ਨਾਰਥ ਵੈਸਟਰਨ ਅਲਬਰਟਾ ਫਾਊਂਡੇਸ਼ਨ ਵਲੋਂ ਸ਼ਾਨਦਾਰ ਸਮਾਗਮ-
ਐਡਮਿੰਟਨ -ਅਲਬਰਟਾ ਦੀ ਰਾਜਧਾਨੀ ਐਡਮਿੰਟਨ ਤੋਂ ਲਗਪਗ 450 ਕਿਲੋਮੀਟਰ ਉਤਰ ਪੱਛਮ ਵਿਚ ਸਥਿਤ ਖੂਬਸੂਰਤ ਸ਼ਹਿਰ ਗਰੈਂਡ ਪ੍ਰੇਰੀ ਦੇ ਸਾਬਕਾ ਐਲਡਰਮੈਨ ਤੇ ਉਘੇ ਕਾਰੋਬਾਰੀ ਸ ਯਾਦਵਿੰਦਰ ਸਿੰਘ ਯਾਦ ਮਿਨਹਾਸ ਦਾ ਬੀਤੇ ਦਿਨੀਂ ਨਾਰਥ ਵੈਸਟਰਨ ਅਲਬਰਟਾ ਫਾਊਂਡੇਸ਼ਨ ਵਲੋਂ ਇਕ ਸਮਾਗਮ ਦੌਰਾਨ ਉਹਨਾਂ ਦੀਆਂ ਬਿਜਨਸ ਅਤੇ ਸਮਾਜਿਕ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਾਊਂਡੇਸ਼ਨ ਵਲੋਂ ਵੱਖ ਵੱਖ ਖੇਤਰਾਂ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੀਆਂ 7 ਓਵਰ ਸੈਵਨਟੀ ਤਹਿਤ 7 ਹਸਤੀਆਂ ਦਾ ਇਹ ਸਨਮਾਨ ਸਮਾਰੋਹ ਬਹੁਤ ਹੀ ਯਾਦਗਾਰੀ ਰਿਹਾ। ਇਸ ਮੌਕੇ ਫਾਊਂਡੇਸ਼ਨ ਦੀ ਚੇਅਰਪਰਸਨ ਯੂਨਿਸ ਫਰੀਜ਼ਨ ਤੇ ਚੋਣ ਕਮੇਟੀ ਨੇ ਸ੍ਰੀ ਯਾਦ ਮਿਨਹਾਸ ਨੂੰ ਇਨੋਵੇਸ਼ਨ ਐਂਡ ਐਟਰਪ੍ਰੋਨਿਊਰਸ਼ਿਪ ਐਵਾਰਡ ਪ੍ਰਦਾਨ ਕੀਤਾ। ਸ੍ਰੀ ਯਾਦ ਮਿਨਹਾਸ ਨੇ ਇਸ ਸਨਮਾਨ ਲਈ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਹ ਸਭ ਕਮਿਊਨਿਟੀ ਦੇ ਸਹਿਯੋਗ ਅਤੇ ਸਮਰਥਨ ਨਾਲ ਹੈ। ਉਹਨਾਂ ਦਾ ਸਮਾਜ ਅਤੇ ਬਿਜਨਸ ਖੇਤਰ ਵਿਚ ਯੋਗਦਾਨ ਵੀ ਕਮਿਊਨਿਟੀ ਦਾ ਪਿਆਰ ਅਤੇ ਮਾਣ ਸਤਿਕਾਰ ਹੈ। ਉਹਨਾਂ ਆਪਣੀਆਂ ਬਿਜਨੈਸ ਪ੍ਰਾਪਤੀਆਂ ਲਈ ਆਪਣੀ ਪਤਨੀ ਸ਼ਮਿੰਦਰ ਕੌਰ ਮਿਨਹਾਸ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਦੀ ਬੇਟੀ ਕੋਮਲ , ਬੇਟਾ ਬਿਕਰਮ, ਭਰਾ ਬੌਬੀ ਮਿਨਹਾਸ ਸਮੇਤ ਪਰਿਵਾਰ ਦੇ ਕਈ ਮੈਂਬਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਯਾਦ ਮਿਨਹਾਸ ਪੰਜਾਬ ਦੇ ਪ੍ਰਸਿਧ ਪਿੰਡ ਪਾਲਦੀ ਨਾਲ ਸਬੰਧਿਤ ਹਨ ਤੇ ਉਹਨਾਂ ਦੀ ਅਗਵਾਈ ਹੇਠ ਮਿਨਹਾਸ ਗਰੁੱਪ ਆਫ ਕੰਪਨੀਜ਼ ਦਾ ਗਰੈਂਡ ਪ੍ਰੇਰੀ ਤੇ ਅਲਬਰਟਾ ਵਿਚ ਟਰੱਕਿੰਗ, ਲੰਬਰ, ਉਸਾਰੀ, ਆਟੋ ਏਜੰਸੀ, ਹੋਟਲ ਤੇ ਫਾਰਮੇਸੀ ਦਾ ਵੱਡਾ ਕਾਰੋਬਾਰ ਹੈ।