ਬਰੈਂਪਟਨ ( ਸੇਖਾ )- ਪੀਲ ਪੁਲੀਸ ਨੇ ਸ਼ੱਕ ਦੇ ਅਧਾਰ ’ਤੇ ਕੀਤੀ ਘਰ ਦੀ ਤਲਾਸ਼ੀ ਮੌਕੇ ਉਥੋਂ 2 ਸੈਮੀ ਆਟੋਮੈਟਿਕ ਬੰਦੂਕਾਂ (ਗੈਰਕਨੂੰਨੀ), ਨਸ਼ਿਆਂ ਦੀ ਖੇਪ ਅਤੇ ਨਕਦੀ ਸਮੇਤ ਇੱਕ ਔਰਤ ਸਮੇਤ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ , ਜੋ ਬਰੈਂਪਟਨ ਦੇ ਰਹਿਣ ਵਾਲੇ ਹਨ।
ਪੁਲੀਸ ਵੱਲੋਂ ਉੱਥੇ ਰਹਿੰਦੇ ਲੋਕਾਂ ਦੀ ਹਾਜ਼ਰੀ ਵਿੱਚ ਲਈ ਗਈ ਤਲਾਸ਼ੀ ਦੌਰਾਨ ਉੱਥੋਂ ਮਾਰੂ ਹਥਿਆਰਾਂ ਸਮੇਤ ਨਸ਼ਿਆਂ ਦੀ ਖੇਪ ਅਤੇ 30 ਹਜ਼ਾਰ ਡਾਲਰ ਦੀ ਕਰੰਸੀ ਮਿਲੀ। ਫੜੇ ਗਏ ਪੰਜਾਬੀਆਂ ਦੀ ਪਛਾਣ ਕਰਨ ਔਜਲਾ (27), ਹਰਵੀਰ ਬੈਂਸ (24), ਜਸਮੀਤ ਹਰਸ਼ (24) ਤੇ 27 ਸਾਲਾ ਔਰਤ ਨੋਮਾਣਾ ਦੌਦ ਵਜੋਂ ਹੋਈ ਹੈ। ਇਹ ਸਾਰੇ ਜੋ ਬਰੈਂਪਟਨ ਦੇ ਰਹਿਣ ਵਾਲੇ ਹਨ।
ਬਾਅਦ ਵਿੱਚ ਉਨ੍ਹਾਂ ਦੇ ਪੰਜਵੇਂ ਸਾਥੀ ਨੌਰਥ ਯੌਰਕ ਵਾਸੀ ਐਲੇਕਸ ਪਰਮੋਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਉਨ੍ਹਾਂ ਕੋਲੋਂ ਫੜੇ ਗਏ ਨਸ਼ਿਆਂ ਵਿੱਚ ਫੈਂਟਾਨਿਲ, ਕੋਕੀਨ, ਮੇਥਾਮਫੇਟਾਮਾਈਨ (ਚਿੱਟਾ) ਅਤੇ ਹੈਰੋਇਨ ਪ੍ਰਮੁੱਖ ਹਨ।