ਹਰਚਰਨ ਸਿੰਘ ਪਰਹਾਰ-
ਜੂਨ 84 ਬਾਰੇ ਕਦੋਂ ਤੱਕ ਗੁੰਮਰਾਹ ਹੁੰਦੇ ਰਹਾਂਗੇ? ਕਦੋਂ ਸਿੱਖ ਲੀਡਰਸ਼ਿਪ ਨੂੰ ਸਵਾਲ ਕਰਾਂਗੇ ਕਿ ਇਹ ਕਿਉਂ ਵਾਪਰਿਆ?
ਹੁਣ ਹਫ਼ਤਾ ਕੁ ਨਾਲ਼ ਦਿੱਤੀਆਂ ਜਾ ਰਹੀਆਂ ਤਸਵੀਰ ਵਿਚਲੇ ਦਾਅਵਿਆਂ ਵਰਗੀਆਂ ਸਨਸਨੀਖੇਜ ਕਹਾਣੀਆਂ ਸੋਸ਼ਲ ਮੀਡੀਆ ਵਿੱਚ ਛਾਈਆਂ ਰਹਿਣਗੀਆਂ।ਅਜਿਹਾ ਕੁਝ ਪਿਛਲੇ 41 ਸਾਲ ਤੋਂ ਲਗਾਤਾਰ ਵਾਪਰ ਰਿਹਾ ਹੈ। ਇੱਕ ਪਾਸੇ ਉਹ ਪ੍ਰਚਾਰਕ ਤੇ ਵਿਦਵਾਨ ਹਨ, ਜਿਨ੍ਹਾਂ ਦਾ ਧੰਦਾ ਲੋਕਾਂ ਨੂੰ ਜਜ਼ਬਾਤੀ ਕਰਕੇ ਚੱਲਦਾ ਹੈ। ਦੂਜੇ ਪਾਸੇ ਉਹ ਰਾਜਸੀ ਲੋਕ ਹਨ, ਜਿਨ੍ਹਾਂ ਦੀ ਹਿੰਸਾ ਤੇ ਨਫ਼ਰਤ ਅਧਾਰਿਤ ਰਾਜਨੀਤੀ ਪਿਛਲੇ 40 ਸਾਲ ਤੋਂ ਲੋਕਾਂ ਨੂੰ ਹੁੰਮਰਾਹ ਕਰਕੇ ਚੱਲ ਰਹੀ ਹੈ।
ਸਵਾਲ ਇਹ ਹੈ ਕਿ ਕੀ ਕਦੇ ਅਸੀਂ 41 ਸਾਲ ਬਾਅਦ ਵੀ ਇਹ ਸੋਚਾਂਗੇ ਕਿ ਜੂਨ 84 ਵਰਗੀ ਮੰਦਭਾਗੀ ਘਟਨਾ ਕਿਉਂ ਵਾਪਰੀ? ਸਾਨੂੰ ਪਿਛਲੇ 41 ਸਾਲ ਤੋਂ ਵਾਰ-ਵਾਰ ਇਹ ਤਾਂ ਹਰ ਸਾਲ ਨਵੇਂ-ਨਵੇਂ ਸਨਸਨੀਖੇਜ ਖੁਲਾਸਿਆਂ ਨਾਲ਼ ਦੱਸਿਆ ਜਾਂਦਾ ਰਿਹਾ ਹੈ ਕਿ ਜੂਨ 1 ਤੋਂ 6 ਤੱਕ ਕੀ ਅਤੇ ਕਿਵੇਂ ਵਾਪਰਿਆ? ਪਰ ਅੱਜ ਤੱਕ ਕੋਈ ਵਿਦਵਾਨ, ਲੀਡਰ, ਪ੍ਰਚਾਰਕ, ਖਾੜਕੂ ਇਹ ਨਹੀਂ ਦੱਸ ਸਕਿਆ ਕਿ ਇਹ ਕਿਉਂ ਹੋਇਆ? ਕਿਉਂਕਿ ਦੱਸਣ ਨਾਲ਼ ਸਾਰੀ ਖੇਡ ਪੁੱਠੀ ਪੈ ਸਕਦੀ ਹੈ।ਸਾਡੇ ਵਲੋਂ ਪੀੜ੍ਹਤ ਧਿਰ ਬਣਨ ਦਾ ਰਾਗ ਨਹੀਂ ਅਲਾਪਿਆ ਜਾਣਾ? ਸਾਨੂੰ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਵੀ ਲੈਣੀ ਪਵੇਗੀ? ਜਦੋਂ ਸਭ ਕੁਝ ਸਰਕਾਰਾਂ ‘ਤੇ ਸੁ1ਟ ਕੇ ਸਰ ਸਕਦਾ ਹੈ ਤਾਂ ਆਪਣੇ ਦੋਸ਼ਾਂ ਵੱਲ ਕਿਉਂ ਦੇਖਿਆ ਜਾਵੇ?
