ਅਵਤਾਰ ਸਿੰਘ ਰਾਏਸਰ ਬਰਨਾਲਾ 98143 21087
ਜੂਨ ਮਹੀਨੇ ਦੀ ਆਮਦ ਨਾਲ ਹੀ ਜੂਨ 1984 ਦੇ ਪਹਿਲੇ ਹਫਤੇ ਭਾਰਤੀ ਫੌਜ ਵੱਲੋਂ ਸਿੱਖ ਕੌਮ ਦੇ ਮੱਕੇ ਵਜੋਂ ਜਾਣੇ ਜਾਂਦੇ ਪਵਿੱਤਰ ਧਾਰਮਿਕ ਅਸਥਾਨ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਦੀ ਭਿਆਨਕ ਕਹਾਣੀ ਅੱਖਾਂ ਅੱਗੇ ਇੱਕ ਫਿਲਮ ਦੀ ਰੀਲ ਵਾਂਗ ਘੁੰਮਦੀ ਨਜ਼ਰ ਆਉਂਦੀ ਹੈ । ਅੱਜ ਪੂਰੇ ਇਕਤਾਲੀ ਵਰਿਆਂ ਬਾਅਦ ਵੀ ਸਿੱਖਾਂ ਦੇ ਸੀਨੇ ਪੈ ਰਹੀ ਕਸਕ ਮੱਠੀ ਨਹੀਂ ਪੈ ਰਹੀ। ਦਰਬਾਰ ਸਾਹਿਬ ਅਤੇ ਸ੍ਰੀ ਅਕਲ ਤਖ਼ਤ ਸਾਹਿਬ ਤੇ ਹੋਈ ਬੰਬਾਰੀ ਤੇ ਗਹਿਗੱਚ ਲੜਾਈ ਵਾਰੇ ਹੁਣ ਤੱਕ ਦੋ ਦਰਜਨ ਤੋਂ ਜ਼ਿਆਦਾ ਪੁਸਤਕਾਂ ਆ ਚੁੱਕੀਆਂ ਹਨ। ਅੱਜ ਪਹਿਲੀ ਜੂਨ ਤੋਂ ਲੈਕੇ ਤਿੰਨ ਜੂਨ ਦੀ ਰਾਤ ਤੱਕ ਦੇ ਸਮੇਂ ਦੇ ਹਾਲਾਤ ਵਾਰੇ ਇਸ ਘੱਲੂਘਾਰੇ ਦੀ ਕਮਾਂਡ ਕਰ ਰਹੇ ਜਨ ਕੇ ਐਸ ਬਰਾੜ ਨੇ ਅੰਦਰਲੇ ਸੱਚ ਨੂੰ ਆਪਣੇ ਹਿਸਾਬ ਨਾਲ ਸਾਹਮਣੇ ਰੱਖਿਆ ਹੈ।ਜਨ ਬਰਾੜ ਨੇ ਖੁੱਲ੍ਹ ਕੇ ਆਪਣੇ ਪਿਓ ਦਾਦੇ ਤੇ ਆਪਣੇ ਵੱਲੋਂ ਹਕੂਮਤ ਨਾਲ ਵਫਾਦਾਰੀ ਨੂੰ ਬੇਝਿਜਕ ਹੋ ਕੇ ਕਬੂਲਿਆ ਹੈ।
ਇੰਦਰਾ ਗਾਂਧੀ ਨੇ ਅਖੀਰ ਜਦ ਕੋਈ ਵੀ ਰਸਤਾ ਨਾ ਰਹਿ ਗਿਆ ਤਾਂ ਉਸ ਨੇ ਹਮਲਾ ਕਰਨ ਦਾ ਮਨ ਬਣਾਇਆ। ਹਮਲੇ ਦੀ ਪਹਿਲੀ ਤਰਜੀਹ ਪੰਜਾਬ ਪੁਲਿਸ ਕੋਲ ਰੱਖੀ ਗਈ, ਪਰ ਦਰਬਾਰ ਸਾਹਿਬ ਦੇ ਅੰਦਰ ਕੀਤੀ ਪੱਕੀ ਮੋਰਚਾ ਬੰਦੀ ਦੇਖਕੇ ਪੰਜਾਬ ਪੁਲਿਸ ਪਿੱਛੇ ਹਟ ਗਈ। ਵੈਸੇ ਵੀ ਪੰਜਾਬ ਪੁਲਿਸ ਦੇ ਜਵਾਨ ਅਤੇ ਅਫਸਰ ਹਮਲੇ ਨੂੰ ਆਪਣੇ ਧਰਮ ਦੇ ਵਿਰੁਧ ਸਮਝਦੇ ਸਨ। ਫਿਰ ਇਹ ਕੰਮ ਸੀ ਆਰ ਪੀ ਐਫ ਕੋਲ ਰੱਖਿਆ ਗਿਆ, ਪੜਤਾਲ ਕਰਨ ਉਪਰੰਤ ਉਹ ਵੀ ਨਾਂਹ ਕਰ ਗਏ। ਫਿਰ ਬੀ ਐੱਸ ਐੱਫ ਕੋਲ ਇਸ ਆਪ੍ਰੇਸ਼ਨ ਲਿਜਾਇਆ ਗਿਆ, ਉਹਨਾਂ ਵੱਲੋਂ ਵੀ ਬੇਵਸੀ ਜ਼ਾਹਰ ਕਰਨ ਤੇ ਹੀ ਆਖਰ ਫੌਜ ਨੂੰ ਇਹ ਕੰਮ ਕਰਨਾ ਪਿਆ।
