ਕਮਿਊਨਿਟੀ ਸੂਤਰਾਂ ਮੁਤਾਬਿਕ ਮਾਰਿਆ ਗਿਆ ਕਾਰੋਬਾਰੀ ਸਤਵਿੰਦਰ ਸ਼ਰਮਾ ਐਬਸਫੋਰਡ ਦਾ ਨਿਵਾਸੀ-
ਸਰੀ ( ਦੇ ਪ੍ਰ ਬਿ, ਗੁਰਵਿੰਦਰ ਸਿੰਘ, ਸੰਦੀਪ ਧੰਜੂ)- ਸਰੀ ਵਿਚ ਜਿਥੇ ਪਿਛਲੇ ਕੁਝ ਦਿਨਾਂ ਤੋਂ ਇਕ ਗੈਂਗਸਟਰ ਗਰੁੱਪ ਵਲੋਂ ਫਿਰੌਤੀਆਂ ਲਈ ਧਮਕੀਆਂ ਅਤੇ ਗੋਲੀਬਾਰੀ ਕੀਤੇ ਜਾਣ ਦੀਆਂ ਵਾਰਦਾਤਾਂ ਕਾਰਣ ਕਾਰੋਬਾਰੀ ਭਾਈਚਾਰੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਅੱਜ ਬਾਦ ਦੁਪਹਿਰ ਸਰੀ – ਫਲੀਟਵੁੱਡ ਇਲਾਕੇ ਵਿੱਚ ਦੋ ਅਣਪਛਾਤੇ ਹਮਲਾਵਰਾਂ ਵਲੋਂ ਇਕ ਕਾਰੋਬਾਰੀ ਦੀ ਉਸਦੀ ਦੇ ਦਫਤਰ ਵਿਚ ਗੋਲੀਆਂ ਮਾਰਕੇ ਹੱਤਿਆ ਕੀਤੇ ਜਾਣ ਦੀ ਦੁਖਦਾਈ ਖਬਰ ਨੇ ਸਭ ਦੇ ਸਾਹ ਸੁਕਾ ਦਿੱਤੇ ਹਨ।
ਸਰੀ ਪੁਲਿਸ ਸਰਵਿਸ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ ਇਹ ਤਾਜ਼ਾ ਵਾਰਦਾਤ 160 ਸਟਰੀਟ ਨੇੜੇ 84 ਐਵੇਨਿਊ ‘ਤੇ ਦੁਪਹਿਰ 3:45 ਵਜੇ ਦੇ ਕਰੀਬ ਵਾਪਰੀ ਹੈ। ਇਹ ਥਾਂ ਫਲੀਟਵੁੱਡ ਕਮਿਊਨਿਟੀ ਸੈਂਟਰ ਦੇ ਬਿਲਕੁਲ ਨੇੜੇ ਹੈ। ਸੂਤਰਾਂ ਮੁਤਾਬਿਕ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਦਿਆਂ ਜਦੋਂ ਪੁਲਿਸ ਟੀਮ ਘਟਨਾ ਵਾਲੀ ਥਾਂ ਤੇ ਪੁੱਜੀ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਬੁਰੀ ਤਰਾਂ ਜ਼ਖਮੀ ਹਾਲਤ ਵਿਚ ਮਿਲਿਆ। ਪੁਲਿਸ ਅਤੇ ਪੈਰਾਮੈਡੀਕਲ ਟੀਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜ਼ਖਮੀ ਨੂੰ ਬਚਾਇਆ ਨਹੀ ਜਾ ਸਕਿਆ।
ਸਰੀ ਪੁਲਿਸ ਦਾ ਕਹਿਣਾ ਹੈ ਕਿ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਸ਼ਹਿਰ ਵਿਚ ਸਾਲ 2025 ਵਿਚ ਗੋਲੀਬਾਰੀ ਕਾਰਣ ਇਹ ਤੀਸਰਾ ਕਤਲ ਹੈ। ਪੁਲਿਸ ਨੇ ਇਸ ਘਟਨਾ ਵਿਚ ਮਾਰੇ ਗਏ ਵਿਅਕਤੀ ਦੀ ਅਜੇ ਪਛਾਣ ਨਹੀ ਦੱਸੀ ਪਰ ਕਮਿਊਨਿਟੀ ਦੇ ਸੂਤਰਾਂ ਮੁਤਾਬਿਕ ਇਸ ਘਟਨਾ ਵਿਚ ਮਾਰੇ ਜਾਣ ਵਾਲੇ ਵਿਅਕਤੀ ਦੀ ਪਛਾਣ ਐਬਸਫੋਰਡ ਵਾਸੀ ਸਤਵਿੰਦਰ ਸ਼ਰਮਾ ਹੈ। ਉਹ ਇੱਕ ਪ੍ਰਮੁੱਖ ਕਾਰੋਬਾਰੀ ਸੀ ਜੋ ਡਾਇਮੰਡ ਲੇਬਰ ਕੈਂਟਰੈਕਟਰ ਨਾਮ ਦੀ ਫਰਮ ਹੇਠ ਲੇਬਰ ਠੇਕੇਦਾਰ ਅਤੇ ਪ੍ਰਾਪਰਟੀ ਡਿਵੈਲਪਰ ਸੀ। ਕੁਝ ਸਾਲ ਪਹਿਲਾਂ ਉਸਨੂੰ ਜਬਰੀ ਵਸੂਲੀ ਕਰਨ ਵਾਲਿਆਂ ਦੇ ਫੋਨ ਆਏ ਸਨ, ਪਰ ਤਾਜ਼ਾ ਘਟਨਾ ਦਾ ਜਬਰੀ ਵਸੂਲੀ ਜਾਂ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਹੈ ਜਾਂ ਨਹੀ, ਕੁਝ ਕਿਹਾ ਨਹੀ ਜਾ ਸਕਦਾ।
ਪੁਲਿਸ ਨੇ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਫੋਨ ਨੰਬਰ 1-877-551-4448 ‘ਤੇ ਆਈਹਿਟ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਸਤਵਿੰਦਰ ਸ਼ਰਮਾ ਦੀ ਹੱਤਿਆ ਦੀ ਵਾਰਦਾਤ ਨੇ ਭਾਈਚਾਰੇ ਨੂੰ ਗਹਿਰੇ ਸਦਮੇ ‘ਚ ਪਾ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਕਾਰੋਬਾਰੀ ਅਤੇ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਰਿਫਲੈਕਸ਼ਨ ਬੈਂਕੁਇਟ ਹਾਲ ‘ਤੇ ਵੀ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ। ਬੇਸ਼ਕ ਸਤਵਿੰਦਰ ਸ਼ਰਮਾ ‘ਤੇ ਹਮਲੇ ਦੀ ਘਟਨਾ ਅਤੇ ਸਤੀਸ਼ ਕੁਮਾਰ ਦੇ ਰਿਫਲੈਕਸ਼ਨ ਹਾਲ ਤੇ ਗੋਲੀਆਂ ਚੱਲਣ ਮਾਮਲੇ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਇਹ ਪਰਿਵਾਰ ਆਪਸ ਵਿੱਚ ਰਿਸ਼ਤੇਦਾਰ ਹਨ, ਪਰ ਇਸ ਘਟਨਾ ਨੂੰ ਫਿਰੌਤੀ ਦੀਆਂ ਘਟਨਾਵਾਂ ਨਾਲ ਜੋੜਕੇ ਹੀ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਬਰੈਂਪਟਨ ਵਿਚ ਇਕ ਕਾਰੋਬਾਰੀ ਹਰਜੀਤ ਸਿੰਘ ਢੱਡਾ ਨੂੰ ਫਿਰੌਤੀ ਨਾ ਦੇਣ ਬਦਲੇ ਕਤਲ ਕਰਨ ਦੇ ਦੋਸ਼ ਵਿਚ ਦੋ ਮੁਲਜ਼ਮਾਂ ਨੂੰ ਡੈਲਟਾ ਦੇ ਇਕ ਘਰ ਚੋ ਗ੍ਰਿਫਤਾਰ ਕੀਤਾ ਗਿਆ ਹੈ।