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੋ ਚੁੱਕਾ ਸੀ। ਗੁਰੂ ਜੀ ਦੀ ਚੜ੍ਹਦੀ ਕਲਾ, ਬੇਬਾਕੀ ਨਾਲ਼ ਕੀਤੇ ਜਾਣ ਵਾਲ਼ੇ ਬਿਆਨ ਅਤੇ ਨਿਧੜਕ ਐਲਾਨ ਜਿੱਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦਾ ਨਿਆਰਾਪਨ, ਕਹਿਣੀ ਕਥਨੀ ਕਰਨੀ ਦੀ ਸੁਤੰਤਰਤਾ, ਸੁਭਾਅ ਵਿਚਲੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ, ਉੱਥੇ ਇਹ ਕਰਮ ਕਾਂਡੀ ਤੁਅੱਸਬੀ ਸ਼ਕਤੀਆਂ ਨੂੰ ਬਹੁਤ ਵੱਡੀ ਚੁਣੌਤੀ ਸੀ।
ਗੁਰੂ ਅਰਜਨ ਦੇਵ ਜੀ ਅਤੇ ਗੁਰੂ ਘਰ ਪ੍ਰਤੀ ਸੰਗਤਾਂ ਵਿੱਚ ਵਧ ਰਹੀ ਸ਼ਰਧਾ ਬਾਰੇ ਸੁਨਣਾ ਸਮੇਂ ਦੇ ਹਾਕਮਾਂ ਨੂੰ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਸੀ। ਸੱਚ ਤਾਂ ਇਹ ਹੈ ਕਿ ਮੁਗ਼ਲ ਸ਼ਹਿਨਸ਼ਾਹ ਜਹਾਂਗੀਰ ਕਿਸੇ ਅਜਿਹੇ ਮੌਕੇ ਦੀ ਭਾਲ਼ ਵਿੱਚ ਸੀ ਕਿ ਉਸ ਨੂੰ ਕਦੋਂ ਕੋਈ ਬਹਾਨਾ ਮਿਲੇ ਅਤੇ ਉਹ ਦਿਨੋਂ ਦਿਨ ਵਧ ਰਹੀ ਇਸ ਸਿੱਖ ਲਹਿਰ ਨੂੰ ਪੂਰੀ ਤਰ੍ਹਾਂ ਕੁਚਲ ਕੇ ਰੱਖ ਦੇਵੇ। ਉਸ ਦੀ ਦਿਲੀ ਰੀਝ ਸੀ ਕਿ ਉਹ ਸਿੱਖਾਂ ਵਿੱਚ ਬਹੁਤ ਜ਼ਿਆਦਾ ਹਰਮਨਪਿਆਰੇ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਮੁਸਲਮਾਨ ਧਰਮ ਵਿੱਚ ਸ਼ਾਮਲ ਕਰ ਲਵੇ। ਜੇਕਰ ਉਹ ਨਾ ਮੰਨੇ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈਜੀਵਨੀ “ਤੁਜ਼ਕੇ-ਜਹਾਂਗੀਰੀ” ਵਿੱਚ ਕਰਦਾ ਹੋਇਆ ਲਿਖਦਾ ਹੈ-
“ਗੋਇੰਦਵਾਲ ਵਿੱਚ, ਜੋ ਕਿ ਬਿਆਸ ਨਦੀ ਦੇ ਕੰਢੇ ਸਥਿਤ ਹੈ, ਪੀਰਾਂ ਫ਼ਕੀਰਾਂ ਦੇ ਭੇਸ ਵਿੱਚ ਇੱਕ ਹਿੰਦੂ ਰਹਿੰਦਾ ਸੀ, ਜਿਸ ਦਾ ਨਾਮ ਅਰਜਨ ਸੀ। ਬਹੁਤ ਸਾਰੇ ਮੂਰਖ਼ ਹਿੰਦੂ ਅਤੇ ਮੁਸਲਮਾਨ ਉਸ ਦੇ ਬਹਿਕਾਵੇ ਵਿੱਚ ਆ ਚੁੱਕੇ ਸਨ। ਇਸ ਤੋਂ ਇਲਾਵਾ ਉਸ ਨੇ ਆਪਣੀ ਆਤਮਿਕ ਸ਼ਕਤੀ ਦਾ ਢੌਂਗ ਰਚਾਇਆ ਹੋਇਆ ਸੀ। ਬਹੁਤ ਸਾਰੇ ਲੋਕ ਸ਼ਰਧਾ ਵੱਸ ਉਸ ਨੂੰ ਗੁਰੂ ਕਹਿੰਦੇ ਸਨ। ਸਭ ਪਾਸੇ ਕਪਟ ਹੀ ਕਪਟ ਸੀ। ਕਪਟ ਦੇ ਪੁਜਾਰੀ ਉਸ ਉੱਤੇ ਪੂਰੀ ਸ਼ਰਧਾ ਰੱਖਦੇ ਸਨ। ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਸ਼ੈਤਾਨ (ਗੁਰੂ ਜੀ ਦੀ) ਝੂਠ ਦੀ ਦੁਕਾਨ ਚੱਲ ਰਹੀ ਸੀ। ਕਿੰਨੇ ਹੀ ਸਮੇਂ ਤੋਂ ਮੇਰੇ ਮਨ ਵਿੱਚ ਇਹ ਧਾਰਨਾ ਪੈਦਾ ਹੋ ਰਹੀ ਸੀ ਕਿ ਝੂਠ ਅਤੇ ਪਾਖੰਡ ਦੀ ਇਸ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ।”
ਉਪਰੋਕਤ ਸ਼ਬਦਾਂ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਨਾਲ਼ ਸਖ਼ਤ ਘ੍ਰਿਣਾ ਕਰਦਾ ਸੀ। ਉਹ ਉਨ੍ਹਾਂ ਨੂੰ ਮੁਸਲਮਾਨ ਧਰਮ ਵਿੱਚ ਸ਼ਾਮਲ ਕਰਨ ਜਾਂ ਫ਼ਿਰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀ। ਬਾਦਸ਼ਾਹ ਨੂੰ ਕੇਵਲ ਬਹਾਨੇ ਦੀ ਤਲਾਸ਼ ਸੀ। ਜਦੋਂ ਉਸ ਦੇ ਪੁੱਤਰ ਖ਼ੁਸਰੋ ਨੇ ਉਸ ਵਿਰੁੱਧ ਬਗ਼ਾਵਤੀ ਝੰਡਾ ਚੁੱਕ ਲਿਆ ਤਾਂ ਉਹ ਮੁਗ਼ਲ ਸੈਨਾਵਾਂ ਕੋਲੋਂ ਭੱਜ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆ ਗਿਆ ਸੀ। ਗੁਰੂ ਸਾਹਿਬ ਤਾਂ ਆਪਣੀ ਸ਼ਰਨ ਵਿੱਚ ਆਉਣ ਵਾਲ਼ੇ ਹਰੇਕ ਮਨੁੱਖ ਨੂੰ ਪਨਾਹ ਦਿੰਦੇ ਸਨ। ਬੱਸ ਬਾਗ਼ੀ ਪੁੱਤਰ ਖ਼ੁਸਰੋ ਦੀ ਮੱਦਦ ਕਰਨ ਕਾਰਨ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਵਿਰੁੱਧ ਕਾਰਵਾਈ ਕਰਨ ਦਾ ਮੌਕਾ ਮਿਲ ਗਿਆ। ਉਸ ਨੇ ਉਸੇ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਯਾਸਾ-ਏ-ਸਿਆਸਤ ਕਾਨੂੰਨ ਅਧੀਨ ਮੌਤ ਦੀ ਸਜ਼ਾ ਸੁਣਾ ਦਿੱਤੀ, ਜਿਸ ਦਾ ਭਾਵ ਹੈ ਕਿ ਗੁਰੂ ਨੂੰ ਤਸੀਹੇ ਦੇ ਕੇ ਮਾਰਨਾ ਅਤੇ ਉਨ੍ਹਾਂ ਦੇ ਖ਼ੂਨ ਦਾ ਇੱਕ ਵੀ ਕਤਰਾ ਧਰਤੀ ਉੱਤੇ ਨਾ ਡਿੱਗ ਪਾਏ।