ਜਨਰਲ ਬਰਾੜ ਲਿਖਦਾ ਹੈ ਕਿ ਇੱਕ ਜੂਨ ਨੂੰ ਮੇਰਾ ਨਾਇਬ ਬ੍ਰਿਗੇਡੀਅਰ ਐਨ ਕੇ ਨਿੱਕੀ ਤਲਵਾੜ ਮੇਰੇ ਮੁੱਖ ਅਫਸਰਾਂ ਨਾਲ ਮੇਰੇ ਕੋਲ ਆਇਆ।6 ਲੱਖ ਫੌਜ ਸਾਰੇ ਪੰਜਾਬ ਵਿੱਚ ਲਗਾਈ ਗਈ ਅਤੇ 1.33 ਲੱਖ ਫੌਜੀ ਨੌਜਵਾਨ ਬਲਿਊ ਸਟਾਰ ਅਪ੍ਰੇਸ਼ਨ ਲਈ ਤਿਆਰ ਰੱਖੇ ਗਏ , ਅਤੇ ਸਪੈਸ਼ਲ ਦੋ ਲੱਖ ਫੌਜੀ ਨੌਜਵਾਨ ਦਰਬਾਰ ਸਾਹਿਬ ਦੇ 25 ਕਿਲੋਮੀਟਰ ਦੇ ਘੇਰੇ ਵਿੱਚ ਰੱਖੇ ਗਏ। ਅਸੀਂ ਦਰਬਾਰ ਸਾਹਿਬ ਤੋਂ ਪੰਜ ਕਿਲੋਮੀਟਰ ਦੂਰ ਆਪਣਾ ਦਫਤਰ ਬਣਾਇਆ ਜਿੱਥੇ ਮੈਂ 10 ਦਿਨ ਰਿਹਾ।ਪਹਿਲੀ ਜੂਨ ਨੂੰ ਦੁਪਹਿਰ ਤੱਕ ਮੀਟਿੰਗ ਦੌਰਾਨ ਅਸੀਂ ਆਪਣੀ ਸੀ ਆਈ ਡੀ ਰਾਹੀਂ ਅੰਦਰਲੇ ਮੋਰਚਿਆਂ ਦਾ ਪਤਾ ਲਗਾਇਆ। ਫਿਰ ਸਾਰੀ ਜਾਣਕਾਰੀ ਜਨਰਲ ਵੈਦਿਆ ਤੱਕ ਹਰੀ ਝੰਡੀ ਲੈਣ ਲਈ ਪਹੁੰਚਾ ਦਿੱਤਾ ਜਿਸਦਾ ਸਾਨੂੰ ਹਾਂ ਵਿਚ ਜਵਾਬ ਆ ਗਿਆ।ਇਸ ਤਰ੍ਹਾਂ ਸਾਡੇ ਜਵਾਨਾਂ ਨੇ ਦਰਬਾਰ ਸਾਹਿਬ ਦੇ ਚਾਰੇ ਪਾਸੇ ਘਰਾਂ ਉੱਪਰ ਸਖ਼ਤ ਮੋਰਚਾ ਬੰਦੀ ਕਰ ਲਈ ਤਾਂ ਕਿ ਖਾੜਕੂ ਕਿਸੇ ਪਾਸੇ ਵੀ ਬਚਕੇ ਨਿਕਲ ਨਾ ਸਕਣ। ਰਾਤ ਨੂੰ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ 11 ਵਜੇ ਪੂਰੇ 2200 ਜਵਾਨਾਂ ਨੂੰ ਮੇਨ ਦਰਵਾਜੇ ਰਾਹੀਂ ਅੰਦਰ ਦਾਖਲ ਕਰਵਾਇਆ ਗਿਆ ਤੇ 1700 ਜਵਾਨਾਂ ਨੂੰ ਫਾਇਰਿੰਗ ਦਾ ਕਵਚ ਬਣਾ ਕੇ ਮਗਰ ਲਾਇਆ ਗਿਆ ਤਾਂ ਜੁ ਇਹ 1700 ਜਵਾਨ ਸਮੂਹ ਬਿਲਡਿੰਗ ਤੇ ਗੋਲੀਬਾਰੀ ਕਰਦਾ ਰਹੇ ਤੇ 2200 ਫੌਜੀ ਜਵਾਨ ਸਮੂਹ ਬਿਲਡਿੰਗ ਦੇ ਹੇਠਲੇ ਪੱਧਰ ਤੇ ਅੰਦਰ ਦਾਖਲ ਹੋ ਜਾਵੇਗਾ। ਉਸ ਤੋਂ ਬਾਅਦ 10,000 ਹਜ਼ਾਰ ਜਵਾਨ ਅੰਦਰ ਭੇਜੇ ਜਾਣ ਤਾਂ ਜੋ ਉੱਪਰਲੀਆਂ ਮੰਜ਼ਲਾਂ ਤੇ ਕਬਜ਼ਾ ਕਰ ਲੈਣ,ਪਰ ਐਨ ਮੌਕੇ ਤੇ ਆਕੇ ਦਿੱਲੀ ਵੱਲੋਂ 24 ਘੰਟੇ ਲੇਟ ਪਾ ਦਿੱਤਾ ਗਿਆ।
ਅਗਲੇ ਦਿਨ ਸਵੇਰੇ ਦੋ ਜੂਨ ਨੂੰ ਅਸੀਂ ਅੰਦਰ ਹਥਿਆਰਾਂ ਦੀ ਗਿਣਤੀ ਪਤਾ ਕਰਨ ਲਈ ਹਵਾਈ ਫਾਈਰਿੰਗ ਕਰਦੇ ਰਹੇ,ਅੱਗੋਂ ਸਾਨੂੰ ਦੁਨਾਲੀ ਬੰਦੂਕ ਦੇ ਫਾਇਰ ਜਵਾਬ ਚ ਮਿਲੇ। ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੀ ਸੀ ਆਈ ਡੀ ਬਹੁਤ ਸਹੀ ਮਿਲੀ ਹੈ। ਸਾਡੇ ਲਈ ਅਕਾਲ ਤਖ਼ਤ ਤੇ ਕਬਜ਼ਾ ਕਰਨਾ 4 5 ਘੰਟੇ ਦਾ ਕੰਮ ਸੀ।ਸਾਰੀ ਦਿਹਾੜੀ ਅਸੀਂ ਸੀ ਆਈ ਡੀ ਅੰਦਰ ਭੇਜਕੇ ਜਾਣਕਾਰੀ ਲਈ, ਹੁਣ ਰਾਤ ਹੋਣ ਦੀ ਉਡੀਕ ਕਰਨ ਲੱਗੇ।ਰਾਤ ਨੂੰ ਇੰਦਰਾ ਗਾਂਧੀ ਨੇ ਟੀ ਵੀ ਉੱਪਰ ਰਾਸ਼ਟਰ ਨੂੰ ਸੰਬੋਧਿਤ ਕਰਨਾ ਸੀ , ਜਿਸ ਤੋਂ ਬਾਅਦ ਹੀ ਅਸੀਂ ਹਮਲਾ ਕਰਨਾ ਸੀ। ਦੋ ਜੂਨ ਨੂੰ ਅਸੀਂ ਉੱਪਰੋਂ ਮਿਲੀਆਂ ਹਦਾਇਤਾਂ ਮੁਤਾਬਿਕ 14 ਗੁਰਸਿੱਖ ਫੌਜੀ ਭਿੰਡਰਾਂਵਾਲੇ ਨਾਲ ਰਜ਼ਾਮੰਦੀ ਕਰਨ ਲਈ ਭੇਜੇ।ਪਰ ਭਿੰਡਰਾਂਵਾਲੇ ਦੇ ਚਤੁਰ ਦਿਮਾਗ ਨੇ ਉਹਨਾਂ 14 ਫੌਜੀਆਂ ਤੇ ਅਜਿਹਾ ਪ੍ਰਭਾਵ ਪਾਇਆ ਕਿ ਉਹ ਮੁੜ ਵਾਪਸ ਨਾ ਆਏ। ਜਿਸ ਕਰਕੇ ਬਾਅਦ ਵਿੱਚ ਇਹ ਸ਼ੱਕ ਕੀਤਾ ਗਿਆ ਕਿ ਭਿੰਡਰਾਂਵਾਲੇ ਦੇ ਬੰਦੇ ਉਹਨਾਂ ਦੀ ਫੌਜੀ ਵਰਦੀ ਪਾਕੇ ਭਾਰਤੀ ਫੌਜ ਦਾ ਨੁਕਸਾਨ ਕਰ ਦੇਵੇ।
ਅਸੀਂ ਪਿਛਲੀ ਰਾਤ ਵਾਲੀ ਹੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾਈ ਅਤੇ ਦਸ ਕ ਵਜੇ ਰਾਤ ਨੂੰ 2200 ਜਵਾਨ ਸਮੂਹ ਬਿਲਡਿੰਗ ਦੇ ਅੰਦਰ ਦਾਖਲ ਹੋਏ ਅਤੇ 1700 ਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰੀਂਗਦੇ ਅੰਦਰ ਜਾ ਰਹੇ ਸਨ ਤਾਂ ਇੱਕ ਵਾਰ ਸ਼ਾਇਦ ਰੱਬ ਵੀ ਭੈਭੀਤ ਹੋ ਗਿਆ ਹੋਣਾ, ਜਿੰਨਾ ਨਾਲ ਮੁਕਾਬਲਾ ਸੀ , ਜਿੰਨਾ ਕੋਲ ਦੇਸੀ ਹਥਿਆਰ ਅਤੇ ਸਾਬਕਾ ਭਾਰਤੀ ਫੌਜੀ ਜਰਨੈਲ ਸੁਬੇਗ ਸਿੰਘ ਅਤੇ ਇੱਕ ਪੱਕੀ ਬਿਲਡਿੰਗ ਸੀ।ਜਦ ਇਤਨੀ ਫੌਜ ਅੰਦਰ ਦਾਖਲ ਹੋਈ ਤਾਂ ਸਾਡੇ ਸੀਨੀਅਰ ਅਫ਼ਸਰ ਵੀ ਇਹ ਕਹਿਣ ਲੱਗੇ ਕਿ ਜੇਕਰ ਸਰਕਾਰ ਸਾਡੇ ਹੱਥਾਂ ਵਿਚ ਇਹ ਪਾਵਰ ਦੇ ਦੇਵੇ ਤਾਂ ਅਸੀਂ ਚੀਨ , ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਥੋੜ੍ਹੇ ਸਮੇਂ ਵਿਚ ਹਿੰਦੋਸਤਾਨ ਵਿਚ ਮਿਲਾ ਦੇਈਏ। ਸਾਨੂੰ ਹੁਣ ਸਿਰਫ ਜਨ ਸੁਬੇਗ ਸਿੰਘ ਦਾ ਹੀ ਫ਼ਿਕਰ ਸੀ ਕਿ ਉਹ ਬਹੁਤ ਤੇਜ਼ ਦਿਮਾਗ਼ ਹੈ, ਸ਼ਾਇਦ ਹਾਥੀ ਦੇ ਦੰਦ ਖਾਣ ਲਈ ਹੋਰ ਤੇ ਦਿਖਾਉਣ ਲਈ ਹੋਰ ਵਰਗੀ ਗੱਲ ਨਾ ਹੋ ਜਾਵੇ।ਸੋ ਸਾਡਾ 2200 ਜਵਾਨ ਅੰਦਰ ਪੂਰਾ ਛਾ ਗਿਆ ਸੀ ਅਤੇ ਲੋੜ ਪੈਣ ਤੇ ਅਸੀਂ 2600 ਜਵਾਨ ਹੋਰ ਤਿਆਰ ਰੱਖੇ ਸਨ। ਉੱਧਰ ਸਾਡੇ 1700 ਜਵਾਨ ਹੋ ਕਵਰ ਫਾਇਰਿੰਗ ਲਈ ਤਿਆਰ ਸੀ, ਆਪਣੇ ਕਰਤੱਵ ਦਿਖਾਉਂਣ ਲਈ ਕਾਹਲਾ ਪੈ ਰਿਹਾ ਸੀ। ਜਦੋਂ ਸਾਡੇ 2200 ਜਵਾਨ ਅੰਦਰ ਦਾਖਲ ਹੋ ਕੇ ਅਮਰ ਵੇਲ ਵਾਂਗ ਛਾ ਗਿਆ ਸੀ ਤਾਂ ਇੱਕ ਦਮ ਭਾਣਾ ਵਰਤ ਗਿਆ, ਜਿਹੜਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ। ਇਹ ਭਾਣਾ ਐਸਾ ਸੀ ਕਿ ਵੱਡੇ ਵੱਡੇ ਅਭਿਮੰਨਿਊ ਚੱਕਰ ਰਚਣ ਵਾਲੇ ਵੀ ਗੋਡਿਆਂ ਭਾਰ ਹੋ ਜਾਣ। ਅਸਲ ਵਿੱਚ ਗੱਲ ਇਸ ਤਰ੍ਹਾਂ ਹੋਈ ਕਿ ਫੌਜ ਜਦ ਪੂਰੀ ਤਰ੍ਹਾਂ ਸਰੋਵਰ ਦੇ ਚਾਰੇ ਪਾਸੇ ਛਾ ਗਈ ਤਾਂ ਇਕ ਦਮ ਅੰਦਰ ਹਾਹਾਕਾਰ ਮੱਚ ਗਈ ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ,ਦਿਲ ਕੰਬਾਊ ਅਤੇ ਪੱਥਰ ਪਿਘਲਾ ਦੇਣ ਵਾਲੇ ਵੈਣ ਸਾਡੇ ਤੋਂ ਸੁਣੇ ਨਹੀਂ ਸਨ ਜਾ ਰਹੇ ਕਿਉਂਕਿ ਭਿੰਡਰਾਂਵਾਲੇ ਦੇ ਚੇਲਿਆਂ ਨੇ ਇਕਦਮ ਫਾਇਰਿੰਗ ਖੋਲ੍ਹ ਦਿੱਤੀ। ਸਾਡੇ ਕਵਰਚੀ ਜਵਾਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਗੋਲੀ ਕਿੱਧਰੋਂ ਆਉਂਦੀ ਹੈ। ਬਸ ਥੱਲੇ ਰੀਂਗ ਰਹੇ ਦੋ ਦੋ ਜਵਾਨਾਂ ਦੇ ਸਰੀਰਾਂ ਵਿੱਚੋਂ ਇੱਕੋ ਮਸ਼ੀਨਗੰਨ ਦੀ ਗੋਲੀ ਲੰਘ ਰਹੀ ਸੀ ਤੇ ਇੱਕ ਵਾਰ ਜਵਾਨਾਂ ਦਾ ਸਰੀਰ ਧਰਤੀ ਤੋਂ 4 ਇੰਚ ਉੱਚਾ ਉੱਠਦਾ ਤੇ ਬਾਦ ਵਿੱਚ ਠੰਡਾ ਹੋ ਜਾਂਦਾ। ਸਾਡੇ ਲਈ ਇਹ ਬਹੁਤ ਸ਼ਰਮ ਵਾਲੀ ਗੱਲ ਸੀ ਕਿ ਅਸੀਂ ਦੁਸ਼ਮਣ ਦਾ ਬਿਲਕੁਲ ਨੁਕਸਾਨ ਕੀਤੇ ਬਿਨਾਂ ਆਪਣੇ 2076 ਜਵਾਨ ਮੌਤ ਦੇ ਮੂੰਹ ਵਿੱਚ ਪਾ ਬੈਠੇ। ਅਸੀਂ ਸਾਰੇ ਜ਼ਖ਼ਮੀ ਜਵਾਨਾਂ ਨੂੰ ਛੇਤੀ ਨਾਲ ਡਾਕਟਰੀ ਸਹਾਇਤਾ ਦਿੱਤੀ। ਹਰਮਿੰਦਰ ਸਾਹਿਬ ਦੇ ਘੇਰੇ ਵਿੱਚ ਅਜੇ ਵੀ ਜ਼ਖ਼ਮੀ ਪਏ ਜਵਾਨਾਂ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ। ਅਖੀਰ ਸਵੇਰੇ ਦੋ ਵਜੇ ਲਾਊਡ ਸਪੀਕਰ ਰਾਹੀਂ ਭਿੰਡਰਾਂਵਾਲੇ ਨੂੰ ਲਾਸ਼ਾਂ ਚੁੱਕਣ ਦੀ ਬੇਨਤੀ ਕੀਤੀ ਗਈ ਕਿ ਜੇਕਰ ਇਹ ਲਾਸ਼ਾਂ ਤਿੰਨ ਚਾਰ ਘੰਟੇ ਹੋਰ ਨਾ ਚੁੱਕੀਆਂ ਗਈਆਂ ਤਾਂ ਬਦਬੂ ਫੈਲਕੇ ਬਿਮਾਰੀਆਂ ਸਾਰੇ ਅੰਮ੍ਰਿਤਸਰ ਨੂੰ ਆਪਣੇ ਕਬਜ਼ੇ ਵਿਚ ਲੈ ਲੈਣਗੀਆਂ। ਬੇਨਤੀ ਦਾ ਸਾਨੂੰ ਹਾਂ ਵਿਚ ਉੱਤਰ ਆਇਆ ਤੇ ਅਸੀਂ 300 ਭੰਗੀ ਮੰਗਵਾਕੇ ਡੇਢ ਘੰਟੇ ਵਿੱਚ ਕੰਮ ਖਤਮ ਕਰ ਦਿੱਤਾ। ਅਸੀਂ ਸੋਚਦੇ ਸੀ ਕਿ ਦਿਨ ਚੜ੍ਹਦੇ ਤੱਕ ਭਿੰਡਰਾਂਵਾਲੇ ਨੂੰ ਮਾਰ ਦੇਵਾਂਗੇ ਪਰ ਸਾਡੀ ਸੀ ਆਈ ਡੀ ਦੀ ਰਿਪੋਰਟ ਮੁੱਢੋਂ ਹੀ ਗਲਤ ਸੀ, ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਜਨ ਸੁਬੇਗ ਸਿੰਘ ਵਰਗਾ ਕੋਈ ਜ਼ਰੂਰ ਹਕੀਕਤ ਤੇ ਪਰਦਾ ਪਾਕੇ ਕੋਈ ਚੱਕਰ ਵਿਊ ਰਚੇਗਾ। ਹੁਣ ਫੈਸਲਾ ਕੀਤਾ ਗਿਆ ਕਿ ਹੈਲੀਕਾਪਟਰ ਰਾਹੀਂ ਉੱਪਰੋਂ ਕਮਾਂਡੋ ਉਤਾਰੇ ਜਾਣ , ਜਿੰਨਾ ਨੂੰ ਛੋਟੀਆਂ ਛੋਟੀਆਂ ਗੰਨਾਂ ਤੇ 60 60 ਗਰਨੇਡ ਦਿੱਤੇ ਜਾਣ। ਹੈਲੀਕਾਪਟਰ ਆਪਣਾ ਕੰਮ ਕਰਨ ਲੱਗੇ। ਇੱਧਰ ਉੱਚੀਆਂ ਇਮਾਰਤਾਂ ਤੇ ਬੈਠੇ ਸਾਡੇ ਜਵਾਨ ਇੱਕ ਸਕੀਮ ਤਹਿਤ ਅਕਾਲ ਤਖ਼ਤ ਦੇ ਵਿਹੜੇ ਵਿਚ ਨਿਸ਼ਚਿਤ ਥਾਂਵਾਂ ਤੇ ਲਗਾਤਾਰ ਗੋਲੀਬਾਰੀ ਕਰ ਰਹੇ ਸਨ ਤਾਂ ਜ਼ੋ ਖਾੜਕੂਆਂ ਦਾ ਧਿਆਨ ਆਪਣੇ ਬਚਾਅ ਵਿਚ ਹੀ ਲੱਗਿਆ ਰਹੇ। ਕਮਾਂਡੋਆਂ ਦੇ ਉੱਤਰਦਿਆਂ ਦੌਰਾਨ ਸਾਡੇ ਜਵਾਨਾਂ ਨੇ ਤਕਰੀਬਨ ਇਕ ਲੱਖ ਗੋਲੀ ਚਲਾਈ। ਸਾਡੇ 912 ਕਮਾਂਡੋ ਜਮਦੂਤਾਂ ਦਾ ਰੂਪ ਧਾਰਨ ਕਰ ਬੈਠੇ ਸਨ ਤੇ ਲਗਾਤਾਰ ਵਾਇਰਲੈਸ ਤੇ ਕਾਰਵਾਈ ਦੀ ਮੰਗ ਕਰ ਰਹੇ ਸਨ।ਪਰ ਅਚਾਨਕ ਹੀ ਇੱਕ ਐਸੀ ਅਕਾਸ਼ੀ ਬਿਜਲੀ ਸਾਡੇ ਜਵਾਨਾਂ ਤੇ ਪੈਣੀ ਸ਼ੁਰੂ ਹੋ ਗਈ, ਇਹ ਅਕਾਸ਼ੀ ਬਿਜਲੀ ਕੋਈ ਹੋਰ ਨਹੀਂ,ਬਲਿਕ ਮਸ਼ੀਨਗੰਨਾਂ ਦੀਆਂ ਗੋਲੀਆਂ ਦੀ ਸੀ, ਤੇ ਉਹਨਾਂ ਭਾਰੀ ਮਸ਼ੀਨਗੰਨਾਂ ਦੀ ਸੀ ਜਿਸਦੀ ਗੋਲੀ 1800 ਮੀਟਰ ਤੱਕ ਜਾਂਦੀ ਸੀ।ਸਾਡੀ ਸੀ ਆਈ ਡੀ ਇਤਨੀ ਨਿਕੰਮੀ ਨਿੱਕਲੀ ਕਿਉਂਕਿ ਉੱਚੇ ਉੱਚੇ ਬੁੰਗੇ ਅਤੇ ਪਾਣੀ ਦੀ ਟੈਂਕੀ ਵਿਚ ਜਨ ਸੁਬੇਗ ਸਿੰਘ ਨੇ ਕੰਧਾਂ ਵਿੱਚ ਮੋਰੀਆਂ ਕਰ ਕੇ ਸਾਬਕਾ ਸੈਨਿਕਾਂ ਅਤੇ ਭਾਰੀ ਮਸ਼ੀਨਗੰਨਾਂ ਲਈ ਜ਼ਬਰਦਸਤ ਮੋਰਚਾ ਬੰਦੀ ਕੀਤੀ ਹੋਈ ਸੀ। ਜਦੋਂ ਸਾਡੇ ਕਮਾਂਡੋਆਂ ਤੇ ਮੌਤ ਦੀ ਹਨੇਰੀ ਝੁੱਲੀ ਤਾਂ ਇਹਨਾਂ ਤਿੰਨਾਂ ਥਾਵਾਂ ਤੋਂ ਹੀ ਗੋਲੀ ਆਈ। ਸਾਡੇ ਕਮਾਂਡੋ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਗੋਲੀਆਂ ਦੀ ਮਾਰ ਅੱਗੇ ਆਤਮ ਸਮਰਪਣ ਕਰ ਕੇ ਮੌਤ ਦਾ ਜਾਮ ਪੀ ਰਹੇ ਸਨ। ਸਾਡੇ ਵਾਇਰਲੈਸ ਸੈਟ ਦੇ ਸੰਪਰਕ ਟੁੱਟ ਗਏ ਸਨ। ਸਾਨੂੰ ਇਹ ਵੀ ਨਾ ਦੱਸ ਸਕੇ ਕਿ ਉਹਨਾਂ ਤੇ ਗੋਲੀ ਕਿਹੜੇ ਪਾਸੇ ਤੋਂ ਆ ਰਹੀ ਹੈ। ਹੁਣ ਤੱਕ ਸਾਡੇ 2988 ਜਵਾਨ ਮਾਰੇ ਜਾ ਚੁਕੇ ਸਨ। ਹੁਣ ਸਾਨੂੰ ਪਤਾ ਲੱਗ ਗਿਆ ਕਿ ਜੰਗ ਜਿੱਤਣੀ ਕੋਈ ਸੌਖੀ ਗੱਲ ਨਹੀਂ ਹੈ। ਅਸੀਂ ਸਾਡੇ ਨਾਲ ਲਗਾਤਾਰ ਸੰਪਰਕ ਬਣਾਈ ਬੈਠੇ ਰਾਜੀਵ ਗਾਂਧੀ ਨੂੰ ਸਾਰੀ ਗੱਲ ਬਾਤ ਦੱਸੀ।
