Headlines

ਸਰੀ ਦੇ ਰਿਫਲੈਕਸ਼ਨ ਬੈਂਕੁਇਟ ਹਾਲ ਤੇ ਗੋਲੀਬਾਰੀ ਉਪਰੰਤ ਇੰਸੋਰੈਂਸ ਬਿਜਨੈਸ ਤੇ ਗੋਲੀਆਂ ਦਾਗੀਆਂ

ਹਾਲ ਦੇ ਮਾਲਕ ਸਤੀਸ਼ ਕੁਮਾਰ ਤੋਂ ਗੈਂਗਸਟਰਾਂ ਨੇ 2 ਮਿਲੀਅਨ ਡਾਲਰ ਦੀ ਫਿਰੌਤੀ ਮੰਗੀ-

ਫੋਨ ਤੇ ਗਾਲਾਂ ਕੱਢਣ ਵਾਲੇ ਗੈਂਗਸਟਰ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ-ਕਾਰੋਬਾਰੀਆਂ ਵਿਚ ਮੁੜ ਡਰ ਤੇ ਸਹਿਮ ਦਾ ਮਾਹੌਲ-

ਪੁਲਿਸ ਫੋਰਸ ਦੇ ਉਦਾਸੀਨ ਰਵੱਈਏ ਤੋਂ ਕਾਰੋਬਾਰੀ ਪ੍ਰੇਸ਼ਾਨ- ਭਾਈਚਾਰੇ ਨੂੰ ਇਕਮੁੱਠ ਹੋਣ ਦਾ ਸੱਦਾ-

ਸਰੀ ( ਦੇ ਪ੍ਰ ਬਿ, ਮਾਂਗਟ, ਮਲਕੀਤ ਸਿੰਘ)-ਕੈਨੇਡਾ ਵਿਚ ਪਰਵਾਸੀ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਉਘੇ ਕਾਰੋਬਾਰੀਆਂ ਨੂੰ ਮੁੜ ਫਿਰੌਤੀਆਂ ਲਈ ਧਮਕੀਆਂ, ਜਾਨੋ ਮਾਰਨ ਅਤੇ ਗੋਲਾਬਾਰੀ ਦੀਆਂ ਡਰਾਉਣੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਬਰੈਂਪਟਨ ਵਿਚ ਇਕ ਉਘੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਨੂੰ ਫਿਰੌਤੀ ਤੋਂ ਇਨਕਾਰ ਕਰਨ ਤੇ ਕਤਲ ਕੀਤੇ ਜਾਣ ਤੇ ਡੈਲਟਾ ਦੇ ਇਕ ਘਰ ਚੋਂ ਦੋ ਸ਼ੱਕੀ ਕਾਤਲਾਂ ਦੀ ਗ੍ਰਿਫਤਾਰੀ ਉਪਰੰਤ ਹੁਣ ਸਰੀ ਦੇ ਸ਼ਾਨਦਾਰ ਰਿਫਲੈਕਸ਼ਨ ਬੈਕੁਇਟ ਹਾਲ ਤੇ ਗੋਲੀਬਾਰੀ ਕੀਤੇ ਜਾਣ ਦੀ ਖਬਰ ਹੈ।

