ਸਰੀ (ਕਾਹਲੋਂ)- ਸਰੀ ਸ਼ਹਿਰ ਗਰਮੀ-ਰੁੱਤੇ ਆਉਂਦੇ ਦਿਨਾਂ ਦੇ ਮੌਸਮ ਦੌਰਾਨ ਵਸਨੀਕਾਂ ਨੂੰ ਗਰਮੀ ਤੋਂ ਬਚਾਉਣ ਲਈ ਸਰਗਰਮੀ ਨਾਲ ਕਦਮ ਚੁੱਕ ਰਿਹਾ ਹੈ, ਅਜਿਹਾ ਸ਼ਹਿਰ ਭਰ ਵਿੱਚ ਅੱਤ ਦੀ ਗਰਮੀ ਅਤੇ ਧੂੰਏਂ ਤੋਂ ਰਾਹਤ ਵਾਲੇ ਮਿੱਥੇ ਗਏ ਸਥਾਨਾਂ ਦੀ ਪੁਸ਼ਟੀ ਕਰ ਕੇ ਆਪਣੀ ਅੱਤ ਗਰਮੀ ਪ੍ਰਤੀਕਿਰਿਆ ਯੋਜਨਾ (Extreme Heat response Plan) ‘ਚ ਤਾਜ਼ਾ ਤਬਦੀਲੀਆਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆ ਕੀਤਾ ਜਾ ਰਿਹਾ ਹੈ। ਮੇਅਰ ਬਰੈਂਡਾ ਲੌਕ ਨੇ ਕਿਹਾ, “ਜਲਵਾਯੂ ਪਰਿਵਰਤਨ ਅਤੇ ਜੰਗਲ਼ੀ ਅੱਗਾਂ ਕਾਰਨ ਵਾਪਰਨ ਵਾਲੀਆਂ ਅਤਿਅੰਤ ਮੌਸਮੀ ਘਟਨਾਵਾਂ ਦੇ ਮੱਦੇਨਜਰ ਅਤੇ ਉਨ੍ਹਾਂ ਦੀ ਗੰਭੀਰਤਾ ਨੂੰ ਦੇਖਦਿਆ ਸ਼ਹਿਰ ਨੇ ਆਪਣੀ ਅਤਿਅੰਤ ਗਰਮੀ ਪ੍ਰਤੀਕਿਰਿਆ ਯੋਜਨਾ ਨੂੰ ਤਾਜ਼ਾ-ਤਾਰੀਨ ਕੀਤਾ ਹੈ। 2025 ਵਿੱਚ ਗਰਮੀ ਦੀਆਂ ਚੇਤਾਵਨੀਆ ਦੇਣ ਲਈ ਦੋ-ਪੱਧਰੀ ਚੇਤਾਵਨੀ ਪ੍ਰਣਾਲੀ (Two-tier alert system) ਅਤੇ ਸਰੀ ਦੇ ਰਿਕਰੀਏਸ਼ਨਲ ਸੈਂਟਰਾਂ ਅਤੇ ਲਾਇਬ੍ਰੇਰੀਆਂ ਵਿੱਚ 19 ਅਜਿਹੇ ਸਥਾਨ ਹਨ, ਜਿਹੜੇ ਪੁਸ਼ਟ ਤੌਰ ‘ਤੇ ਗਰਮੀ ਅਤੇ ਧੂੰਏਂ ਤੋਂ ਰਹਿਤ ਹਨ। ਸਾਡੀ ਬਦਲੀ ਗਈ ਪ੍ਰਤੀਕਿਰਿਆ ਯੋਜਨਾ ਇਹ ਯਕੀਨੀ ਬਣਾਉਂਦੀ ਹੈ ਕਿ ਸਰੀ ਵਿੱਚ ਹਰ ਕਿਸੇ, ਖ਼ਾਸ ਕਰ ਕੇ ਕਮਜ਼ੋਰ ਬਜ਼ੁਰਗਾਂ ਦੀ ਇਨ੍ਹਾਂ ਗਰਮੀਆਂ ਵਿੱਚ ਸਿਹਤਮੰਦ ਰਹਿਣ ਲਈ ਲੋੜੀਂਦੀਆਂ ਸੁਰੱਖਿਅਤ, ਠੰਢੀਆਂ ਥਾਵਾਂ ਅਤੇ ਸਮੇਂ ਸਿਰ ਜਾਣਕਾਰੀ ਤੱਕ ਪਹੁੰਚ ਹੋਵੇ।”
ਬਦਲੀ ਗਈ ਪ੍ਰਤੀਕਿਰਿਆ ਯੋਜਨਾ ਵਿੱਚ ਹੇਠ ਲਿਖੇ ਤੱਤ ਸ਼ਾਮਲ ਹਨ:
