ਵਿਕਟੋਰੀਆ- ਬੀਸੀ ਪ੍ਰੀਮੀਅਰ ਡੇਵਿਡ ਈਬੀ ਈਸਟ ਏਸ਼ੀਆ ਦੇ 10 ਦਿਨਾਂ ਦੌਰੇ ਤੇ ਹਨ ਦਾ ਕਹਿਣਾ ਹੈ ਕਿ ਜਾਪਾਨੀ ਕੰਪਨੀਆਂ ਨੇ ਸੂਬੇ ਦੇ ਲਿਕੁਇਡ ਕੁਦਰਤੀ ਗੈਸ (LNG) ਅਤੇ ਮਹੱਤਵਪੂਰਨ ਖਣਿਜ ਨਿਰਯਾਤ ਵਿੱਚ ਦਿਲਚਸਪੀ ਦਿਖਾਈ ਹੈ।
ਪ੍ਰੀਮੀਅਰ ਈਬੀ ਦੀ ਜਾਪਾਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀ ਯਾਤਰਾ ਦੌਰਾਨ ਮਾਈਨਿੰਗ, ਕੁਦਰਤੀ ਸਰੋਤ ਅਤੇ ਸਾਫਟਵੁੱਡ ਲੰਬਰ ਦੇ ਖੇਤਰ ਵਿਚ ਨਿਵੇਸ਼ਕਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਹਨ।
ਮੰਗਲਵਾਰ ਦੁਪਹਿਰ ਨੂੰ ਉਹਨਾਂ ਨੇ ਜਾਪਾਨ ਸ਼ਹਿਰ ਓਸਾਕਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿਤਸੁਬੀਸ਼ੀ ਅਤੇ ਨਿਪੋਨ ਸਟੀਲ ਵਰਗੇ ਜਾਪਾਨੀ ਸਮੂਹਾਂ ਨੇ ਮੀਟਿੰਗਾਂ ਵਿੱਚ ਸੂਬੇ ਦੇ ਤਾਂਬੇ ਅਤੇ ਨਿੱਕਲ ਦੇ ਨਿਰਯਾਤ ਬਾਰੇ ਡੂੰਘੀ ਦਿਲਚਸਪੀ ਦਿਖਾਈ ਹੈ।
ਪ੍ਰੀਮੀਅਰ ਈਬੀ ਨੇ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (JIBC) ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ, ਜੋ ਕਿ LNG ਕੈਨੇਡਾ ਵਿੱਚ ਨਿਵੇਸ਼ ਕਰਨ ਵਾਲੀ ਇੱਕ ਜਾਪਾਨੀ ਸਰਕਾਰੀ ਮਾਲਕੀ ਵਾਲੀ ਵਿੱਤੀ ਸੰਸਥਾ ਹੈ। ਉਸਨੇ ਪੁਸ਼ਟੀ ਕੀਤੀ ਕਿ ਬੀ.ਸੀ. ਇੱਕ ਭਰੋਸੇਮੰਦ ਅਤੇ ਅਨੁਮਾਨਯੋਗ ਭਾਈਵਾਲ ਹੈ ਅਤੇ ਜਾਪਾਨ ਨੂੰ ਮਹੱਤਵਪੂਰਨ ਖਣਿਜਾਂ, ਸਾਫ਼ ਊਰਜਾ, ਬੁਨਿਆਦੀ ਢਾਂਚੇ ਅਤੇ LNG ਲਈ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ।
ਉਹਨਾਂ ਜਪਾਨ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ, ਮਿਤਸੁਬੀਸ਼ੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਮਿਤਸੁਬੀਸ਼ੀ ਦਾ ਬੀ.ਸੀ. ਵਿੱਚ ਸਾਫ਼ ਊਰਜਾ, ਜਲ-ਖੇਤੀ, ਮਹੱਤਵਪੂਰਨ ਖਣਿਜਾਂ ਅਤੇ ਤਕਨੀਕੀ ਸਟਾਰਟਅੱਪਸ ਵਿੱਚ ਨਿਵੇਸ਼ ਹੈ।