ਇਹ ਤਾਜ਼ਾ ਘਟਨਾ ਸ਼ਨੀਵਾਰ ਦੀ ਰਾਤ ਨੂੰ ਵਾਪਰੀ ਦੱਸੀ ਗਈ ਹੈ ਜਿਸਦੀ ਪੁਲਿਸ ਕੋਲ ਰਿਪੋਰਟ ਸੋਮਵਾਰ ਨੂੰ ਦਰਜ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਰਿਫਲੈਕਸ਼ਨ ਬੈਕੁਇਟ ਹਾਲ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦਾ ਹੈ। ਉਹਨਾਂ ”ਦੇਸ ਪ੍ਰਦੇਸ ਟਾਈਮਜ਼” ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਸ ਗੋਲੀਬਾਰੀ ਤੋਂ ਪਹਿਲਾਂ ਉਹਨਾਂ ਨੂੰ ਇਕ ਅਗਿਆਤ ਵਟਸਐਪ ਕਾਲ ਆਈ ਸੀ ਜਿਸ ਵਿਚ  2 ਮਿਲੀਅਨ ਡਾਲਰ ਦੀ ਫਿਰੌਤੀ ਦੇਣ ਜਾਂ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ। ਉਹਨਾਂ ਅਗਿਆਤ ਕਾਲਰ ਨੂੰ ਇਹ ਸਪੱਸ਼ਟ ਕੀਤਾ ਸੀ ਕਿ ਉਹਨਾਂ ਕੋਲ 2 ਮਿਲੀਅਨ ਤਾਂ ਕੀ 5 ਹਜ਼ਾਰ ਡਾਲਰ ਵੀ ਦੇਣ ਲਈ ਨਹੀ ਹਨ। ਉਹਨਾਂ ਨੇ ਸਾਰੀ ਉਮਰ ਮਿਹਨਤ ਕੀਤੀ ਤੇ ਲਗਾਤਾਰ ਮਿਹਨਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਫਿਰੌਤੀ ਲਈ ਜਵਾਬ ਦੇਣ ਤੇ ਕਾਲਰ ਨੇ ਉਸਨੂੰ ਫੋਨ ਤੇ ਗਾਲਾਂ ਵੀ ਕੱਢੀਆਂ ਜਿਸਦੇ ਜਵਾਬ ਵਿਚ ਉਸਨੇ ਵੀ ਕਿਹਾ ਕਿ ਉਹ ਡਰਨ ਵਾਲੇ ਨਹੀ, ਤੂੰ ਜੋ ਕਰਨਾ ਹੈ ਕਰ ਲੈ, ਕੋਈ ਫਿਰੌਤੀ ਨਹੀਂ ਦੇਵਾਂਗੇ। ਫੋਨ ਕਾਲ ਤੇ ਗਰਮਾ ਗਰਮੀ ਉਪਰੰਤ ਉਹਨਾਂ ਦੇ ਹਾਲ ਤੇ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸਤੋਂ ਅਗਲੇ ਦਿਨ ਉਹਨਾਂ ਦੇ ਇਕ ਹੋਰ ਇੰਸੋਰੈਂਸ ਦੇ ਬਿਜਨੈਸ ਉਪਰ ਵੀ ਗੋਲੀਬਾਰੀ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਫਿਰੌਤੀ ਲਈ ਕਾਲ ਕਰਨ ਵਾਲੀ ਆਵਾਜ਼ ਜਾਂ ਵਿਅਕਤੀ ਦੀ ਪਛਾਣ ਬਾਰੇ ਪੁੱਛੇ ਜਾਣ ਤੇ ਦੱਸਿਆ ਕਿ ਕਾਲਰ ਆਪਣਾ ਲਾਸਟ ਨਾਮ ਢਿੱਲੋਂ ਦੱਸ ਰਿਹਾ ਸੀ ਤੇ ਉਸਨੇ ਸਾਰੀ ਗੱਲਬਾਤ ਪੰਜਾਬੀ ਵਿਚ ਹੀ ਕੀਤੀ। ਉਹਨਾਂ ਹੋਰ ਦੱਸਿਆ ਕਿ ਇਸਤੋਂ ਪਹਿਲਾਂ 28 ਮਈ ਨੂੰ ਉਹਨਾਂ ਦੇ ਫੋਨ ਉਪਰ ਫਿਰੌਤੀ ਲਈ ਕਿਸੇ ਰੋਹਿਤ ਨਾਮ ਦੇ ਵਿਅਕਤੀ ਵਲੋਂ ਵੀ ਮੈਸਜ ਪਾਇਆ ਗਿਆ ਜੋ ਕਿ ਹਿੰਦੀ ਵਿਚ ਸੀ। ਉਹਨਾਂ ਇਸ ਪਹਿਲੇ ਮੈਸਜ ਵੱਲ ਬਹੁਤਾ ਖਿਆਲ ਨਹੀ ਦਿੱਤਾ ਪਰ ਹੁਣ ਉਹਨਾਂ ਨੂੰ ਲਗਾਤਾਰ ਫਿਰੌਤੀ ਲਈ ਕਾਲਾਂ ਆ ਰਹੀਆਂ ਹਨ। ਰਿਫਲੈਕਸ਼ਨ ਬੈਂਕੁਇਟ ਹਾਲ ਉਪਰ ਗੋਲੀਬਾਰੀ ਦੀ ਘਟਨਾ ਅਤੇ ਗੈਂਗਸਟਰ ਨਾਲ ਗੱਲਬਾਤ ਅਤੇ ਧਮਕੀਆਂ ਬਾਰੇ ਉਹਨਾਂ ਨੇ ਸਰੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀ ਕੀਤੀ। ਉਹਨਾਂ ਸਰੀ ਪੁਲਿਸ ਦੇ ਅਵੇਸਲੇਪਣ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਾਲ ਕੀਤੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਅਜੇ ਸਬੰਧਿਤ ਅਧਿਕਾਰੀ ਦੀ ਡਿਊਟੀ ਸ਼ੁਰੂ ਨਹੀ ਹੋਈ।