ਕਨੇਡਾ-ਅਮਰੀਕਾ ਵਿੱਚ ਸਾਡੇ ਦੇਖਦਿਆਂ ਪਿਛਲੇ 25-30 ਸਾਲਾਂ ਵਿੱਚ ਅਜਿਹੇ ਸੈਂਕੜੇ ਕੇਸ ਹੋਏ ਹਨ, ਜਦੋਂ ਕਥਿਤ ਅਪਰਾਧੀ ਦੇ ਹੱਥ ਵਿੱਚ ਸਿਰਫ ਚਾਕੂ ਸੀ (ਗੰਨ ਜਾਂ ਪਸਤੌਲ ਵੀ ਨਹੀਂ ਸੀ) ਤੇ ਇੱਕ ਪੁਲਿਸ ਵਾਲ਼ਾ ਤਿੰਨ ਵਾਰ ਕਹਿੰਦਾ ਹੈ ਕਿ ‘ਡਰੌਪ ਦਾ ਵੈਪਨ’, ਜੇ ਤੀਜੀ ਵਾਰ ਹੱਥ ਖੜੇ ਨਾ ਹੋਏ ਤਾਂ ਦੂਜਾ ਪੁਲਿਸ ਵਾਲ਼ਾ ਸਿੱਧਾ ਮੱਥੇ ਵਿੱਚ ਗੋਲ਼ੀ ਮਾਰਦਾ ਹੈ ਤੇ ਬੰਦਾ ਥਾਂਹੇ ਢੇਰੀ ਕਰ ਦਿੰਦੇ ਆ। ਹੈਰਾਨੀ ਹੁੰਦੀ ਹੈ ਕਿ 1982 ਵਿੱਚ ਹਰਿਮੰਦਰ ਸਾਹਿਬ ਅੰਦਰ ਚੱਲ ਰਹੇ ਪੂਰਨ ਸ਼ਾਂਤਮਈ ਧਰਮ ਯੁੱਧ ਮੋਰਚੇ ਦੀ ਆੜ ਵਿੱਚ ਸੈਂਕੜੇ ਬੰਦੇ ਕਤਲ ਕੀਤੇ ਗਏ, ਬੈਂਕਾਂ ਵਿੱਚ ਡਾਕੇ ਮਾਰੇ ਗਏ, ਫਿਰੌਤੀਆਂ ਲਈਆਂ ਗਈਆਂ। ਘੱਟੋ-ਘੱਟ ਦਰਜਨ ਤੋਂ ਵੱਧ ਬੰਦੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕਤਲ ਕੀਤੇ ਗਏ। ਪੁਲਿਸ ਦਾ ਡੀ ਆਈ ਜੀ ਪ੍ਰਕਰਮਾਂ ਤੋਂ ਨਿਕਲਦਾ ਮਾਰ ਦਿੱਤਾ ਗਿਆ ਤਾਂ ਕੋਈ ਵੀ ਸਰਕਾਰ ਕਿਵੇਂ ਜਾਂ ਕਿਤਨਾ ਚਿਰ ਬਰਦਾਸ਼ਤ ਕਰ ਸਕਦੀ ਸੀ ਕਿ ਲੋਕ ਮਰੀ ਜਾਣ ਤੇ ਅਪਰਾਧੀ ਧਾਰਮਿਕ ਸਥਾਨ ਵਿੱਚ ਲੁਕ ਕੇ ਬੈਠੇ ਰਹਿਣ?