ਹੁਣ ਤਿੰਨ ਜੂਨ ਦੀ ਸਵੇਰ ਹੋ ਗਈ ਸੀ,ਸਾਰੀ ਰਾਤ ਮੌਤ ਦਾ ਤਾਂਡਵ ਨਾਚ ਹੁੰਦਾ ਰਿਹਾ। ਅਸੀਂ ਇਹ ਗੱਲ ਵੀ ਧਿਆਨ ਵਿੱਚ ਲਿਆਂਦੀ ਕਿ ਸਾਡੇ ਕੋਲ ਅੰਦਰਲੀ ਜਾਣਕਾਰੀ ਸਹੀ ਨਹੀਂ। ਦੂਜੀ ਗੱਲ ਇਹ ਕਿ ਜਨ ਸੁਬੇਗ ਸਿੰਘ ਨੇ ਸਾਡੀ ਸੀ ਆਈ ਡੀ ਨੂੰ ਬੁੱਧੂ ਬਣਾਉਣ ਲਈ ਦੇਸੀ ਹਥਿਆਰ ਆਮ ਜਨਤਕ ਰੂਪ ਵਿਚ ਦਿਖਾ ਕੇ ਹਾਥੀ ਦੇ ਦੰਦਾਂ ਵਾਲੀ ਗੱਲ ਕੀਤੀ ਹੈ। ਫਿਰ ਤੋਂ ਨਵੀਂ ਸਕੀਮ ਤਹਿਤ ਬੁਲਟ ਪਰੂਫ ਗੱਡੀਆਂ ਮੰਗਵਾਉਣ ਦਾ ਵਿਚਾਰ ਕੀਤਾ ਅਤੇ ਵਿਚ ਬੈਠਣ ਵਾਲੇ ਜਵਾਨਾਂ ਨੂੰ ਰੂਸ ਦੀਆਂ ਬਣੀਆਂ ਜੈਕਟਾਂ,ਜੋ ਸਿਰ ਤੋਂ ਪੈਰਾਂ ਤੱਕ ਗੋਲੀ ਦੀ ਮਾਰ ਨੁੰ ਰੋਕਦੀਆਂ ਸਨ, ਪਵਾਕੇ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਅਟੱਲ ਰਾਏ ਗੁਰਦੁਆਰਾ ਜਾਣ ਲਈ ਕਿਹਾ। ਪਰਿਕਰਮਾ ਦੇ ਉੱਤਰੀ ਅਤੇ ਦੱਖਣੀ ਪਾਸੇ ਬਾਲਕੋਨੀਆਂ ਵਿਚ ਭੇਜਿਆ ਗਿਆ ਕਿਉਂਕਿ ਇਸ ਪਾਸੇ ਮੋਰਚਾ ਬੰਦੀ ਘੱਟ ਸੀ। ਇੱਥੇ ਜਾਕੇ ਜ਼ਹਿਰੀਲੀ ਗੈਸ ਛੱਡੀ ਜਾਵੇ ,ਬਾਦ ਵਿੱਚ ਗਰਨੇਡ ਸੁੱਟੇ ਜਾਣ, ਨਾਲ ਫਾਇਰਿੰਗ ਖੋਲ੍ਹ ਦਿੱਤੀ ਜਾਵੇ। ਦੁਸ਼ਮਣ ਦੇ ਘਰ ਖਲੋਣ ਜੋਗੀ ਜਗਾਹ ਮਿਲਜੇ ਤਾਂ ਬੈਠਣ ਲਈ ਵੀ ਬਣ ਜਾਂਦੀ ਹੈ।ਜਦ ਜ਼ਹਿਰੀਲੀ ਗੈਸ ਦੇ ਗੋਲੇ ਦਾਗੇ ਗਏ ਤਾਂ ਖਾੜਕੂਆਂ ਵਲੋਂ ਬੜੀ ਫੁਰਤੀ ਨਾਲ ਅੰਦਰੋਂ ਬਾਹਰ ਪ੍ਰਕਰਮਾ ਵਿਚ ਸੁੱਟੇ ਕੁਝ ਗੋਲੇ ਬਿਲਡਿੰਗ ਦੇ ਬਾਹਰਲੇ ਪਾਸੇ ਦੋ ਪਾਸੜ ਚੱਲਦੀ ਗੋਲੀ ਲੱਗਣ ਕਾਰਨ ਫਟਕੇ ਸਾਡੇ ਜਵਾਨਾਂ ਦੀਆਂ ਗੱਡੀਆਂ ਉਪਰ ਡਿੱਗ ਪਏ।ਸੋ ਲਗਾਤਾਰ ਗਰਨੇਡ ਅਤੇ ਜ਼ਹਿਰੀਲੀ ਗੈਸ ਦੇ ਗੋਲੇ ਸੁੱਟਣ ਕਾਰਨ ਕੁਝ ਖਾੜਕੂ ਮਾਰੇ ਗਏ, ਕੁਝ ਤਹਿਖਾਨਿਆਂ ਵਿਚ ਜਾ ਲੁਕੇ। ਜਦੋਂ ਸਾਡੇ ਜਵਾਨਾਂ ਨੂੰ ਅੰਦਰੋਂ ਗੋਲੀ ਰੁਕਣ ਦੀ ਤਸੱਲੀ ਹੋ ਗਈ ਤਾਂ 19. ਗੱਡੀਆਂ ਵਿੱਚ ਮੂੰਹ ਵਿੱਚ ਆਕਸੀਜਨ ਦੇ ਮੁਕਟ ਪਹਿਨ 93 ਜਵਾਨ ਅੰਦਰ ਦਾਖਲ ਹੋਏ ਅਤੇ ਅੰਦਰ ਪਈਆ ਲਾਸ਼ਾਂ ਵੇਖੀਆਂ ਗਈਆਂ।ਉਸਤੋਂ ਬਾਅਦ 62 ਹੋਰ ਜਵਾਨ ਅੰਦਰ ਦਾਖਲ ਹੋਏ। ਲਗਾਤਾਰ ਸੰਪਰਕ ਰਾਹੀਂ ਹੋਰ ਗੱਡੀਆਂ ਭੇਜਣ ਦਾ ਸੰਕੇਤ ਦਿੱਤਾ ਗਿਆ।