ਅਹਿਮਦਾਬਾਦ, 3 ਜੂਨ ( ਦੇ ਬ੍ਰ ਬਿ)-ਅੱਜ ਰੌਇਲ ਚੈਲੰਜਰ ਬੰਗਲੂਰੂ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ । ਵਿਰਾਟ ਕੋਹਲੀ ਤੇ RCB ਦੀ ਟੀਮ ਨੇ 18 ਸਾਲਾਂ ਵਿਚ ਪਹਿਲੀ ਵਾਰ ਆਈਪੀਐਲ ਵਿਚ ਖਿਤਾਬੀ ਜਿੱਤ ਦਰਜ ਕੀਤੀ ਹੈ। ਪੰਜਾਬ ਦੀ ਟੀਮ ਬੰਗਲੂਰੂ ਵੱਲੋਂ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਹੀ ਬਣਾ ਸਕੀ।
ਪੰਜਾਬ ਲਈ ਸ਼ਸ਼ਾਂਕ ਸਿੰਘ ਨੇ 30 ਗੇਂਦਾਂ ਵਿਚ 61 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿਚ 3 ਚੌਕੇ ਤੇ 6 ਛੱਕੇ ਵੀ ਸ਼ਾਮਲ ਹਨ, ਪਰ ਉਹ ਟੀਮ ਨੂੰ ਜਿੱਤ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿਚ ਨਾਕਾਮ ਰਿਹਾ। ਹੋਰਨਾਂ ਬੱਲੇਬਾਜ਼ਾਂ ਵਿਚ ਜੋਸ਼ ਨੇ 23 ਗੇਂਦਾਂ ’ਤੇ 39 ਦੌੜਾਂ ਬਣਾਈਆਂ। ਕਪਤਾਨ ਸ਼ਰੇਅਕ ਜੋ ਦੂਜੇ ਕੁਆਲੀਫਾਇਰ ਵਿਚ ਟੀਮ ਦੀ ਜਿੱਤ ਦਾ ਹੀਰੋ ਸੀ, 1 ਦੌੜ ਬਣਾ ਕੇ ਆਊਟ ਹੋ ਗਿਆ। ਪੀ.ਆਰੀਆ ਨੇ 24 ਤੇ ਪ੍ਰਭਸਿਮਰਨ ਸਿੰਘ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਰੌਇਲ ਚੈਲੇਂਜਰਜ਼ ਬੰਗਲੂਰੂ ਲਈ ਭੁਵਨੇਸ਼ਵਰ ਕੁਮਾਰ ਤੇ ਕਰੁਨਾਲ ਪੰਡਿਆ ਨੇ ਦੋ ਦੋ ਅਤੇ ਵਾਈ. ਦਿਆਲ, ਜੋਸ਼ ਹੇਜ਼ਲਵੁੱਡ ਤੇ ਆਰ.ਸ਼ੈਪਰਡ ਨੇ ਇਕ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਨੇ ਪੰਜਾਬ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦੇ ਮਿਲੇ ਸੱਦੇ ’ਤੇ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 190 ਦੌੜਾਂ ਬਣਾਈਆਂ।
ਬੰਗਲੂਰੂ ਦੀ ਟੀਮ ਲਈ ਵਿਰਾਟ ਕੋਹਲੀ ਨੇ 43, ਕਪਤਾਨ ਰਜਤ ਪਾਟੀਦਾਰ ਨੇ 26, ਲਿਆਮ ਲਿਵਿੰਗਸਟੋਨ 25, ਮਯੰਕ ਅਗਰਵਾਲ ਤੇ ਜਿਤੇਸ਼ ਸ਼ਰਮਾ ਨੇ 24-24 ਦੌੜਾਂ ਦਾ ਯੋਗਦਾਨ ਪਾਇਆ।