Headlines

ਗੋਇੰਦਵਾਲ ਸਾਹਿਬ ਦਾ 1200 ਏਕੜ ਉਦਯੋਗਿਕ ਕੰਪਲੈਕਸ ਬਣਿਆ ‘ਭੂਤ-ਬੰਗਲਾ’- ਬ੍ਰਹਮਪੁਰਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਥਾਪਿਤ ਪ੍ਰੋਜੈਕਟਾਂ ਨੂੰ ਬਰਬਾਦ ਕਰਕੇ ਆਪਣੀ ਪਿੱਠ ਥਾਪੜ ਰਹੀ ਹੈ ‘ਆਪ’ ਸਰਕਾਰ- ਬ੍ਰਹਮਪੁਰਾ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,9 ਜੂਨ-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਗੁਰੂ ਕੀ ਨਗਰੀ ਗੋਇੰਦਵਾਲ ਸਾਹਿਬ ਦੇ ਉਦਯੋਗਿਕ ਪਤਨ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਗੰਭੀਰ ਮੁਸ਼ਕਿਲਾਂ ਲਈ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਉਦਯੋਗਿਕ ਪ੍ਰੋਜੈਕਟ ਸ਼੍ਰੋਮਣੀ ਅਕਾਲੀ ਦਲ ਦੀ ਦੂਰਅੰਦੇਸ਼ੀ ਸੋਚ ਤਹਿਤ ਸਥਾਪਿਤ ਕੀਤੇ ਗਏ ਸਨ,ਉਨ੍ਹਾਂ ਨੂੰ ਬਾਅਦ ਦੀਆਂ ਸਰਕਾਰਾਂ ਦੀ ਨਾਲਾਇਕੀ ਅਤੇ ਬੇਰੁਖ਼ੀ ਨੇ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ।ਸ.ਬ੍ਰਹਮਪੁਰਾ ਨੇ ਕਿਹਾ,ਇਹ ਬਹੁਤ ਹੀ ਦੁਖਦਾਈ ਹੈ ਕਿ ਜਿਸ ਗੋਇੰਦਵਾਲ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ 540 ਮੈਗਾਵਾਟ ਦੇ ਥਰਮਲ ਪਲਾਂਟ (ਜੀ.ਵੀ.ਕੇ) ਅਤੇ ਨੈਰੋਲੈਕ ਪੇਂਟਸ ਵਰਗੀਆਂ ਵੱਡੀਆਂ ਫੈਕਟਰੀਆਂ ਲਿਆ ਕੇ ਉਦਯੋਗਿਕ ਨਕਸ਼ੇ ‘ਤੇ ਉਭਾਰਿਆ ਸੀ, ਅੱਜ ਉਹੀ ਇਲਾਕਾ ਆਪਣੀ ਬਦਹਾਲੀ ‘ਤੇ ਹੰਝੂ ਵਹਾ ਰਿਹਾ ਹੈ।’ਆਪ’ ਸਰਕਾਰ ਕਰੀਬ 1080 ਕਰੋੜ ਰੁਪਏ ਵਿੱਚ ਬੰਦ ਪਏ ਥਰਮਲ ਪਲਾਂਟ ਨੂੰ ਖਰੀਦ ਕੇ ਸਸਤੀ ਵਾਹ-ਵਾਹ ਖੱਟਣ ਦਾ ਡਰਾਮਾ ਕਰ ਰਹੀ ਹੈ, ਪਰ ਉਹ ਇਹ ਜਵਾਬ ਦੇਵੇ ਕਿ ਪਿਛਲੇ ਢਾਈ ਸਾਲਾਂ ਵਿੱਚ ਉਨ੍ਹਾਂ ਨੇ ਖੁਦ ਇਸ ਸਰਹੱਦੀ ਖੇਤਰ ਵਿੱਚ ਕਿਹੜਾ ਨਵਾਂ ਮੈਗਾ ਪ੍ਰੋਜੈਕਟ ਲਿਆਂਦਾ ਹੈ? ਸੱਚਾਈ ਇਹ ਹੈ ਕਿ ਇਹ ਸਰਕਾਰ ਸਿਰਫ਼ ਅਕਾਲੀ ਦਲ ਦੇ ਕੀਤੇ ਕੰਮਾਂ ‘ਤੇ ਆਪਣੇ ਨਾਂ ਦੀ ਤਖ਼ਤੀ ਲਾਉਣ ਵਿੱਚ ਮਾਹਿਰ ਹੈ।ਸ਼੍ਰੋਮਣੀ ਅਕਾਲੀ ਦਲ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ,ਇਸ ਸਰਹੱਦੀ ਖੇਤਰ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕੈਬਨਿਟ ਮੰਤਰੀ,ਸੰਸਦ ਮੈਂਬਰ ਹੁੰਦਿਆਂ ਅਤੇ ਬਾਅਦ ਵਿੱਚ ਵੀ ਹਮੇਸ਼ਾ ਇਸ ਹਲਕੇ ਦੀ ਆਵਾਜ਼ ਬਣ ਕੇ ਸਰਕਾਰਾਂ ਤੱਕ ਪਹੁੰਚ ਕੀਤੀ ਅਤੇ ਵੱਡੇ ਪ੍ਰੋਜੈਕਟ ਲਿਆਉਣ ਲਈ ਜੱਦੋ-ਜਹਿਦ ਕੀਤੀ। ਮੈਂ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਆਪਣੇ ਵਿਧਾਇਕੀ ਕਾਰਜਕਾਲ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਵਾਈਆਂ ਤਾਂ ਜੋ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਜਾ ਸਕੇ।