Mar 7, 2026

Screenshot

-ਸੁਖਵਿੰਦਰ ਸਿੰਘ ਚੋਹਲਾ-

ਜਦੋਂ ਵਿਸ਼ਵ ਵਿਚ ਲੋਕਤੰਤਰ ਦੀ ਮਜ਼ਬੂਤੀ ਲਈ ਇਕ ਪਾਸੇ ਰਾਜਾਸ਼ਾਹੀ ਨੂੰ ਖਤਮ ਕੀਤੇ ਜਾਣ ਦੀਆਂ ਆਵਾਜਾਂ ਉਠ ਰਹੀਆਂ ਹਨ ਤਾਂ ਦੂਸਰੇ ਪਾਸੇ ਉਸੇ ਲੋਕਤੰਤਰ ਦੀ ਸੁਰੱਖਿਆ ਲਈ ਰਾਜਾਸ਼ਾਹੀ ਦਾ ਸਹਾਰਾ ਲਿਆ ਜਾ ਰਿਹਾ ਹੈ। ਇੰਗਲੈਂਡ ਦੇ ਸ਼ਾਹੀ ਪਰਿਵਾਰ ਦੇ ਵਾਰਿਸ ਕਿੰਗ ਚਾਰਲਸ ਤੀਜੇ ਦੀ ਕੈਨੇਡਾ ਫੇਰੀ ਨੇ ਦੁਨੀਆ ਸਾਹਮਣੇ ਇਕ ਨਵੀਂ ਉਦਾਹਰਣ ਪੇਸ਼ ਕੀਤੀ ਹੈ। ਇਹ ਉਹ ਸਮਾਂ ਹੈ ਜਦੋਂ ਇਕ ਮਹਾਨ ਜਮਹੂਰੀ ਮੁਲਕ ਦੇ ਚੁਣੇ ਹੋਏ ਰਾਸ਼ਟਰਪਤੀ ਵਲੋਂ ਇਕ ਹੋਰ ਜਮਹੂਰੀ ਮੁਲਕ ਨੂੰ ਆਪਣੇ ਮੁਲਕ ਵਿਚ ਮਿਲਾਉਣ ਦੀਆਂ ਸਲਾਹਾਂ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦੀਆਂ ਵੋਟਾਂ ਰਾਹੀਂ ਚੁਣੇ ਜਾਣ ਵਾਲੇ ਸਿਆਸੀ ਆਗੂਆਂ ਦੇ ਖੁਦ ਤਾਨਾਸ਼ਾਹ ਬਣਨ ਜਾਂ ਤਾਨਾਸ਼ਾਹ ਰਵੱਈਏ ਦੀ ਵੀ ਇਹ ਇਕ ਆਪਣੀ ਮਿਸਾਲ ਹੈ। ਨਵੇਂ ਯੁਗ ਦੇ ਇਹਨਾਂ ਤਾਨਾਸ਼ਾਹਾਂ ਨੂੰ ਜਮਹੂਰੀ ਮਰਿਆਦਾ ਵਿਚ ਰਹਿਣ ਜਾਂ ਜਮਹੂਰੀ ਦਾ  ਪਾਠ ਪੜਾਉਣ ਲਈ ਯੁਗਾਂ ਪੁਰਾਣੀ ਰਾਜਾਸ਼ਾਹੀ ਦੇ ਕਿਸੇ ਵਾਰਿਸ ਵਲੋਂ ਸ਼ਾਹੀ ਮਹਿਲ ਚੋਂ ਨਿਕਲਕੇ ਪਾਰਲੀਮੈਂਟ ਵਿਚ ਆਉਣ ਦਾ ਵੀ ਇਕ ਨਿਵੇਕਲਾ ਮੰਜ਼ਰ ਹੈ। ਸ਼ਾਇਦ ਜਮਹੂਰੀ ਦੁਨੀਆ ਦੇ ਇਤਿਹਾਸ ਦਾ ਇਹ ਵੀ ਇਕ ਸੱਚ ਹੈ ਕਿ ਇੰਗਲੈਂਡ ਦੇ ਸ਼ਾਹੀ ਰਾਜ ਜਿਸਦਾ ਸੂਰਜ ਕਦੇ ਨਾ ਡੁੱਬਣ ਦਾ ਦਾਆਵਾ ਕੀਤਾ ਜਾਂਦਾ ਸੀ, ਉਸ ਸ਼ਾਹੀ ਪਰਿਵਾਰ ਵਲੋਂ ਹੀ ਆਪਣੇ ਮਹਿਲਾਂ ਦੇ ਬਾਹਰ ਆਪਣੀ ਜਨਤਾ ਨੂੰ ਇਕ ਜਮਹੂਰੀ ਤੇ ਚੁਣੀ ਹੋਈ ਪੰਚਾਇਤ ਜਾਂ ਸਰਕਾਰ ਚਲਾਉਣ ਦੀ ਪਰੰਪਰਾ ਦਾ ਆਰੰਭ ਕੀਤਾ ਗਿਆ। ਜਮਹੂਰੀ ਇਤਿਹਾਸ ਦੀ ਵੀ ਇਹ ਅਜੀਬ ਵਿਡੰਬਨਾ ਹੈ ਕਿ ਇੰਗਲੈਂਡ ਦੇ ਸ਼ਾਹੀ ਪਰਿਵਾਰ ਦਾ ਇਕ ਵਾਰਿਸ ਇਕ ਵੱਡੇ ਜਮਹੂਰੀ ਮੁਲਕ ਦੀ ਪ੍ਰਭੂਸੱਤਾ ਤੇ ਆਜਾਦੀ ਦੀ ਗਵਾਹੀ ਭਰਨ ਲਈ ਇਕ ਸਰਕਾਰ ਦੇ ਮੁਖੀ ਦੀ ਬੇਨਤੀ ਤੇ ਪਧਾਰਿਆ ਹੈ।

ਬੀਤੇ ਦਿਨੀਂ ਕਿੰਗ ਚਾਰਲਸ ਤੀਜੇ ਨੇ ਕੈਨੇਡੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੀ ਪ੍ਰਭੂਸੱਤਾ ਅਤੇ ਕੌਮਾਂਤਰੀ ਪਛਾਣ ਨੂੰ ਪਕੇਰਾ ਕਰਦਿਆਂ ਇਕ ਸਪੱਸ਼ਟ ਸੰਦੇਸ਼ ਦੇਣ ਦਾ ਯਤਨ ਕੀਤਾ ਜਿਸਦੀ ਤਾਜਾ ਚੁਣੌਤੀ ਭਰੇ ਸਮੇਂ ਵਿਚ ਵਧੇਰੇ ਜਰੂਰਤ ਸੀ। ਇਹ ਚੁਣੌਤੀ ਭਰਿਆ ਸਮਾਂ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਕੈਨੇਡਾ ਨੂੰ ਵਾਰ-ਵਾਰ 51ਵੀਂ ਸਟੇਟ ਬਣਾਏ ਜਾਣ ਦੀਆਂ ਸਲਾਹਾਂ ਤੇ ਧਮਕੀਆਂ ਨੂੰ ਲੈਕੇ ਕੈਨੇਡੀਅਨ ਲੋਕਾਂ ਵਿਚ ਪਾਏ ਜਾ ਰਹੇ ਤੌਖਲਿਆਂ ਨੂੰ ਜਾਹਰ ਕਰਦਾ ਹੈ। ਪਰ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵਲੋਂ ਕੈਨੇਡਾ ਦੇ ਸੰਵਿਧਾਨਕ ਮੁਖੀ ਕਿੰਗ ਚਾਰਲਸ ਤੀਜੇ ਦੀ ਸ਼ਾਹੀ ਫੇਰੀ ਨਾਲ ਮੁਲਕ ਸਾਹਮਣੇ ਪੈਦਾ ਹੋਈ ਇਕ ਚੁਣੌਤੀ ਭਰੀ ਸਥਿਤੀ ਨੂੰ ਸੁਲਝਾਉਣ ਤੇ ਵਿਰੋਧੀਆਂ ਨੂੰ ਸਪੱਸ਼ਟ ਸੰਦੇਸ਼ ਦੇਣ ਦਾ ਪ੍ਰਬੰਧ ਕੀਤਾ ਗਿਆ। ਕਿੰਗ ਚਾਰਲਸ ਤੀਜੇ ਨੇ ਆਪਣੀ ਸ਼ਾਹੀ ਸ਼ਾਨ ਨਾਲ ਥਰੋਨ ਸਪੀਚ ਦੌਰਾਨ ਜਿਥੇ ਕੈਨੇਡਾ ਦੀ ਪ੍ਰਭੂਸੱਤਾ ਦੀ ਗੱਲ ਕੀਤੀ ਉਥੇ ਕਾਰਨੀ ਸਰਕਾਰ ਦੇ ਏਜੰਡੇ ਅਤੇ ਕੀਤੇ ਜਾਣ ਵਾਲੇ ਕੰਮਾਂ ਜਿਹਨਾਂ ਵਿਚ ਡੈਂਟਲ ਸਹੂਲਤਾਂ, ਜੀ ਐਸ ਟੀ ਤੋਂ ਰਾਹਤ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਪਰ ਉਹਨਾਂ ਦੇ ਭਾਸ਼ਨ ਦੀ ਸਭ ਤੋਂ ਮਹੱਤਵਪੂਰਣ ਤਰਜੀਹੀ ਗੱਲ ਕੈਨੇਡਾ ਨਾਲ ਉਹਨਾਂ ਦੇ ਨੇੜਲੇ ਸਬੰਧਾਂ ਅਤੇ ਇਕ ਪ੍ਰਭੂਸੱਤਾ ਸੰਪੰਨ ਰਾਜ ਵਜੋਂ ਪਛਾਣ ਹੀ ਸੀ।

ਜਿਕਰਯੋਗ ਹੈ ਕਿ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ ਪ੍ਰਧਾਨ ਮੰਤਰੀ ਕਾਰਨੀ ਨੇ ਲਿਬਰਲ ਪਾਰਟੀ ਦੀ ਜਿੱਤ ਤੋਂ ਕੁਝ ਦਿਨ ਬਾਅਦ ਅਤੇ ਉਸ ਸਮੇਂ ਦੌਰਾਨ ਕਿੰਗ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀਆਂ ਗੱਲਾਂ ਕਰ ਰਿਹਾ ਸੀ। ਥਰੋਨ ਸਪੀਚ ਰਾਸ਼ਟਰਪਤੀ ਟਰੰਪ ਦੇ ਅਮਰੀਕਾ ਫਸਟ ਆਰਥਿਕ ਏਜੰਡੇ ਅਤੇ ਦੰਡਕਾਰੀ ਟੈਰਿਫਾਂ ਦੀ ਧਮਕੀ ਨਾਲ ਸਬੰਧਤ ਸੀ ਜਿਸ ਨੇ ਕੈਨੇਡਾ ਵਾਸੀਆਂ ਵਿਚ ਇਕ ਡਰ ਅਤੇ ਆਰਥਿਕਤਾ ਅਸਥਿਰਕਾ ਦਾ ਮਾਹੌਲ ਬਣਾ ਰੱਖਿਆ ਹੈ।  ਕਿੰਗ ਚਾਰਲਸ ਨੇ ਕੈਨੇਡਾ ਦੇ ਮੁਖੀ ਹੋਣ ਦੇ ਨਾਤੇ ਦੇਸ਼ ਦੀ ਪ੍ਰਭੂਸੱਤਾ ’ਤੇ ਜ਼ੋਰ ਦਿੱਤਾ ਜਿਸ ਬਾਰੇ ਅਮਰੀਕੀ ਰਾਸ਼ਟਰਪਤੀ ਨੇ ਸਵਾਲ ਉਠਾਇਆ ਹੈ ਅਤੇ ਬਿਹਤਰ ਭਵਿੱਖ ਅਤੇ ਅਮਰੀਕਾ ’ਤੇ ਘੱਟ ਨਿਰਭਰਤਾ ਦੇ ਵਾਅਦਿਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਕਿੰਗ ਚਾਰਲਸ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਮਾਂ ਮਹਾਰਾਣੀ ਐਲਿਜਾਬੈਥ ਦੂਸਰੀ ਨੇ 1957 ਵਿਚ ਸੰਸਦ ਦਾ ਉਦਘਾਟਨ ਕੀਤਾ ਸੀ ਉਹ ਦੂਸਰੀ ਵਿਸ਼ਵ ਜੰਗ ਅਤੇ ਸੀਤ ਯੁੱਧ ਦੇ ਵਿਚਕਾਰਲਾ ਸਮਾਂ ਸੀ। ਪਰ ਹੁਣ ਵਿਸ਼ਵ ਨੂੰ ਲੋਕਤੰਤਰੀ ਬਹੁਲਵਾਦ, ਕਾਨੂੰਨ ਦੇ ਰਾਜ ਅਤੇ ਆਜ਼ਾਦੀ ’ਤੇ ਹਮਲੇ ਦੇ ਇਕ ਵੱਖਰੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਰੋਨ ਸਪੀਚ ਕੈਨੇਡਾ ਦੇ ਰਾਜੇ ਵਲੋਂ ਬਹੁਤ ਘੱਟ ਪੜਿਆ ਜਾਂਦਾ ਹੈ। ਆਮ ਤੌਰ ’ਤੇ ਇਹ ਗਵਰਨਰ ਜਨਰਲ ਵਲੋਂ ਪੜਿਆ ਜਾਂਦਾ ਹੈ ਅਤੇ ਮਹਾਰਾਣੀ ਐਲਿਜਾਬੈਥ ਵਲੋਂ ਸਿਰਫ ਦੋ ਵਾਰ ਪੜਿਆ ਗਿਆ। ਪਰ ਇਸ ਵਾਰ ਰਾਸ਼ਟਰਪਤੀ ਟਰੰਪ ਵਲੋਂ ਪੈਦਾ ਕੀਤੇ ਹਾਲਾਤ ਨੇ ਕਿੰਗ ਦੇ ਦਖਲ ਨੂੰ ਉਸਦਾ ਸ਼ਾਇਦ ਆਖਰੀ ਤੋੜ ਸਮਝਿਆ ਗਿਆ। ਕਿੰਗ ਚਾਰਲਸ ਤੀਜੇ ਦੀ ਕੈਨੇਡਾ ਫੇਰੀ ਤੇ ਥਰੋਨ ਸਪੀਚ ਵਿਚ ਕੈਨੇਡਾ ਦੀ ਪ੍ਰਭੂਸੱਤਾ ਤੇ ਆਜਾਦ ਹਸਤੀ ਦੀ  ਪੁਸ਼ਟੀ ਕਰਨ ਉਪਰੰਤ ਭਾਵੇਂਕਿ ਟਰੰਪ ਧਮਕੀਆਂ ਦੇ ਬੇਅਸਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਰਾਸ਼ਟਰਪਤੀ ਟਰੰਪ ਨੇ ਹੁਣ ਗੋਲਡਨ ਡੋਮ ਪ੍ਰਾਜੈਕਟ ਵਿਚ ਕੈਨੇਡਾ ਦੀ  ਭਾਈਵਾਲੀ ਨੂੰ ਲੈਕੇ ਨਵੀਂ ਬਿਆਨਬਾਜੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਕਾਰਨੀ ਦੀ ਗੋਲਡ ਡੋਮ ਪ੍ਰਾਜੈਕਟ ਵਿਚ ਭਾਈਵਾਲੀ ਬਾਰੇ ਗੱਲਬਾਤ ਦੀ ਸਹਿਮਤੀ ਦੇ ਅਰਥ ਕੁਝ ਵੀ ਹੋਣ ਪਰ ਇਹ ਜ਼ਰੂਰੀ ਹੈ ਕਿ ਕੈਨੇਡਾ ਨੂੰ ਸਵੈ ਰੱਖਿਆ ਲਈ ਆਤਮ ਨਿਰਭਰ ਹੋਣ ਅਤੇ ਵਿਸ਼ਵ ਵਪਾਰਕ ਔਕੜਾਂ ਨੂੰ ਪਾਰ ਕਰਨ ਲਏ ਅਗਲੇਰੇ ਯਤਨ ਕਰਨੇ ਹੋਣਗੇ।