ਮਤਾ ਪਾਸ ਹੋਣ ਦਾ ਅਰਥ ਕਾਰਨੀ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ-
ਓਟਵਾ ( ਦੇ ਪ੍ਰ ਬਿ)-ਅੱਜ ਹਾਊਸ ਆਫ ਕਾਮਨਜ਼ ਵਿਚ ਘੱਟ ਗਿਣਤੀ ਲਿਬਰਲ ਸਰਕਾਰ ਦਾ ਥਰੋਨ ਸਪੀਚ ਉਪਰ ਮਤਾ ਪਾਸ ਹੋ ਗਿਆ ਜਿਸਦਾ ਅਰਥ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੇ ਪਹਿਲੇ ਵੱਡੇ ਵਿਸ਼ਵਾਸ ਟੈਸਟ ਵਿੱਚੋਂ ਬਚ ਨਿਕਲੇ ਹਨ। ਭਾਵੇਂਕਿ ਇਹ ਮਤਾ ਹਾਊਸ ਆਫ ਕਾਮਨਜ਼ ਵਿੱਚ ਇੱਕ ਅਣ-ਰਿਕਾਰਡ ਵੋਟ ਦੇ ਆਧਾਰ ਤੇ ਪਾਸ ਹੋਇਆ ਪਰ ਇਸਦਾ ਮਤਲਬ ਹੈ ਕਿ ਜਦੋਂ ਵੋਟ ਸਰਬਸੰਮਤੀ ਨਾਲ ਨਹੀਂ ਹੁੰਦੀ ਤਾਂ ਪਾਰਟੀਆਂ ਅਤੇ ਉਨ੍ਹਾਂ ਦੇ ਸੰਸਦ ਮੈਂਬਰਾਂ ਨੂੰ ਸਪੱਸ਼ਟ ਤੌਰ ‘ਤੇ ਇਹ ਦੱਸਣ ਦੀ ਜ਼ਰੂਰਤ ਨਹੀਂ ਸੀ ਕਿ ਉਨ੍ਹਾਂ ਨੇ ਵੋਟ ਕਿਵੇਂ ਪਾਈ। ਜ਼ਿਕਰਯੋਗ ਹੈ ਕਿ 27 ਮਈ ਨੂੰ ਕਿੰਗ ਚਾਰਲਸ ਤੀਜੇ ਦਿੱਤੀ ਗਈ ਥਰੋਨ ਸਪੀਚ ਵਿਚ ਕੈਨੇਡਾ ਦੀ ਪ੍ਰਭੂਸੱਤਾ ਦੇ ਦਾਅਵੇ ਦੇ ਨਾਲ ਮੁੱਖ ਤੌਰ ‘ਤੇ ਕੈਨੇਡੀਅਨ ਅਰਥਵਿਵਸਥਾ ਨੂੰ ਬਣਾਉਣ ਅਤੇ ਰਿਹਾਇਸ਼ੀ ਸੰਕਟ ਦੇ ਹੱਲ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ ।
ਥਰੋਨ ਸਪੀਚ ਉਪਰ ਐਨਡੀਪੀ ਤੇ ਅੰਤਰਿਮ ਆਗੂ ਡੌਨ ਡੇਵਿਸ ਨੇ ਪਹਿਲਾਂ ਇਹ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਥ੍ਰੋਨ ਸਪੀਚ ਦਾ ਸਮਰਥਨ ਨਹੀਂ ਕਰੇਗੀ। ਪਰ ਨਾਲ ਹੀ ਉਨ੍ਹਾਂ ਨੇ ਨੋਟ ਕੀਤਾ ਕਿ ਕੈਨੇਡੀਅਨ ਚੋਣ ਨਹੀਂ ਚਾਹੁੰਦੇ, ਇਸ ਲਈ ਉਨ੍ਹਾਂ ਦੀ ਪਾਰਟੀ ਇੱਕ ਸਿਧਾਂਤਕ ਪਹੁੰਚ ਅਪਣਾ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਸੀ ਕਿ ਥਰੋਨ ਭਾਸ਼ਣ ਵਿਚ ਕੰਮਕਾਜੀ ਪਰਿਵਾਰਾਂ ਨੂੰ ਤਰਜੀਹ ਨਹੀ ਦਿੱਤੀ ਗਈ। ਉਨ੍ਹਾਂ ਨੇ ਸਿਹਤ ਸੰਭਾਲ, ਰਿਹਾਇਸ਼, ਖਾਸ ਕਰਕੇ ਗੈਰ-ਮਾਰਕੀਟ ਵਿਕਲਪਾਂ ਵੱਲ ਧਿਆਨ ਨਾ ਦੇਣ ਤੇ ਇਸਦੀ ਆਲੋਚਨਾ ਕੀਤੀ ਸੀ।
ਕੰਸਰਵੇਟਿਵਾਂ ਨੇ ਇਹ ਨਹੀਂ ਸੀ ਦੱਸਿਆ ਕਿ ਪਾਰਟੀ ਕਿਵੇਂ ਵੋਟ ਕਰੇਗੀ। ਬਲਾਕ ਕਿਊਬੇਕ ਦੇ ਬੁਲਾਰੇ ਜੂਲੀਅਨ ਕੌਲੋਂਬੇ-ਬੋਨਾਫੌਸ ਨੇ ਵੋਟ ਤੋਂ ਕੁਝ ਘੰਟੇ ਪਹਿਲਾਂ ਦੱਸਿਆ ਕਿ ਉਹਨਾਂ ਨੇ ਅਜੇ ਕੋਈ ਫੈਸਲਾ ਨਹੀਂ ਲਿਆ । ਸੋਮਵਾਰ ਨੂੰ, ਵਿਰੋਧੀ ਪਾਰਟੀਆਂ ਨੇ ਲਿਬਰਲ ਮਤੇ ਵਿੱਚ ਇੱਕ ਕੰਸਰਵੇਟਿਵ ਸੋਧ ਦੇ ਹੱਕ ਵਿੱਚ ਵੋਟ ਦਿੱਤੀ ਅਤੇ ਪਾਸ ਕੀਤਾ ਜਿਸ ਵਿੱਚ ਸਰਕਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਲਈ ਹਾਊਸ ਆਫ਼ ਕਾਮਨਜ਼ ਦੇ ਉੱਠਣ ਤੋਂ ਪਹਿਲਾਂ ਬਜਟ ਜਾਂ ਆਰਥਿਕ ਅਪਡੇਟ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ।
ਹਾਲਾਂਕਿ, ਲਿਬਰਲਾਂ ਨੇ ਕਿਹਾ ਕਿ ਸਰਕਾਰ ਕੰਸਰਵੇਟਿਵ ਦੇ ਇਸ ਮਤੇ ਲਈ ਪਾਬੰਦ ਨਹੀਂ ਹੈ।