ਕਾਂਗਰਸ ਅਤੇ ‘ਆਪ’ ਸਰਕਾਰਾਂ ਦੀਆਂ ਨਾਕਾਮੀਆਂ ਗਿਣਾਉਂਦਿਆਂ ਸ.ਬ੍ਰਹਮਪੁਰਾ ਨੇ ਕਿਹਾ,ਕਾਂਗਰਸ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਇਸ ਹਲਕੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ।ਹੁਣ ‘ਆਪ’ ਸਰਕਾਰ ਵੀ ਉਸੇ ਰਾਹ ‘ਤੇ ਹੈ।ਅੱਜ ਗੋਇੰਦਵਾਲ ਸਾਹਿਬ ਸਥਿਤ ਕੇਂਦਰੀ ਸਨਅਤੀ ਕੰਪਲੈਕਸ, ਜੋ ਕਿ ਲਗਭਗ 1200 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ,ਸਰਕਾਰਾਂ ਦੀ ਬੇਰੁਖ਼ੀ ਕਾਰਨ ਉਜਾੜ ਬੀਆਬਾਨ ਬਣਿਆ ਪਿਆ ਹੈ। ਸੜਕਾਂ ਦੀ ਹਾਲਤ ਤਰਸਯੋਗ ਹੈ,ਪੰਜਾਬ ਦੇ 2024-25 ਦੇ ਬਜਟ ਵਿੱਚ ਇਸ ਖੇਤਰ ਲਈ ਕਿਸੇ ਵੱਡੇ ਉਦਯੋਗਿਕ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ,ਜਿਸ ਕਾਰਨ ਨੌਜਵਾਨਾਂ ਲਈ ਰੋਜ਼ਗਾਰ ਦਾ ਕੋਈ ਨਵਾਂ ਸਾਧਨ ਨਹੀਂ ਹੈ। ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਬੁਰਾ ਹਾਲ ਹੈ।ਜੋ ਉਦਯੋਗਿਕ ਕੰਪਲੈਕਸ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਸੰਵਾਰ ਸਕਦਾ ਸੀ,ਉਹ ਅੱਜ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੁਦ ਬੇਰੁਜ਼ਗਾਰੀ ਦਾ ਪ੍ਰਤੀਕ ਬਣ ਗਿਆ ਹੈ।ਇਹ ਹਲਕੇ ਦੇ ਲੋਕਾਂ ਨਾਲ ਸਰਾਸਰ ਵਿਸ਼ਵਾਸਘਾਤ ਹੈ।
ਸ.ਬ੍ਰਹਮਪੁਰਾ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਅਤੇ ਮੌਜੂਦਾ ‘ਆਪ’ ਸਰਕਾਰ ਦੀਆਂ ਨਾਕਾਮੀਆਂ ਨੂੰ ਪਛਾਣਨ। ਉਨ੍ਹਾਂ ਕਿਹਾ,ਇਹ ਸਮਾਂ ਹੈ ਕਿ ਲੋਕ ਜਾਗਰੂਕ ਹੋਣ ਅਤੇ ਵੇਖਣ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿਆਂਦੇ ਗਏ ਵਿਕਾਸ ਦੇ ਪ੍ਰੋਜੈਕਟਾਂ ਨੂੰ ਸਿਆਸੀ ਬੇਰੁਖ਼ੀ ਦੀ ਭੇਟ ਚੜ੍ਹਾ ਦਿੱਤਾ ਗਿਆ ਹੈ। ਇੱਕ ਪਾਸੇ ਅਕਾਲੀ ਦਲ ਦੀ ਸਰਕਾਰ ਨੇ ਇਸ ਸਰਹੱਦੀ ਖੇਤਰ ਵਿੱਚ ਉਦਯੋਗ ਸਥਾਪਿਤ ਕਰਕੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ,ਦੂਜੇ ਪਾਸੇ ਕਾਂਗਰਸ ਅਤੇ ‘ਆਪ’ ਸਰਕਾਰਾਂ ਨੇ ਸਿਰਫ਼ ਝੂਠੇ ਵਾਅਦਿਆਂ ਅਤੇ ਸਿਆਸੀ ਡਰਾਮੇਬਾਜ਼ੀ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਲੋਕਾਂ ਨਾਲ ਹੋ ਰਹੇ ਇਸ ਧੱਕੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਇਨ੍ਹਾਂ ਸਰਕਾਰਾਂ ਦੀ ਪੋਲ ਲੋਕਾਂ ਦੀ ਕਚਹਿਰੀ ਵਿੱਚ ਖੋਲ੍ਹਦਾ ਰਹੇਗਾ। ਸਾਡਾ ਇੱਕੋ-ਇੱਕ ਏਜੰਡਾ ਹਲਕੇ ਦਾ ਵਿਕਾਸ ਹੈ ਅਤੇ ਅਸੀਂ ਇਸ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਾਂ।

Leave a Reply

Your email address will not be published. Required fields are marked *