Headlines

ਏਅਰ ਇੰਡੀਆ ਦਾ ਲੰਡਨ ਜਾਣ ਵਾਲਾ ਜਹਾਜ਼ ਅਹਿਮਦਾਬਾਦ ਵਿਚ ਹਾਦਸਾਗ੍ਰਸਤ-ਸਾਰੇ ਮੁਸਾਫਿਰਾਂ ਦੇ ਮਰਨ ਦਾ ਖਦਸ਼ਾ

ਜਹਾਜ਼ ਮੈਡੀਕਲ ਕਾਲਜ ਦੇ ਹੋਸਟਲ ਦੀ ਇਮਾਰਤ ਉਪਰ ਡਿੱਗਾ-ਗੁਜਰਾਤ ਦੇ ਸਾਬਕਾ ਮੁਖ ਮੰਤਰੀ ਰੁਪਾਨੀ ਵਿਚ ਮਾਰੇ ਗਏ ਮੁਸਾਫਿਰਾਂ ਵਿਚ ਸ਼ਾਮਿਲ-

ਅਹਿਮਦਾਬਾਦ, 12 ਜੂਨ ( ਏਜੰਸੀਆਂ)- ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਤੋਂ ਲੰਡਨ ਲਈ ਉਡਾਣ ਭਰਨ ਦੇ ਥੋੜਾ ਸਮਾਂ ਬਾਦ ਏਅਰ ਇੰਡੀਆ ਦਾ ਡਰੀਮਲਾਈਨਰ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਇਸ ਵਿਚ ਸਵਾਰ ਅਮਲੇ ਦੇ 12 ਮੈਂਬਰਾਂ ਸਮੇਤ 242 ਮੈਂਬਰਾਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਹੈ। ਹਾਦਸੇ ਦੌਰਾਨ ਇਕ ਮੁਸਾਫਿਰ ਦੇ ਕ੍ਰਿਸ਼ਮਈ ਢੰਗ ਨਾਲ ਬਚਣ ਦੀ ਵੀ ਖਬਰ ਹੈ। 

ਵਧੇਰੇ ਜਾਣਕਾਰੀ ਮੁਤਾਬਿਕ  ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਨੇੜੇ ਮੇਘਾਨੀਨਗਰ ਇਲਾਕੇ ਵਿਚ ਦੁਪਹਿਰੇ ਡੇਢ ਵਜੇ ਦੇ ਕਰੀਬ ਉਡਾਣ ਭਰਨ ਮੌਕੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਲੀਸ ਕੰਟਰੋਲ ਰੂਮ ਮੁਤਾਬਕ ਏਅਰ ਇੰਡੀਆ ਦੀ ਉਡਾਣ ਏਆਈ 171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਜਹਾਜ਼ ਵਿਚ ਪਾਇਲਟ ਤੇ ਹੋਰ ਅਮਲੇ ਸਣੇ 242 ਯਾਤਰੀ ਸਵਾਰ ਦੱਸੇ ਜਾਂਦੇ ਹਨ। ਜਾਣਕਾਰੀ ਮੁਤਾਬਕ ਜਹਾਜ਼ ਅਹਿਮਦਾਬਾਦ ਸਥਿਤ ਬੀਜੇ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਰਿਹਾਇਸ਼ੀ ਕੁਆਰਟਰਾਂ ਵਾਲੀ ਇਮਾਰਤ ਦੇ ਉਤੇ ਤੇ ਹਾਦਸਾਗ੍ਰਸਤ ਹੋਇਆ ਹੈ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾਂਦਾ ਹੈ।

ਹਾਦਸਾਗ੍ਰਸਤ ਜਹਾਜ਼ ਇੱਕ ਬੋਇੰਗ 787-8 ਡ੍ਰੀਮਲਾਈਨਰ ਹੈ। ਗੁਜਰਾਤ ਭਾਜਪਾ ਮੁਤਾਬਕ ਜਹਾਜ਼ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਵੀ ਸਵਾਰ ਸਨ। ਹਾਦਸੇ ਦਾ ਪਤਾ ਲੱਗਦੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਲਈ ਰਵਾਨਾ ਹੋ ਗਏ ਹਨ।

—ਦਮਦਮੀ ਟਕਸਾਲ ਮੁਖੀ  ਨੇ ਹਵਾਈ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ-

ਅੰਮ੍ਰਿਤਸਰ- ਦਮਦਮੀ ਟਕਸਾਲ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਜਰਾਤ ਦੇ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI 171 ਦੇ ਅਹਿਮਦਾਬਾਦ ਵਿਖੇ ਹੋਏ ਹਵਾਈ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਦਿਲ ਨੂੰ ਗਹਿਰਾ ਸਦਮਾ ਦੇਣ ਵਾਲਾ ਹੈ, ਸਾਡੀਆਂ ਭਾਵਨਾਵਾਂ ਪੀੜਤਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਨਾਲ ਹਨ। ਉਨ੍ਹਾਂ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਪੰਜਾਬ ਅਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਸ੍ਰੀ ਵਿਜੇ ਰੂਪਾਨੀ ਸਮੇਤ ਇਸ ਦੁਖਦਾਈ ਹਾਦਸੇ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਸਾਰੇ ਯਾਤਰੀਆਂ ਅਤੇ ਹਾਦਸੇ ਦੀ ਲਪੇਟ ’ਚ ਆਏ ਸਥਾਨਕ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਰਿਹਾਇਸ਼ੀ ਅਤੇ ਹੋਸਟਲ ਇਮਾਰਤ ਵਿੱਚ ਮੌਜੂਦ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨਾਂ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣ ਅਤੇ ਪੀੜਤਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਇਸ ਘਾਟੇ ਨੂੰ ਸਹਿਣ ਕਰਨ ਦੀ ਤਾਕਤ ਦੇਣ।

Leave a Reply

Your email address will not be published. Required fields are marked *