Headlines

ਕੈਨੇਡਾ ਵਲੋਂ ਜੀ-7 ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ

ਪ੍ਰਧਾਨ ਮੰਤਰੀ ਕਾਰਨੀ ਨੇ ਸੱਦਾ ਦੇਣ ਦੇ ਫੈਸਲੇ ਨੂੰ ਉਚਿਤ ਦੱਸਿਆ-

ਓਟਵਾ ( ਦੇ ਪ੍ਰ ਬਿ)- ਅਲਬਰਟਾ ਦੇ ਕਨਾਨਸਕਿਸ ਵਿਖੇ 15 ਤੋਂ 17 ਜੂਨ ਨੂੰ ਹੋਣ ਜਾ ਰਹੇ ਜੀ-7 ਮੁਲਕਾਂ ਦੇ ਸਿਖਰ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਮੇਜ਼ਬਾਨ ਕੈਨੇਡਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਇਸਤੋਂ ਪਹਿਲਾਂ ਚਰਚਾ ਸੀ ਕਿ ਸ਼ਾਇਦ ਕੈਨੇਡਾ ਵਲੋਂ  ਭਾਰਤ ਨਾਲ ਚਲ ਰਹੇ ਤਣਾਅਪੂਰਣ ਸਬੰਧਾਂ ਦਰਮਿਆਨ ਇਸ ਸਿਖਰ ਸੰਮੇਲਨ ਲਈ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਨਹੀ ਦਿੱਤਾ ਜਾ ਰਿਹਾ। ਬੀਤੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਇਕ ਸੰਦੇਸ਼ ਪਾਉਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਵਲੋਂ ਉਹਨਾਂ ਨੂੰ ਇਸ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤੇ ਜਾਣ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਇਸ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਹਨ।

ਇਸੇ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਵਿਚ ਜੀ-7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਵਿਸ਼ਵ ਵਪਾਰ ਵਿਚ ਭਾਰਤ ਦੀ ਭੂਮਿਕਾ ਨੂੰ ਵੇਖਦਿਆਂ ਇਹ ਸੱਦਾ ਦਿੱਤਾ ਗਿਆ ਹੈ ਭਾਵੇਂ ਕਿ 2023 ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੀ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਨੇ ਜਨਤਕ ਤੌਰ ‘ਤੇ ਖਾਲਿਸਤਾਨੀ ਸਮਰਥਕ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ  ਭੂਮਿਕਾ ਦਾ ਦੋਸ਼ ਲਗਾਇਆ ਸੀ ਜਦੋਂਕਿ ਭਾਰਤ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ । ਪ੍ਰਧਾਨ ਮੰਤਰੀ ਕਾਰਨੀ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਪੁੱਛੇ ਗਏ  ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ  ਉਹ ਮੰਨਦੇ ਹਨ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਕਨੂੰਨੀ ਪ੍ਰਕਿਰਿਆ ਵਿਚ ਕੋਈ ਵੀ ਟਿਪਣੀ ਕਰਨਾ ਉਚਿਤ ਨਹੀ ਸਮਝਦੇ।
ਪ੍ਰਧਾਨ ਮੰਤਰੀ ਕਾਰਨੀ  ਨੇ ਕਿਹਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦੇ ਨਾਤੇ, ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੇ ਨਾਲ, ਇਸ ਸਾਲ ਦੇ ਜੀ7  ਸੰਮੇਲਨ ਵਿੱਚ ਸ਼ਾਮਿਲ ਹੋਣਾ ਅਹਿਮ ਹੈ ਜਿੱਥੇ ਕਿ ਵਿਸ਼ਵ ਆਗੂ ਊਰਜਾ ਸੁਰੱਖਿਆ, ਮਹੱਤਵਪੂਰਨ ਖਣਿਜਾਂ ਅਤੇ ਵਿਕਾਸਸ਼ੀਲ ਦੁਨੀਆ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ‘ਤੇ ਚਰਚਾ ਕਰਨਗੇ।

Leave a Reply

Your email address will not be published. Required fields are marked *