ਸ੍ਰੀ  ਸਤੀਸ਼ ਕੁਮਾਰ ਨੇ ਫਿਰੌਤੀ ਲਈ ਕਾਲਾਂ, ਗੋਲੀਬਾਰੀ ਦੀਆਂ ਘਟਨਾਵਾਂ ਅਤੇ ਉਹਨਾਂ ਅਤੇ ਪਰਿਵਾਰ ਦੀ ਜਾਨ ਨੂੰ ਖਤਰੇ ਦੀ ਗੱਲ ਕਰਦਿਆਂ ਸਰੀ ਦੇ ਬਿਜਨਸ ਭਾਈਚਾਰੇ ਨੂੰ ਇਕਮੁੱਠ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਅਗਰ ਸਾਡੇ ਨਾਲ ਅਜਿਹਾ ਵਾਪਰ ਰਿਹਾ ਹੈ ਤਾਂ ਕੱਲ ਨੂੰ ਕਿਸੇ ਹੋਰ ਕਾਰੋਬਾਰੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਸਰੀ ਮੰਦਿਰ ਕਮੇਟੀ ਵਲੋਂ ਕਾਰੋਬਾਰੀਆਂ ਦਾ ਇਕ ਵੱਡਾ ਇਕੱਠ ਕਰਦਿਆਂ ਸਰਕਾਰ ਅਤੇ ਪੁਲਿਸ ਤੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਨਕੇਲ ਪਾਉਣ ਦੀ ਮੰਗ ਕੀਤੀ ਗਈ ਸੀ। ਪੁਲਿਸ ਫੋਰਸ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਲੋਕਾਂ ਦੇ ਸਾਹਮਣੇ ਠੋਸ ਨਤੀਜੇ ਰੱਖੇ ਜਾਣਗੇ। ਪਰ ਅੱਜ ਗੈਂਗਸਟਰ ਅਤੇ ਫਿਰੌਤੀਆਂ ਉਗਰਾਹੁਣ ਵਾਲੇ ਅਪਰਾਧੀ ਮੁੜ ਸਰਗਰਮ ਦਿਖਾਈ ਦੇ ਰਹੇ ਹਨ ਜਦੋਂਕਿ ਕਾਰੋਬਾਰੀ ਲੋਕਾਂ ਦੀ ਜਾਨ ਮੁੱਠੀ ਵਿਚ ਆਈ ਪਈ ਹੈ। ਜ਼ਿਕਰਯੋਗ ਹੈ ਕਿ ਸਰੀ ਪੁਲਿਸ ਵਲੋਂ ਫਿਰੌਤੀ ਨੂੰ ਲੈਕੇ ਪੈਨੋਰਾਮਾ ਰਿਜ ਦੇ ਇਕ ਘਰ ਤੇ 14 ਮਈ ਤੇ ਫਿਰ 26 ਮਈ ਨੂੰ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਜਾਂਚ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਹੁਣ ਇਹ ਤਾਜ਼ਾ ਘਟਨਾਵਾਂ ਸਾਹਮਣੇ ਆਈਆਂ ਹਨ। ਇਵੇਂ ਲੱਗਦਾ ਹੈ ਜਿਵੇਂ ਅਪਰਾਧੀਆਂ ਨੂੰ ਕੈਨੇਡੀਅਨ ਪੁਲਿਸ ਫੋਰਸ ਦਾ ਕੋਈ ਡਰ ਖੌਫ ਨਹੀਂ।

ਇਸੇ ਦੌਰਾਨ ਬੀਸੀ ਕੰਸਰਵੇਟਿਵ ਪਾਰਟੀ ਆਲੋਚਕ ਤੇ ਐਮ ਐਲ ਏ ਸਟੀਵ ਕੂਨਰ ਨੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਇਕ ਪੱਤਰ ਲਿਖਕੇ ਫਿਰੌਤੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਰਿਫਲੈਕਸ਼ਨ ਬੈਂਕੁਇਟ ਹਾਲ ਦੇ ਮਾਲਕ ਸਤੀਸ਼ ਕੁਮਾਰ

 

 

 

Leave a Reply

Your email address will not be published. Required fields are marked *