ਇਸ ਤਰ੍ਹਾਂ ਮੁਗ਼ਲ ਸਮਰਾਟ ਜਹਾਂਗੀਰ ਦੇ ਹੁਕਮ ਅਨੁਸਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਨੂੰ ਸ਼ਹੀਦ ਕਰਨ ਲਈ ਕਈ ਪ੍ਰਕਾਰ ਦੇ ਅਕਹਿ ਅਤੇ ਅਸਹਿ ਤਸੀਹੇ ਦਿੱਤੇ ਗਏ। ਮਈ-ਜੂਨ ਮਹੀਨੇ ਦੀ ਅੱਗ ਵਰ੍ਹਾਉਂਦੀ ਗਰਮੀ ਵਿੱਚ ਉਨ੍ਹਾਂ ਨੂੰ ਉੱਬਲਦੀ ਦੇਗ਼ ਵਿੱਚ ਉਬਾਲਿਆ ਗਿਆ। ਤੱਤੀ ਤਵੀ ਉੱਤੇ ਬਿਠਾਇਆ ਗਿਆ। ਉਨ੍ਹਾਂ ਦੇ ਕੇਸਾਂ ਅਤੇ ਨੰਗੇ ਪਿੰਡੇ ਉੱਤੇ ਸੜਦੀ ਬਲ਼ਦੀ ਗਰਮ-ਗਰਮ ਰੇਤ ਪਾਈ ਗਈ। ਪਰੰਤੂ ਗੁਰੂ ਅਰਜਨ ਦੇਵ ਜੀ ਨੇ ਸਭ ਕਸ਼ਟ ਬੜੇ ਸਹਿਜ ਰੂਪ ਵਿੱਚ ਸਹਾਰਦਿਆਂ ਇਸ ਨੂੰ ਨਿਰੰਕਾਰ ਦਾ ਭਾਣਾ ਸਮਝ ਕੇ ਆਪ ਬਿਲਕੁਲ ਅਡੋਲ ਬੈਠੇ ਰਹੇ। ਇਸ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ –
“ਤੇਰਾ ਭਾਣਾ ਮੀਠਾ ਲਾਗੇ।
ਹਰਿ ਨਾਮੁ ਪਦਾਰਥੁ ਨਾਨਕੁ ਮਾਗੈ।।”
ਵਾਹਿਗੁਰੂ ਦੀ ਰਜ਼ਾ ਅੰਮ੍ਰਿਤ ਵਰਗੀ ਮਿੱਠੀ ਹੈ ਅਤੇ ਨਾਨਕ ਉਸ ਦੇ ਨਾਮ ਨੂੰ ਸਦਾ ਮੰਗਦਾ ਹੈ।
ਲਗਾਤਾਰ ਛੇ ਦਿਨ ਅਸਹਿ ਤਸੀਹੇ ਸਹਿਣ ਉਪਰੰਤ ਉਨ੍ਹਾਂ ਨੇ ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਦੀ ਇੱਛਾ ਪਰਗਟ ਕੀਤੀ। ਜਦੋਂ ਗੁਰੂ ਸਾਹਿਬ ਰਾਵੀ ਦੇ ਠੰਢੇ ਪਾਣੀ ਵਿੱਚ ਉੱਤਰੇ ਤਾਂ ਉਨ੍ਹਾਂ ਉੱਥੇ ਹੀ ਆਪਣੇ ਸੁਆਸ ਤਿਆਗ ਦਿੱਤੇ ਅਤੇ ਨਿਰੰਕਾਰ ਨਾਲ਼ ਜਾ ਮਿਲੇ। ਇਸ ਪ੍ਰਕਾਰ ਅਨੇਕਾਂ ਤਸੀਹੇ ਝੱਲਦੇ ਹੋਏ ਗੁਰੂ ਅਰਜਨ ਦੇਵ ਜੀ 1606 ਈਸਵੀ ਨੂੰ ਸ਼ਹੀਦ ਹੋ ਗਏ।
ਦੁਨੀਆਂ ਦੇ ਇਤਿਹਾਸ ਦੀ ਇਸ ਮਹਾਨ ਸ਼ਹਾਦਤ ਵਾਲ਼ੇ ਅਸਥਾਨ ਉੱਤੇ ਰਾਵੀ ਦਰਿਆ ਦੇ ਕੰਢੇ, ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਸਥਿਤ ਹੈ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਬਲੀਦਾਨ ਦੇ ਦਿੱਤਾ। ਪਰੰਤੂ ਗੁਰੂ ਨਾਨਕ ਦੇਵ ਦੇ ਮਾਰਗ ਨੂੰ ਨਹੀਂ ਛੱਡਿਆ। ਉਨ੍ਹਾਂ ਨੂੰ ਸਮੁੱਚੇ ਸਿੱਖ ਜਗਤ ਵਿੱਚ ਨਿਮਰਤਾ ਦੇ ਪੁੰਜ ਵਜੋਂ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਬਹੁਤ ਨਿਮਰ ਅਤੇ ਸੰਤ ਸੁਭਾਅ ਦੇ ਮਾਲਕ ਸਨ। ਪਰੰਤੂ ਉਨ੍ਹਾਂ ਦੀ ਸ਼ਹਾਦਤ ਨੇ ਸਮੁੱਚੇ ਸਿੱਖ ਪੰਥ ਨੂੰ ਇੱਕ ਬਹਾਦਰ ਅਤੇ ਨਿਡਰ ਕੌਮ ਵਿੱਚ ਬਦਲ ਦਿੱਤਾ।