ਅਸੀਂ ਕਿਤਨਾ ਚਿਰ ਅਜਿਹੀ ਬਲੇਮ ਗੇਮ ਖੇਡਦੇ ਰਹਾਂਗੇ।ਅਸੀਂ ਕਦੋਂ ਖਾੜਕੂ ਧਿਰਾਂ ਤੇ ਪੰਥਕ ਜਥੇਬੰਦੀਆਂ ਨੂੰ ਸਵਾਲ ਕਰਾਂਗੇ ਕਿ ਅਕਾਲੀਆਂ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿੱਚ ਹਿੰਸਾ ਤੇ ਕਤਲੋਗਾਰਤ ਕਿਸਦੇ ਇਸ਼ਾਰੇ ‘ਤੇ ਵਾੜੀ ਗਈ? ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਕਿਸਦੀ ਮੱਦਦ ਨਾਲ਼ ਮਿਲਟਰੀ ਦੀਆਂ ਤੋਪਾਂ ਉਡਾਉਣ ਵਾਲ਼ੇ ਮਾਰੂ ਹਥਿਆਰ ਪਹੁੰਚੇ? ਸ਼ਾਂਤਮਈ ਮੋਰਚੇ ਵਿੱਚ ਅਜਿਹੇ ਮੋਰਚੇ ਕਿਉਂ ਬਣਾਏ ਗਏ, ਜਿਵੇਂ ਕਿ ਕਿਸੇ ਦੇਸ਼ ਦੀ ਫੌਜ ਨਾਲ਼ ਜੰਗ ਲੜਨੀ ਹੋਵੇ? ਜੇ ਮੋਰਚੇ ਬਣਾਉਣ ਅਤੇ ਹਥਿਆਰ ਜਮ੍ਹਾਂ ਕਰਨ ਵਾਲ਼ਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਫਿਰ ਇਹ ਗੱਲ ਆਮ ਸੰਗਤ ਨੂੰ ਕਿਉਂ ਨਹੀਂ ਦੱਸੀ ਗਈ ਤਾਂ ਕਿ ਉਹ ਬਾਹਰ ਨਿਕਲ ਜਾਂਦੀ? ਜੇ ਅੰਦਰ ਬੈਠੇ ਖਾੜਕੂਆਂ ਨੂੰ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਉਹ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਬਚਾਉਣ ਲਈ ਬਾਹਰ ਕਿਉਂ ਨਹੀਂ ਚਲੇ ਗਏ ਤਾਂ ਕਿ ਉਥੇ ਹੋਈ ਤਬਾਹੀ ਹੋਣੋਂ ਬਚ ਜਾਂਦੀ? ਉਹ ਭਾਰਤੀ ਫੌਜ ਨੂੰ ਬਾਹਰ ਜਾ ਕੇ ਚੈਲੰਿਜ ਕਰ ਸਕਦੇ ਸਨ ਅਤੇ ਆਪਣੀ ਬਹਾਦਰੀ ਦਿਖਾ ਸਕਦੇ ਸਨ। ਜੇ ਦਰਬਾਰ ਸਾਹਿਬ ਅੰਦਰ ਬੈਠੇ ਖਾੜਕੂ 1 ਤੋਂ 5 ਜੂਨ ਤੱਕ ਆਪਣੇ ਪਰਿਵਾਰਾਂ ਨੂੰ ਬਾਹਰ ਕੱਢੇ ਸਕਦੇ ਸਨ ਤਾਂ ਇਹ ਮੌਕਾ ਬੇਗੁਨਾਹ ਸ਼ਰਧਾਲੂਆਂ ਨੂੰ ਕਿਉਂ ਨਹੀਂ ਦਿੱਤਾ ਗਿਆ?
