Headlines

ਟਕਸਾਲ ਵੱਲੋਂ ਬਾਦਲ ਦੀ ਕੋਠੀ ਅੱਗੇ 11 ਨੂੰ ਦਿੱਤਾ  ਜਾਣ ਵਾਲਾ ਰੋਸ ਧਰਨਾ ਮੁਲਤਵੀ

ਚੌਕ ਮਹਿਤਾ 9 ਜੂਨ ( ਭੰਗੂ)–ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਤਿੰਨ ਤਖ਼ਤ ਸਾਹਿਬਾਨ ਦੇ ਹਟਾਏ ਗਏ ਜਥੇਦਾਰਾਂ ਦੀ ਬਹਾਲੀ ਲਈ 11 ਜੂਨ ਤੋਂ ਪਿੰਡ ਬਾਦਲ ਪਹੁੰਚ ਕੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ’ਤੇ ਗੁਰਬਾਣੀ ਦਾ ਜਾਪ ਕਰਕੇ ਦਿੱਤਾ ਜਾਣ ਵਾਲਾ ਰੋਸ ਧਰਨਾ ਮੁਲਤਵੀ ਕੀਤਾ ਗਿਆ ਹੈ। ਇਹ ਫ਼ੈਸਲਾ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚੀ ਸ਼੍ਰੋਮਣੀ ਕਮੇਟੀ ਦੀ ਵਫ਼ਦ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਨੇੜੇ ਭਵਿਖ ਵਿਚ ਜਥੇਦਾਰ ਸਾਹਿਬਾਨ ਦੇ ਮਾਮਲੇ ਪ੍ਰਤੀ ਜਲਦ ਹੱਲ ਕੱਢਣ ਦੇ ਦਿੱਤੇ ਗਏ ਭਰੋਸੇ ਉਪਰੰਤ ਲਿਆ ਗਿਆ।
ਮਨ ਮਰਜ਼ੀ ਨਾਲ ਹਟਾਏ ਗਏ ਜਥੇਦਾਰਾਂ ਨੂੰ ਬਹਾਲ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਗਏ ਅਲਟੀਮੇਟਮ ਉਪਰੰਤ 27 ਅਪ੍ਰੈਲ ਨੂੰ ਲਏ ਗਏ ਫ਼ੈਸਲੇ ਮੁਤਾਬਕ ਸਿੱਖ ਜਥੇ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਦੇ ਘਰ ਅੱਗੇ ਰੋਸ ਧਰਨੇ ਦਾ ਐਲਾਨ ਕੀਤਾ ਸੀ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਰੀ ਤੋ ਸਾਰਿਆਂ ਦੀ ਰਾਏ ਲੈ ਕੇ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ।  ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ, ਕਿ 11 ਜੂਨ ਨੂੰ ਧਰਨਾ ਦਿੱਤਾ ਜਾਏਗਾ ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾ ਸੰਘਰਸ਼ ਕਰਨ ਲਈ ਤਿਆਰੀ ਕੀਤੀ ਹੋਈ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਅਤੇ ਉਹਨਾਂ ਦੇ ਨਾਲ ਆਈਆਂ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ, ਕਿ ਸਿੰਘ ਸਾਹਿਬਾਨਾਂ ਦੇ ਮਸਲੇ ਦਾ ਕਿਸੇ ਵੀ ਕਿਸੇ ਰੂਪ ਦੇ ਵਿੱਚ ਸਰਬ ਪ੍ਰਵਾਨਿਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਿਧਾ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨ ਦਾ ਉਪਰਾਲਾ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ। ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਵੀ ਔਰ ਸੰਤਾਂ ਮਹਾਂਪੁਰਖਾਂ, ਨਿਹੰਗ ਸਿੰਘ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਕਿ ਰੋਸ ਧਰਨਾ ਮੁਲਤਵੀ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ  ਕਿ ਹਮੇਸ਼ਾ ਹੀ ਸਤਿਕਾਰ ਨਾਲ ਸਿੰਘ ਸਾਹਿਬਾਨਾਂ ਨੂੰ ਲਾਇਆ ਜਾਂਦਾ ਹੈ ਅਤੇ ਸਤਿਕਾਰ ਨਾਲ ਹੀ ਉਹਨਾਂ ਨੂੰ ਵਿਦਾਇਗੀ ਦਿੱਤੀ ਜਾਂਦੀ ਹੈ। ਇਸ ਲਈ ਸਮੁੱਚੀ ਕੌਮ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਹੈ। ਜਥੇਦਾਰ ਸਰਬ ਪ੍ਰਵਾਨਿਤ ਲਗਾਏ  ਜਾਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ  ਨੇ ਸਮਾਂ ਮੰਗਿਆ ਹੈ। ਸਮਾਂ ਦੇਣਾ ਸਾਡਾ ਫ਼ਰਜ਼ ਹੈ।  ਕਿਉਂਕਿ ਇਹ ਸੰਸਥਾ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੈ। ਇਹ ਵੱਡੀ ਸੰਸਥਾ ਸਾਡੇ ਕੋਲ ਚੱਲ ਕੇ ਆਈ ਹੈ। ਸਤਿਕਾਰਯੋਗ ਹਸਤੀਆਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲ ਇਹ ਗੱਲ ਕਹੀ ਹੈ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਟਕਸਾਲ ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ ਵਿਚ ਆਪਸੀ ਟਕਰਾ ਨਹੀਂ ਬਣਨਾ ਚਾਹੀਦਾ। ਜਿਹੜੀਆਂ ਗੱਲਾਂ ਨਾਲ ਟਕਰਾਅ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ। ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਕੱਢਿਆ ਜਾਵੇ।
ਯਾਦ ਰਹੇ ਕਿ ਪਿੰਡ ਬਾਦਲ ’ਚ ਰੋਸ ਧਰਨਾ ਦੇਣ ਦਾ ਫ਼ੈਸਲਾ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਚੋਣਵੇਂ ਮਹਾਂਪੁਰਖਾਂ ਦੀ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ 27 ਅਪ੍ਰੈਲ ਹੋਈ ਮੀਟਿੰਗ ਵਿਚ ਲਿਆ ਗਿਆ। ਇਸ ਮੌਕੇ ਹਾਜ਼ਰ ਸਮੂਹ ਸੰਤ ਮਹਾਂਪੁਰਖਾਂ, ਸਿੱਖ ਸੰਗਤਾਂ ਤੇ ਜਥੇਬੰਦੀਆਂ ਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ 15 ਅਪ੍ਰੈਲ ਤਕ ਬਹਾਲ ਕਰਨ ਪ੍ਰਤੀ ਸ਼੍ਰੋਮਣੀ ਕਮੇਟੀ ਵੱਲੋਂ ਸੰਤ ਸਮਾਜ ਨੂੰ ਦਿੱਤੇ ਗਏ ਭਰੋਸੇ ਨੂੰ ਪੂਰਾ ਨਾ ਕਰਨ ਲਈ ਸਖ਼ਤ ਆਲੋਚਨਾ ਕੀਤੀ ਤੇ ਭਾਰੀ ਰੋਸ ਪ੍ਰਗਟਾਇਆ ਸੀ। ਇਹ ਭਰੋਸਾ ਸ਼੍ਰੋਮਣੀ ਕਮੇਟੀ ਨੇ ਸੰਤ ਸਮਾਜ ਵੱਲੋਂ ਸ. ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 28 ਮਾਰਚ ਨੂੰ ਦਿੱਤੇ ਗਏ ਰੋਸ ਧਰਨੇ ਮੌਕੇ ਦਿੱਤਾ ਸੀ, ਜਦੋਂ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੇ ਅਹੁਦਿਆਂ ਉੱਪਰ ਬਹਾਲ ਕੀਤੇ ਜਾਣ ਦੀ ਸੰਗਤ ਨੇ ਮੰਗ ਕੀਤੀ ਸੀ। ਇਸ ਸਬੰਧੀ ਉਹਨਾਂ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੂੰ 15 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ । ਮੰਗ ਨਾ ਮੰਨੇ ਜਾਣ ’ਤੇ ਜੂਨ ਮਹੀਨੇ ਘੱਲੂਘਾਰਾ ਸਮਾਗਮਾਂ ਦੇ ਕਾਰਨ, ਪਹਿਲਾ ਜਥਾ 11 ਜੂਨ ਨੂੰ ਪਿੰਡ ਬਾਦਲ ਜਾਣਾ ਸੀ । ਜਦੋਂ ਕੇ ਜੁਲਾਈ ਮਹੀਨੇ ਤੋਂ ਹਰ ਮਹੀਨੇ ਪਹਿਲੇ ਐਤਵਾਰ ਜਥਾ ਜਾਇਆ ਕਰਨਾ ਸੀ ।

Leave a Reply

Your email address will not be published. Required fields are marked *