‘ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਵੱਲੋਂ ਸਰੀ ਵਿਚ ਸ਼ਾਨਦਾਰ ਸਮਾਗਮ ਆਯੋਜਿਤ-
ਸਰੀ, 8 ਜੂਨ, ( ਸੰਦੀਪ ਸਿੰਘ ਧੰਜੂ)-
‘ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰੀ ਵਿਚ ਇਕ ਸਮਾਗਮ ਦਾ ਆਯੋਜਨ ਕਰਦਿਆਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਰਾਏ ਬੁਲਾਰ ਭੱਟੀ ਦੇ 19ਵੇਂ ਵੰਸ਼ਜ਼ ਰਾਏ ਬਿਲਾਲ ਭੱਟੀ ਅਤੇ ਰਾਏ ਸਈਅਦ ਉੱਲਾਹ ਭੱਟੀ, ਜੋ ਕਿ ਇਸ ਵੇਲੇ ਕੈਨੇਡਾ ਦੌਰੇ ਤੇ ਹਨ, ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿੱਖ ਇਤਿਹਾਸ ਵਿਚ ਮੁਸਲਿਮ ਰਾਜਪੂਤ ਜਗੀਰਦਾਰ ਰਾਏ ਬੁਲਾਰ ਭੱਟੀ ਜੀ ਉਹ ਸ਼ਖਸੀਅਤ ਸਨ ਜਿਹਨਾਂ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੱਬੀ ਰੂਪ ਪਹਿਚਾਣਿਆ ਅਤੇ ਗੁਰੂ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਪ੍ਰਗਟ ਕਰਦਿਆਂ ਆਪਣੀ ਕੁਲ ਜਮੀਨ ਵਿੱਚੋਂ ਅੱਧੀ 18,750 ਏਕੜ ਦਾਨ ਦੇ ਰੂਪ ਵਿੱਚ ਭੇਂਟ ਕੀਤੀ ਜਿਥੇ ਅੱਜ ਗੁਰੂਦੁਆਰਾ ਨਨਕਾਣਾ ਸਾਹਿਬ ਸ਼ਸ਼ੋਭਿਤ ਹੈ।
ਰਾਏ ਬੁਲਾਰ ਜੀ ਦੇ ਵੰਸ਼ਜ਼ ਰਾਏ ਬਿਲਾਲ ਭੱਟੀ ਅਤੇ ਰਾਏ ਸਈਅਦ ਉਲਾਹ ਭੱਟੀ ਦੇ ਸਨਮਾਨ ਵਿਚ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਸੈਨੇਟਰ ਬਲਤੇਜ ਸਿੰਘ ਢਿਲੋਂ, ਐਮ ਐਲ ਏ ਸਟੀਵ ਕੂਨਰ, ਐਮ ਐਲ ਏ ਮਨਦੀਪ ਧਾਲੀਵਾਲ, ਐਮ ਐਲ ਏ ਆਮਨਾ ਸ਼ਾਹ, ਕੌਂਸਲਰ ਰੌਬ ਸਟੱਟ,ਕੌੰਸਲਰ ਲਿੰਡਾ ਐਨਿਸ, ਪਾਕਿਸਤਾਨ ਦੇ ਸਾਬਕਾ ਐਮ ਪੀ ਰਾਏ ਅਜ਼ੀਜ਼ ਉਲਾ ਖਾਨ, ਸਾਬਕਾ ਚੇਅਰਮੈਨ ਅਜਮੇਰ ਸਿੰਘ ਢਿੱਲੋਂ, ਤ੍ਰਿਪਤ ਅਟਵਾਲ, ਰਵੀ ਕੋਛੜ, ਦੁਪਿੰਦਰ ਸਰਾਂ, ਨਈਆ ਗਿੱਲ, ਭੁਪਿੰਦਰ ਮੱਲੀ ਅਤੇ ਸ਼ਹਿਰ ਦੀਆਂ ਹੋਰ ਨਾਮਵਰ ਹਸਤੀਆਂ ਹਾਜ਼ਰ ਸਨ। ਇਸ ਮੌਕੇ ਹਾਜ਼ਰ ਪ੍ਰਮੁੱਖ ਹਸਤੀਆਂ ਵਲੋਂ ਅਤੇ ਕੈਬਨਿਟ ਮੰਤਰੀ ਜਗਰੂਪ ਬਰਾੜ ਅਤੇ ਕੈਬਨਿਟ ਮੰਤਰੀ ਰਵੀ ਕਾਹਲੋਂ ਦੀ ਗੈਰਹਾਜ਼ਰੀ ਵਿਚ ਉਹਨਾਂ ਦੀ ਤਰਫੋਂ ਜਨਾਬ ਹਾਰੁਨ ਗੱਫਾਰ ਅਤੇ ਪ੍ਰਿਯੰਕਾ ਧਮੀਜਾ ਮਹਿਤਾ ਵਲੋਂ ਮਹਿਮਾਨ ਸ਼ਖਸੀਅਤਾਂ ਨੂੰ ਮਾਣ ਪੱਤਰ ਭੇਟ ਕੀਤੇ ਗਏ। ਇਸ ਮੌਕੇ ਕੁਝ ਮੀਡੀਆ ਸ਼ਖਸੀਅਤਾਂ ਦੀ ਵੀ ਸਨਮਾਨ ਕੀਤਾ ਗਿਆ ਤੇ ਰਾਏ ਬੁਲਾਰ ਵੰਸ਼ਜ਼ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ ਗਈਆਂ।
ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਜਿਥੇ ਸਨਮਾਨਿਤ ਸਖਸ਼ੀਅਤਾਂ ਨੂੰ ਕੈਨੇਡਾ ਵਿੱਚ ਜੀ ਆਇਆਂ ਆਖਦਿਆਂ ਸਿੱਖ ਧਰਮ ਵਿਚ ਰਾਏ ਬੁਲਾਰ ਭੱਟੀ ਦੇ ਪਰਿਵਾਰ ਪ੍ਰਤੀ ਮਾਣ ਸਨਮਾਨ ਬਾਰੇ ਚਾਨਣਾ ਪਾਇਆ ਉਥੇ ਚੜ੍ਹਦੀ ਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦਾ ਇਸ ਸਮਾਗਮ ਨੂੰ ਉਲੀਕਣ ਦਾ ਵੀ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ‘ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਸਿੱਖੀ ਦੇ ਸਿਧਾਂਤ ‘ਸਰਬੱਤ ਦਾ ਭਲਾ’ ਦੇ ਨੈਤਿਕ ਆਧਾਰ ‘ਤੇ ਬਣਾਈ ਗਈ ਹੈ ਜਿਸਦਾ ਉਦੇਸ਼ ਨਿਰਪੱਖ ਹੋ ਕੇ ਸਮਾਜ ਦੀ ਸੇਵਾ ਕਰਨੀ ਅਤੇ ਮਾਨਵਤਾ ਦੀ ਭਲਾਈ ਦੇ ਕਾਰਜ ਹਨ। ਇਸੇ ਭਾਵਨਾ ਨਾਲ ਸੰਸਥਾ ਵੱਲੋਂ ਖੂਨਦਾਨ ਕੈਂਪ, ਭੋਜਨ ਵੰਡ ਅਤੇ ਸਫਾਈ ਮੁਹਿੰਮਾਂ, ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ, ਨਵੇਂ ਪ੍ਰਵਾਸੀਆਂ ਅਤੇ ਅੰਤਰ-ਰਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਦੇ ਕਾਰਜ ਕੀਤੇ ਜਾਂਦੇ ਹਨ। ‘ਚੜਦੀ ਕਲਾ ਬ੍ਰਦਰਹੁੱਡ ਐਸੋਸੀਏਸ਼ਨ ਦੇ 8 ਫਾਊਂਡਿੰਗ ਡਾਇਰੈਕਟਰਜ਼ ਸਰਵਸ੍ਰੀ ਹਰਪ੍ਰੀਤ ਸਿੰਘ ਮਨਕਾਟਲਾ, ਜਸਵਿੰਦਰ ਸਿੰਘ ਦਿਲਾਵਰੀ, ਲਖਵੀਰ ਸਿੰਘ ਗਰੇਵਾਲ, ਬਲਜੀਤ ਸਿੰਘ ਰਾਏ, ਪ੍ਰਸ਼ਾਂਤ ਸਾਹਾ, ਇੰਦਰਜੀਤ ਸਿੰਘ ਲੱਧੜ, ਮਨਜੀਤ ਸਿੰਘ ਚੀਮਾ ਅਤੇ ਸੰਦੀਪ ਸਿੰਘ ਧੰਜੂ ਵੱਲੋਂ ਵਿਸ਼ੇਸ਼ ਮਹਿਮਾਨਾਂ ਅਤੇ ਉਨਾਂ ਨੂੰ ਸਨਮਾਨਿਤ ਕਰਨ ਲਈ ਪਹੁੰਚੀਆਂ ਸਖਸ਼ੀਅਤਾਂ, ਮੀਡੀਆ ਕਰਮੀਆਂ ਅਤੇ ਹੋਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਮੰਚ ਸੰਚਾਲਕ ਦੀ ਜਿੰਮੇਵਾਰ ਜਸਵਿੰਦਰ ਸਿੰਘ ਦਿਲਾਵਰੀ ਨੇ ਬਾਖੂਬੀ ਨਿਭਾਈ।