ਇੱਕ ਇਹ ਗੱਲ ਵੀ ਆਮ ਪ੍ਰਚਾਰੀ ਜਾਂਦੀ ਹੈ ਕਿ ਸਰਕਾਰ ਨੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੁਰ ਕੀਤਾ? ਕੋਈ ਦੱਸ ਸਕਦਾ ਹੈ ਕਿ 1980-1984 ਤੱਕ ਕਿਤਨੇ ਨੌਜਵਾਨ ਪੁਲਿਸ ਦੇ ਝੂਠੇ-ਸੱਚੇ ਮੁਕਾਬਲਿਆਂ ਵਿੱਚ ਮਰੇ ਸਨ? ਅੁਸਦੇ ਮੁਕਾਬਾਲੇ ਸਿੱਖ ਖਾੜਕੂਆਂ ਨੇ ਕਿਤਨੇ ਬੇਗੁਨਾਹ ਲੋਕ ਮਾਰੇ ਸਨ? ਪਿਛਲ਼ੇ ਮਹੀਨੇ ਪਹਿਲਗਾਮ ਹਮਲੇ ਵਿੱਚ ਅੱਤਵਾਦੀਆਂ ਵਲੋਂ ਧਰਮ ਪੁੱਛ ਕੇ ਹਿੰਦੂ ਮਾਰਨ ਦੀ ਬੜੀ ਚਰਚਾ ਚੱਲੀ ਸੀ।ਕੀ ਇਸਦੀ ਸ਼ੁਰੂਆਤ ਪੰਜਾਬ ਵਿੱਚ 6 ਹਿੰਦੂਆਂ ਨੂੰ ਬੱਸ ਵਿੱਚੋਂ ਸਿੱਖਾਂ ਤੋਂ ਵੱਖ ਕਰਕੇ ਢਿੱਲਵਾਂ ਬੱਸ ਕਾਂਡ ਰਾਹੀਂ ਦਰਬਾਰ ਸਾਹਿਬ ਅਮਦਰੋਂ ਗਏ ਖਾੜਕੂਆਂ ਨੇ ਨਹੀਂ ਕੀਤੀ ਸੀ।(ਹਵਾਲਾ ਕਿਤਾਬ: ਬਲ਼ਦੇ ਦਰਿਆਵਾਂ ਦੀ ਗਾਥਾ-ਲੇਖਕ, ਪੱਤਰਕਾਰ ਜਗਤਾਰ ਸਿੰਘ)।
ਪੋਸਟ ਵਿਚਲੀਆਂ ਤਸਵੀਰਾਂ ਵਿੱਚੋਂ ਇੱਕ ਅਨੁਸਾਰ ਇੱਕ ਪ੍ਰਚਾਰਕ ਗੁਰਦੁਆਰੇ ਵਿੱਚ ਕਥਾ ਕਰ ਰਿਹਾ ਹੈ ਕਿ ਬੀਬੀਆਂ ਨੇ ਬੰਬਾਂ ਨਾਲ਼ ਭਾਰਤੀ ਫੌਜ ਦੇ ਟੈਂਕ 20-20 ਫੁੱਟ ਹਵਾ ‘ਚ ਉਡਾ ਦਿੱਤੇ। ਇਸੇ ਤਰ੍ਹਾਂ ਕਿਹਾ ਜਾਂਦਾ ਰਿਹਾ ਹੈ ਕਿ ਸਿੰਘਾਂ ਨੇ 800 ਤੋਂ ਵੱਧ ਹਵਾਈ ਜਹਾਜ਼ ਰਾਹੀਂ ਉਤਾਰੇ ਜਾ ਰਹੇ ਸਪੈਸ਼ਲ ਕਮਾਂਡੋ ਹਵਾ ਵਿੱਚ ਹੀ ਉਡਾ ਦਿੱਤੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਪ੍ਰਕਰਮਾਂ ਵਿੱਚ ਖਿਲਰ ਗਏ।ਇਸੇ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਵੱਡੇ-ਵੱਡੇ ਦਾਅਵੇ ਪਿਛਲੇ 41 ਸਾਲ ਤੋਂ ਲਗਾਤਾਰ ਕੀਤੇ ਜਾ ਰਹੇ ਹਨ ਕਿ ਸਿੰਘਾਂ ਨੇ ਦਸ ਹਜ਼ਾਰ ਤੋਂ ਵੱਧ ਫੌਜੀ ਮਾਰ ਮੁਕਾਏ ਸਨ।ਇਤਨੇ ਫੌਜੀ ਤਾਂ ਭਾਰਤੀ ਫੌਜ ਦੇ ਭਾਰਤ-ਪਾਕਿਸਤਾਨ ਜੰਗਾਂ ਵਿੱਚ ਨਹੀਂ ਮਰੇ ਸਨ। ਜੇ ਸਾਡੇ ਸਿੰਘਾਂ ਕੋਲ਼ ਇਤਨੇ ਮਾਰੂ ਹਥਿਆਰ ਸਨ ਕਿ ਉਹ, ਉਸ ਭਾਰਤੀ ਫੌਜ ਦੇ 10 ਹਜ਼ਾਰ ਫੌਜੀ ਮਾਰ ਸਕਦੇ ਸਨ, ਜਿਸਨੇ ਅਜੇ 13 ਸਾਲ ਪਹਿਲਾਂ 1971 ਦੀ ਜੰਗ ਵਿੱਚ 90 ਹਜ਼ਾਰ ਪਾਕਿਸਤਾਨੀ ਫੌਜ ਤੋਂ ਹਥਿਆਰ ਸੁਟਵਾ ਲਏ ਸਨ ਤਾਂ ਫਿਰ ਸਾਡੇ ਵਲੋਂ ਪੀੜਤ ਬਣਨ ਦੇ ਕੀ ਅਰਥ ਰਹਿ ਜਾਂਦੇ ਹਨ ਕਿ ਭਾਰਤੀ ਫੌਜ ਨੇ ਸਾਡੇ ‘ਤੇ ਨਿਹੱਕਾ ਹਮਲਾ ਕੀਤਾ?