- ਦੋ-ਪੱਧਰੀ ਚੇਤਾਵਨੀ ਪ੍ਰਣਾਲੀ: ਸ਼ਹਿਰ ਦੀ ਪ੍ਰਤੀਕਿਰਿਆ ਸੂਬਾਈ ਚੇਤਾਵਨੀ ਢਾਂਚੇ ਦੇ ਅਨੁਸਾਰ ਹੈ, ਜਿਸ ਵਿੱਚ ਗਰਮੀ ਦੀ ਚੇਤਾਵਨੀ ਅਤੇ ਅਤਿ ਗਰਮੀ ਸੰਬੰਧੀ ਐਂਮਰਜੈਂਸੀ ਦਾ ਪੱਧਰ ਸ਼ਾਮਲ ਹੈ। ਹਰ ਇੱਕ ਪੱਧਰ ‘ਤੇ ਜਨਤਕ ਸਿਹਤ ਅਤੇ ਸੁਰੱਖਿਆ ਦੇ ਸਮਰਥਨ ਲਈ ਵਿਸ਼ੇਸ਼ ਕਾਰਵਾਈਆਂ ਸ਼ੁਰੂ ਹੁੰਦੀਆਂ ਹਨ।
- ਗਰਮੀ ਤੋਂ ਰਾਹਤ ਸੰਬੰਧੀ ਸੂਚਨਾਵਾਂ: ਗਰਮੀ ਦੀਆਂ ਘਟਨਾਵਾਂ ਦੌਰਾਨ ਨਿਵਾਸੀਆਂ ਨੂੰ ਉਪਲਬਧ ਸਰੋਤਾਂ ਅਤੇ ਸੁਰੱਖਿਆ ਸੁਝਾਵਾਂ ਬਾਰੇ ਸੂਚਿਤ ਕਰਨ ਲਈ ਸ਼ਹਿਰ ਸੋਸ਼ਲ ਮੀਡੀਆ, ਪੋਸਟਰਾਂ, ਬਰੋਸ਼ਰਾਂ ਅਤੇ ਸਾਈਨੇਜ ਦੀ ਵਰਤੋਂ ਕਰੇਗਾ। ਬਜ਼ੁਰਗਾਂ ਲਈ ਮਿੱਥੇ ਸੁਨੇਹੇ ਉਨ੍ਹਾਂ ਨੂੰ 55+ ਈ-ਨਿਊਜ਼ਲੈਟਰ ਅਤੇ ‘ਵਡੇਰੀ ਉਮਰ ਦੇ ਬਾਲਗਾਂ ਲਈ ਐਮਰਜੈਂਸੀ ਤਿਆਰੀ ਗਾਈਡ’ (Emergency Preparedness Guide for Older Adults) ਰਾਹੀਂ ਦਿੱਤੇ ਜਾਣਗੇ।
- ਰਾਹਤ ਸਥਾਨ: ਦਸ ਰੀਕਰੀਏਸ਼ਨ ਤੇ ਕਮਿਊਨਿਟੀ ਸੈਂਟਰਾਂ ਅਤੇ ਨੌਂ ਲਾਇਬ੍ਰੇਰੀਆਂ ਦੀ ਅਤਿ ਗਰਮੀ ਅਤੇ ਧੂੰਏਂ ਤੋਂ ਰਾਹਤ ਸਥਾਨਾਂ ਵਜੋਂ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਸਹੂਲਤਾਂ ‘ਤੇ ਵਾਤਾ-ਅਨੁਕੂਲ (ਏਅਰ ਕੰਡੀਸ਼ਨਡ) ਥਾਵਾਂ, ਬੈਠਣ ਲਈ ਜਗ੍ਹਾ, ਪਾਣੀ ਦੀਆਂ ਬੋਤਲਾਂ ਭਰਨ ਲਈ ਸੁਵਿਧਾ, ਪਹੁੰਚਯੋਗ ਵਾਸ਼ਰੂਮ ਅਤੇ ਵਾਈ-ਫਾਈ (Wi-Fi) ਦੀ ਪੇਸ਼ਕਸ਼ ਹੈ। ਅਤਿ ਦੀ ਮੌਸਮੀ ਐਂਮਰਜੈਂਸੀ ਦੌਰਾਨ ਰੀਕਰੀਏਸ਼ਨਲ ਸੈਂਟਰਾਂ ਵਿੱਚ ਪਟੇ ਵਾਲੇ ਜਾਂ ਕਰੇਟ ਵਿੱਚ ਰੱਖੇ ਪਾਲਤੂ ਜਾਨਵਰਾਂ ਦਾ ਸਵਾਗਤ ਹੈ।
- ਐਮਰਜੈਂਸੀ ਅਲੱਰਟ: ਨਿਵਾਸੀਆਂ ਨੂੰ ਐਂਮਰਜੈਂਸੀ ਦੇ ਅਸਲ ਸਮੇਂ ਸੰਬੰਧੀ ਸੂਚਨਾਵਾਂ (real-time emergency notifications) ਪ੍ਰਾਪਤ ਕਰਨ ਲਈ ਸਰੀ ਫ਼ਾਇਰ ਸਰਵਿਸਿਜ਼ ਅਲੱਰਟੇਬਲਐਪ (Surrey Fire Services App) ਡਾਊਨਲੋਡ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।