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਜ਼ੁਲਮ ਜ਼ਬਰ ਵਿਰੁੱਧ ਸੰਘਰਸ਼ ਲਈ ਅਥਾਹ ਜੋਸ਼ ਭਰ ਦਿੱਤਾ। ਇਸ ਸ਼ਹਾਦਤ ਉਪਰੰਤ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਉਨ੍ਹਾਂ ਸਦਾ ਕਾਇਮ ਰਹਿਣ ਵਾਲ਼ਾ ਅਕਾਲ ਪੁਰਖੁ ਦਾ ਤਖ਼ਤ “ਸ਼੍ਰੀ ਅਕਾਲ ਤਖ਼ਤ” ਦੀ ਸਥਾਪਨਾ ਕੀਤੀ। ਉਨ੍ਹਾਂ ਵੱਲੋਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨਾ, ਸ਼ਸਤਰ ਇਕੱਠੇ ਕਰਨਾ, ਕਿਲ੍ਹੇ ਬਣਵਾਉਣਾ, ਸ਼ਾਹੀ ਫੌਜ ਦਾ ਡੱਟ ਕੇ ਮੁਕਾਬਲਾ ਕਰਨਾ, ਉਨ੍ਹਾਂ ਨੂੰ ਕਰਾਰੀ ਹਾਰ ਦੇਣਾ ਇਸ ਸ਼ਹਾਦਤ ਦੇ ਫ਼ਲਸਰੂਪ ਅਮਲ ਵਿੱਚ ਆਏ ਸਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅੱਜ ਵੀ ਸਾਡੇ ਲਈ ਰਾਹ ਦਸੇਰਾ ਬਣੀ ਹੋਈ ਹੈ, ਜਿਸ ਰਾਹ ਉੱਤੇ ਚੱਲ ਕੇ ਅਸੀਂ ਆਪਣੇ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਖ਼ਾਤਰ ਜਬਰ ਜ਼ੁਲਮ ਦੇ ਟਾਕਰੇ ਲਈ ਸਦਾ ਤਤਪਰ ਰਹਿਣਾ ਹੈ। ਸੱਚ ਦੀ ਖ਼ਾਤਰ ਸਦਾ ਸੰਘਰਸ਼ਸ਼ੀਲ ਰਹਿਣਾ ਹੈ। ਝੂਠ, ਜ਼ੁਲਮ, ਅਨਿਆਂ ਦੀ ਜੜ੍ਹ ਪੁੱਟਣ ਲਈ ਹਮੇਸ਼ਾ ਅੱਗੇ ਤੋਂ ਅੱਗੇ ਵੱਧਣਾ ਹੈ।
ਪੰਜਾਬੀ ਸ਼ਾਇਰੀ ਦੇ ਮਹਾਨ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਜੀ ਨੇ ਗੁਰੂ ਜੀ ਦੀ ਸ਼ਹਾਦਤ ਸੰਬੰਧੀ ਇੱਕ ਥਾਂ ਦਰਜ ਕੀਤਾ ਹੈ –
“ਜੋ ਲੋਅ ਮੱਥੇ ‘ਚੋਂ ਫੁੱਟਦੀ ਹੈ,
ਉਹ ਅਸਲੀ ਤਾਜ ਹੁੰਦੀ ਹੈ,
ਤਵੀ ਦੇ ਤਖ਼ਤ ‘ਤੇ ਬਹਿ ਕੇ ਹੀ,
ਸੱਚੇ ਪਾਤਸ਼ਾਹ ਬਣਦੇ।”
-ਡਾ. ਇਕਬਾਲ ਸਿੰਘ ਸਕਰੌਦੀ।
ਗਲ਼ੀ ਨੰਬਰ 06, ਥਲੇਸ ਬਾਗ਼ ਕਲੋਨੀ ਸੰਗਰੂਰ।