ਓਟਾਵਾ ( ਦੇ ਪ੍ਰ ਬਿ)- ਸਰੀ ਨਿਊਟਨ ਤੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੁੱਧਵਾਰ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਹਫ਼ਤੇ ਅਲਬਰਟਾ ਵਿੱਚ ਹੋਣ ਵਾਲੇ ਜੀ 7 ਸੰਮੇਲਨ ਵਿੱਚ ਸੱਦਾ ਦੇਣ ਦੇ ਕਾਰਨੀ ਦੇ ਫੈਸਲੇ ਦਾ ਵਿਰੋਧ ਕੀਤਾ ਹੈ।
ਧਾਲੀਵਾਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਦੇ ਸੈਂਕੜੇ ਲੋਕਾਂ ਨਾਲ ਗੱਲ ਕੀਤੀ ਜੋ ਨਹੀਂ ਚਾਹੁੰਦੇ ਕਿ ਮੋਦੀ ਕੈਨੇਡਾ ਵਿਚ ਹੋਣ ਵਾਲੇ ਸੰਮੇਲਨ ਵਿੱਚ ਸ਼ਾਮਲ ਹੋਣ। ਉਹਨਾਂ ਹੋਰ ਕਿਹਾ ਕਿ ਅਸੀਂ ਕੈਨੇਡੀਅਨ ਹੋਣ ਦੇ ਨਾਤੇ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਹੋਣ ‘ਤੇ ਮਾਣ ਕਰਦੇ ਹਾਂ। ਅਸੀਂ ਕਾਨੂੰਨ ਅਤੇ ਨਿਆਂ ਦੇ ਦੇਸ਼ ਵਿਚ ਰਹਿੰਦੇ ਹਾਂ। ਪਰ ਜਦੋਂ ਮੌਲਿਕ ਅਧਿਕਾਰਾਂ ਦੀ ਰੱਖਿਆ ਅਤੇ ਪੀੜਤ ਲਈ ਨਿਆਂ ਦੀ ਗੱਲ ਆਉਂਦੀ ਹੈ, ਤਾਂ ਇਹ ਸਮਝੌਤਾ ਨਹੀ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਆਰਸੀਐਮਪੀ ਅਧਿਕਾਰੀਆਂ ਨੇ ਜੂਨ 2023 ਵਿੱਚ ਸਰੀ, ਬੀ.ਸੀ. ਵਿੱਚ ਕੈਨੇਡੀਅਨ ਸਿੱਖ ਵੱਖਵਾਦੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤੀ ਏਜੰਟਾਂ ਦੇ ਹੱਥ ਹੋਣ ਦੇ ਦੋਸ਼ ਲਗਾਏ ਸਨ।
ਐਮ ਪੀ ਧਾਲੀਵਾਲ ਨੇ ਕਿਹਾ ਕਿ ਉਹ ਹਫਤਾਵਾਰੀ ਲਿਬਰਲ ਕਾਕਸ ਮੀਟਿੰਗ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਕਾਰਨੂ ਨੂੰ ਮਿਲੇ ਸਨ ਤੇ ਆਪਣੇ ਹਲਕੇ ਦੇ ਲੋਕਾਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਸਨ।
ਸੈਣੀ ਤੇ ਪਰਮ ਬੈਂਸ ਵਲੋਂ ਵੀ ਚਿੰਤਾ ਪ੍ਰਗਟ-
ਇਸੇ ਦੌਰਾਨ ਬੀ.ਸੀ. ਦੇ ਇੱਕ ਹੋਰ ਲਿਬਰਲ ਐਮ ਪੀ ਗੁਰਬਖਸ਼ ਸੈਣੀ ਨੇ ਕਿਹਾ ਕਿ ਮੋਦੀ ਨੂੰ ਜੀ7 ਵਿੱਚ ਸੱਦਾ ਦੇਣ ਦਾ ਫੈਸਲਾ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਦਿੱਤਾ ਗਿਆ ਸੱਦਾ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਵਜੋਂ ਕੈਨੇਡਾ ਦੀ ਸਾਖ ਨੂੰ ਕਮਜ਼ੋਰ ਕਰਨ ਵਾਲਾ ਹੈ।
ਰਿਚਮੰਡ ਈਸਟ-ਸਟੀਵਸਟਨ ਤੋਂ ਲਿਬਰਲ ਐਮ ਪੀ ਪਰਮ ਬੈਂਸ ਨੇ ਇਕ ਬਿਆਨ ਰਾਹੀਂ ਪ੍ਰਧਾਨ ਮੰਤਰੀ ਕਾਰਨੀ ਵਲੋਂ ਜੀ 7 ਵਿਚ ਸ਼ਾਮਿਲ ਹੋਣ ਲਈ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਸੱਦੇ ਨੂੰ ਸਹਿਯੋਗ ਦੇ ਨਾਲ ਜਵਾਬਦੇਹੀ ਦੀ ਸ਼ੁਰੂਆਤ ਕਰਨ ਲਈ ਕਿਹਾ ਹੈ। ਉਹਨਾਂ ਬਿਆਨ ਵਿਚ ਕਿਹਾ ਹੈ ਕਿ ਮੈਂ ਪਹਿਲਾਂ ਹੀ ਪ੍ਰਧਾਨ ਮੰਤਰੀ ਕਾਰਨੀ ਨਾਲ ਗੱਲ ਕੀਤੀ ਸੀ ਅਤੇ ਭਾਰਤ ਦੁਆਰਾ ਕੈਨੇਡੀਅਨਾਂ ਲਈ ਪੈਦਾ ਕੀਤੇ ਜਾ ਰਹੇ ਅੰਤਰ-ਰਾਸ਼ਟਰੀ ਖ਼ਤਰੇ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਸਨ।ਜੀ-7 ਸੱਦਾ ਪੱਤਰ ਵਿੱਚ ਕੈਨੇਡਾ ਦੀ ਧਰਤੀ ‘ਤੇ ਭਾਰਤ ਦੁਆਰਾ ਜਾਰੀ ਹਿੰਸਾ ਦੀ ਚੱਲ ਰਹੀ ਜਾਂਚ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਹਿਯੋਗ ਕਰਨ ਦੀ ਵਚਨਬੱਧਤਾ ਲੈਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਜੀ-7 ਮੀਟਿੰਗਾਂ ਵਿੱਚ ਪ੍ਰਮੁੱਖ ਏਜੰਡਾ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ, ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰ-ਰਾਸ਼ਟਰੀ ਅਪਰਾਧ ਦਾ ਮੁਕਾਬਲਾ ਕਰਨਾ ਰੱਖਿਆ ਹੈ । ਇਸ ਮੌਕੇ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਡੇ ਆਰ ਸੀ ਐਮ ਪੀ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਨੂੰ ਮਾਨਤਾ ਦੇਣ, ਅਤੇ ਚੱਲ ਰਹੀਆਂ ਜਾਂਚਾਂ ਵਿੱਚ ਸਹਿਯੋਗ ਕਰਨ। ਕੈਨੇਡਾ ਅਤੇ ਭਾਰਤ ਦੇ ਲੋਕ ਇਕ ਸੁਰੱਖਿਅਤ, ਸਥਿਰ, ਟਿਕਾਊ, ਆਰਥਿਕ ਅਤੇ ਚੰਗੇਰੇ ਦੁਵੱਲੇ ਸਬੰਧਾਂ ਦੇ ਹੱਕਦਾਰ ਹਨ।