ਜੂਨ ਦਾ ਮਹੀਨਾ ਗਰਮੀ ਸੀ ਕਹਿਰ ਦੀ |
ਮਘਦੀ ਸੀ ਧੁੱਪ ਸਿਰ ‘ਤੇ ਦੁਪਹਿਰ ਦੀ |
ਤੱਤੀ ਤਵੀ ਉਤੇ ਗੁਰੂ ਸਾਹਿਬ ਬਹਿ ਗਏ |
ਜ਼ਾਲਮਾਂ ਦਾ ਹੋ ਜਾਏਗਾ ਨਾਸ਼ ਕਹਿ ਗਏ |
ਪਾ ਕੇ ਸ਼ਹੀਦੀ ਇਤਿਹਾਸ ਰਚ ਗਏ |
ਸੂਰਜ ਦੇ ਵਾਂਗ ਇਕ ਆਸ ਰਚ ਗਏ |
ਇਹੋ ਜਿਹਾ ਦੁਨੀਆਂ ‘ਤੇ ਹੋਰ ਹੋਣਾ ਨਈਾ |
ਆਪਾ ਜ਼ਿੰਦਗਾਨੀ ਦਾ ਕਿਸੇ ਵੀ ਖੋਣ੍ਹਾਂ ਨਈਾ,
ਸਾਲ ਤਰਤਾਲੀ ਤੇ ਮਹੀਨਾ, ਸੋਲ੍ਹਾਂ ਦਿਨ |
ਸ਼ਹੀਦੀ ਨੂੰ ਉਹ ਦੇ ਗਏ ਸਦੀਆਂ ਦੇ ਛਿਣ |
ਗੁਰੂ ਰਾਮ ਦਾਸ ਜੀ ਦੇ ਘਰ ਪੈਦਾ ਹੋਏ |
ਫਿਰ ਮਾਤਾ ਭਾਨੀ ਜੀ ਦੀ ਖੁਸ਼ੀ ਨਾ ਸਮੋਏ |
ਜਨਮ ਸਥਾਨ ਸੀਗਾ ਗੋਇੰਦਵਾਲ ਜੀ,
ਨੇਕੀ ਵਾਲੇ ਫੁਲਾਂ ਨਾਲ ਭਰੀ ਡਾਲ ਜੀ,
ਹੋਇਆ ਸੀ ਵਿਆਹ ਮਾਤਾ ਗੰਗਾ ਨਾਲ ਜੀ,
ਪੈਦਾ ਹੋਏ ਫਿਰ ਹਰਿਗੋਬਿੰਦ ਲਾਲ ਜੀ,
ਅੰਮਿ੍ਤਸਰ ਪ੍ਰਚਾਰ ਦਾ ਸਥਾਨ ਸੋਹਣਾ ਸੀ |
ਵਾਤਾਵਰਨ ਕੁਦਰਤ ਦਾ ਮਨਮੋਹਣਾ ਸੀ |
ਅਨੇਕਾਂ ਹੀ ਭਾਸ਼ਾਵਾਂ ਦੇ ਗਿਆਤਾ ਹੋਏ ਨੇ |
ਗ੍ਰੰਥ ਦੀ ਸੰਪਾਦਨਾ ਦੇ ਦਾਤਾ ਹੋਏ ਨੇ |
ਚੌਦਾਂ ਸੌ ਤੀਹ ਪੰਨਿਆਂ ਨੂੰ ਸਿਰਜਿਆ |
ਸੱਚੇ ਸੁੱਚੇ ਕਵੀਆਂ ਨੂੰ ਮਾਣ ਬਖਸ਼ਿਆ |
ਭੱਟ, ਗੁਰਸਿੱਖ, ਭਗਤਾਂ ਦੀ ਬਾਣੀ ਹੈ |
ਗੁਰੂ ਜੀ ਦੀ ਬਾਣੀ ਇਸ ‘ਚ ਲਾਸਾਨੀ ਹੈ |
ਜਾਤ ਪਾਤ ਰੰਗ ਰੂਪ ਨੂੰ ਤਿਆਗ ਕੇ |
ਇਨਸਾਨੀ ਕਦਰਾਂ ਤੇ ਕੀਮਤਾਂ ਪਿਆਰ ਕੇ |
ਗੁਰੂ ਜੀ ਦੇ ਦੋ ਸੌ ਸਤੱਤਰ ਸਲੋਕ ਨੇ |
ਚੰਨ ਅਤੇ ਤਾਰਿਆਂ ਦੇ ਵਾਂਗ ਬੋਲ ਨੇ |
ਉਹਨਾਂ ਦਾ ਸੀ ਯਾਰ ਮੀਆਂ ਮੀਰ ਬਾਲਮਾ |
ਉੱਚ ਕੋਟੀ ਵਾਲਾ ਸੀ ਫ਼ਕੀਰ ‘ਬਾਲਮ’ |
ਇਹੋ ਜਿਹੇ ਯਾਰਾਨੇ ਟਾਂਵੇਂ-ਟਾਂਵੇਂ ‘ਬਾਲਮਾ’ |
ਜਗਦੇ ਨੇ ਦੀਵੇ ਛਾਂਵੇਂ-ਛਾਂਵੇਂ ‘ਬਾਲਮਾ’ |
ਸੂਰਜ ਦਾ ਜਗਦਾ ਪੈਗਾਮ ਰਵੇਗਾ |
ਗੁਰੂ ਜੀ ਦਾ ਜੱਗ ਉਤੇ ਨਾਮ ਰਵੇਗਾ |
ਬਲਵਿੰਦਰ ‘ਬਾਲਮ’
ਓਕਾਂਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 9815625409