ਇਸੇ ਦੌਰਾਨ ਖਾੜਕੂਆਂ ਵਿੱਚ ਬੁਲਟ ਪਰੂਫ ਜੈਕਟਾਂ ਪਾਈਆਂ ਦਾ ਪਤਾ ਲੱਗ ਗਿਆ। ਉਹਨਾਂ ਨੇ ਤੁਰੰਤ ਵਾਕੀ ਟਾਕੀ ਰਾਹੀਂ ਜਨ ਸੁਬੇਗ ਸਿੰਘ ਨੂੰ ਦੱਸਿਆ ਅਤੇ ਸੁਬੇਗ ਸਿੰਘ ਨੇ ਕੋਈ ਕੋਡ ਵਰਤ ਕੇ ਸੰਦੇਸ਼ ਦਿੱਤਾ। ਇੱਧਰ ਸਾਡੀਆਂ 90 ਗੱਡੀਆਂ ਹੋਰ ਅੰਦਰ ਦਾਖਲ ਕੀਤੀਆਂ ਗਈਆਂ। ਉਧਰ ਜਨ ਸੁਬੇਗ ਸਿੰਘ ਦਾ ਹੁਕਮ ਮਿਲਦੇ ਸਾਰ ਹੀ ਤਹਿਖਾਨੇ ਚੋਂ ਕੁਝ ਖਾੜਕੂ ਬਾਹਰ ਆ ਗਏ, ਜਿੰਨਾ ਚੋ ਕੁਝ ਨੇ ਫਾਇਰਿੰਗ ਖੋਲ੍ਹ ਦਿੱਤੀ, ਉਸ ਤੋਂ ਅਗਲੇ ਪਲ ਹੀ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਨਾਲ ਬਿਲਡਿੰਗ ਦੇ ਲੈਟਰ ਤੱਕ ਹਿੱਲ ਗਏ ਅਤੇ ਸਾਡੇ 155 ਜਵਾਨ ਸ਼ਹੀਦੀ ਜਾਮ ਪੀ ਗਏ।ਇਸ ਧਮਾਕੇ ਵਿਚ ਆਰ ਡੀ ਐਕਸ ਦੀ ਵਰਤੋਂ ਕੀਤੀ ਗਈ,ਜੋ ਕਿ ਬੁਲਟ ਪਰੂਫ ਤਾਂ ਕੀ ਲੋਹੇ ਨੂੰ ਵੀ ਪਾੜ ਦਿੰਦੀ ਹੈ। ਖਾੜਕੂ ਆਪਣੇ ਲੱਕ ਦੁਆਲੇ ਆਰ ਡੀ ਐਕਸ ਬੰਨਕੇ ਸਾਡੀਆਂ ਦੂਜੀਆਂ ਗੱਡੀਆਂ ਤੋਂ ਉੱਤਰ ਰਹੇ ਜਵਾਨਾਂ ਤੇ ਡਿੱਗਣ ਲੱਗੇ ਜਿਸ ਕਰਕੇ ਸਾਡੇ 77 ਜਵਾਨ ਹੋਰ ਮਾਰੇ ਗਏ। ਜਦੋਂ ਵੀ ਕੋਈ ਗੱਡੀ ਅੰਦਰ ਦਾਖਲ ਹੁੰਦੀ ਤਾਂ ਖਾੜਕੂਆਂ ਵਲੋਂ ਲਗਾਤਾਰ ਉਸ ਤੇ ਗੋਲੀਆਂ ਚਲਾਈਆਂ ਜਾਂਦੀਆਂ। ਸਾਡੀਆਂ 48. ਗੱਡੀਆਂ ਬ੍ਰਹਮ ਬੂਟਾ ਅਤੇ ਹੋਟਲ ਟੈਂਪਲ ਵਿਊ ਕੋਲ ਖੜੀਆਂ ਸਨ। ਸਾਡੇ ਹੁਣ ਤੱਕ 3220 ਜਵਾਨ ਮਾਰੇ ਜਾ ਚੁਕੇ ਸਨ।ਸ਼ਾਮ ਦੇ ਤਿੰਨ ਵਜ ਗਏ, ਅਸੀਂ ਜਿੱਤ ਦੇ ਨੇੜੇ ਤਾਂ ਕੀ, ਇੱਕ ਗੰਭੀਰ ਉਦਾਸੀ ਵਿਚ ਚਲੇ ਗਏ।
ਜਦੋਂ ਮੈਂ ਆਪਣੇ ਨੇੜੇ ਦੀਆਂ ਚਾਰ ਰਿਸ਼ਤੇਦਾਰੀਆਂ ਵਿੱਚ ਫੋਨ ਕੀਤਾ ਤਾਂ ਉਹ ਮੈਨੂੰ ਆਪਣੇ ਬਚਾਅ ਲਈ ਅਕਾਲ ਤਖ਼ਤ ਤੋਂ ਦੂਰ ਰਹਿਣ ਲਈ ਪ੍ਰੇਰਨਾ ਦੇ ਰਹੇ ਸਨ। ਮੈਨੂੰ ਭਿੰਡਰਾਂਵਾਲੇ ਤੇ ਏਨਾ ਗੁੱਸਾ ਆ ਰਿਹਾ ਸੀ ਕਿ ਉਹਨੇ ਆਪਣੇ ਚੇਲਿਆਂ ਨੂੰ ਕੀ ਸਿਖਾਇਆ ਹੈ ਕਿ ਆਤਮ ਸਮਰਪਣ ਦਾ ਨਾਮ ਹੀ ਨਹੀਂ ਲੈਂਦੇ। ਹੁਣ ਆਪਾਂ ਗੱਲ ਦਾ ਰੁਖ਼ ਹਮਲੇ ਵੱਲ ਕਰੀਏ। ਫੈਸਲਾ ਕੀਤਾ ਗਿਆ ਕਿ 100 ਜਵਾਨ ਸਿੱਖ ਪਲਟਨ ਦੇ ਸਮਝੌਤੇ ਲਈ ਅੰਦਰ ਭੇਜੇ ਜਾਣ। ਕੁਝ ਜਵਾਨ ਭਿੰਡਰਾਂਵਾਲੇ ਨੂੰ ਸਮਝਾਉਣ ਲਈ ਹੋਣਗੇ, ਬਾਕੀ ਉਸ ਦੇ ਚੇਲਿਆਂ ਨੂੰ ਲਾਲਚ ਦੇ ਕੇ ਬਾਗੀ ਹੋਣ ਲਈ ਸਮਝਾਉਣਗੇ।