ਅਸੀਂ ਗੁਰਦੁਆਰਿਆਂ ਵਿੱਚ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਹਾਸਿਲ ਕੀ ਕਰਨਾ ਚਾਹੁੰਦੇ ਹਾਂ? ਸਾਡੀ ਲੀਡਰਸ਼ਿਪ ਨੂੰ 41 ਸਾਲ ਤੋਂ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਪੀੜਤ ਧਿਰ ਹਾਂ ਜਾਂ ਹਮਲਾਵਰ।ਸਾਡੇ ਲੀਡਰ ਤੇ ਵਿਦਵਾਨ ਹਰ ਪੱਧਰ ‘ਤੇ ਦੋਗਲੇਪਨ ਦਾ ਸ਼ਿਕਾਰ ਹਨ। ਜੇ ਸਾਡੇ ਕੋਲ਼ ਇਤਨੇ ਘਾਤਕ ਹਥਿਆਰ ਸਨ, ਇਤਨੇ ਟ੍ਰੇਂਡ ਖਾੜਕੂ ਸਨ, ਇਤਨੇ ਜ਼ਬਰਦਸਤ ਮੋਰਚੇ ਸਨ ਤਾਂ ਸਾਡੇ ਇਹ ਕਹਿਣ ਦੀ ਕੀ ਤੁਕ ਬਣਦੀ ਹੈ ਕਿ ਭਾਰਤ ਸਰਕਾਰ ਨੇ ਗੁਰਪੁਰਬ ਮਨਾ ਰਹੀਆਂ ਨਿਹੱਥੀਆਂ ਸਿੱਖ ਸੰਗਤਾਂ ‘ਤੇ ਸਾਜਿਸ਼ ਨਾਲ਼ ਹਮਲਾ ਕਰਕੇ ਪੰਜ ਸਦੀਆਂ ਦਾ ਵੈਰ ਕਮਾਇਆ ਸੀ? ਹੈਰਾਨੀ ਹੁੰਦੀ ਹੈ, ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਲੋਕਾਂ ‘ਤੇ ਜਿਨ੍ਹਾਂ ਨੂੰ ਪਤਾ ਹੈ ਕਿ ਪਬਲਿਕ ਸਥਾਨ ‘ਤੇ ਕਿਚਨ ਵਾਲ਼ਾ ਚਾਕੂ ਵੀ ਫੜ੍ਹ ਕੇ ਫਿਰਨਾ ਵੀ ਗੈਰ-ਕਨੂੰਨੀ ਹੈ ਤਾਂ ਅਸੀਂ ਭਾਰਤ ਸਰਕਾਰ ਤੋਂ ਆਸ ਰੱਖਦੇ ਹਾਂ ਕਿ ਉਹ ਆਪਣੇ ਸਿਟੀਜ਼ਨ ਮਰਨੇ ਬਰਦਾਸ਼ਤ ਕਰੀ ਜਾਂਦੀ, ਮਿਲਰਟੀ ਦਾ ਇਕ ਜਨਰੈਲ ਫੌਜ ਨਾਲ਼ ਲੜਨ ਦੀ ਤਿਆਰੀ ਕਰੀ ਜਾਂਦਾ ਅਤੇ ਸਰਕਾਰ ਚੁੱਪ ਕਰਕੇ ਬੈਠੀ ਰਹਿੰਦੀ? ਕੀ ਅਸੀਂ ਸ਼ਾਂਤਮਈ ਮੋਰਚੇ ਵਿੱਚ ਅਜਿਹੇ ਕੰਮ ਕਰਕੇ ਸਰਕਾਰ ਨੂੰ ਫੌਜ ਭੇਜਣ ਲਈ ਆਪ ਸੱਦਾ ਨਹੀਂ ਦੇ ਰਹੇ ਸੀ? ਅਸੀਂ 41 ਸਾਲ ਬਾਅਦ ਤਾਂ ਫੈਸਲਾ ਕਰ ਲਈਏ ਕਿ ਪੀੜ੍ਹਤ ਧਿਰ ਬਣਨਾ ਹੈ ਜਾਂ ਹਮਲਾਵਰ?
( ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ )