ਸਰੀ ( ਦੇ ਪ੍ਰ ਬਿ)- ਸਰੀ ਵਿੱਚ ਹਾਲ ਹੀ ਵਿੱਚ ਵਾਪਰੀਆਂ ਜਬਰੀ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਉਪਰੰਤ ਪ੍ਰਭਾਵਿਤ ਕਾਰੋਬਾਰੀਆਂ ਵਲੋਂ 15 ਜੂਨ ਦਿਨ ਐਤਵਾਰ ਨੂੰ ਇਕ ਜਨਤਕ ਸੁਰੱਖਿਆ ਫੋਰਮ ( ਇਕੱਠ) ਦਾ ਸੱਦਾ ਦਿੱਤਾ ਗਿਆ ਹੈ। ਹਿੰਦੂ ਵੈਦਿਕ ਮੰਦਿਰ ਕਮੇਟੀ ਦੇ ਪ੍ਰਧਾਨ ਅਤੇ ਉਘੇ ਕਾਰੋਬਾਰੀ ਸਤੀਸ਼ ਕੁਮਾਰ ਨੇ ਸ਼ੀਲਡ (S.H.I.E.L.D.-ਸਟੌਪਿੰਗ ਹਾਰਮਫੁੱਲ ਇੰਟੀਮੀਡੇਸ਼ਨ ਐਂਡ ਐਕਸਟੋਰਸ਼ਨ ਥਰੂ ਡਿਸਕਸ਼ਨ ) ਨਾਮ ਦੀ ਸੰਸਥਾ ਦੁਆਰਾ ਇਸ ਐਤਵਾਰ ਨੂੰ ਰਿਫਲੈਕਸ਼ਨ ਬੈਂਕੁਇਟ ਹਾਲ (6638 152A ਸਟ੍ਰੀਟ) ਵਿਖੇ ਦੂਸਰੀ ਜਨਤਕ ਸੁਰੱਖਿਆ ਫੋਰਮ ਦਾ ਦੁਪਹਿਰ 2 ਵਜੇ ਦਾ ਸੱਦਾ ਦਿੱਤਾ ਹੈ।
ਸੱਦਾ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਸਮਾਗਮ ਦਾ ਉਦੇਸ਼ ਗੱਲਬਾਤ ਨੂੰ ਉਤਸ਼ਾਹਿਤ ਕਰਨਾ, ਜਾਣਕਾਰੀ ਸਾਂਝੀ ਕਰਨਾ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨਾ ਹੈ। ਇਸੇ ਦੌਰਾਨ ਸਰੀ ਪੁਲਿਸ ਨੇ ਸ਼ੁੱਕਰਵਾਰ (13 ਜੂਨ) ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਹੈ ਕਿ , ਪਿਛਲੇ ਛੇ ਮਹੀਨਿਆਂ ਵਿੱਚ ਸਰੀ ਵਿੱਚ ਜ਼ਬਰੀ ਫਿਰੌਤੀ ਦੀਆਂ 10 ਰਿਪੋਰਟਾਂ ਦਰਜ ਹੋਈਆਂ ਹਨ। ਕੈਨੇਡਾ ਵਿੱਚ ਕਈ ਪੁਲਿਸ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ ਸਾਊਥ ਏਸ਼ੀਆਈ ਭਾਈਚਾਰੇ ਨਾਲ ਸਬੰਧਿਤ ਕਾਰੋਬਾਰੀਆਂ ਨੂੰ ਧਮਕੀ ਪੱਤਰ, ਫ਼ੋਨ ਕਾਲਾਂ ਜਾਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਤੇ ਡਰਾਵੇ ਨਾਲ ਪੈਸੇ ਦੀ ਮੰਗ ਕੀਤੀ ਜਾਂਦੀ ਹੈ।
ਸ੍ਰੀ ਸਤੀਸ਼ ਕੁਮਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਸੱਦੀ ਗਈ ਫੋਰਮ ਵਿਚ ਜਨਤਾ ਨੂੰ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਹੈ। ਇਸ ਵਿਚ ਮੇਅਰ ਬਰੈਂਡਾ ਲੌਕ, ਅਟਾਰਨੀ ਜਨਰਲ ਗੈਰੀ ਬੈੱਗ, ਐਮ ਪੀ ਸੁਖ ਧਾਲੀਵਾਲ ਅਤੇ ਪੁਲਿਸ ਅਧਿਕਾਰੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।