ਲਾਊਡ ਸਪੀਕਰ ਰਾਹੀਂ ਭਿੰਡਰਾਂਵਾਲੇ ਤੋਂ ਇਜਾਜ਼ਤ ਮੰਗੀ ਗਈ। ਉਸ ਨੇ ਹਰੀ ਝੰਡੀ ਦੇ ਦਿੱਤੀ। ਇੱਥੇ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਆਈ ਕਿ ਅੰਦਰ ਜਾਣ ਨੂੰ ਕੋਈ ਤਿਆਰ ਨਹੀਂ ਸੀ ਹੁੰਦਾ। ਅਖੀਰ ਅਸੀਂ ਪੁਲਿਸ ਦੇ ਮੁਖਬਰ,ਜੋ ਕੇਸ ਦਾੜ੍ਹੀ ਰੱਖਦੇ ਸਨ, 7. ਵਜੇ ਅੰਦਰ ਭੇਜੇ ਜੋ ਇੱਕ ਘੰਟਾ ਅੰਦਰ ਰਹੇ। ਸਾਨੂੰ ਕਾਫੀ ਆਸ ਹੋ ਗਈ ਕਿ ਅਸੀਂ ਕਾਮਯਾਬੀ ਦੇਖ ਸਕਾਂਗੇ ਪਰ ਭਿੰਡਰਾਂਵਾਲੇ ਨੇ ਉਨ੍ਹਾਂ ਨੂੰ ਦੁਰਕਾਰਾਂ ਪਾਕੇ ਭੇਜਿਆ। ਉਹਨਾਂ ਵਿੱਚ ਬੈਠੇ ਅਖੰਡ ਕੀਰਤਨੀ ਜਥੇ ਦੇ ਖਾੜਕੂਆਂ ਨੇ ਉਨ੍ਹਾਂ ਸਾਰਿਆਂ ਨੂੰ ਅਲਫ ਨੰਗਾ ਕਰਕੇ ਜਨਰੇਟਰਾਂ ਵਿੱਚੋਂ ਕਾਲਾ ਤੇਲ ਕੱਢ ਕੇ ਉਨ੍ਹਾਂ ਦੇ ਮੂੰਹ ਅਤੇ ਸਰੀਰ ਤੇ ਆਪ ਲਾਉਣ ਦਾ ਹੁਕਮ ਦੇ ਦਿੱਤਾ ਅਤੇ ਬਿਜਲੀ ਫਿਟਿੰਗ ਵਾਲੀਆਂ ਤਾਰਾਂ ਨਾਲ ਹੱਥ ਪਿੱਛੇ ਬੰਨ੍ਹ ਕੇ ਲਾਈਨ ਵਾਰ ਬਾਹਰ ਤੋਰ ਦਿੱਤਾ। ਉਹ ਰਾਤ ਦੇ ਸਮੇਂ ਵਿੱਚ ਕਬਰਸਤਾਨ ਵਿਚ ਫਿਰਦੇ ਭੂਤਾਂ ਦੇ ਸਮਾਨ ਪ੍ਰਤੀਤ ਹੁੰਦੇ ਸੀ।ਕਈ ਦਿਨ ਦੀ ਸਾਡੀ ਫ਼ੌਜ ਵਿਚ ਪਈ ਉਦਾਸੀ ਇੱਕ ਹਾਸੇ ਵਿਚ ਬਦਲ ਗਈ। ਉਹ ਸਾਰੇ ਦੁੱਖੀ ਹੋਏ ਸ਼ਰਮ ਨਾਲ ਆਪਣੇ ਮੂੰਹ ਸਿਰ ਲੁਕਾਉਣ ਦਾ ਯਤਨ ਕਰ ਰਹੇ ਸਨ। ਉਹਨਾਂ ਨੂੰ ਤੁਰੰਤ ਗੱਡੀ ਵਿੱਚ ਲੱਦਕੇ ਸਹੀ ਥਾਂ ਲਿਜਾਇਆ ਗਿਆ।
ਜਨ ਵੈਦਿਆ ਵੱਲੋਂ ਦਿੱਲੀ ਕੀਤੀ ਗੱਲਬਾਤ ਤੋਂ ਬਾਅਦ ਇੱਕ ਹੋਰ ਫੈਸਲਾ ਆ ਗਿਆ ਕਿ ਰੂਸ ਦੀ ਬਣੀ ਬਖਤਰਬੰਦ ਗੱਡੀ , ਜਿਸ ਨੂੰ ਚਾਰੇ ਪਾਸੇ 27 ਇੰਚ ਮੋਟਾ ਲੋਹਾ ਕੱਛੂ ਦੀ ਤਰ੍ਹਾਂ ਉੱਪਰ ਲਪੇਟਿਆ ਹੋਇਆ ਸੀ।ਉਸ ਵਿੱਚ ਛੋਟੀ ਤੋਪ 3.7 ਇੰਚ ਦੀ ਹਾਊਵਿਟਜਨ ਦੀ ਫਿੱਟ ਕੀਤੀ ਗਈ ਸੀ।ਉਸ ਨੇ ਪਹਿਲਾਂ ਅਕਾਲ ਤਖ਼ਤ ਫਿਰ ਦੂਜੇ ਪਾਸੇ ਦੀਆਂ ਬਿਲਡਿਗਾਂ ਦੀਆਂ ਖਿੜਕੀਆਂ ਨੂੰ ਨਿਸ਼ਾਨਾ ਬਣਾਉਣਾ ਸੀ ।ਇਸ ਤੋਪ ਨਾਲ ਛੋਟੇ ਧਮਾਕੇ ਕੀਤੇ ਜਾ ਸਕਦੇ ਸਨ।ਇਹ ਕਿਸੇ ਬਿਲਡਿੰਗ ਨੂੰ ਢਾਹ ਨਹੀਂ ਸਕਦੀਆਂ ਸਨ। ਕੁਝ ਘੰਟਿਆਂ ਵਿੱਚ ਹੀ ਇਹ ਗੱਡੀਆਂ ਜਹਾਜ਼ ਰਾਹੀਂ ਅੰਮ੍ਰਿਤਸਰ ਆ ਗਈਆ ।