ਮੇਰੇ ਖਿਲਾਫ ਮੁਕੱਦਮਾ ਸੱਚ ਬੋਲਣ ਤੋਂ ਰੋਕਣ ਲਈ ਕੀਤਾ-ਭੰਗੂ-
ਐਬਟਸਫੋਰਡ-ਟਰੱਕ ਆਪਰੇਟਰ ਯੂਨੀਅਨ ਨੇ ਲੈਂਗਲੀ-ਐਬਟਸਫੋਰਡ ਤੋਂ ਕੰਸਰਵੇਟਿਵ ਦੇ ਐਮਐਲਏ ਹਰਮਨ ਭੰਗੂ ਵਲੋਂ ਬੀਸੀ ਲੈਜਿਸਲੇਚਰ ਵਿਚ ਯੂਨੀਅਨ ’ਤੇ ਭਾਈ-ਭਤੀਜਾਬਾਦ ਅਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਪਿੱਛੋਂ ਉਸਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਕੀਤਾ ਹੈ। ਟੀਮਸਟਰਜ਼ ਯੂਨੀਅਨ ਲੋਕਲ 213 ਨੇ 26 ਮਈ ਨੂੰ ਇਕ ਮੁਕੱਦਮਾ ਦਾਇਰ ਕੀਤਾ ਹੈ ਅਤੇ ਭੰਗੂ ’ਤੇ ਆਪਣੇ ਭਾਸ਼ਣ ਨੂੰ ਦੁਬਾਰਾ ਪੋਸਟ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ’ਤੇ ਟਿੱਪਣੀਆਂ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ। ਭੰਗੂ ਨੇ ਅਦਾਲਤਾਂ ਵਿਚ ਟੀਮਸਟਰਜ਼ ਦੇ ਦਾਅਵਿਆਂ ਦਾ ਜਵਾਬ ਨਹੀਂ ਦਿੱਤਾ ਸਗੋਂ ਕਿਹਾ ਕਿ ਮੁਕੱਦਮਾ ਉਸ ਨੂੰ ਚੁੱਪ ਕਰਵਾਉਣ ਤੇ ਡਰਾਉਣ ਦੀ ਕੋਸ਼ਿਸ਼ ਹੈ। ਟੀਮਸਟਰਜ਼ ਦੇ ਕਲੇਮ ਵਿਚ ਕੀਤੇ ਕੋਈ ਵੀ ਦੋਸ਼ ਅਦਾਲਤ ਵਿਚ ਅਜੇ ਸਾਬਤ ਨਹੀਂ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਇੰਡਸਟਰੀ ਵਿਚ ਭਾਈ-ਭਤੀਜਾਵਾਦ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਯੂਨੀਅਨ ਦੇ ਇਕ ਖ਼ਾਸ ਅਧਿਕਾਰੀ ਦਾ ਨਾਂਅ ਲਿਆ ਅਤੇ ਦੋਸ਼ ਲਗਾਇਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੀਬੀਏ ਸਿਸਟਮ ਵਿਚ ਦਲਾਲਾਂ ਵਜੋਂ ਅਹੁਦੇ ਮਿਲੇ ਹੋਏ ਹਨ। ਉਨ੍ਹਾਂ ਸਿਸਟਮ ਨੂੰ ਸਪੱਸ਼ਟ ਭ੍ਰਿਸ਼ਟਾਚਾਰ ਅਤੇ ਯੋਜਨਾਬੱਧ ਭਾਈ-ਭਤੀਜਾਵਾਦ ਆਖਿਆ ਹੈ।