ਨਵਾਂ ਗੁਰਦੁਆਰਾ ਸਾਹਿਬ ਦਾ ਨਾਮ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਰੱਖਿਆ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਚੈਸਟਰਮੀਅਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ ਪਰਮਜੀਤ ਸਿੰਘ ਹੀਰ ਦੀ ਨਿਗਰਾਨੀ ਹੇਠ ਨਵੇਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਨਵੇਂ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਰੱਖਿਆ ਗਿਆ ਹੈ। ਬੀਤੇ ਦਿਨੀਂ ਇਸ ਦੇ ਸਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਧਾਰਮਿਕ ਦੀਵਾਨ ਸਜਾਏ ਗਏ। ਸਮਾਗਮ ਵਿੱਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਭਰੀ। ਇਸ ਮੌਕੇ ਕਈ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਮੋਟਰਸਾਈਕਲ ਕਲੱਬ ਦੀ ਸਮੁੱਚੀ ਟੀਮ ਵਲੋਂ ਵੀ ਹਾਜ਼ਰੀ ਭਰੀ ਗਈ।
ਇਸ ਮੌਕੇ ਸੰਗਤਾਂ ਨਾਲ ਇਹ ਖੁਸ਼ੀ ਭਰੀ ਖਬਰ ਸਾਂਝੀ ਕੀਤੀ ਗਈ ਕਿ ਮਨਦੀਪ ਸਿੰਘ ਦੁੱਗਲ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ, ਮੰਦਿਰ, ਚਰਚ ਅਤੇ ਮਸਜਿਦ ਦੀ ਤਾਮੀਰ ਲਈ ਕੁੱਲ 10 ਏਕੜ ਜ਼ਮੀਨ ਦਾਨ ਕੀਤੀ ਗਈ ਹੈ। ਸਾਰੇ ਧਾਰਮਿਕ ਸਥਾਨਾਂ ਲਈ ਢਾਈ-ਢਾਈ ਏਕੜ ਜ਼ਮੀਨ ਦਿੱਤੀ ਗਈ ਹੈ। ਇਸ ਮੌਕੇ ਪ੍ਰੀਮੀਅਰ ਸਲਾਹਕਾਰ ਹਰਦਿਆਲ ਸਿੰਘ ਹੈਪੀ ਮਾਨ, ਤਾਲਮੇਲ ਸਕੱਤਰ ਜਤਿੰਦਰ ਸਿੰਘ ਲੰਮੇ, ਮਨਦੀਪ ਸਿੰਘ ਦੁੱਗਲ ਅਤੇ ਦਾਨੀ ਪਰਿਵਾਰ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਦਲਵਿੰਦਰ ਸਿੰਘ ਗਿੱਲ, ਕੌੰਸਲਰ ਕਿਰਨ ਰੰਧਾਵਾ, ਐਮ ਐਲ ਏ ਗੁਰਿੰਦਰ ਬਰਾੜ, ਸਾਬਕਾ ਐਮ ਪੀ ਜੈਗ ਸਹੋਤਾ, ਮੁੱਖ ਪ੍ਰਬੰਧਕ ਪਰਮਜੀਤ ਹੀਰ, ਪ੍ਰਦੀਪ ਬੈਨੀਪਾਲ, ਰੀਐਲਟਰ ਰਮਨ ਭੰਗੂ, ਸਿੰਮੀ ਰੰਧਾਵਾ, ਸਮਾਜ ਸੇਵੀ ਪਿਆਰਾ ਸਿੰਘ ਚਾਹਲ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਪ੍ਰੀਮੀਅਰ ਦੀ ਤਰਫੋਂ ਸ ਹੈਪੀ ਮਾਨ, ਜਤਿੰਦਰ ਲੰਮੇ ਵਲੋਂ ਪ੍ਰਬੰਧਕਾਂ ਨੂੰ ਸ਼ੁਭ ਇਛਾਵਾਂ ਦਾ ਪੱਤਰ ਸੌਪਿਆਂ ਗਿਆ ਤੇ ਪ੍ਰੀਮੀਅਰ ਨੇ ਇਸ ਸਾਂਝੇ ਕਮਿਊਨਿਟੀ ਕਾਰਜ ਦੇ ਜਲਦ ਨੇਪਰੇ ਚੜਨ ਦੀ ਕਾਮਨਾ ਕੀਤੀ।