ਸੰਗਰੂਰ, 8 ਜੂਨ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਰਾਜਸੀ ਪਾਰਟੀਆਂ, ਧਾਰਮਿਕ, ਕਿਸਾਨ, ਮੁਲਾਜ਼ਮ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਆਮ ਲੋਕਾਂ ਨੇ ਆਪਣੇ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਣੇ ਅਨੇਕਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ੍ਰੀ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਦਸਤਾਰਬੰਦੀ ਦੀ ਰਸਮ ਅਦਾ ਕੀਤੀ ਗਈ।
‘ਆਪ ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਢੀਂਡਸਾ ਨੇ ਰਾਜਸੀ ਖੇਤਰ ਵਿੱਚ ਆਪਣੀ ਜ਼ਿੰਦਗੀ ਦੇ 60 ਸਾਲਾਂ ਦੌਰਾਨ ਜੋ ਕਮਾਇਆ, ਉਸ ਦਾ ਅੰਦਾਜ਼ਾ ਅੱਜ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਲਗਾਇਆ ਜਾ ਸਕਦਾ ਹੈ। ਸਰਪੰਚੀ ਤੋਂ ਲੈ ਕੇ ਕੇਂਦਰੀ ਵਜ਼ੀਰ ਤੱਕ ਪੁੱਜਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਜਿਸ ਕਰਕੇ ਸ੍ਰੀ ਢੀਂਡਸਾ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ੍ਰੀ ਢੀਂਡਸਾ ਨੇ ਹਮੇਸ਼ਾ ਕੌਮ ਅਤੇ ਪੰਜਾਬ ਦੇ ਮੁੱਦਿਆਂ ਨੂੰ ਤਰਜੀਹ ਦਿੱਤੀ। ਉਨ੍ਹਾਂ ਸਾਹਮਣੇ ਬੈਠੀ ਅਕਾਲੀ ਲੀਡਰਸ਼ਿਪ ਤੇ ਪੰਥ ਹਿਤੈਸ਼ੀਆਂ ਨੂੰ ਕਿਹਾ ਕਿ ਆਪਣੇ ਵਖਰੇਵੇਂ ਅਤੇ ਮਤਭੇਦ ਭੁਲਾ ਕੇ ਪੰਥਕ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋਵੋ ਅਤੇ ਆਪਣੀ ਵਿਰਾਸਤ ਸੰਭਾਲ ਲਓ। ਕਿਤੇ ਇਹ ਨਾ ਹੋ ਜਾਵੇ ਕਿ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਦਰਜ ਕਰਵਾ ਜਾਵੇ। ਉਨ੍ਹਾਂ ਕਿਹਾ ਕਿ ਆਖ਼ਰੀ ਸਮੇਂ ਤੱਕ ਢੀਂਡਸਾ ਦੀ ਇੱਛਾ ਪੰਥਕ ਏਕਤਾ ਦੀ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਢੀਂਡਸਾ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲ ਚਲਾਣੇ ਤੋਂ ਦੋ ਦਿਨ ਪਹਿਲਾਂ ਹੀ ਉਹ ਸ੍ਰੀ ਢੀਂਡਸਾ ਨੂੰ ਮਿਲੇ ਸੀ ਜਿਨ੍ਹਾਂ ਨੇ ਪੰਥ ਨੂੰ ਇਕੱਠਾ ਕਰਨ ਦੀ ਅਪੀਲ ਕੀਤੀ ਸੀ। ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਢੀਂਡਸਾ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਸਨ ਅਤੇ ਅੱਗੇ ਵੀ ਪਰਮਿੰਦਰ ਢੀਂਡਸਾ ਨਾਲ ਹਮੇਸ਼ਾ ਰਹਿਣਗੇ। ਭਾਜਪਾ ਆਗੂ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਭੇਜੇ ਸ਼ੋਕ ਸੰਦੇਸ਼ ਦੇ ਹਵਾਲੇ ਨਾਲ ਕਿਹਾ ਕਿ ਢੀਂਡਸਾ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਲਈ ਯਤਨਸ਼ੀਲ ਰਹੇ ਅਤੇ ਆਪਣਾ ਸਾਰਾ ਜੀਵਨ ਰਾਸ਼ਟਰ ਤੇ ਪੰਜਾਬ ਦੀ ਭਲਾਈ ਲਈ ਸਮਰਪਿਤ ਕੀਤਾ। ਮੰਚ ਸੰਚਾਲਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਆਖ਼ੀਰ ਪਰਮਿੰਦਰ ਸਿੰਘ ਢੀਂਡਸਾ ਨੇ ਭਾਵੁਕ ਹੁੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।