ਵਿਕਟੋਰੀਆ ( ਕਾਹਲੋਂ)-: ਬੀਸੀ ਕੰਸਰਵੇਟਿਵ ਪਾਰਟੀ ਦੇ ਸਰੀ ਨੌਰਥ ਤੋਂ ਵਿਧਾਇਕ ਮਨਦੀਪ ਧਾਲੀਵਾਲ ਨੇ ਸੂਬੇ ਦੇ ਪਬਲਿਕ ਸਕੂਲਾਂ ਵਿੱਚ ਪਾਰਦਰਸ਼ਤਾ ਵਧਾਉਣ ਅਤੇ ਉਮਰ-ਮੁਤਾਬਕ ਵਿਦਿਅਕ ਸਮੱਗਰੀ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਬਿੱਲ ਪੇਸ਼ ਕੀਤਾ ਹੈ।
ਮਾਪਿਆਂ ਲਈ ਪਾਰਦਰਸ਼ਤਾ ਅਤੇ ਉਮਰ ਮੁਤਾਬਕ ਸਿੱਖਿਆ ਬਿੱਲ ਇੱਕ ਸੁਤੰਤਰ, ਸਵੈਇੱਛਤ ਸਮੀਖਿਆ ਕਮੇਟੀ ਸਥਾਪਤ ਕਰਦਾ ਹੈ ਜੋ ਕਿਤਾਬਾਂ, ਫਿਲਮਾਂ, ਪੈਂਫਲੇਟਾਂ ਅਤੇ ਡਿਜੀਟਲ ਸਰੋਤਾਂ ਸਮੇਤ ਸਾਰੀਆਂ ਕਲਾਸਰੂਮ ਸਮੱਗਰੀਆਂ ਦਾ ਮੁਲਾਂਕਣ ਕਰਨ ਲਈ ਜ਼ਿੰਮੇਵਾਰ ਹੈ। ਸਮੱਗਰੀ ਨੂੰ ਸਪੱਸ਼ਟ, ਉਚਿਤ ਰੇਟਿੰਗਾਂ ਪ੍ਰਾਪਤ ਹੋਣਗੀਆਂ, ਮਾਪਿਆਂ ਦੇ ਬੱਚਿਆਂ ਨੂੰ ਸਕੂਲਾਂ ਅੰਦਰ ਕੀ-ਕੀ ਸਿਖਾਇਆ ਜਾ ਰਿਹਾ ਹੈ ਇਸ ਬਾਰੇ ਪੂਰੀ ਜਾਣਕਾਰੀ ਅਤੇ ਵਿਸ਼ਵਾਸ ਮਿਲੇਗਾ।ਵਿਧਾਇਕ ਮਨਦੀਪ ਧਾਲੀਵਾਲ ਨੇ ਕਿਹਾ ਕਿ “ਮਾਪੇ ਸਿੱਖਿਆ ਵਿੱਚ ਪਾਰਦਰਸ਼ਤਾ ਦੇ ਹੱਕਦਾਰ ਹਨ, ਇਹ ਕਾਨੂੰਨ ਪਰਿਵਾਰਾਂ ਨੂੰ ਯਕੀਨੀ ਬਣਾਵੇਗਾ ਕਿ ਉਹ ਸਾਰੇ ਕੁਝ ਬਾਰੇ ਸੂਚਿਤ ਹਨ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸ਼ਾਮਲ ਹਨ। ਸਾਡਾ ਟੀਚਾ ਸਰਲ ਹੈ: ਸਪਸ਼ਟਤਾ ਅਤੇ ਜਵਾਬਦੇਹੀ ਹੈ।”
ਬਿੱਲ ਦੇ ਮੁੱਖ ਪ੍ਰਬੰਧਾਂ ਵਿੱਚ ਸ਼ਾਮਲ ਹਨ:
1. ਇੱਕ ਸੁਤੰਤਰ ਕਮੇਟੀ ਸਥਾਪਤ ਕਰਨੀ ਜੋ ਬਿਲਕੁਲ ਸਹੀ ਸਮੀਖਿਆ ਕਰੇਗੀ। 2. ਬੀ.ਸੀ. ਦੇ ਪਬਲਿਕ ਸਕੂਲਾਂ ਵਿੱਚ ਵਰਤੀ ਜਾਂਦੀ ਸਾਰੀ ਵਿਦਿਅਕ ਸਮੱਗਰੀ ਦੀ ਜਨਤਕ ਸਮੀਖਿਆ ਲਾਜ਼ਮੀ ਕੀਤੀ ਜਾਵੇਗੀ। 3. ਵਿਦਿਅਕ ਸਰੋਤਾਂ ਦੀ ਉਮਰ-ਮੁਤਾਬਕ ਸਪੱਸ਼ਟ ਲੇਬਲਿੰਗ।
ਵਿਧਾਇਕ ਧਾਲੀਵਾਲ ਨੇ ਅੱਗੇ ਕਿਹਾ ਕਿ “ਕੰਸਰਵੇਟਿਵ ਵਿਧਾਇਕਾਂ ਦੇ ਦਬਾਅ ਹੇਠ, ਸੂਬੇ ਦੇ ਸਿੱਖਿਆ ਮੰਤਰੀ ਨੇ ਵਿਧਾਨ ਸਭਾ ਦੇ ਬਸੰਤ ਸੈਸ਼ਨ ਦੌਰਾਨ ਇਹਨਾਂ ਗੱਲਾਂ ਨੂੰ ਮੰਨਣ ਦਾ ਵਾਅਦਾ ਕੀਤਾ ਹੈ। ਸਾਡਾ ਬਿੱਲ ਇਹ ਯਕੀਨੀ ਬਣਾਏਗਾ ਕਿ ਬੀ.ਸੀ. ਐਨ.ਡੀ.ਪੀ. ਸਰਕਾਰ ਆਪਣਾ ‘ਵਾਅਦਾ’ ਪੂਰਾ ਕਰੇ। ਅਸੀਂ ਮਾਪਿਆਂ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਦਾ ਸਤਿਕਾਰ ਕਰਦੇ ਹਾਂ। ਪਾਰਦਰਸ਼ਤਾ ਭਰੋਸੇ ਦੀ ਨੀਂਹ ਹੁੰਦੀ ਹੈ।”
ਕੰਸਰਵੇਟਿਵ ਵਿਧਾਇਕ ਇਸ ਸਬੰਧੀ ਮਾਪਿਆਂ ਅਤੇ ਸਬੰਧਤ ਨਾਗਰਿਕਾਂ ਨੂੰ ਪਟੀਸ਼ਨ ‘ਤੇ ਦਸਤਖਤ ਕਰਨ ਅਤੇ ਇਸ ਪਹਿਲਕਦਮੀ ਦਾ ਸਮਰਥਨ ਕਰਨ ਲਈ ਅਪੀਲ ਕਰ ਰਹੇ ਹਨ।